Tuesday, May 14, 2024
17.5 C
Vancouver

ਸਪਾਊਸ ਵੀਜ਼ਾ: ਕਿਉਂ ਕਈ ਦੇਸ਼ ਇਸ ਵੀਜ਼ਾ ਨੂੰ ਲੈ ਕੇ ਸਖ਼ਤ ਹੋ ਰਹੇ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਇਸ ਨੂੰ ਹਾਸਲ ਕਰਨ ਦੇ ਕੀ ਹਨ ਨਿਯਮ

ਵਲੋਂ : ਤਨੀਸ਼ਾ ਚੌਹਾਨ
ਇਨ੍ਹੀਂ ਦਿਨੀ ਸਪਾਊਸ ਵੀਜ਼ਾ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਕਾਰਨ ਹੈ, ਕੈਨੇਡਾ ਦੇ ਸਪਾਊਜ਼ ਵੀਜ਼ਾ ਨਿਯਮਾਂ ਵਿੱਚ ਕੀਤੇ ਗਏ ਕਈ ਬਦਲਾਅ। ਇਸੇ ਤਰ੍ਹਾਂ ਯੂਕੇ ਨੇ ਵੀ ਸਪਾਊਸ ਵੀਜ਼ਾ ਲਈ ਕੁਝ ਸ਼ਰਤਾਂ ਬਦਲੀਆਂ ਹਨ ਅਤੇ ਹੋਰ ਵੀ ਕਈ ਦੇਸ਼ ਸਪਾਊਸ ਵੀਜ਼ਾ ਦੇਣ ਨੂੰ ਲੈ ਕੇ ਆਪਣੇ ਨਿਯਮ ਸਖ਼ਤ ਕਰ ਰਹੇ ਹਨ। ਜ਼ਿਆਦਾਤਰ ਦੇਸ਼ਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਖ਼ਤ ਨਿਯਮਾਂ ਨਾਲ ਕੰਟਰੈਕਟ ਮੈਰਿਜ ‘ਤੇ ਲਗਾਮ ਲੱਗੇਗੀ ਅਤੇ ਬੇਹਿਸਾਬ ਇਮੀਗ੍ਰੇਸ਼ਨ ‘ਤੇ ਵੀ ਨੱਥ ਪਵੇਗੀ। ਪੰਜਾਬ ਹੀ ਨਹੀਂ, ਬਲਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਲੱਖਾਂ ਦੀ ਤਦਾਦ ਵਿੱਚ ਅਜਿਹੇ ਲੋਕ ਹਨ, ਜੋ ਇਨ੍ਹਾਂ ਸਖ਼ਤ ਨਿਯਮਾਂ ਨੂੰ ਲੈ ਕੇ ਪਰੇਸ਼ਾਨ ਹਨ ਅਤੇ ਨਵੀਂ ਸਮੱਸਿਆਂ ਵਿੱਚੋਂ ਨਿਕਲਣ ਦਾ ਰਾਹ ਲੱਭ ਰਹੇ ਹਨ।
ਅੱਜ ਅਸੀਂ ਇਸ ਰਿਪੋਰਟ ਵਿੱਚ ਗੱਲ ਕਰਾਂਗੇ ਸਪਾਊਸ ਵੀਜ਼ੇ ਬਾਰੇ, ਇਸ ਦੀਆਂ ਸ਼ਰਤਾਂ ਬਾਰੇ ਅਤੇ ਇਸ ਦੇ ਬਦਲਦੇ ਨਿਯਮਾਂ ਬਾਰੇ…
ਸਪਾਊਸ ਵੀਜ਼ਾ ਹੈ ਕੀ?
ਸਪਾਊਸ ਵੀਜ਼ਾ ਇੱਕ ਤਰ੍ਹਾਂ ਦਾ ਡਿਪੈਂਡੇਂਟ ਵੀਜ਼ਾ ਹੈ ਜਾਂ ਕਹਿ ਲਵੋ ਇੱਕ ਪਰਮਿਟ ਹੈ, ਜੋ ਤੁਹਾਨੂੰ ਕਿਸੇ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ। ਇਸ ਵੀਜ਼ਾ ਦਾ ਇਸਤੇਮਾਲ ਵਿਦੇਸ਼ਾਂ ਵਿੱਚ ਰਹਿੰਦੇ ਲੋਕ ਆਪਣੇ ਪਰਿਵਾਰ ਨੂੰ ਨਾਲ ਰੱਖਣ ਲਈ ਕਰਦੇ ਹਨ। ਭਾਰਤ ‘ਚ ਅਜਿਹੇ ਲੋਕਾਂ ਦੀ ਵੱਡੀ ਗਿਣਤੀ ਹੈ, ਜੋ ਵਿਦੇਸ਼ਾਂ ‘ਚ ਕੰਮ ਕਰ ਰਹੇ ਹਨ ਅਤੇ ਚੰਗੀ ਕਮਾਈ ਵੀ ਕਰ ਰਹੇ ਹਨ। ਆਪਣੀ ਪਤਨੀ ਜਾਂ ਪਤੀ ਅਤੇ ਬੱਚਿਆਂ ਨੂੰ ਨਾਲ ਲੈ ਜਾਣ ਲਈ ਉਨ੍ਹਾਂ ਨੂੰ ਸਪਾਊਸ ਵੀਜ਼ਾ ਦੀ ਜ਼ਰੂਰਤ ਪੈਂਦੀ ਹੈ।
ਸੀ ਵੇਅ ਵੀਜ਼ਾ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਸਪਾਊਜ਼ ਵੀਜ਼ਾ ਲਈ ਪਤੀ-ਪਤਨੀ ‘ਚੋਂ ਇੱਕ ਸਾਥੀ ਐਪਲੀਕੈਂਟ (ਅਰਜ਼ੀਕਰਤਾ ) ਹੁੰਦਾ ਹੈ ਅਤੇ ਦੂਸਰਾ ਡਿਪੈਂਡੇਟ (ਆਸ਼ਰਿਤ)।
ਅਰਜ਼ੀਕਰਤਾ ਆਪਣੇ ਸਾਥੀ ਲਈ ਅਰਜ਼ੀ ਉਦੋਂ ਹੀ ਪਾ ਸਕਦਾ ਹੈ, ਜਦੋਂ ਉਹ ਕੁਝ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ। ਵੱਖ-ਵੱਖ ਦੇਸ਼ਾਂ ਲਈ ਇਹ ਸ਼ਰਤਾਂ ਵੱਖ-ਵੱਖ ਹੋ ਸਕਦੀਆਂ ਹਨ। ਸਪਾਊਸ ਵੀਜ਼ਾ ਲਗਾਉਣ ਲਈ ਵੱਖ-ਵੱਖ ਦੇਸ਼ਾਂ ‘ਚ ਵੱਖ-ਵੱਖਾ ਸਮਾਂ ਲੱਗ ਸਕਦਾ ਹੈ। ਜਿਵੇਂ ਕਿ ਕੈਨੇਡਾ ਵਿੱਚ ਪਹਿਲਾਂ ਇਸ ਲਈ 8-9 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਸੀ। ਪਰ ਫਿਰ ਸਰਕਾਰਾਂ ਨੇ ਫੈਸਲਾ ਕੀਤਾ ਕਿ ਪਰਿਵਾਰ ਨੂੰ ਤਾਂ ਬੁਲਾਉਣਾ ਹੀ ਹੈ ਤਾਂ ਫਿਰ ਇੰਤਜ਼ਾਰ ਦਾ ਸਮਾਂ (ਵੇਟਿੰਗ ਪੀਰੀਅਡ) ਘੱਟ ਕਰਨਾ ਚਾਹੀਦਾ ਹੈ। ਇਸ ਲਈ ਸਮਾਂ ਘਟਾ ਕੇ 7 ਮਹੀਨੇ, ਫਿਰ 6 ਮਹੀਨੇ, ਫਿਰ 2 ਮਹੀਨੇ ਅਤੇ ਕਈ ਕੇਸਾਂ ਵਿੱਚ ਤਾਂ ਇਹ ਵੀਜ਼ਾ 1 ਮਹੀਨੇ ਵਿੱਚ ਵੀ ਲੱਗਿਆ ਹੈ। ਸਪਾਊਸ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਕਈ ਦੇਸ਼ਾਂ ਦੀ ਮੁੱਖ ਚਿੰਤਾ ਇਹ ਰਹਿੰਦੀ ਹੈ ਕਿ ਇਹ ਜੋੜਾ ਸੱਚਮੁੱਚ ਵਿਆਹੁਤਾ ਹੈ ਜਾਂ ਨਹੀਂ। ਇਸ ਦੇ ਲਈ ਤੁਹਾਨੂੰ ਸਬੂਤ ਦਿਖਾਉਣੇ ਪੈਂਦੇ ਹਨ ਕਿ ਤੁਸੀਂ ਵਿਆਹੁਤਾ ਹੋ। ਸਪਾਊਜ਼ ਵੀਜ਼ਾ ਲਗਵਾਉਣ ਲਈ ਕੀ ਚਾਹੀਦਾ ਹੈ ਹਰ ਦੇਸ਼ ਲਈ ਸਪਾਊਜ਼ ਵੀਜ਼ਾ ਨੂੰ ਲੈ ਕੇ ਸ਼ਰਤਾਂ ਵੱਖੋ-ਵੱਖ ਹਨ ਪਰ ਫਿਰ ਵੀ ਕੁਝ ਸਮਾਨਤਾਵਾਂ ਹਨ। ਜੇਕਰ ਤੁਸੀਂ ਸਪਾਊਜ਼ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ ૶ ਤੁਹਾਡੀ ਅਤੇ ਤੁਹਾਡੇ ਸਾਥੀ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਯੋਗ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਹੈ। ਸਪੋਂਸਰਿੰਗ ਪਾਰਟਨਰ ਲਈ ਆਪਣੇ ਪਾਰਟਨਰ ਨੂੰ ਬੁਲਾਉਣ ਵਾਸਤੇ ਸਲਾਨਾ ਕਮਾਈ ਦੀ ਰਕਮ ਤੈਅ ਹੁੰਦੀ ਹੈ। ਹਰ ਦੇਸ਼ ਵਿੱਚ ਇਸ ਦੇ ਲਈ ਵੱਖ-ਵੱਖ ਰਕਮ ਹੁੰਦੀ ਹੈ ਜੋ ਕਿ ਬਦਲ ਵੀ ਸਕਦੀ ਹੈ। ਅੰਗਰੇਜ਼ੀ ਭਾਸ਼ਾ ਦੇ ਮਾਨਤਾ ਪ੍ਰਾਪਤ ਟੈਸਟ ਦੀਆਂ ਲੋੜੀਂਦੀ ਸ਼ਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ। ਤੁਹਾਡੇ ਕੋਲ ਆਪਣੇ ਅਤੇ ਆਪਣੇ ਸਾਥੀ ਲਈ ਲੋੜੀਂਦਾ ਰਹਿਣ ਦਾ ਪ੍ਰਬੰਧ ਹੋਣਾ ਚਾਹੀਦੀ ਹੈ।
ਸਪਾਊਸ ਵੀਜ਼ਾ ਲਗਾਉਣ ਲਈ ਲੋੜੀਂਦੇ ਦਸਤਾਵੇਜ਼
ਤਨਖਾਹ ਦਾ ਪ੍ਰਮਾਣ ਪੱਤਰ
ਬੈਂਕ ਸਟੇਟਮੈਂਟ
ਮਾਨਤਾ ਪ੍ਰਾਪਤ ਪਾਸਪੋਰਟ
ਯਾਤਰਾ ਦੇ ਦਸਤਾਵੇਜ਼
ਮੈਰਿਜ ਸਰਟੀਫਿਕੇਟ
ਤਲਾਕ ਦਾ ਸਰਟੀਫਿਕੇਟ (ਜੇਕਰ ਤਲਾਕਸ਼ੁਦਾ ਹੋ ਤਾਂ)
ਜਿੱਥੇ ਰਹਿਣਾ ਹੈ, ਉਸ ਦੀ ਜਾਣਕਾਰੀ
ਬੱਚਿਆਂ ਦਾ ਵੇਰਵਾ (ਜੇਕਰ ਬੱਚੇ ਹਨ)
ਇੱਕ ਗੱਲ ਇੱਥੇ ਮੁੜ ਤੋਂ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਦਸਤਾਵੇਜ਼ ਵੱਖ-ਵੱਖ ਦੇਸਾਂ ਵਿੱਚ ਅਲੱਗ ਵੀ ਹੋ ਸਕਦੇ ਹਨ।
ਵੀਜ਼ਾ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ
ਵੀਜ਼ਾ ਲਈ ਅਰਜ਼ੀ ਦੇਣਾ ૶ ਸਭ ਤੋਂ ਪਹਿਲਾ ਪੜਾਅ ਹੈ ਕਿ ਸਰਕਾਰੀ ਵੈੱਬਸਾਈਟ ‘ਤੇ ਜਾ ਕੇ ਫਾਰਮ ਭਰਨਾ। ਜਿਹੜੇ ਦਸਤਾਵੇਜ਼ ਲੋੜੀਂਦੇ ਹਨ, ਉਸ ਨੂੰ ਅਪਲੋਡ ਕੀਤਾ ਜਾਂਦਾ ਹੈ। ਹਰ ਸੈਕਸ਼ਨ ਨੂੰ ਬਹੁਤ ਧਿਆਨ ਨਾਲ ਭਰਿਆ ਜਾਵੇ ਤਾਂਕਿ ਕਿਸੇ ਗਲਤੀ ਦੀ ਗੁੰਜਾਇਸ਼ ਨਾ ਰਹੇ। ਫਾਰਮ ਨੂੰ ਭਰ ਕੇ ਫੀਸ ਅਦਾ ਕਰਨੀ ਹੁੰਦੀ ਹੈ।
ਬਾਓਮੈਟ੍ਰਿਕਸ ૶ ਪਹਿਲੇ ਪੜਾਅ ਨੂੰ ਪਾਰ ਕਰਨ ਤੋਂ ਬਾਅਦ, ਫਿਰ ਤੁਹਾਨੂੰ ਬਾਓਮੈਟ੍ਰਿਕਸ ਲਈ ਅਪਲਾਈ ਕਰਨਾ ਹੁੰਦਾ ਹੈ। ਤੁਹਾਨੂੰ ਐਪੋਆਇਂਟਮੈਂਟ ਲਈ ਸਮਾਂ ਦਿੱਤਾ ਜਾਂਦਾ ਹੈ, ਜਿਸ ‘ਚੋਂ ਤੁਸੀਂ ਆਪਣੇ ਲਈ ਸਮਾਂ ਚੁਣ ਸਕਦੇ ਹੋ।
ਵੀਜ਼ਾ ਲਈ ਦਸਤਾਵੇਜ਼ ૶ ਐਪੋਆਇਂਟਮੈਂਟ ਮਿਲਣ ਤੋਂ ਬਾਅਦ ਤੁਹਾਨੂੰ ਆਪਣੇ ਦਸਤਾਵੇਜ਼ ਦੇਣੇ ਪੈਣਗੇ।
ਵੀਜ਼ਾ ‘ਤੇ ਫੈਸਲਾ ਲੈਣਾ – ਜੇਕਰ ਸਭ ਠੀਕ ਰਹਿੰਦਾ ਹੈ ਤਾਂ ਤੁਹਾਨੂੰ 60 ਦਿਨਾਂ ਅੰਦਰ ਇਸ ਬਾਰੇ ਫੈਸਲਾ ਲੈਣਾ ਹੋਵੇਗਾ। ਇਸ ਤਰ੍ਹਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ।
ਕੈਨੇਡਾ ‘ਚ ਸਪਾਊਸ ਵੀਜ਼ਾ ਨੂੰ ਲੈ ਕੇ ਕੀ ਬਦਲਿਆ?
ਕੈਨੇਡਾ ਸਰਕਾਰ ਨੇ ਫੈਸਲਾ ਲਿਆ ਕਿ ਆਉਣ ਵਾਲੇ ਹਫਤਿਆਂ ਦੌਰਾਨ ਸਿਰਫ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਵੀਜ਼ਾ ਮਿਲਣਗੇ ਜੋ ਉੱਥੇ ਮਾਸਟਰਜ਼ ਜਾਂ ਡਾਕਟਰੇਟ ਪੱਧਰ ਦੀ ਪੜ੍ਹਾਈ ਕਰ ਰਹੇ ਹਨ।
ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਊਸ ਵੀਜ਼ੇ ਉੱਪਰ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ।
ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਕੌਮਾਂਤਰੀ ਵਿਦਿਆਰਥੀਆਂ ਬਾਰੇ ਹਾਲ ਹੀ ਵਿੱਚ ਲਏ ਗਏ ਹੋਰ ਕਦਮਾਂ ਦੇ ਪੂਰਕ ਹੀ ਹਨ। ਸਮੁੱਚੇ ਤੌਰ ਉੱਤੇ ਇਨ੍ਹਾਂ ਕਦਮਾਂ ਦਾ ਮਕਸਦ ਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਰਹਿ ਕੇ ਪੜ੍ਹਾਈ ਕਰਨ ਦੌਰਾਨ ਲੋੜੀਂਦੀ ਹਰੇਕ ਸਹੂਲਤ ਦਿੱਤੀ ਜਾ ਸਕੇ।
ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਕੈਨੇਡਾ ਸਰਕਾਰ ਨੇ ਇਹ ਫੈਸਲਾ ਲਿਆ ਹੈ, ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਲਈ ਹਾਲੇ ਵੀ ਲੋਕਾਂ ਕੋਲ ਸਮਾਂ ਹੈ ਕਿ ਉਹ ਨਿਯਮ ਲਾਗੂ ਹੋਣ ਤੋਂ ਪਹਿਲਾਂ ਅਪਲਾਈ ਕਰਨ।
ਉਹ ਕਹਿੰਦੇ ਹਨ ਕਿ ਕੈਨੇਡਾ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਤਾਬੜਤੋੜ ਵੀਜ਼ਾ ਦੇਣ ਨਾਲ ਦਿੱਕਤਾਂ ਹੋ ਸਕਦੀਆਂ ਹਨ। ਇਨ੍ਹੇਂ ਸਾਧਨ ਨਹੀਂ ਹਨ, ਜਿਨ੍ਹੀਂ ਖ਼ਪਤ ਹੋ ਗਈ ਹੈ।
ਹਾਲਾਂਕਿ ਆਸਟਰੇਲੀਆ ਇਸ ਗੱਲ ਨੂੰ ਪਹਿਲਾਂ ਹੀ ਸਮਝ ਗਿਆ ਸੀ
ਯੂਕੇ ਨੇ ਨਿਯਮ ਕੀਤੇ ਸਖ਼ਤ
ਬ੍ਰਿਟੇਨ ਨੇ ਵੀ ਸਪਾਊਸ ਵੀਜ਼ਾ ਦੇ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ। ਬੀਬੀਸੀ ਪੱਤਰਕਾਰ ਚੈਲਸੀ ਵਾਰਡ ਅਤੇ ਵਿਕਟੋਰੀਆ ਸ਼ੀਰ ਦੀ ਰਿਪੋਰਟ ਦੇ ਮੁਤਾਬਕ, ਅਪ੍ਰੈਲ 2024 ਤੋਂ ਜਿਹੜੇ ਲੋਕ ਆਪਣੇ ਪਤੀ ਜਾਂ ਪਤਨੀ ਨੂੰ ਸਪਾਊਸ ਵੀਜ਼ਾ ‘ਤੇ ਯੂਕੇ ਬੁਲਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਤਨਖ਼ਾਹ ਦੇ ਨਿਯਮਾਂ ਵਿੱਚ ‘ਚ ਕੁਝ ਬਦਲਾਅ ਕੀਤੇ ਗਏ ਹਨ। ਹੁਣ ਇਹ ਕੀਮਤ ਵਧਾ ਕੇ 38,700 ਪਾਊਂਡ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 18,600 ਪਾਊਂਡ ਸੀ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਪਰਵਾਸ ‘ਚ ਕਟੌਤੀ ਹੋ ਸਕਦੀ ਹੈ।
ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਹੋਰ ਵੀ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਿਯਮ ਲਗਾਤਾਰ ਬਦਲ ਰਹੇ ਹਨ ਅਤੇ ਸਖ਼ਤੀ ਲਿਆ ਰਹੇ ਹਨ।