Tuesday, May 14, 2024
17.6 C
Vancouver

ਭਾਰਤੀ ਮੂਲ ਦੇ ਵਿਅਕਤੀ ‘ਤੇ ਗੋਲਕਾਂ ਤੋੜਨ ਦੇ ਦੋਸ਼

ਵੈਨਕੂਵਰ, ਆਰ.ਸੀ.ਐਮ.ਪੀ. ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ‘ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਗ਼ਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਹਨ। ਮੁਲਜ਼ਮ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਜਗਦੀਸ਼ ਪੰਧੇਰ (41) ਵਜੋਂ ਦੱਸੀ ਗਈ ਹੈ ਤੇ ਉਸ ਉੱਤੇ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਤੋੜਨ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ। ਪੰਧੇਰ ਤੇ ਉਸ ਦੇ ਸਾਥੀ ਦਸੰਬਰ ਮਹੀਨੇ ਤੋਂ ਕੈਨੇਡਿਆਈ ਪੁਲੀਸ ਦੀ ਹਿਰਾਸਤ ਵਿਚ ਹਨ। ਇਸ ਗਰੋਹ ‘ਤੇ ਹੁਣ ਤੱਕ ਦੇਵੀ ਮੰਦਰ ਪਿਕਰਿੰਗ, ਸੰਕਟ ਮੋਚਨ ਮੰਦਰ ਅਜੈਕਸ, ਹਿੰਦੂ ਮੰਦਰ ਓਸ਼ਵਾ, ਚਿੰਤਪੁਰਨੀ ਮੰਦਰ ਬਰੈਂਪਟਨ, ਰਮੇਸ਼ਵਰਮ ਮੰਦਰ ਕੈਲੇਡਨ, ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਸਮੇਤ 17 ਮੰਦਰਾਂ ਤੇ ਇੱਕ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਭੰਨਣ ਤੇ ਹਜ਼ਾਰਾਂ ਡਾਲਰ ਚੋਰੀ ਕਰਕੇ ਭੱਜਣ ਦੇ ਦੋਸ਼ ਹਨ। ਪੀਲ ਖੇਤਰੀ ਪੁਲੀਸ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਤੇ ਅਗਸਤ ਦਰਮਿਆਨ ਅਧਿਕਾਰੀਆਂ ਨੇ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਭੰਨਣ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਕੀਤੀ ਜਿੱਥੇ ਗੋਲਕ ਵਿਚੋਂ ਨਗ਼ਦੀ ਚੋਰੀ ਕਰਦੇ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਦੋ ਹੋਰ ਘਟਨਾਵਾਂ ਵਿਚ ਇਨ੍ਹਾਂ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ ਜਿਸ ਮਗਰੋਂ ਪੁਲੀਸ ਲਈ ਉਨ੍ਹਾਂ ਦੀ ਪਛਾਣ ਕਰਨੀ ਸੌਖੀ ਹੋ ਗਈ। ਪੁਲੀਸ ਮੁਤਾਬਕ ਗੋਲਕ ਤੋੜ ਸਰਗਨੇ ਜਗਦੀਸ਼ ਪੰਧੋਰ ਦੇ ਤਿੰਨ ਸਾਥੀ ਗੁਰਸ਼ਰਨਜੀਤ ਢੀਂਡਸਾ, ਪਰਮਿੰਦਰ ਗਿੱਲ ਤੇ ਗੁਰਦੀਪ ਪੰਧੇਰ ਪਹਿਲਾਂ ਹੀ ਪੁਲੀਸ ਦੀ ਹਿਰਾਸਤ ਵਿਚ ਹਨ। ਗਰੋਹ ਨੇ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਦਰਮਿਆਨ ਕਈ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ।