ਸਰੀ, (ਹਰਦਮ ਮਾਨ): ਮਹਾਨ ਚਿੱਤਰਕਾਰ ਜਰਨੈਲ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਸਰੀ ਦੇ ਸਾਹਿਤਕ, ਕਲਾਤਮਿਕ ਅਤੇ ਸਭਿਆਚਾਰ ਹਲਕਿਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬਹੁਤ ਹੀ ਨਿਮਰ ਸ਼ਖ਼ਸੀਅਤ ਦੇ ਮਾਲਕ, ਕਲਾ, ਸਾਹਿਤ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਚਿੱਤਰਕਾਰ ਜਰਨੈਲ ਸਿੰਘ ਨੇ ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ ਨੂੰ ਆਪਣੀ ਕਲਾ ਰਾਹੀਂ ਬਾਖੂਬੀ ਚਿਤਰਿਆ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਵਿਚ ਬੇਹੱਦ ਮਕਬੂਲੀਅਤ ਅਤੇ ਪਿਆਰ ਸਤਿਕਾਰ ਹਾਸਲ ਕੀਤਾ।
ਸਰੀ ਵਿਚ ਉਨ੍ਹਾਂ ਵੱਲੋਂ ਸਥਾਪਿਤ ਕੀਤੀ ‘ਜਰਨੈਲ ਆਰਟ ਗੈਲਰੀ’ ਸਿਰਫ ਚਿੱਤਰਕਾਰੀ ਤੱਕ ਹੀ ਸੀਮਤ ਨਹੀਂ ਸੀ ਸਗੋਂ ਪਿਛਲੇ ਕਾਫੀ ਸਮੇਂ ਇਕ ਅਜਿਹਾ ਪਲੇਟਫਾਰਮ ਬਣਿਆ ਹੋਇਆ ਹੈ ਜਿੱਥੇ ਸਾਹਿਤਕ, ਸਭਿਆਚਾਰਕ, ਕਲਾਤਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਹ ਗੈਲਰੀ ਇਕ ਅਜਿਹਾ ਮੰਚ ਹੈ ਕਿ ਜਿੱਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਸਰੀ ਵਿਚ ਆਏ ਮਹਿਮਾਨ ਇਸ ਗੈਲਰੀ ਵਿਚ ਆ ਕੇ ਆਪਣੀ ਯਾਤਰਾ ਨੂੰ ਸਫਲ ਸਮਝਦੇ ਹਨ। ਪੰਜਾਬੀ ਪਿਆਰਿਆਂ ਨੂੰ ਖਿੜੇ ਮੱਥੇ ਆਪਣੀ ਬੁੱਕਲ ਦਾ ਨਿੱਘ ਦੇਣ ਵਾਲੀ ਇਹ ਗੈਲਰੀ ਅੱਜ ਬਹੁਤ ਉਦਾਸ ਹੈ।
ਹਰਮਨ ਪਿਆਰੇ ਆਰਟਿਸਟ ਜਰਨੈਲ ਸਿੰਘ ਵੱਲੋਂ ਅਲਵਿਦਾ ਕਹਿ ਜਾਣ ‘ਤੇ ਵੈਨਕੂਵਰ ਵਿਚਾਰ ਮੰਚ, ਪੰਜਾਬੀ ਲੇਖਕ ਮੰਚ, ਗ਼ਜ਼ਲ ਮੰਚ ਸਰੀ ਅਤੇ ਹੋਰ ਕਈ ਸੰਸਥਾਵਾਂ ਦੇ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਹਰਦਮ ਮਾਨ, ਗ਼ਜ਼ਲ ਮੰਚ ਸਰੀ ਦੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫਿਰੋਜ਼, ਪ੍ਰੀਤ ਮਨਪ੍ਰੀਤ, ਗੁਰਮੀਤ ਸਿੱਧੂ ਤੇ ਬਲਦੇਵ ਸੀਹਰਾ, ਉੱਘੇ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਜਸਕਰਨ ਸਿੰਘ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟ ਕਰਦਿਆਂ ਉਸ ਮਹਾਨ ਕਲਾਕਾਰ ਨੂੰ ਸਿਜਦਾ ਕੀਤਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਚਿਤਰਕਾਰ ਜਰਨੈਲ ਸਿੰਘ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ: ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਧਾਰਾ,ਇਨਕਲਾਬੀ ਲਹਿਰਾਂ ਤੇ ਸਿੱਖ ਇਤਿਹਾਸ ਦੇ ਚਿਤੇਰੇ ਸ. ਜਰਨੈਲ ਸਿੰਘ ਚਿਤਰਕਾਰ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ, ਰਾਮਗੜੀਆ ਵਿੱਦਿਅਕ ਅਦਾਰਿਆਂ ਦੇ ਪ੍ਰਧਾਨ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਲੇਖਕ ਤੇ ਫੋਟੋ ਕਲਾਕਾਰ ਸ. ਰਣਜੋਧ ਸਿੰਘ, ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ ਤੇਜ ਪ੍ਰਤਾਪ ਸਿੰਘ ਸੰਧੂ, ਪੰਜਾਬ ਦੇ ਸਾਬਕਾ ਕਮਿਸ਼ਨਰ ਪੁਲੀਸ ਗੁਰਪ੍ਰੀਤ ਸਿੰਘ ਤੂਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਰਪ੍ਰਸਤ ਸ. ਦਲਜੀਤ ਸਿੰਘ ਜੱਸਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ , ਨਿਰਮਲ ਜੌੜਾ,ਜਸਮੇਰ ਸਿੰਘ ਢੱਟ, ਕਰਮਜੀਤ ਗਰੇਵਾਲ, ਚਿੱਤਰਕਾਰ ਬਬਲੀ ਸਿੰਘ, ਦੇਵਿੰਦਰ ਸਿੰਘ ਨਾਗੀ, ਹਰੀ ਮੋਹਨ ਤੇ ਕੰਵਲਜੀਤ ਸਿੰਘ ਸ਼ੰਕਰ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸ. ਜਰਨੈਲ ਸਿੰਘ ਭਾਵੇਂ ਸਰੀ(ਕੈਨੇਡਾ) ਵੱਸਦੇ ਸਨ ਪਰ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਆਏ ਹੋਏ ਸਨ। ਆਪਣੇ ਚੰਡੀਗੜ੍ਹ ਨਿਵਾਸ ਵਿੱਚ ਰਹਿੰਦਿਆਂ ਹੀ ਉਹ ਬੀਮਾਰ ਪੈ ਗਏ ਜਿਸ ਕਾਰਨ ਉਹ ਰੋਗ ਤੋਂ ਮੁਕਤ ਨਾ ਹੋ ਸਕੇ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਰਨੈਲ ਸਿੰਘ ਚਿਤਰਕਾਰ ਨੇ ਪੰਜਾਬ ਵਿੱਚ ਫੁਲਕਾਰੀ ਕਲਾ ਨੂੰ ਆਪਣੀਆਂ ਪੇਂਟਿੰਗਜ਼ ਵਿੱਚ ਚਿੱਤਰ ਕੇ ਮੁੜ ਸੁਰਜੀਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਆਪਣੇ ਬਾਪ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ. ਕਿਰਪਾਲ ਸਿੰਘ ਵਾਂਗ ਹੀ ਜਰਨੈਲ ਸਿੰਘ ਨੇ ਸਿੱਖ ਇਤਿਹਾਸ ਚਿੱਤਰ ਕੇ ਦੇਸ਼ ਬਦੇਸ਼ ਵਿੱਚ ਪਹੁੰਚਾਇਆ। ਲੁਧਿਆਣਾ ਦੀਆਂ ਕਲਾ ਸਰਗਰਮੀਆਂ ਨਾਲ ਉਹ 1983 ਤੋਂ ਲਗਾਤਾਰ ਜੁੜੇ ਹੋਏ ਸਨ।
ਇਸੇ ਦੌਰਾਨ ”ਮੇਲਾ ਗੀਤਕਾਰਾਂ ਦਾ” ਸੰਸਥਾ ਵੱਲੋਂ ਵੀ ਜਰਨੈਲ ਸਿੰਘ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਇੱਕ ਮੀਟਿੰਗ ਦੌਰਾਨ ਸ਼ਰਧਾਂਜਲੀ ਫੁੱਲ ਭੇਂਟઠਕੀਤੇઠਗਏઠਹਨ।