Saturday, April 5, 2025
9.1 C
Vancouver

ਨਹੀਂਓ ਲੱਭਣੇ ਲਾਲ ਗਵਾਚੇ – ਆਰਟਿਸਟ ਜਰਨੈਲ ਸਿੰਘ

 

ਰਛਪਾਲ ਸਿੰਘ ਗਿੱਲ ਵੈਨਕੂਵਰ
ਜਰਨੈਲ ਸਿੰਘ ਆਰਟਿਸਟ ਰੰਗਾਂ ਦੇ ਬਾਦਸ਼ਾਹ ਸੀ। ਬਾਕਮਾਲ ਆਰਟਿਸਟ, ਦੁਨੀਆਂ ਜਾਣਦੀ ਆ। ਉਹਦੇ ਬਣਾਏ ਚਿੱਤਰ ਦੁਨੀਆ ਭਰ ‘ਚ ਵਸਦੇ ਸਿੱਖਾਂ ਦੇ ਘਰਾਂ ਵਿੱਚ ਅਕਸਰ ਦੇਖੇ ਜਾ ਸਕਦੇ ਨੇ। ਉਹਨੂੰ ਇਹ ਕਲਾ ਵਿਰਾਸਤ ਵਿੱਚ ਮਿਲੀ। ਉਹਦੇ ਪਿਤਾ ਜੀ ਜੋ ਅਕਸਰ ਕਾਲੇ ਰੰਗ ਦਾ ਲੰਬਾ ਚੋਲਾ ਪਾਕੇ ਰੱਖਿਆ ਕਰਦੇ ਸਨ, ਉਨਾਂ ਨੇ ਕਲਾ ਦੀਆਂ ਬਾਰਕੀਆਂ ਦੀ ਗੁੜ੍ਹਤੀ ਉਨਾਂ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਦਿਆਂ ਹੀ ਦੇ ਦਿੱਤੀ ਸੀ। ਉਹ ਵੀ ਜਾਣ ਗਏ ਸਨ ਕਿ ਉਨਾਂ ਦਾ ਹੋਣਹਾਰ ਪੁੱਤਰ ਭਵਿੱਖ ਵਿੱਚ ਉਨਾਂ ਦੇ ਪਾਏ ਪੂਰਨਿਆਂ ‘ਤੇ ਚਲਕੇ ਇੱਕ ਅਜਿਹੀ ਕਲਾਂ ਦੀ ਸਿਰਜਨਾ ਕਰੇਗਾ ਕਿ ਦੁਨੀਆਂ ਉਨਾਂ ਦੀ ਕਲਾ ਦੀ ਤਾਰੀਫ਼ ਕਰੇਗੀ। ਜਰਨੈਲ ਸਿੰਘ ਦਾ ਪਿਛੋਕੜ ਜ਼ੀਰਾ ਸ਼ਹਿਰ ਲਾਗੇ
ਇੱਕ ਪਿੰਡ ਨਾਲ ਜੁੜਦਾ ਹੈ। ਚੰਡੀਗੜ ਨਾਲ ਉਨਾਂ ਦਾ ਸਬੰਧ ਪੰਜਾਬ ਦੇ ਛੇਵੇਂ ਦਰਿਆ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਕਰਕੇ ਹੋਇਆ। ਜੋ ਕਿ ਕਲਾਂ ਪ੍ਰੇਮੀ ਹੀ ਨਹੀਂ ਬਲਕਿ ਕਲਾਂ ਦੇ ਪਾਰਖੂ ਵੀ ਸਨ। ਜਰਨੈਲ ਸਿੰਘ ਨੇ ਉਚ ਤਾਲੀਮ ਵੀ ਚੰਡੀਗੜੋ ਹੀ ਪ੍ਰਾਪਤ ਕੀਤੀ। ਉਹ ਬਹੁਪੱਖੀ ਸਖਸ਼ੀਅਤ ਸਨ। ਹਰ ਕੰਮ ਨੂੰ ਦ੍ਰਿੜਤਾ ਤੇ ਇਮਾਨਦਾਰੀ ਨਾਲ ਕਰਦੇ। ਵੱਡੇ ਤੋਂ ਵੱਡੇ ਲੇਖਕ, ਯੂਨੀਵਰਸਿਟੀਆਂ ਦੇ ਵਾਈਸ ਚਾਸਲਰ, ਅਖਬਾਰਾਂ ਦੇ ਪੱਤਰਕਾਰ, ਸੰਪਾਦਕ, ਧਾਰਮਿਕ ਸੰਸਥਾਵਾਂ ਸਭ ਨਾਲ ਉਨਾਂ ਦੀ ਜਾਣ ਪਛਾਣ ਬਾਕਮਾਲ ਸੀ ਹੱਸਮੁੱਖ ਚਿਹਰਾ, ਫੌਜੀ ਸਟਾਈਲ ਰਹਿਣੀ, ਬਹਿਣੀ, ਠਰੰਮੇ ਨਾਲ ਗੱਲਬਾਤ ਕਰਨੀ, ਆਪਣੀ ਮੁੱਛਾਂ ਨੂੰ ਥੋੜਾ ਜਿਹਾ ਚੜ੍ਹਾ ਕਰਕੇ ਰੱਖਣਾ ਉਨਾਂ ਦੀ ਸਖਸੀਅਤ ਨੂੰ ਸਦਾ ਹੀ ਨਿਖਾਰਾ ਰੱਖਦਾ। ਉਹ ਸਾਦਗੀ ਪਸੰਦ ਸਨ। ਹਰ ਕਿਸੇ ਦੇ ਵੇਲੇ ਕੁਵੇਲੇ ਕੰਮ ਆਉਣ ਵਾਲੇ, ਬਹਿਸਬਾਜ਼ੀ ਤੋਂ ਦੂਰ ਰਹਿਣ ਵਾਲੇ, ਸਹਿਜਮਤੇ ਵਾਲੇ ਇਨਸਾਨ, ਅਗਾਹਵਧੂ ਇਨਸਾਨ ਸੀ ਕਦੇ ਉਨਾਂ ਨੂੰ ਭੱਜੂੰ-ਭੰਜੂੰ ਜਾਂ ਮਰੂ-ਮਰੂ ਕਰਦੇ ਹੋਏ ਨਹੀਂ ਦੇਖਿਆ। ਸਮੇਂ ਦੇ ਪਾਬੰਦ ਅਤੇ ਆਪਣੀ ਕਲਾਂ ਨੂੰ ਸਮਰਪਿਤ। ਲੋਕ ਲਾਲਚ ਤੋਂ ਦੂਰ ਰਹਿਣ ਵਾਲੇ । ਉਨਾਂ ਨਾਲ ਵਾਹ ਵਾਸਤਾ 32-33 ਸਾਲ ਤੋਂ ਸੀ। ਨੇੜਤਾ ਏਨੀ ਸੀ ਕਿ ਜਦੋਂ ਵੀ ਉਨਾਂ ਕੋਲ ਆਉਣਾ ਕਦੇ ਉਠਣ ਹੀ ਨਾ ਦੇਂਦੇ। ਕਹਿੰਦੇ ਕੀ ਕਰਨਾ ਬਹਿਜਾ, ਹੋਰ ਕੋਈ ਵੀ ਕੰਮ ਕਰਨਾ ਸਲਾਹ ਮਸ਼ਵਰਾ ਜ਼ਰੂਰ ਕਰਦੇ ਆਪਣੇ ਪਿਤਾ ਜੀ ਦੇ ਬਾਰੇ ਲਿਖਣ ਦਾ ਅਕਸਰ ਹੀ ਜ਼ਿਕਰ ਕਰਿਆ ਕਰਦੇ ਸਨ। ਇਕ ਹੋਰ ਗੱਲ ਕਰੀਏ ਸ. ਜਰਨੈਲ ਸਿੰਘ ਆਪਣੇ ਆਪ ਨੂੰ ਸਮੇਂ ਨਾਲ ਤੋਰਨ ਦੇ ਹਾਣੀ ਸਨ। ਉਨ੍ਹਾਂ ਨੇ ਕੈਨੇਡਾ ਆ ਕਿ ਪੱਛਮੀ ਤਰਜ਼ ਵਾਲੇ ਚਿੱਤਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਦੀ ਕਲਾ ਦਾ ਮੁੱਲ ਪਿਆ ਵੀ ਚੰਗਾ ਚੋਖਾ ਪਿਆ ਹਰ ਅਦਾਰੇ ਨਾਲ ਉਨਾਂ ਦੀ ਨੇੜਤਾ ਸੀ ।ਮਿਲਾਪੀ ਸੁਭਾਅ ਵਾਲੇ ਜਰਨੈਲ ਨੇ ਕਿਧਰੇ ਸਿੱਖ ਇਤਿਹਾਸ ਨਾਲ ਸਬੰਧਿਤ ਚਿੱਤਰਾਂ ਦੀ ਸਿਰਜਣਾ ਕੀਤੀ। ਕਿਧਰੇ ਧਾਰਮਿਕ ਪੱਖ ਦੇ ਚਿੱਤਰ ਵੀ ਬਣਾਏ। ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਉਨਾਂ ਦੇ ਚਿੱਤਰ ਲਾਜਵਾਬ ਹਨ। ਪੁਰਾਣਾ ਪੰਜਾਬ ਉਨਾਂ ਦੇ ਚਿੱਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਆਉਣ ਵਾਲੀਆਂ ਪੀੜੀਆ ਉਨਾਂ ਦੀ ਕਲਾ ਤੇ ਮਾਣ ਕਰਨਗੀਆਂ। ਉਨਾਂ ਦੇ ਚਿੱਤਰ ਸਾਡੀ ਕੌਮੀ ਵਿਰਾਸਤ ਹਨ ਉਨਾਂ ਤੇ ਮਾਣ ਕਰਨਾ ਬਣਦਾ। ਅਸੀਂ ਲੰਬਾ ਸਮਾਂ ਇੱਕਠਿਆਂ ਕੰਮ ਕੀਤਾ ਨਿਤ ਦਾ ਖਾਣ ਪੀਣ ਇਕ ਟੇਬਲ ਤੇ ਹੁੰਦਾ। ਉਹ ਨਿਰੋਏ ਸੁਝਾਅ ਦਿੰਦੇ। ਜੋ ਮੰਨਣ ਲਾਇਕ ਹੁੰਦੇ। ਵਧੀਆ ਸਲਾਹਕਾਰ ਸਨ, ਮਿੱਤਰ ਪਿਆਰੇ ਦੀ ਯਾਦ ਸਤਾ ਰਹੀ ਹੈ। ਉਹ ਮੈਨੂੰ ਅਕਸਰ ਕਿਹਾ ਕਰਦੇ ਲਿਖਿਆ ਕਰ, ਹੱਟ ਕਿਉਂ ਗਿਆ। ਜਰਨੈਲ ਸਿੰਘ ਵਾਕਿਆ ਹੀ ਜਰਨੈਲ ਸੀ, ਸਿਪਾਹੀਆਂ ਦੀ ਫੌਜ਼ ਨੂੰ ਨਾਲ ਲੈਕੇ ਚੱਲਣ ਵਾਲਾ-ਬੀਬਾઠਇਨਸਾਨ।
ਜਿਸ ਰਾਹ ਸੇ ਫ਼ਕੀਰ ਗੁਜ਼ਰ ਜਾਤੇ ਹੈ,
ਲੋਗੋਂ ਕੇ ਜ਼ਖਮ ਨਿਗਾਹੋਂ ਸੇ ਭਰ ਜਾਤੇ ਹੈ,

ਰੱਬ ਕੇ ਬੰਦੋ ਕਾ ਜੇਹੀ ਨਿਸ਼ਾਂ ਹੋਤਾ ਹੈ,
ਮਰਤੇ ਨਹੀਂ, ਵੋ ਹੋ ਕੇ ਅਮਰ ਜਾਤੇ ਹੈ।