ਔਟਵਾ (ਏਕਜੋਤ ਸਿੰਘ): ਪ੍ਰਧਾਨ ਮੰਤਰੀ ਜਸਟਿਨ ਟਰੁਡੋ ਨੇ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣੇਗਾ, ਪਰ ਸਰਕਾਰ ਨੂੰ ਡੌਨਲਡ ਟਰੰਪ ਵੱਲੋਂ ਦਿੱਤੀਆਂ ਕੈਨੇਡਾ ਨੂੰ ਅਮਰੀਕਾ ਵਿੱਚ ਰਲਾਉਣ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਧਮਕੀਆਂ ਅਮਰੀਕਾ ਵੱਲੋਂ ਲਾਏ ਗਏ ਵਪਾਰਿਕ ਟੈਰਿਫ਼ਾਂ ਨਾਲ ਨਜਿੱਠਣ ਦੌਰਾਨ ਵੀ ਧਿਆਨ ‘ਚ ਰੱਖਣੀਆਂ ਚਾਹੀਦੀਆਂ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਾਲ ਹੀ ਵਿੱਚ ਇਕ ਵਪਾਰਕ ਇਵੈਂਟ ਦੌਰਾਨ ਦਾਅਵਾ ਕੀਤਾ ਕਿ ਕੈਨੇਡਾ ਅਤੇ ਅਮਰੀਕਾ ਦੀ ਇੱਕਤਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, “ਕੈਨੇਡਾ ਅਸੀਂ ਤੁਹਾਡੇ ਨਾਲ ਹੀ ਹਮੇਸ਼ਾ ਵਪਾਰ ਕਰਦੇ ਹਾਂ। ਤੁਸੀਂ ਅਸੀਂ ਇੱਕੋ ਹੀ ਹਾਂ। ਕਿਸੇ ਨਾ ਕਿਸੇ ਦਿਨ ਤੁਸੀਂ ਅਸੀਂ ਮਿਲ ਸਕਦੇ ਹਾਂ।” ਟਰੰਪ ਦੇ ਇਸ ਬਿਆਨ ਨੇ ਕੈਨੇਡਾ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ। ਉਥੇ ਹੀ, ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ ‘ਤੇ ਨਵੇਂ ਟੈਰਿਫ਼ ਲਗਾਉਣ ਦੇ ਫ਼ੈਸਲੇ ਨੇ ਦੋਵੇਂ ਦੇਸ਼ਾਂ ਵਿਚ ਵਪਾਰਕ ਦਬਾਅ ਵਧਾ ਦਿੱਤਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਵੀ ਟਰੰਪ ਦੇ ਬਿਆਨ ‘ਤੇ ਆਪਣੀ ਤਿੱਖੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਨੇ ਕਿਹਾ, “ਇਹ ਬਿਆਨ ਨਾ ਸਿਰਫ਼ ਅਪਮਾਨਜਨਕ ਹਨ, ਬਲਕਿ ਚਿੰਤਾਜਨਕ ਵੀ ਹਨ।” ਪਰ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਕੋਈ ‘ਸੱਚਮੁੱਚ ਦਾ ਖ਼ਤਰਾ’ ਨਹੀਂ ਹੈ। ਬਲੇਅਰ ਨੇ ਕਿਹਾ ਕਿ , “ਅਸੀਂ ਆਪਣੇ ਦੇਸ਼ ‘ਤੇ ਮਾਣ ਕਰਦੇ ਹਾਂ। ਕੈਨੇਡਾ ਇੱਕ ਆਜ਼ਾਦ ਅਤੇ ਖ਼ੁਦਮੁਖ਼ਤਿਆਰ ਦੇਸ਼ ਹੈ, ਅਤੇ ਅਸੀਂ ਆਪਣੇ ਹੱਕ ‘ਚ ਕੋਈ ਵੀ ਘਾਟ ਨਹੀਂ ਆਉਣ ਦੇਵਾਂਗੇ।”
ਇਹ ਪਹਿਲਾ ਮੌਕਾ ਨਹੀਂ ਹੈ, ਜਦ ਟਰੰਪ ਨੇ ਕੈਨੇਡਾ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਹੋਵੇ। ਪਿਛਲੇ ਹਫ਼ਤੇ ਟੋਰਾਂਟੋ ਵਿੱਚ ਹੋਏ ਕੈਨੇਡਾ-ਅਮਰੀਕਾ ਆਰਥਿਕ ਸੰਮੇਲਨ ਦੌਰਾਨ, ਟ੍ਰੁਡੋ ਨੇ ਸਾਫ਼ ਕਿਹਾ ਕਿ ਟਰੰਪ ਦੀ ਇਹ ਧਮਕੀ ਮਜ਼ਾਕ ਨਹੀਂ, ਸਗੋਂ ਅਸਲੀਅਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, “ਅਸੀਂ ਆਪਣੀ ਆਜ਼ਾਦੀ ਨੂੰ ਸਹੀ ਢੰਗ ਨਾਲ ਸੁਰੱਖਿਅਤ ਕਰਨ ਲਈ ਹਰ ਤਿਆਰ ਹਾਂ।” ਟਰੰਪ ਵੱਲੋਂ ਨਵੇਂ ਟੈਰਿਫ਼ ਲਾਉਣ ਦੇ ਆਦੇਸ਼ ਨੇ ਕੈਨੇਡਾ-ਅਮਰੀਕਾ ਸੰਬੰਧਾਂ ‘ਚ ਹੋਰ ਵੀ ਤਨਾਅ ਪੈਦਾ ਕਰ ਦਿੱਤਾ। ਟਰੰਪ ਨੇ ਕੈਨੇਡਾ ‘ਤੇ ਦੋਸ਼ ਲਾਇਆ ਕਿ ਉਹ ਗੈਰ-ਕਾਨੂੰਨੀ ਪਰਵਾਸ ਅਤੇ ਫੈਂਟਾਨਿਲ ਤਸਕਰੀ ‘ਤੇ ਕੰਟਰੋਲ ਨਹੀਂ ਕਰ ਰਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੈਨੇਡਾ ਅਮਰੀਕਾ ਦੇ ਵਪਾਰਕ ਸ਼ਰਤਾਂ ਨੂੰ ਨਹੀਂ ਮੰਨਦਾ, ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਉਧਰ ਕੈਨੇਡਾ ਸਰਕਾਰ ਨੇ 1.3 ਬਿਲੀਅਨ ਡਾਲਰ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਵਿਚ ਨਵੇਂ ਹੈਲੀਕਾਪਟਰ, ਵਧੇਰੇ ਬਾਰਡਰ ਅਧਿਕਾਰੀ, ਅਤੇ ਨਵੀਨਤਮ ਟੈਕਨੋਲੋਜੀ ਦੀ ਤਾਇਨਾਤੀ ਸ਼ਾਮਲ ਹੈ। ਵਪਾਰ ਮੰਤਰੀ ਮੈਰੀ ਨਿਗ, ਜੋ ਕਿ ਅਮਰੀਕਾ ‘ਚ ਵਪਾਰ ਸੰਬੰਧੀ ਮੀਟਿੰਗਾਂ ‘ਚ ਸ਼ਾਮਲ ਹੋ ਰਹੀ ਹਨ, ਨੇ ਕਿਹਾ, “ਕੈਨੇਡਾ ਹਮੇਸ਼ਾ ਅਮਰੀਕਾ ਨਾਲ ਵਪਾਰਕ ਰਿਸ਼ਤੇ ਸਧਾਰਨ ਰੱਖਣ ‘ਚ ਵਿਸ਼ਵਾਸ ਕਰਦਾ ਹੈ, ਪਰ ਅਸੀਂ ਆਪਣੇ ਹਿੱਤਾਂ ਦੀ ਰਾਖੀ ਲਈ ਹਰ ਉਪਾਅ ਚੁੱਕਣਗੇ।”
ਟਰੰਪ ਦੀ ‘ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ’ ਵਾਲੀ ਗੱਲ ਨੇ ਕੈਨੇਡਾ ਦੀ ਰਾਜਨੀਤੀ ‘ਚ ਨਵਾਂ ਵਿਰੋਧ ਪੈਦਾ ਕਰ ਦਿੱਤਾ ਹੈ। ਹਾਲਾਂਕਿ, ਕੈਨੇਡੀਅਨ ਸਰਕਾਰ ਨੇ ਆਪਣੀ ਆਜ਼ਾਦੀ ਅਤੇ ਖ਼ੁਦਮੁਖ਼ਤਿਆਰਤਾ ਨੂੰ ਬਚਾਉਣ ਲਈ ਸਿੱਧਾ ਰਵੱਈਆ ਅਪਣਾਇਆ ਹੈ। ਅਗਲੇ ਕੁੱਝ ਹਫ਼ਤਿਆਂ ਵਿੱਚ ਕੈਨੇਡਾ-ਅਮਰੀਕਾ ਸੰਬੰਧ ਹੋਰ ਵੀ ਤਣਾਅ ਭਰੇ ਹੋ ਸਕਦੇ ਹਨ, ਜੇਕਰ ਟਰੰਪ ਆਪਣੀ ਟੈਰਿਫ਼ ਨੀਤੀ ‘ਚ ਕੋਈ ਲਚਕ ਨਹੀਂ ਦਿਖਾਉਂਦੇ। This report was written by Ekjot Singh as part of the Local Journalism Initiative.