Tuesday, May 14, 2024
16.1 C
Vancouver

ਰਾਸ਼ਟਰਪਤੀ ਚੋਣ ਰੇਟਿੰਗ ‘ਚ ਟਰੰਪ ਅੱਗੇ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਲਈ ਵੱਡੀ ਚੁਣੌਤੀ ਬਣੀ

ਵਾਸ਼ਿੰਗਟਨ, (ਰਾਜ ਗੋਗਨਾ): ਅਮਰੀਕਾ ਦੇ ਨਿਊ ਹੈਂਪਸ਼ਾਇਰ ‘ਚ ਜਿੱਤ ਤੋਂ ਬਾਅਦ ਟਰੰਪ ਦਾ ਰਾਹ ਆਸਾਨ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰਾਂ ਦੀ ਦੌੜ ਵਿੱਚ ਸ਼ਾਮਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਰਾਹ ਪੱਧਰਾ ਹੋ ਗਿਆ ਹੈ। ਰਿਪਬਲਿਕਨ ਪਾਰਟੀ ਤੋਂ ਦੌੜ ਵਿੱਚ ਸ਼ਾਮਲ ਕਈ ਲੋਕਾਂ ਦੇ ਬਾਹਰ ਹੋਣ ਤੋਂ ਬਾਅਦ ਟਰੰਪ ਦਾ ਹੁਣ ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੇਲੀ ਤੋਂ ਇਲਾਵਾ ਕੋਈ ਵਿਰੋਧੀ ਨਹੀਂ ਹੈ। ਭਾਰਤੀ ਮੂਲ ਦੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਅਤੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦੇ ਬਾਅਦ ਡੋਨਾਲਡ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਟਰੰਪ ਨੂੰ ਵੀ ਕਾਫੀ ਫ਼ਾਇਦਾ ਹੋਇਆ ਹੈ।ਨਿਊ ਹੈਂਪਸ਼ਾਇਰ ਸੂਬੇ ਦੀ ਪ੍ਰਾਇਮਰੀ ਤੋਂ ਬਾਅਦ ਇਹ ਤੈਅ ਹੈ ਕਿ 2024 ਦੀ ਰਾਸ਼ਟਰਪਤੀ ਚੋਣ ਟਰੰਪ ਬਨਾਮ ਬਾਈਡੇਨ ਵਿਚਕਾਰ ਹੋਵੇਗੀ। ਯੂਕ੍ਰੇਨ ਯੁੱਧ, ਇਜ਼ਰਾਈਲ-ਹਮਾਸ ਯੁੱਧ, ਲਾਲ ਸਾਗਰ ਸੰਕਟ ਅਤੇ ਜਾਰਡਨ ਵਿੱਚ ਅਮਰੀਕੀ ਸੈਨਿਕਾਂ ਦੀ ਹਾਲ ਹੀ ਵਿੱਚ ਹੋਈ ਮੌਤ ਤੋਂ ਬਾਅਦ ਵਿਰੋਧੀ ਧਿਰਾਂ ਦਾ ਦਬਾਅ ਹੁਣ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ‘ਤੇ ਲਗਾਤਾਰ ਵਧਦਾ ਜਾ ਰਿਹਾ ਹੈ। ਬਾਈਡੇਨ ਨੇ ਹਾਲਾਂਕਿ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਜਦਕਿ ਟਰੰਪ ਰਾਸ਼ਟਰਪਤੀ ਦੀ ਦੌੜ ਵਿੱਚ ਬਾਈਡੇਨ ਤੋਂ ਅੱਗੇ ਹਨ। ਇੱਕ ਨਵੇਂ ਪੋਲ ਵਿੱਚ ਰਾਸ਼ਟਰਪਤੀ ਚੋਣ ਵਿੱਚ ਟਰੰਪ ਅਤੇ ਬਾਈਡੇਨ ਵਿਚਕਾਰ ਸਿੱਧੀ ਟੱਕਰ ਦੇ ਨਤੀਜੇ ਸਾਹਮਣੇ ਆਏ ਹਨ। ਜਿਸ ਵਿੱਚ ਕਿਹਾ ਗਿਆ ਹੈ ਕਿ ਟਰੰਪ, ਬਾਈਡੇਨ ਤੋਂ 6 ਅੰਕ ਅੱਗੇ ਹਨ।ਅਮਰੀਕਾ ਵਿੱਚ ਕਰਵਾਏ ਗਏ ਇਕ ਸਰਵੇਖਣ ਵਿੱਚ 40% ਲੋਕਾਂ ਨੇ ਟਰੰਪ ਨੂੰ ਚੁਣਿਆ ਹੈ। ਜਦਕਿ 34% ਲੋਕਾਂ ਨੇ ਬਾਈਡੇਨ ਨੂੰ ਚੁਣਿਆ। ਰਿਪਬਲਿਕਨ ਪਾਰਟੀ ਦੇ ਦਾਅਵੇਦਾਰ ਟਰੰਪ ਅਜੇ ਵੀ ਨਿੱਕੀ ਹੈਲੀ ਤੋਂ 11 ਅੰਕਾਂ ਦੇ ਨਾਲ ਅੱਗੇ ਹਨ। ਨਿਊ ਹੈਂਪਸ਼ਾਇਰ ‘ਚ ਰਿਪਬਲਿਕਨ ਪ੍ਰਾਇਮਰੀ ‘ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਨਿੱਕੀ ਹੈਲੀ ਦਾ ਰਾਹ ਹੋਰ ਮੁਸ਼ਕਲ ਹੋ ਗਿਆ ਹੈ ਕਿਉਂਕਿ ਉੱਥੇ ਉਹ ਟਰੰਪ ਤੋਂ 11 ਅੰਕਾਂ ਦੇ ਨਾਲ ਪਿੱਛੇ ਹੈ। ਇਸ ਤੋਂ ਪਹਿਲਾਂ 15 ਜਨਵਰੀ ਨੂੰ ਆਇਓਵਾ ਕਾਕਸ ‘ਚ ਵੋਟਿੰਗ ਦੌਰਾਨ ਟਰੰਪ ਨਿੱਕੀ ਹੈਲੀ ਤੋਂ 31 ਅੰਕਾਂ ਨਾਲ ਅੱਗੇ ਸਨ। ਦੱਖਣੀ ਕੈਰੋਲੀਨਾ ਵਿੱਚ ਰਿਪਬਲਿਕਨ, ਜਿੱਥੇ ਨਿੱਕੀ ਗਵਰਨਰ ਸੀ, ਟਰੰਪ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ।ਰਿਪਬਲਿਕਨ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਲ ਡੋਨਾਲਡ ਟਰੰਪ ਅਤੇ ਨਿੱਕੀ ਹੈਲੀ ਵਿਚਾਲੇ ਅਗਲਾ ਮੁਕਾਬਲਾ ਦੱਖਣੀ ਕੈਰੋਲੀਨਾ ਵਿੱਚ ਹੋਵੇਗਾ। ਜਿੱਥੇ ਪ੍ਰਾਇਮਰੀ 24 ਫਰਵਰੀ ਨੂੰ ਹੋਣੀ ਹੈ। ਨਿੱਕੀ ਹੈਲੀ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੈ। ਇਹ ਉਸ ਦਾ ਗ੍ਰਹਿ ਰਾਜ ਵੀ ਹੈ। ਪਰ ਵੱਡੀ ਸਮੱਸਿਆ ਇਹ ਹੈ ਕਿ ਆਇਓਵਾ ਵਾਂਗ ਇੱਥੇ ਵੀ ਟਰੰਪ ਸਮਰਥਕਾਂ ਦੀ ਗਿਣਤੀ ਨਿੱਕੀ ਤੋਂ ਵੱਧ ਹੈ।ਰਾਜ ਦੇ ਮੌਜੂਦਾ ਗਵਰਨਰ ਹੈਨਰੀ ਮੈਕਮਾਸਟਰ ਸਮੇਤ ਕਈ ਵੱਡੇ ਰਿਪਬਲਿਕਨ ਨੇਤਾਵਾਂ ਨੇ ਜਿੱਥੇ ਹੇਲੀ ਪਹਿਲੀ ਗਵਰਨਰ ਸੀ, ਨੇ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੈਨੇਟਰ ਲਿੰਡਸੇ ਗ੍ਰਾਹਮ, ਟਿਮ ਸਕਾਟ, ਨੈਨਸੀ ਮੈਕ ਵਰਗੇ ਵੱਡੇ ਨੇਤਾਵਾਂ ਨੇ ਵੀ ਰਿਪਬਲਿਕਨ ਵੋਟਰਾਂ ਨੂੰ ਟਰੰਪ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ ਹੈ।