ਮੇਅਰ ਬਰੈਂਡਾ ਲੌਕ ਨੇ ਨਵੀਂ ਰਿਪੋਰਟ ਦੀ ਮੰਗ ਕੀਤੀ, ਕਾਊਂਸਲ ਮੈਂਬਰ ਵਾਧੇ ਵਿਰੁੱਧ
ਸਰੀ : ਸਰੀ ਕੌਂਸਲ ਮੈਂਬਰਾਂ ਦੀ ਤਨਖ਼ਾਹ ਵਾਧੇ ਦੀ ਚਰਚਾ ਬਾਰੇ ਭੰਬਲਭੂਸਾ ਬਰਕਰਾਰ ਹੈ ਅਤੇ ਇਹ ਅਜੇ ਤੈਅ ਨਹੀਂ ਹੋਇਆ ਕਿ ਸਰੀ ਕੌਂਸਲ ਮੈਂਬਰ ਆਪਣੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਲਈ ਵੋਟਿੰਗ ਕਰਨਗੇ ਜਾਂ ਨਹੀਂ। 27 ਜਨਵਰੀ ਨੂੰ ਮੇਅਰ ਬਰੈਂਡਾ ਲੌਕ ਨੇ ਸਿਟੀ ਸਟਾਫ ਨੂੰ ਕਿਹਾ ਕਿ ਇਹ ਮਾਮਲਾ 2025 ਦੀ ਪਹਿਲੀ ਤਿਮਾਹੀ ਵਿਚ ਕੌਂਸਲ ਅਗੇ ਰਿਪੋਰਟ ਵਜੋਂ ਲਿਆਉਣ ਲਈ ਤਿਆਰ ਕੀਤਾ ਜਾਵੇ।
ਇਸ ਤੋਂ ਪਹਿਲਾਂ 16 ਦਸੰਬਰ 2024 ਨੂੰ ਕੌਂਸਲ ਦੇ ਆਖਰੀ ਮੀਟਿੰਗ ਵਿਚ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ‘ਚ 1 ਜਨਵਰੀ 2025 ਤੋਂ ਲਾਗੂ ਹੋਣ ਵਾਲੀ 8% ਤਨਖ਼ਾਹ ਵਾਧੇ ਦੀ ਸਿਫਾਰਸ਼ ਕੀਤੀ ਗਈ ਸੀ। ਪਰ ਮੇਅਰ ਲੌਕ ਉਸ ਮੀਟਿੰਗ ਵਿੱਚ ਮੌਜੂਦ ਨਹੀਂ ਸਨ ਕਿਉਂਕਿ ਉਹ ਉਸ ਦਿਨ ਓਟਾਵਾ ਵਿਚ ਸਰੀ ਦੀ ਨੁਮਾਇਦਗੀ ਕਰ ਰਹੇ ਸਨ।
ਕੌਂਸਲਰ ਹੈਰੀ ਬੈਂਸ ਨੇ ਉਹ ਮੀਟਿੰਗ ਚੇਅਰ ਕੀਤੀ ਅਤੇ ਸਿਫਾਰਸ਼ੀ ਰਿਪੋਰਟ ਨੂੰ ਅਜੈਂਡੇ ‘ਚੋਂ ਹਟਾ ਕੇ 13 ਜਨਵਰੀ ਲਈ ਰੱਖਣ ਦੀ ਗੱਲ ਕੀਤੀ ਤਾਂ ਜੋ ਸਭ ਕੌਂਸਲ ਮੈਂਬਰ ਹਾਜ਼ਰ ਹੋਣ। ਹਾਲਾਂਕਿ, 13 ਜਨਵਰੀ ਦੀ ਮੀਟਿੰਗ ਆਈ ਤੇ ਗਈ, ਪਰ ਤਨਖ਼ਾਹ ਵਾਧੇ ਬਾਰੇ ਕੋਈ ਗੱਲ ਨਹੀਂ ਹੋਈ।
ਸਰੀ ਫਸਟ ਦੀ ਕੌਂਸਲਰ ਲਿੰਡਾ ਐਨਿਸ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੀਆਂ ਤਨਖ਼ਾਹਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ, ਖਾਸ ਕਰਕੇ 8% ਦਾ। ਅਸੀਂ ਜਾਣਦੇ ਸੀ ਕਿ ਜਿੰਨੀ ਤਨਖ਼ਾਹ ਮਿਲਣੀ ਹੈ, ਉਹ ਕੀ ਹੈ, ਜਦੋਂ ਅਸੀਂ ਚੋਣ ਜਿੱਤੀ। ਇਹ ਮਾਮਲਾ ਸ਼ਾਇਦ ਹੁਣ ‘ਕੁਦਰਤੀ ਮੌਤ’ ਮਰ ਗਿਆ ਹੈ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਮਹਿੰਗਾਈ ਦੇ ਦੌਰ ਵਿਚ ਸੰਘਰਸ਼ ਕਰ ਰਹੇ ਹਨ, ਅਜਿਹੇ ਵਿਚ ਸਿਆਸਤਦਾਨਾਂ ਵਲੋਂ ਆਪਣੀਆਂ ਤਨਖ਼ਾਹਾਂ ਵਧਾਉਣਾ ਗਲਤ ਸੰਦੇਸ਼ ਦੇਂਦਾ ਹੈ।
ਜੇਕਰ ਇਹ ਵਾਧਾ ਮਨਜ਼ੂਰ ਹੋ ਜਾਂਦਾ, ਤਾਂ ਮੇਅਰ ਲੌਕ ਦੀ ਤਨਖ਼ਾਹ $171,150 ਤੋਂ ਵੱਧ ਕੇ $184,899 ਹੋ ਜਾਂਦੀ, ਜਦਕਿ ਕੌਂਸਲਰਾਂ ਦੀ ਤਨਖ਼ਾਹ $87,287 ਤੋਂ ਵੱਧ ਕੇ $94,298 ਹੋ ਜਾਂਦੀ।
27 ਜਨਵਰੀ ਦੀ ਮੀਟਿੰਗ ਵਿੱਚ, ਲੌਕ ਨੇ ਸਿਟੀ ਸਟਾਫ ਨੂੰ ਕਿਹਾ ਕਿ 2017 ਵਿੱਚ ਬਣਾਈ ਨੀਤੀ ਦੀ ਮੁੜ ਸਮੀਖਿਆ ਕੀਤੀ ਜਾਵੇ। ਉਨ੍ਹਾਂ ਨੇ ਕਿਹਾ, ”ਉਹ ਸਮਾਂ ਹੋਰ ਸੀ, ਆਜ ਦੀ ਅਰਥਵਿਵਸਥਾ ਕਾਫੀ ਬਦਲ ਚੁੱਕੀ ਹੈ।”
ਲੌਕ ਨੇ ਇਹ ਵੀ ਕਿਹਾ ਕਿ ਨੀਤੀ ਨੂੰ ਪੂਰੀ ਤਰ੍ਹਾਂ ਵੇਖਿਆ ਜਾਵੇ ਕਿਸ ਤਰ੍ਹਾਂ ਵਾਧਾ ਹੁੰਦਾ ਹੈ, ਕਦੋਂ ਲਾਗੂ ਹੁੰਦਾ ਹੈ ਅਤੇ ਹੋਰ ਸ਼ਹਿਰਾਂ ਨਾਲ ਮੁਕਾਬਲਾ ਕਰਦੇ ਹੋਏ ਕੌਂਸਲ ਦੀ ਤਨਖ਼ਾਹ ਢੁਕਵੀਂ ਹੈ ਜਾਂ ਨਹੀਂ।
ਸਿਟੀ ਮੈਨੇਜਰ ਰੌਬ ਕੋਨਸਟਾਂਜ਼ੋ ਨੇ ਭਰੋਸਾ ਦਿੱਤਾ ਕਿ ਇਹ ਕੰਮ ”ਜ਼ਰੂਰ” ਕੀਤਾ ਜਾਵੇਗਾ ਅਤੇ ਰਿਪੋਰਟ ਖੁੱਲ੍ਹੀ ਕੌਂਸਲ ਵਿਚ ਪੇਸ਼ ਕੀਤੀ ਜਾਵੇਗੀ।
ਸਾਬਕਾ ਰਿਪੋਰਟ ਵਿੱਚ, ਜੋ ਕੋਨਸਟਾਂਜ਼ੋ ਅਤੇ ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੋਈ ਬ੍ਰਾਰ ਵੱਲੋਂ ਤਿਆਰ ਕੀਤੀ ਗਈ ਸੀ, 12 ਹੋਰ ਸਮਾਨ ਆਬਾਦੀ ਵਾਲੇ ਸ਼ਹਿਰਾਂ ਨਾਲ ਮੁਕਾਬਲਾ ਕਰਦੇ ਹੋਏ ਤਨਖ਼ਾਹ ਵਾਧੇ ਦੀ ਸਿਫਾਰਸ਼ ਕੀਤੀ ਗਈ ਸੀ। ਇਨ੍ਹਾਂ ਵਿਚ ਬਰੈਂਪਟਨ, ਕੈਲਗਰੀ, ਐਡਮੰਟਨ, ਵੈਨਕੂਵਰ, ਰਿਚਮੰਡ ਆਦਿ ਸ਼ਾਮਲ ਸਨ।
ਲੌਕ ਨੇ ਜੋੜਿਆ, ”ਸਰੀ ਕੌਂਸਲ ਦੀ ਤਨਖ਼ਾਹ ਕਿਸੇ ਮਨਮਰਜ਼ੀ ਜਾਂ ਨਿਜੀ ਫਾਇਦੇ ਵਾਸਤੇ ਨਹੀਂ, ਸਗੋਂ ਨੀਤੀ ਅਧਾਰਤ ਅਤੇ ਨਿਰਪੱਖ ਵਿਧੀ ਰਾਹੀਂ ਨਿਰਧਾਰਤ ਕੀਤੀ ਜਾਂਦੀ ਹੈ। ਮੈਂ ਇਸ ਪ੍ਰਕਿਰਿਆ ਦੀ ਪੂਰੀ ਪਾਰਦਰਸ਼ਤਾ ਲਈ ਵਚਨਬੱਧ ਹਾਂ।”