Tuesday, May 14, 2024
13.6 C
Vancouver

ਨਿੱਕੀਆਂ ਜਿੰਦਾਂ ਵੱਡੇ ਸਾਕੇ

ਲਿਖਤ : ਡਾ. ਸ਼ੁਸ਼ੀਲ ਕੌਰ
ਸਾਬਕਾ ਅਧਿਆਪਕ ਖਾਲਸਾ ਸਕੂਲ, ਸਰੀ
ਸਾਕਾ ਸਰਹਿੰਦ ਜੁਵਾਬ ਮੰਗਦਾ ਹੈ,
ਇਨਾਂ ਲਾਲਾਂ ਦੀ ਕੁਰਬਾਨੀ ਦਾ ਹਿਸਾਬ ਮੰਗਦਾ ਹੈ।
ਸਿੱਖ ਇਤਿਹਾਸ ਵਿੱਚ ਸ਼ਹੀਦ ਦੀ ਪ੍ਰੀਭਾਸ਼ਾ ਕਰਦੇ ਇੰਝ ਪ੍ਰਤੀਤ ਹੁੰਦਾ ਹੈ ਕਿ ਅਜਿਹੀ ਸ਼ਖਸ਼ੀਅਤ ਜੋ ਲੋਕਾਂ ਤੇ ਹੋ ਰਹੇ ਜੁਲਮ ਅਤੇ ਅਨਿੱਆ ਨੂੰ ਠੱਲ ਪਾਉਣ ਲਈ ਅਣਖ ਅਤੇ ਸਵੈਮਾਣ ਨਾਲ ਸਹਿਜ ਵਿੱਚ ਮਰਨਾ ਕਬੁਲਦੀ ਹੈ, ਉਹ ਸ਼ਹੀਦੀ ਦੀ ਦਸਤਾਰ ਪਹਿਨਣ ਲਈ ਮਕਬੂਲ ਹੈ। ਸ਼ਹੀਦ ਦਾ ਦਰਜਾ ਸ੍ਰੇਸ਼ਟ ਹੈ, ਇਸ ਦਾ ਨਿਰੂਪਣ ਗੁਰੂ ਸਾਹਿਬ ਇੰਝ ਕਰਦੇ ਹਨ:
ਮਰਨੋ ਮਰਨ ਕਹੈ ਸਭ ਕੋਈ,
ਸਹਜੈ ਮਰੈ ਅਮਰ ਹੋਇ ਸੋਈ॥
ਗੁਰੂ ਸਾਹਿਬਾਨ ਸ਼ਹਾਦਤ ਦਾ ਹੱਕ ਸਿਰਫ ਸੂਰਪੇ ਨੂੰ ਦਿੰਦੇ ਹਨ, ਜੋ ਦੈਵੀ ਗੁਣਾਂ ਦਾ ਧਾਰਨੀ ਹੈ ਅਤੇ ਜਿਸ ਦਾ ਜੀਵਨ ਸੰਪੂਰਨ ਰੂਪ ਵਿੱਚ ਉਚਾ ਤੇ ਸੁੱਚਾ ਹੈ। ਅਜਿਹੀ ਜੀਵਨ ਜਾਂਚ ਬਾਰੇ ਭਾਈ ਗੁਰਦਾਸ ਜੀ ਇਉਂ ਫੁਰਮਾਉਦੇ ਹਨ:
ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ,
ਸਾਬਰ ਸਿਦਕਿ ਸ਼ਹੀਦ ਭਰਮ ਭਉ ਖੋਵਣਾ।
ਨਿਸਚੈ ਹੀ ਜਿਸ ਸੂਰਮੇ ਅੰਦਰ ਦੇਸ਼ ਕੌਮ ਧਰਮ ਦੀ ਰਾਖੀ ਲਈ ਆਪਾ ਭੇਟ ਕਰਨ ਦੀ ਲਾਲਸਾ ਹੈ, ਮਰਨਾ ਕਬੂਲਦਾ ਹੈ, ਸ਼ਹੀਦ ਕਹਾਉਣ ਦਾ ਹੱਕਦਾਰ ਹੈ। ਇਸ ਸੰਦਰਭ ਵਿੱਚ ਐਮਰਸਨ ਲਿਖਦਾ ਹੈ,
“ਸ਼ੲਲਡ ਸੳਚਰਡਿਚਿੲ ਸਿ ਟਹੲ ਮਰਿੳਚਲੲ ੋੁਟ ੋਡ ਾਹਚਿਹ ੳਲਲ ਟਹੲ ਰੲਪੋਰਟੲਦ ਮਰਿੳਚਲੲਸ ਗਰੲਾ.” .
ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੜਦਾਦਾ, ਦਾਦਾ, ਪਿਤਾ ਅਤੇ ਫੇਰ ਚਾਰ ਸਾਹਿਬਜ਼ਾਦਿਆਂ ਨੇ ਮਾਨਵਤਾ ਦੀ ਖਾਤਰ ਜੁਲਮ ਖਿਲਾਫ ਲੜਦੇ ਸ਼ਹੀਦੀਆਂ ਪ੍ਰਾਪਤ ਕੀਤੀਆ।
ਸੰਨ 1705 ਵਿੱਚ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਝੂਠੀਆਂ ਕਸਮਾਂ ਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਨੂੰ ਆਨੰਦਪੁਰ ਛੱਡਣ ਲਈ ਕਿਹਾ ਤਾਂ ਸਿੱਖ ਸੰਗਤਾਂ ਦੇ ਜ਼ੋਰ ਪਾਉਣ ਤੇ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲੈ ਲਿਆ। ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਜੇ ਉਹ ਆਨੰਦੁਪਰ ਛੱਡ ਦੇਣਗੇ ਤਾਂ ਉਨਾਂ ਨਾਲ ਕੋਈ ਦੁਸ਼ਮਨੀ ਨਹੀ ਰਹੇਗੀ। ਗੁਰੂ ਸਾਹਿਬ ਸਾਹਮਣੇ ਕੀਤੇ ਅਹਿਦ ਤੇ ਝੂਠੀਆਂ ਕਸਮਾਂ ਤੋੜ ਕੇ ਪਹਾੜੀ ਅਤੇ ਮੁਗਲ ਫੌਜਾਂ ਨੇ ਸਿੰਘਾਂ ਤੇ ਹਮਲਾਂ ਕਰ ਦਿੱਤਾ। ਘਮਸਾਨ ਦਾ ਯੁੱਧ ਹੋਇਆ ਅਤੇ ਕਈ ਸਿੰਘ ਸ਼ਹੀਦੀਆਂ ਪਾ ਗਏ। ਇਕ ਪਾਸੇ ਬੇਮੌਸਮੀ ਸਰਸਾ ਨਦੀ ਚੜੀ ਹੋਈ ਸੀ, ਦੂਜੇ ਪਾਸੇ ਦੁਸ਼ਮਣਾਂ ਦੇ ਨਿਰੰਤਰ ਹਮਲਿਆਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸੁਰੱਖਿਅਤ ਜਗਾਹ ਤੇ ਪਹੁੰਚਾਉਣ ਡਿਊਟੀ ਇਕ ਸਿੰਘ ਨੂੰ ਸੌਂਪ ਦਿੱਤੀ। ਘਣੇ ਜੰਗਲਾਂ ਵਿੱਚੋਂ ਹੁੰਦੇ ਮਾਤਾ ਜੀ ਬੱਚਿਆਂ ਨਾਲ ਪਿੰਡ ਸਹੇੜੀ ਪਹੁੰਚ ਗਏ ਤਾਂ ਗੰਗੂ ਰਸੋਈਆਂ ਉਨਾਂ ਨੂੰ ਆਪਣੇ ਨਾਲ ਲੈ ਗਿਆ। ਗੰਗੂ ਦੇ ਮਨ ਵਿੱਚ ਬੇਈਮਾਨੀ ਆ ਗਈ ਤੇ ਉਸ ਨੇ ਮੁਗਲਾਂ ਤੋਂ ਇਨਾਮ ਪ੍ਰਾਪਤ ਕਰਨ ਲਈ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਜਾਣਕਾਰੀ ਮੋਰਿੰਡਾ ਕੋਤਵਾਲੀ ਵਿੱਚ ਦੇ ਦਿੱਤੀ। ਫਿਰ ਸੁਚਾ ਨੰਦ ਪੁਰੀ ਦੀ ਪ੍ਰੇਰਨਾ ਤੇ ਨਵਾਬ ਵਜ਼ੀਰ ਖਾਂ ਦੇ ਹੁਕਮ ਨਾਲ ਉਨਾਂ ਨੂੰ ਠੰਢੇ ਬੁਰਜ ਵਿੱਚ ਸਰਹਿੰਦ ਭੇਜ ਦਿੱਤਾ। ਸੁਚਾ ਨੰਦ ਦੇ ਉਕਸਾਊ ਸ਼ਬਦਾਂ ਨੂੰ ਭਾਈ ਦੁਨਾ ਸਿੰਘ ਹੰਡੂਰੀਆ ਇਉਂ ਨਿਰੂਪਤ ਕਰਦੇ ਹਨ:
ਨੀਕੇ ਬਾਲਕ ਤੁਮ ਮਤ ਜਾਨਹੁ, ਨਾਗਹੁੰ ਕੇ ਇਹ ਪੂਤ ਬਖਾਨਉ,
ਤੁਮਰੇ ਹਾਥ ਆਜ ਯਹ ਆਏ, ਕਰਹੁ ਅਬੈ ਅਪਨੋ ਮਨ ਭਾਏ।
ਦੂਸਰੇ ਦਿਨ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਨਵਾਬ ਦੀ ਕਚਹਿਰੀ ਵਿੱਚ ਪੇਸ਼ ਹੋਣ ਲਈ ਲੈ ਗਏ। ਛੇ ਸਾਲ ਅਤੇ ਨੌ ਸਾਲ ਦੀ ਉਮਰ ਦੇ ਸਾਹਿਬਜ਼ਾਦਿਆਂ ਨੇ ਕਚਹਿਰੀ ਵਿੱਚ ਆਉਂਦਿਆ ਹੀ ਨਿਧੱੜਕ ਹੋ ਗਜ ਕੇ ਫਤਹਿ ਬੁਲਾਈ।
ਜਦੋਂ ਸਾਹਿਬਜ਼ਾਦਿਆਂ ਨੂੰ ਪੁਛਿਆਂ ਗਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਗਿਆ ਤਾਂ ਕੀ ਕਰੋਗੇ ਤਾਂ ਉਨਾਂ ਦਾ ਨਿਰਭੈ ਜੁਵਾਬ ਸੀ ਕਿ ਅਸੀ ਜੁਲਮ ਖਿਲਾਫ ਲੜਦੇ ਰਹਾਂਗੇ। ਨਵਾਬ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਆਪਣਾ ਧਰਮ ਛੱਡ ਇਸਲਾਮ ਕਬੂਲ ਕਰਨ ਵਾਸਤੇ ਕਈ ਪ੍ਰਕਾਰ ਦੇ ਲਾਲਚ ਦਿੱਤੇ। ਇਸ ਤੇ ਸਾਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਉਹ ਆਪਣੀ ਜਾਨ ਦੇ ਸਕਦੇ ਹਨ ਪਰ ਧਰਮ ਨਹੀ ਬਦਲਣਗੇ। ਇਸ ਤਰਾਂ ਨਵਾਬ ਵਜ਼ੀਰ ਖਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਫਿਰ ਕਾਜੀ ਨੇ ਕੁਰਾਨ ਵਿੱਚੋਂ ਫਤਵਾ ਸੁਣਾ ਦਿੱਤਾ ਕਿ ਦੋਵਾਂ ਨੂੰ ਜ਼ਿੰਦਾਂ ਦੀਵਾਰਾਂ ਵਿੱਚ ਚਿਣ ਦਿੱਤਾ ਜਾਵੇ।
ਇਥੇ ਹੀ ਬਸ ਨਹੀ ਨਵਾਬ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਵੀ ਉਕਸਾਇਆ ਪਰ ਫਿਰ ਵੀ ਸ਼ੇਰ ਮੁਹੰਮਦ ਖਾਂ ਨੇ ਮਾਸੂਮ ਜਿੰਦਾਂ ਤੋਂ ਬਦਲਾ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰਾ ਭਰਾ ਯੁੱਧ ਦੇ ਮੈਦਾਨ ਵਿੱਚ ਮਾਰਿਆ ਗਿਆ ਸੀ। ਬਲਕਿ ਨਵਾਬ ਵਜ਼ੀਰ ਖਾਂ ਨੂੰ ਵੀ ਅਜਿਹਾ ਪਾਪ ਕਰਨ ਤੋਂ ਵਰਜਿਆ। ਪੂਰੇ ਚਾਰ ਦਿਨ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਇਸਲਾਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਗਿਆ ਪਰ ਦਸ਼ਮੇਸ਼ ਪਿਤਾ ਦੇ ਲਾਲ ਅਡੋਲ ਰਹੇ ਅਤੇ ਜ਼ਾਲਮਾਂ ਦੀ ਪੇਸ਼ਕੇਸ਼ ਨੂੰ ਠੁਕਰਾ ਦਿੱਤਾ।
13 ਪੋਹ 1705 ਈ. ਵਿੱਚ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਣ ਲੱਗਾ ਅਤੇ ਇੱਕ ਵਾਰ ਫਿਰ ਨਵਾਬ ਨੇ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਦੋ ਨਿੱਕੀਆਂ ਮਾਸੂਮ ਜਿੰਦਾਂ ਅਡੋਲ ਜਪੁਜੀ ਸਾਹਿਬ ਦਾ ਪਾਠ ਕਰਦੀਆਂ ਰਹੀਆਂ। ਦੀਵਾਰ ਉਪਰ ਤੱਕ ਚਿਣੀ ਗਈ ਤੇ ਸਾਹਿਬਜ਼ਾਦੇ ਬੇਹੋਸ਼ ਹੋ ਗਏ ਅਤੇ ਫਿਰ ਉਨਾਂ ਦੇ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ।
ਉਰਦੂ ਦੇ ਸ਼ਾਇਰ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਆਪਣੀ ਪੁਸਤਕ ‘ਸ਼ਹੀਦਾ ਨਿ ਵਫਾ’ ਦੇ ਨਾਂ ਹੇਠ ਸਰਹਿੰਦ ਦਾ ਸਾਕਾ ਕਲਮ ਬੰਦ ਕੀਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਅੰਤਿਮ ਪਲਾਂ ਨੂੰ ਇੰਝ ਬਿਆਨਿਆਂ ਹੈ।
ਠੋਡੀ ਤਕ ਈਟੇ ਚਿਨ ਦੀ ਮੂੰਹ ਤਕ ਆ ਗਈ।
ਬੀਨੀ ਕੋ ਢਾਂਪਤੇ ਹੀ ਵੁਹ ਆਖੇ ਪੇ ਛਾ ਗਈ। ਹਰ ਚਾਂਦ ਸੀ ਜਬੀਂ ਕੋ ਗ੍ਰਹਲ ਸ ਲਗਾ ਗਈ ਲਖਤਿ ਜਿਗਰ ਗੁਰੂ ਕੇ ਵੁਹ ਦੋਨੋ ਛੁਪਾ ਗਈ। ਜੋਗੀ ਜੀ ਇਸ ਕੇ ਬਾਅਦ ਹੁਈ ਬੋੜੀ ਦੇਰ ਬੀ ਬਸਤੀ ਸਰਹਿੰਦ ਸ਼ਹਿਰ ਕੀ ਈਟੋਂ ਕਾ ਢੇਰ ਬੀ।
ਸਿੱਖ ਇਤਿਹਾਸ ਦੇ ਪੁਰਾਤਨ ਗ੍ਰੰਥ ਗੁਰੂ ਬਿਲਾਸ ਪਾਤਸ਼ਾਹੀ ੧੦, ਗੁਰਪ੍ਰਤਾਪ ਸੂਰਜ, ਪ੍ਰਾਚੀਨ ਪੰਥ ਪ੍ਰਕਾਸ਼, ਸ੍ਰੀ ਗੁਰੂ ਸੋਭਾ, ਬੰਸਾਵਲੀਨਾਮਾ ਵਿੱਚ ਸਾਹਿਬਜ਼ਾਦਿਆਂ ਨੂੰ ਜਲਾਦਾਂ ਵਲੋਂ ਤੇਜ਼ ਕਟਾਰ ਛੁਰੀ ਖੰਡੇ ਜਾਂ ਸ਼ਮਸ਼ੀਰ ਆਦਿ ਨਾਲ ਹੀ ਜਿਬਹ ਕਰਨਾ ਲਿਖਿਆ ਹੈ। ਦੀਵਾਰ ਵਿੱਚ ਚਿਣੇ ਜਾਣ ਦੀ ਰਵਾਇਤ ਕਾਫੀ ਪ੍ਰਚਲਤ ਸੀ।
ਇਹ ਨਿੱਕੀਆਂ ਜਿੰਦਾਂ ‘ਬਾਬਾਣੀਆ ਕਹਾਣੀਆਂ, ਪੁਤ ਸਪੁਤ ਕਰੇਨ’ ਤੇ ਪਹਿਰਾ ਦਿੰਦੇ ਸ਼ਹੀਦੀ ਪ੍ਰਾਪਤ ਕਰਨ ਸਦਾ ਲਈ ਅਮਰ ਹੋ ਗਏ। ਇਸ ਦੇ ਨਾਲ ਹੀ ਮਾਤਾ ਗੁਜਰੀ ਜੀ ਵੀ ਗੁਰੂ ਚਰਨਾ ਵਿੱਚ ਬਿਰਾਜ ਗਏ। ਅਜਿਹੀ ਹਿਰਦੇ ਵੇਧਕ ਸਥਿਤੀ ਵਿੱਚ ਦੀਵਾਨ ਟੋਡਰ ਮਲ ਨੇ ਮੋਹਰਾਂ ਖੜੀਆਂ ਕਰਕੇ ਜਮੀਨ ਖਰੀਦੀ ਅਤੇ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ। ਇਸ ਬੁਲੰਦੀ ਕਰਕੇ ਟੋਡਰ ਮਲ ਨੂੰ ਸਿੱਖ ਇਤਿਹਾਸ ਵਿਚ ਗੌਰਵਮਈ ਸਥਾਨ ਹਾਸਲ ਹੈ। ਇਸ ਉਪਰੰਤ ਬਾਬਾ ਬੰਦਾ ਸਿੰਘ ਨੇ ਪੰਜਾਬ ਵਿੱਚ ਆ ਕੇ ਹੋਕਾ ਦਿੱਤਾ ਕਿ ਤੁਹਾਨੂੰ ਸਰਹਿੰਦ ਸੱਦਾ ਦੇਂਦੀ ਹੈ ਅਤੇ ਸਿੰਘਾਂ ਨੂੰ ਹਲੂਣਾ ਮਿਲਿਆ ਅਤੇ ਉਨਾਂ ਦੀਆਂ ਸ਼ਹੀਦੀਆਂ ਦੀ ਬਰਕਤ ਨਾਲ ਫਤਹਿ ਗੜ ਸਾਹਿਬ ਆਬਾਦ ਹੋ ਗਏ। ਨਿਰਸੰਦੇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਨ੍ਹਾਂ ਕਿਸੇ ਡਰ ਨਾਲ ਜ਼ੁਲਮ ਨਾਲ ਮੁਕਾਬਲਾ ਕਰਨਾ ਸਿਖਾਇਆ, ਕਿ ਮੌਤ ਕਿਸੇ ਦਾ ਮਨੋਬਲ ਡਿੱਗਾ ਨਹੀਂ ਸਕਦੀ।
ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਉਰਦੂ ਦੇ ਕਈ ਕਵੀਆਂ ਨੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਉਨਾਂ ਨੇ ਇਸ ਵਿਸ਼ੇ ਤੇ ਆਪਣੀਆਂ ਰਚਨਾਵਾਂ ਕੀਤੀਆਂ। ਹਿੰਦੀ ਦੇ ਪ੍ਰਸਿੱਧ ਕਵੀ ਮੈਥਲੀ ਸ਼ਰਣ ਗੁਪਤਾ ਇਨਾਂ ਬੇਮਿਸਾਲ ਕੁਰਬਾਨੀਆਂ ਨੂੰ ਆਪਣੀ ਕਾਵਿਕ ਦ੍ਰਿਸ਼ਟੀ ਦੁਆਰਾ ਇਉਂ ਕਲਮਬੰਦ ਕਰਦੇ ਹਨ।
ਜਿਸ ਕੁਲ ਜਾਤਿ, ਦੇਸ਼ ਕੇ ਬੱਚੇ, ਦੇ ਸਕਤੇ ਹੈ ਯੋਂ ਬਲੀਦਾਨ ਉਸਕਾ ਵਰਤਮਾਨ ਕੁਝ ਭੀ ਤੋ, ਪਰ ਭਵਿਸ਼ਯ ਹੈ ਮਹਾਂ ਮਹਾਨ।
ਨਿਸਚੈ ਹੀ ਸਾਹਿਬਜ਼ਾਦਿਆਂ ਦੀ ਬੇਮਿਸਾਲ ਕੁਰਬਾਨੀ ਨੇ ਆਉਣ ਵਾਲੀਆਂ ਪੀੜੀਆਂ ਨੂੰ ਯੋਗ ਅਗਵਾਈ ਦਿੱਤੀ ਤੇ ਇਨਕਲਾਬ ਦੇ ਰਸਤੇ ਪਾਇਆ, ਜਿਸ ਵਾਸਤੇ ਸਿੱਖ ਸੰਗਤਾਂ ਹਮੇਸ਼ਾ ਨਤਮਸਤਕ ਰਹਿਣਗੀਆਂ।