Tuesday, May 14, 2024
14.3 C
Vancouver

ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਲਈ ਭਾਰਤ ਵੱਲੋਂ ਕਮੇਟੀ ਕਾਇਮ

ਨਵੀਂ ਦਿੱਲੀ : ਭਾਰਤ ਨੇ ਅਮਰੀਕੀ ਧਰਤੀ ‘ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਨਾਲ ਸਬੰਧਤ ਦੋਸ਼ਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ‘ਫਾਇਨੈਂਸ਼ੀਅਲ ਟਾਈਮਜ਼’ ‘ਚ ਅਣਪਛਾਤੇ ਸੂਤਰਾਂ ਦਾ ਹਵਾਲਾ ਦਿੰਦਿਆਂ ਪਿਛਲੇ ਹਫ਼ਤੇ ਆਈ ਖ਼ਬਰ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ, ਤੇ ਇਸ ਸਾਜ਼ਿਸ਼ ਵਿਚ ਸ਼ਾਮਲ ਹੋਣ ਬਾਰੇ ਭਾਰਤ ਨੂੰ ਫ਼ਿਕਰ ਜ਼ਾਹਿਰ ਕਰ ਕੇ ਚਿਤਾਵਨੀ ਦਿੱਤੀ ਗਈ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਮਾਮਲੇ ਦੀ ਸਾਰੇ ਪਹਿਲੂਆਂ ਉਤੇ ਗੌਰ ਕਰਨ ਲਈ 18 ਨਵੰਬਰ ਨੂੰ ਇਕ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਹੈ। ਬਾਗਚੀ ਨੇ ਕਿਹਾ, ‘ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਦੁਵੱਲੇ ਸੁਰੱਖਿਆ ਸਹਿਯੋਗ ਉਤੇ ਅਮਰੀਕਾ ਦੇ ਨਾਲ ਚਰਚਾ ਦੌਰਾਨ ਅਮਰੀਕੀ ਧਿਰ ਨੇ ਸੰਗਠਿਤ ਅਪਰਾਧੀਆਂ, ਬੰਦੂਕਧਾਰੀਆਂ, ਅਤਿਵਾਦੀਆਂ ਤੇ ਹੋਰ ਲੋਕਾਂ ਵਿਚਾਲੇ ਮਿਲੀਭੁਗਤ ਨਾਲ ਸਬੰਧਤ ਕੁਝ ਜਾਣਕਾਰੀ ਸਾਂਝੀ ਕੀਤੀ ਸੀ।’ ਉਨ੍ਹਾਂ ਕਿਹਾ, ‘ਅਸੀਂ ਇਹ ਵੀ ਸੰਕੇਤ ਦਿੱਤਾ ਸੀ ਕਿ ਭਾਰਤ ਅਜਿਹੀਆਂ ਸੂਚਨਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਕਿਉਂਕਿ ਉਹ ਸਾਡੇ ਕੌਮੀ ਸੁਰੱਖਿਆ ਹਿੱਤਾਂ ਉਤੇ ਅਸਰ ਪਾਉਂਦੀਆਂ ਹਨ ਤੇ ਸਬੰਧਤ ਵਿਭਾਗ ਪਹਿਲਾਂ ਹੀ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ।’ ਬਾਗਚੀ ਨੇ ਕਿਹਾ ਕਿ ਭਾਰਤ ਕਮੇਟੀ ਦੇ ਸਿੱਟਿਆਂ ਦੇ ਅਧਾਰ ਉਤੇ ਲੋੜੀਂਦੀ ਕਾਰਵਾਈ ਕਰੇਗਾ। ਗੌਰਤਲਬ ਹੈ ਕਿ ਮੀਡੀਆ ਰਿਪੋਰਟ ਤੋਂ ਬਾਅਦ ਅਮਰੀਕਾ ਦੀ ਕੌਮੀ ਸੁਰੱਖਿਆ ਪਰਿਸ਼ਦ ਦੀ ਤਰਜਮਾਨ ਐਡਰੀਅਨ ਵਾਟਸਨ ਨੇ ਕਿਹਾ ਸੀ ਕੀ ਮੁੱਦੇ ਨੂੰ ‘ਬੇਹੱਦ ਗੰਭੀਰਤਾ’ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਨੇ ਭਾਰਤ ਸਰਕਾਰ ਕੋਲ ਚੁੱਕਿਆ ਹੈ, ਤੇ ਭਾਰਤ ਸਰਕਾਰ ਨੇ ‘ਫ਼ਿਕਰ ਤੇ ਹੈਰਾਨੀ ਜ਼ਾਹਿਰ ਕੀਤੀ ਹੈ।’ ਸੂਤਰਾਂ ਮੁਤਾਬਕ ਭਾਰਤ ਵੱਲੋਂ ਇਸ ਮਾਮਲੇ ਦੀ ਵੱਖ-ਵੱਖ ਏਜੰਸੀਆਂ ਮਿਲ ਕੇ ਜਾਂਚ ਕਰਨਗੀਆਂ। ਹਾਲਾਂਕਿ ਕਮੇਟੀ ਦੀ ਬਣਤਰ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਦੱਸਿਆ ਗਿਆ। ਜ਼ਿਕਰਯੋਗ ਹੈ ਕਿ ਪੰਨੂ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਅਮਰੀਕੀ ਤੇ ਕੈਨੇਡੀਅਨ ਨਾਗਰਿਕ ਹੈ, ਅਖੌਤੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦਾ ਆਗੂ ਹੈ। ਉਹ ਭਾਰਤ ਵਿਚ ਅਤਿਵਾਦ ਦੇ ਕਈ ਦੋਸ਼ਾਂ ਹੇਠ ਲੋੜੀਂਦਾ ਹੈ। ਗੌਰਤਲਬ ਹੈ ਕਿ ਹਾਲ ਹੀ ਵਿਚ ਕੈਨੇਡਾ ਨੇ ਵੀ ਦੋਸ਼ ਲਾਏ ਸਨ ਕਿ ਵੈਨਕੂਵਰ ਵਿਚ ਮਾਰੇ ਗਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸੀ। ਜਦਕਿ ਭਾਰਤ ਨੇ ਦੋਸ਼ ਖਾਰਜ ਕਰ ਦਿੱਤੇ ਸਨ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਕੈਨੇਡਾ ਵਿਚ ਸਿੱਖ ਵੱਖਵਾਦੀ ਹਰਦੀਪ ਨਿੱਝਰ ਦੀ ਹੱਤਿਆ ਕੀਤੀ ਗਈ ਸੀ। ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇਕ ਬਿਆਨ ਵਿਚ ਪੰਨੂ ਨੇ ਦਾਅਵਾ ਕੀਤਾ ‘ਖਾਲਿਸਤਾਨ ਰਾਇਸ਼ੁਮਾਰੀ ਕਰਾਉਣ ਲਈ ਭਾਰਤ ਮੈਨੂੰ ਮਾਰਨਾ ਚਾਹੁੰਦਾ ਹੈ।’ ਇਨ੍ਹਾਂ ਨਵੇਂ ਦੋਸ਼ਾਂ ਤੋਂ ਬਾਅਦ ਬਾਇਡਨ ਪ੍ਰਸ਼ਾਸਨ ਦੇ ਉਨ੍ਹਾਂ ਯਤਨਾਂ ਨੂੰ ਧੱਕਾ ਵੀ ਲੱਗ ਸਕਦਾ ਹੈ ਜੋ ਭਾਰਤ ਨਾਲ ਰਣਨੀਤਕ ਰਿਸ਼ਤੇ ਡੂੰਘੇ ਕਰਨ ਲਈ ਕੀਤੇ ਜਾ ਰਹੇ ਹਨ।