Tuesday, May 14, 2024
16.2 C
Vancouver

ਗੁਰਬਾਣੀ ਅਤੇ ਕੁਰਬਾਨੀ ਦੇ ਪ੍ਰਤੀਕ: ਬਾਬਾ ਦੀਪ ਸਿੰਘ ਜੀ

ਲਿਖਤ : ਡਾਕਟਰ ਸੁਸ਼ੀਲ ਕੌਰ ਲੁਧਿਆਣਾ
ਸ਼ਹੀਦ ਮਿਸਲ ਦੇ ਬਾਬਾ ਦੀਪ ਸਿੰਘ ਜੀ ਗੁਰੂ ਘਰ ਦੀ ਅਜਿਹੀ ਵਰੋਸਾਹੀ ਸ਼ਖਸ਼ੀਅਤ ਹਨ ਜਿਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਜਿਹੀ ਸਰਪ੍ਰਸਤੀ ਹੇਠ ਅਨੰਦਪੁਰ ਸਾਹਿਬ ਵਿਖੇ ਗੁਰਬਾਣੀ ਦੇ ਅਰਥ ਬੋਧ ਅਤੇ ਸ਼ਸਤਰਾਂ ਅਸਤਰਾਂ ਨਾਲ ਸਮੁੱਚੀ ਸ਼ਖਸ਼ੀਅਤ ਨੂੰ ਸਵਾਰ ਸ਼ਿੰਗਾਰ ਕੇ ਸਿੱਖ ਇਤਿਹਾਸ ਦੇ ਇੱਕ ਮਹਾਬਲੀ ਯੋਧੇ ਅਤੇ ਵਿਦਵਾਨ ਦੇ ਰੂਪ ਵਿੱਚ ਹੋ ਵਿੱਚਰੇ।
ਬਾਬਾ ਦੀਪ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ (ਪੁਰਾਤਨ ਲਾਹੌਰ ਜਿਲੇ) ਦੇ ਪਿੰਡ ਪਹੂਵਿੰਡ ਵਿਖੇ 26 ਜਨਵਰੀ 1682 ਈਸਵੀ ਵਿੱਚ ਪਿਤਾ ਭਗਤ ਜੀ ਅਤੇ ਮਾਤਾ ਜੀਵਨੀ ਦੇ ਗ੍ਰਹਿ ਵਿੱਚ ਹੋਇਆ ਅਤੇ ਇੱਥੇ ਆਪ ਜੀ ਦਾ ਬਚਪਨ ਗੁਜਰਿਆ ਆਪ ਜੀ ਨਰੋਏ ਅਤੇ ਸੁਡੋਲ ਸਰੀਰ ਦੇ ਮਾਲਕ ਸਨ। ਪਿਤਾ ਭਾਈ ਭਗਤਾ ਜੀ ਨੇ ਆਪਣੀ ਜਵਾਨੀ ਤੋਂ ਹੀ ਤਨ ਮਨ ਤੇ ਧਨ ਗੁਰੂ ਦੇ ਅਰਪਤ ਕਰ ਗੁਰੂ ਦਰਬਾਰ ਦੇ ਅਨਿੰਨ ਸੇਵਕ ਰਹੇ।
ਬਾਬਾ ਦੀਪ ਸਿੰਘ ਜੀ ਭਰ ਜਵਾਨੀ ਸਮੇਂ ਆਪਣੇ ਮਾਤਾ ਪਿਤਾ ਨਾਲ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸਵੱਲੀ ਨਦਰਿ ਪ੍ਰਾਪਤ ਕਰਨ ਆਏ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਕੋਲ ਹੀ ਰੱਖ ਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥਾਂ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸ਼ਾਸਤਰ ਅਤੇ ਸ਼ਸਤਰ ਵਿੱਦਿਆ ਵੀ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਜੀ ਦੀ ਦੇਖ ਰੇਖ ਵਿੱਚ ਪਵਿੱਤਰ ਧਾਰਮਿਕ ਗ੍ਰੰਥਾਂ ਅਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਨੇਜਾ ਬਾਜੀ ਤੀਰ ਅੰਦਾਜੀ ਅਤੇ ਘੋੜ ਸਵਾਰੀ ਵਿੱਚ ਵੀ ਨਿਧੁੰਨਤਾ ਹਾਸਲ ਕੀਤੀ।
ਅਨੰਦਪੁਰ ਸਾਹਿਬ ਛੱਡਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਮਹਿਲਾਂ ਦੀ ਸੇਵਾ ਤੇ ਸੁਰੱਖਿਆ ਦੇ ਕਾਰਜ ਲਈ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਲਾਈ। ਗੁਰੂ ਮਹਿਲਾਂ ਨੂੰ ਦਿੱਲੀ ਛੱਡਣ ਉਪਰੰਤ ਉਹ ਤਲਵੰਡੀ ਸਾਬੋ ਪਹੁੰਚ ਗਏ ਜਿੱਥੇ ਮੁਕਤਸਰ ਦੇ ਯੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਠਹਿਰੇ ਹੋਏ ਸਨ ਇਸ ਅਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੂੰ ਹੱਥ ਲਿਖਤ ਬੀੜ ਸਾਹਿਬ ਤਿਆਰ ਕਰਨ ਦੇ ਆਦੇਸ਼ ਦਿੱਤੇ ਸੁੰਦਰ ਲਿਖਾਈ ਅਤੇ ਵਿਦਵਤਾ ਕਰਕੇ ਆਪ ਜੀ ਨੇ ਇਹ ਸੇਵਾ ਬੜੀ ਤਨਦੇਹੀ ਅਤੇ ਨਿਸ਼ਕਾਮ ਭਾਵ ਨਾਲ 1715 ਈਸਵੀ ਵਿੱਚ ਆਰੰਭੀ ਅਤੇ 1726 ਈਸਵੀ ਵਿੱਚ ਦਮਦਮੀ ਬੀੜ ਸਾਹਿਬ (ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਭਾਈ ਮਨੀ ਸਿੰਘ ਦੁਆਰਾ ਤਿਆਰ ਕੀਤੀ ਬੀੜ ਸਾਹਿਬ) ਦੇ ਚਾਰ ਹੱਥ ਲਿਖਤ ਸਰੂਪ ਤਿਆਰ ਕੀਤੇ। ਜਿੰਨਾ ਦਾ ਪ੍ਰਕਾਸ਼ ਉਸ ਸਮੇਂ ਚਾਰ ਤਖਤ ਸਾਹਿਬ ਤੇ ਕੀਤਾ ਗਿਆ।
1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਪੰਜਾਬ ਵਿੱਚ ਜ਼ੁਲਮ ਤੇ ਠਲ ਪਾਉਣ ਲਈ ਬੰਦਾ ਸਿੰਘ ਬਹਾਦਰ ਨਾਲ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੀ ਬਹਾਦਰੀ ਦੇ ਜੋਹਰ ਦਿਖਾ ਸਮਾਣਾ ਸਰਹੰਦ ਆਦਿ ਥਾਵਾਂ ਤੇ ਖਾਲਸਾਈ ਝੰਡਾ ਝੁਲਾਇਆ। ਉਪਰੰਤ ਬਾਬਾ ਦੀਪ ਸਿੰਘ ਜੀ ਆਪਣੇ ਬਹਾਦਰ ਸਾਥੀਆਂ ਦਮਦਮਾ ਸਾਹਿਬ ਆ ਗਏ ਗੁਰੂ ਆਸ਼ੇ ਅਨੁਸਾਰ ਉਹ ਬਾਣੀ ਦਾ ਬੋਧ ਕਰਵਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਸਿੱਖਾਂ ਵਿੱਚ ਨਵੀਂ ਰੂਹ ਅਤੇ ਧਾਰਮਿਕ ਜੋਸ਼ ਭਰਦੇ 1760 ਈਸਵੀ ਤੱਕ ਬਾਬਾ ਦੀਪ ਸਿੰਘ ਜੀ ਇਸੇ ਥਾਂ ਰਹੇ ਤੇ ਸਿੱਖੀ ਦਾ ਪ੍ਰਚਾਰ ਗੁਰਮਤਿ ਦੀ ਵਿਆਖਿਆ ਕਰਕੇ ਇਸ ਸਿੱਖੀ ਦੇ ਕੇਂਦਰ ਦਮਦਮਾ ਸਾਹਿਬ ਨੂੰ ਚਲਾਉਂਦੇ ਰਹੇ। 1748 ਈਸਵੀ ਵਿੱਚ ਸਿੱਖਾਂ ਦੇ 65 ਜੱਥੇ ਤੋੜ ਕੇ 12 ਭਾਗਾਂ ਵਿੱਚ ਵੰਡਿਆ ਗਿਆ ਅਤੇ ਮਿਸਲਾਂ ਦਾ ਨਾਮ ਪ੍ਰਦਾਨ ਕੀਤਾ ਤਾਂ ਬਾਬਾ ਦੀਪ ਸਿੰਘ ਜੀ ਮਰਜੀਵੜਿਆਂ ਦੀ ਮਿਸਲ ਦੇ ਆਗੂ ਬਣੇ ਜਿਸ ਨੂੰ ਇਤਿਹਾਸ ਵਿੱਚ ਸ਼ਹੀਦ ਮਿਸਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮਿਸਲ ਦਾ ਮੁੱਖ ਅਸਥਾਨ ਦਮਦਮਾ ਸਾਹਿਬ ਹੀ ਰਿਹਾ ਜਿਸ ਬੁਰਜ ਵਿੱਚ ਬਾਬਾ ਜੀ ਨਿਵਾਸ ਕਰਦੇ ਸਨ ਉਹ ਬੁਰਜ ਬਾਬਾ ਦੀਪ ਸਿੰਘ ਜੀ ਕਰਕੇ ਪ੍ਰਸਿੱਧ ਹੈ।
ਗੁਰਦੁਆਰਿਆਂ ਦੀ ਆਜ਼ਾਦੀ ਅਤੇ ਪਵਿੱਤਰਤਾ ਲਈ ਅਨੇਕਾਂ ਸਿੰਘਾਂ ਨੇ ਸਮੇਂ ਸਮੇਂ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਅਤੇ ਅਮਰ ਪਦਵੀ ਪ੍ਰਾਪਤ ਕੀਤੀ ਇਨਾਂ ਸ਼ਹੀਦਾਂ ਵਿੱਚ ਸਿਰਮੌਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ 80 ਸਾਲ ਦੀ ਬਿਰਧ ਅਵਸਥਾ ਵਿੱਚ ਅਜਿਹੀ ਤੇਗ ਚਲਾਈ ਕੀ ਦਰਬਾਰ ਸਾਹਿਬ ਪਹੁੰਚਣ ਦੇ ਪ੍ਰਣ ਨੂੰ ਅਨੋਖੇ ਢੰਗ ਨਾਲ ਪੂਰਾ ਕਰਕੇ ਦੁਨੀਆ ਦੇ ਇਤਿਹਾਸ ਵਿੱਚ ਅਦਭੁਤ ਮਿਸਾਲ ਕਾਇਮ ਕੀਤੀ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਖਬਰ ਪੁੱਜੀ ਤਾਂ ਉਨਾਂ ਦਾ ਦਿਲ ਟੁੰਬਿਆ ਗਿਆ ਤੇ ਪਵਿੱਤਰਤਾ ਭੰਗ ਕਰਨ ਵਾਲੇ ਦੋਸ਼ੀਆਂ ਨੂੰ ਭਾਜ ਦੇਣ ਦਾ ਫੈਸਲਾ ਕੀਤਾ ਜਦੋਂ ਇਸ ਫੈਸਲੇ ਦੀ ਖਬਰ ਸਿੱਖ ਟਿਕਾਣਿਆਂ ਤੇ ਪੁੱਜੀ ਤਾਂ ਝੱਟ ਪੱਟ ਹੀ ਮਾਲਵੇ ਵਿੱਚ ਕੂਚ ਕਰਦਿਆਂ ਕਰਦਿਆਂ 5000 ਤੋਂ ਵੱਧ ਸਿੱਖ ਆਪ ਜੀ ਦੇ ਅਗਵਾਈ ਹੇਠ ਇਕੱਤਰ ਹੋ ਗਏ ਅਤੇ ਮਾਝੇ ਵੱਲ ਕੂਚ ਕਰ ਦਿੱਤਾ। ਸ੍ਰੀ ਤਰਨ ਤਾਰਨ ਸਾਹਿਬ ਗੁਰਦੁਆਰੇ ਵਿੱਚ ਅਰਦਾਸਾਂ ਸੋਦਿਆ ਅਤੇ ਬਾਬਾ ਦੀਪ ਸਿੰਘ ਜੀ ਦੁਆਰਾ ਖਿੱਚੀ ਲਕੀਰ ਪਾਰ ਕਰ ਸ਼ਹੀਦੀ ਗਾਨੇ ਬਣ ਕੇ ਅੰਮ੍ਰਿਤਸਰ ਵੱਲ ਵੱਧੇ। ਉਧਰੋਂ ਅੰਮ੍ਰਿਤਸਰ ਤੋਂ ਪੰਜ ਮੀਲ ਦੂਰ ਗੋਹਲਵੜ ਦੇ ਸਥਾਨ ਤੇ ਜਹਾਨ ਖਾਨ 20 ਫੌਜ ਲੈ ਕੇ ਆ ਮਿਲਿਆ। ਬਾਬਾ ਦੀਪ ਸਿੰਘ ਜੀ ਦੇ ਸਹਾਇਕ ਸਰਦਾਰ ਦਿਆਲ ਸਿੰਘ ਜੀ ਨੇ ਇਸ ਸਮੇਂ ਕਮਾਲ ਦੀ ਵੀਰਤਾ ਦੇ ਜ਼ੋਰ ਦਿਖਾਏ ਅਤੇ ਜਹਾਨ ਖਾਂ ਦਾ ਸਿਰ ਵੱਡ ਦਿੱਤਾ। ਸ਼ਹਿਰ ਦੇ ਨੇੜੇ ਰਾਮਸਰ ਕੋਲ ਘਮਸਾਨ ਯੁੱਧ ਹੋਇਆ ਜਿੱਥੇ ਜਮਾਲ ਸ਼ਾਹ ਨੌਜਵਾਨ ਦੀ ਵਿਰੁੱਧ ਬਾਬਾ ਦੀਪ ਸਿੰਘ ਜੀ ਨੇ 80 ਸਾਲ ਦੀ ਬਿਰਧ ਅਵਸਥਾ ਵਿੱਚ ਜ਼ੁਲਮ ਕਰਨ ਵਾਲੀਆਂ ਫੌਜਾ ਨੂੰ ਮਾਤ ਦਿੱਤੀ। ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪਹੁੰਚ ਕੇ ਸੂਰਮਗਤੀ ਪ੍ਰਾਪਤ ਕਰ ਅਨੋਖੇ ਸ਼ਹੀਦੀ ਪ੍ਰਾਪਤ ਕੀਤੀ। ਸਿੰਘਾਂ ਨੇ ਮੁਗਲ ਫੌਜ ਦਾ ਪਿੱਛਾ ਅਟਾਰੀ ਤੱਕ ਕੀਤਾ ਅਤੇ ਉਹਨਾਂ ਨੂੰ ਕਰਾਰੀ ਭਾਜ ਦਿੱਤੀ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਸ਼ਹੀਦੀ ਸਥਾਨ ਸ਼ਹੀਦ ਗੰਜ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਚਾਟੀ ਵਿੱਚ ਦਰਵਾਜੇ ਦੇ ਕੋਲ ਸਥਿਤ ਹੈ। ਬਾਬਾ ਦੀਪ ਸਿੰਘ ਦੀ ਅਦੂਤੀ ਸ਼ਹੀਦੀ ਨੂੰ ਕਵੀ ਨੇ ਇਸ ਤਰ੍ਹਾਂ ਕਮਲ ਬੰਦ ਕੀਤਾ ਹੈ।
ਸੁਣ ਲੈ ਸਭ ਦੁਨੀਆ, ਆਖਾਂ ਖੰਡਾ ਲਿਸ਼ਕਾ ਕੇ।
ਧਰਨਾ ਮੈਂ ਸੀਸ ਚੜਾਵਾਂ, ਅੰਮ੍ਰਿਤਸਰ ਜਾਇ ਕੇ।
ਸ਼ੀਤਲ ਇਹ ਵਾਰ ਧਰਮ ਦੀ, ਸਾਰਾ ਜੱਗ ਗਾਵੇਗਾ।
ਸਿੰਘ ਦਾ ਅਰਦਾਸਾ ਕੀਤਾ, ਤੋੜ ਨਿਭ ਜਾਵੇਗਾ।
ਉਹ ਕੀਤੇ ਪ੍ਰਣ ਤੋੜ ਨਿਭਾਵਾਂਗੇ।
ਨਿਰਸੰਦੇਹ ਇਸ ਮਹਾਨ ਨਾਇਕ ਨੇ ਸੀਸ ਤਲੀ ‘ਤੇ ਰੱਖ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਸੁਆਸ ਤਿਆਗੇ ਅਤੇ ਕੀਤੇ ਪ੍ਰਣ ਨੂੰ ਪੂਰਾ ਕਰ ਅਨੋਖੇ ਸ਼ਹੀਦ ਦੀ ਪਦਵੀ ਹਾਸਲ ਕੀਤੀ।
ਲੇਖਕ ਸਾਬਕਾ ਖਾਲਸਾ ਸਕੂਲ ਦੀ ਅਧਿਆਪਕਾ ਹੈ।