Tuesday, June 24, 2025
13.9 C
Vancouver

ਪੰਜਾਬੀਆਂ ਦਾ ਪਿਜ਼ਾ

 

ਲਿਖਤ : ਅਵਤਾਰ ਐੱਸ. ਸੰਘਾ, ਸੰਪਰਕ: +61 437 641 033
ਸਵੇਰੇ ਉੱਠ ਕੇ ਚਾਹ ਪੀਣ ਲੱਗੇ ਤਾਂ ਮੇਰੀ ਘਰਵਾਲੀ ਦੋ ਮੱਕੀ ਦੀਆਂ ਰਾਤ ਦੀਆਂ ਪੱਕੀਆਂ ਹੋਈਆਂ ਰੋਟੀਆਂ ਤਵੇ ‘ਤੇ ਥੋੜ੍ਹਾ ਘਿਓ ਲਗਾ ਕੇ ਤੇ ਉਨ੍ਹਾਂ ਉੱਪਰ ਲੂਣ, ਮਿਰਚ ਤੇ ਗਰਮ ਮਸਾਲਾ ਭੁੱਕ ਕੇ ਲਿਆਈ ਤੇ ਕਹਿਣ ਲੱਗੀ, ”ਜ਼ਰਾ ਆਹ ਬੇਹੀ ਰੋਟੀ ਚਾਹ ਨਾਲ ਖਾ ਕੇ ਦੇਖੋ। ਪੀਜ਼ੇ ਤੋਂ ਵੀ ਜ਼ਿਆਦਾ ਸਵਾਦ ਲੱਗਦੀ ਏ।” ਮੈਥੋਂ ਬੋਲ ਹੋ ਗਿਆ, ”ਮੇਰੇ ਲਈ ਤਾਂ ਇੰਝ ਮੱਕੀ ਦੀ ਰੋਟੀ ਖਾਣੀ ਕੋਈ ਨਵਾਂ ਤਜਰਬਾ ਨਹੀਂ। ਸਾਡੀ ਮਾਂ ਤਾਂ ਪਿੰਡ ਵਿੱਚ ਸਾਨੂੰ ਅਕਸਰ ਇਸ ਪ੍ਰਕਾਰ ਦੀਆਂ ਰੋਟੀਆਂ ਸਵੇਰੇ ਚਾਹ ਨਾਲ ਖਾਣ ਨੂੰ ਦਿਆ ਹੀ ਕਰਦੀ ਸੀ। ਰੋਟੀ ਨੂੰ ਗਾਚੀ ਵੱਢਣੀ ਤੇ ਨਾਲ ਦੋ ਘੁੱਟ ਚਾਹ ਪੀ ਲੈਣੇ, ਇੱਕ ਵਾਰ ਮਜ਼ਾ ਆ ਜਾਂਦਾ ਸੀ। ਪਿਜ਼ਾ ਆਪਣੇ ਥਾਂ, ਬੇਹੀ ਮੱਕੀ ਦੀ ਰੋਟੀ ਆਪਣੇ ਥਾਂ।”
”ਅਗਰ ਬੇਹੀ ਮੱਕੀ ਦੀ ਰੋਟੀ ਨੂੰ ਥੋੜ੍ਹਾ ਜਿਹਾ ਗਰਮ ਕਰ ਲਈਏ ਤੇ ਉਸ ਉੱਪਰ ਤੜਕੇ ਹੋਏ ਸਾਗ ਦੀ ਲੇਪ ਕਰ ਲਈਏ ਤਾਂ ਇਸ ਦਾ ਆਪਣਾ ਹੀ ਸਵਾਦ ਹੁੰਦਾ ਏ। ਖਾਈਦੀ ਪਿਜ਼ੇ ਵਾਂਗ ਹੀ ਏ, ਪ੍ਰੰਤੂ ਸਵਾਦ ਪਿਜ਼ੇ ਤੋਂ ਵੀ ਵਧੀਆ ਆਉਂਦਾ ਏ।”
”ਜੇ ਕਿਤੇ ਨਾਲ ਲੱਸੀ ਦਾ ਕੰਗਣੀ ਵਾਲਾ ਗਲਾਸ ਹੋਵੇ?”
”ਫਿਰ ਤਾਂ ਮਜ਼ੇ ਦੀ ਸਿਖਰ ਸਮਝੋ।”
”ਜੇ ਉਸ ਤੋਂ ਬਾਅਦ ਬਾਹਰ ਹਲਕੀ ਹਲਕੀ ਧੁੱਪੇ ਮੰਜਾ ਡਿੱਠਾ ਹੋਵੇ?”
”ਫਿਰ ਤਾਂ ਬੰਦਾ ਦੋ-ਚਾਰ ਘੰਟੇ ਸੁਪਨਿਆਂ ਰਾਹੀਂ ਜੰਨਤ ਦੀ ਸੈਰ ਕਰ ਆਉਂਦਾ ਏ।”
”ਕੀ ਇੱਥੇ ਸਿਡਨੀ ਵਿੱਚ ਪੰਜਾਬ ਵਾਲੀ ਚਾਟੀ ਦੀ ਲੱਸੀ ਉਪਲੱਬਧ ਹੋ ਸਕਦੀ ਏ? ਕੀ ਲੱਸੀ ਦਾ ਮਜ਼ਾ ਆਪਣੀ ਹੀ ਕਿਸਮ ਦਾ ਨਹੀਂ ਸੀ ਹੁੰਦਾ? ਉਹ ਲੱਸੀ ਪੂਰੀ ਤਰ੍ਹਾਂ ਫੈਟ ਫਰੀ ਵੀ ਹੁੰਦੀ ਸੀ। ਉਸ ਲੱਸੀ ਦਾ ਰੰਗ ਵੀ ਆਪਣੀ ਹੀ ਕਿਸਮ ਦਾ ਹੁੰਦਾ ਸੀ। ਉਸ ਦੀ ਖਟਾਸ ਦਾ ਸਵਾਦ ਵੀ ਆਪਣੀ ਹੀ ਕਿਸਮ ਦਾ ਹੁੰਦਾ ਏ। ਉਸ ਲੱਸੀ ਵਿੱਚ ਮੱਖਣ ਦੇ ਨਿੱਕੇ ਨਿੱਕੇ ਕਣ ਵੀ ਹੁੰਦੇ ਹਨ। ਪੰਜਾਬ ਦੇ ਸ਼ਹਿਰਾਂ ਦੀਆਂ ਦੁਕਾਨਾਂ ਦੀ ਲੱਸੀ ਉਸ ਲੱਸੀ ਜਿਹੀ ਨਹੀਂ ਹੁੰਦੀ। ਸ਼ਹਿਰੀ ਲੱਸੀ ਵਿੱਚ ਕਾਫ਼ੀ ਫੈਟ ਹੁੰਦੇ ਹਨ। ਉਸ ਵਿੱਚ ਖੰਡ ਪਾ ਕੇ ਉਸ ਦੇ ਫੈਟ ਹੋਰ ਵੀ ਵਧਾ ਦਿੱਤੇ ਜਾਂਦੇ ਹਨ। ਅਸਲੀ ਲੱਸੀ ਤਾਂ ਹੀ ਬਣਦੀ ਏ ਜਦੋਂ ਦਹੀਂ ਨੂੰ ਰਿੜਕ ਕੇ ਉਸ ਵਿੱਚੋਂ ਮੱਖਣ ਦੇ ਰੂਪ ਵਿੱਚ ਫੈਟ ਬਾਹਰ ਕੱਢ ਦਿੱਤੇ ਜਾਣ। ਸ਼ਹਿਰੀ ਦੁਕਾਨਾਂ ‘ਤੇ ਦਹੀਂ ਨੂੰ ਪਿੱਤਲ ਦੇ ਗੜਵੇ ਵਿੱਚ ਰਿੜਕ ਕੇ ਫੈਟ ਵਿੱਚ ਹੀ ਮਿਲਾ ਦਿੱਤੇ ਜਾਂਦੇ ਹਨ। ਇਸ ਲਈ ਇਹ ਲੱਸੀ ਓਨੀ ਵਧੀਆ ਨਹੀਂ ਹੁੰਦੀ ਜਿੰਨੀ ਕਿ ਪਿੰਡਾਂ ਵਿੱਚ ਕਾੜ੍ਹਨੀ ਵਿੱਚ ਕੜ੍ਹੇ ਦੁੱਧ ਨੂੰ ਜਮਾ ਕੇ ਬਣਾਏ ਦਹੀਂ ਨੂੰ ਚਾਟੀ ਵਿੱਚ ਰਿੜਕ ਕੇ ਬਣਦੀ ਹੁੰਦੀ ਏ। ਹੈ ਗੱਲ ਠੀਕ ਕਿ ਨਹੀਂ?”
”ਕੀ ਤੁਹਾਨੂੰ ਪਤਾ ਏ ਕਿ ਪੁਰਾਣੀਆਂ ਬੁੜ੍ਹੀਆਂ ਇਸ ਲੱਸੀ ਨੂੰ ਇੱਕ ਖੱਦਰ ਦੇ ਕੱਪੜੇ ਵਿੱਚ ਬੰਨ੍ਹ ਕੇ ਟੰਗ ਦਿੰਦੀਆਂ ਸਨ। ਇਸ ਵਿੱਚੋਂ ਪਾਣੀ ਪੁਣ ਕੇ ਬਾਹਰ ਨਿਕਲ ਜਾਂਦਾ ਸੀ। ਫਿਰ ਕੱਪੜੇ ਵਿੱਚ ਜੋ ਗਾੜ੍ਹੀ ਸਮੱਗਰੀ ਬਚਦੀ ਹੁੰਦੀ ਸੀ ਉਸ ਵਿੱਚ ਤਾਜ਼ਾ ਪਾਣੀ ਪਾ ਕੇ ਉਸ ਦਾ ਗਾੜ੍ਹਾ ਖੱਟਾ ਬਣਾ ਲਿਆ ਜਾਂਦਾ ਸੀ। ਇਸ ਖੱਟੇ ਵਿੱਚ ਲੋੜੀਂਦਾ ਲੂਣ ਮਿਰਚ ਪਾ ਕੇ ਇੱਕ ਡਿਸ਼ ਤਿਆਰ ਹੋਇਆ ਕਰਦੀ ਸੀ। ਉਹ ਕਮਾਲ ਦੀ ਹੁੰਦੀ ਸੀ।”
”ਤੁਸੀਂ ਇੱਕ ਗੱਲ ਤਾਂ ਭੁੱਲ ਹੀ ਗਏ?” ਮੇਰੀ ਘਰਵਾਲੀ ਬੋਲੀ।
”ਉਹ ਕੀ?”
”ਪੁਰਾਣੀਆਂ ਬੁੜ੍ਹੀਆਂ ਇਸ ਖੱਟੇ ਨੂੰ ਸਰ੍ਹੋਂ ਦੇ ਤੇਲ ਦੇ ਦੀਵੇ ਦਾ ਤਘਾਰ ਵੀ ਲਗਾਇਆ ਕਰਦੀਆਂ ਸਨ।”
”ਉਹ ਕੀ ਹੁੰਦਾ ਏ? ਤੂੰ ਸ਼ਹਿਰਨ ਹੋ ਕੇ ਇਹ ਕੁਝ ਕਿਵੇਂ ਜਾਣਦੀ ਏਂ?”
”ਮੈਂ ਸ਼ਹਿਰੀ ਵੀ ਹਾਂ ਤੇ ਪੇਂਡੂ ਵੀ। ਅਸੀਂ ਪਿੰਜੌਰ ਰਹੇ ਹਾਂ ਕਿਉਂਕਿ ਪਾਪਾ ਜੀ ਦੀ ਨੌਕਰੀ ਉੱਥੇ ਸੀ। ਛੁੱਟੀਆਂ ਵਿੱਚ ਅਸੀਂ ਲੁਧਿਆਣੇ ਨੇੜੇ ਆਪਣੇ ਪਿੰਡ ਵੀ ਆਉਂਦੀਆਂ ਹੁੰਦੀਆਂ ਸਾਂ। ਸਾਡੀ ਨਾਨੀ ਖੱਟੇ ਨੂੰ ਇਹ ਤਘਾਰ ਅਕਸਰ ਲਾਇਆ ਕਰਦੀ ਸੀ। ਨਾਨਾ ਜੀ ਘਰ ਵਿੱਚ ਹਮੇਸ਼ਾਂ ਮੱਝ ਰੱਖਦੇ ਸਨ। ਘਰ ਵਿੱਚ ਦੁੱਧ ਦੀ ਹਮੇਸ਼ਾਂ ਲਹਿਰ ਬਹਿਰ ਲੱਗੀ ਰਹਿੰਦੀ ਸੀ। ਸਾਨੂੰ ਸਾਰੇ ਜਵਾਕਾਂ ਨੂੰ ਨਾਨਾ ਜੀ ਇੱਕ ਗੋਲ ਚੱਕਰ ਵਿੱਚ ਬਿਠਾ ਲਿਆ ਕਰਦੇ ਸਨ। ਹਰੇਕ ਨੂੰ ਇੱਕ ਇੱਕ ਫੌਜੀਆਂ ਵਾਲਾ ਕੱਪ ਦਿੱਤਾ ਜਾਂਦਾ ਸੀ ਕਿਉਂਕਿ ਨਾਨਾ ਜੀ ਆਪ ਸੇਵਾ ਮੁਕਤ ਸੂਬੇਦਾਰ ਮੇਜਰ ਸਨ। ਇਸ ਕੱਪ ਵਿੱਚ ਦੁੱਧ ਪਾਇਆ ਜਾਂਦਾ ਸੀ, ਜਿਹੜਾ ਹਰੇਕ ਜਵਾਕ ਨੂੰ ਪੀਣਾ ਹੀ ਪੈਂਦਾ ਸੀ। ਨਾਲ ਨਾਲ ਨਾਨਾ ਜੀ ਇੱਕ ਹੋਰ ਕੰਮ ਵੀ ਕਰਵਾਇਆ ਕਰਦੇ ਸਨ। ਸਵੇਰੇ ਬੱਚਿਆਂ ਨੂੰ ਗੋਲ ਚੱਕਰ ਵਿੱਚ ਬਿਠਾ ਕੇ ਜਪੁਜੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਸੀ। ਇੱਕ ਬੱਚਾ ਪਾਠ ਬੋਲਦਾ ਸੀ। ਉਸ ਨੂੰ ਅਚਾਨਕ ਚੁੱਪ ਕਰਾ ਕੇ ਉਸ ਤੋਂ ਅੱਗੇ ਦੂਜੇ ਬੱਚੇ ਨੂੰ ਪਾਠ ਕਰਨ ਲਈ ਕਿਹਾ ਜਾਂਦਾ ਸੀ। ਵਾਰੀ ਅਚਾਨਕ ਇਸ ਲਈ ਬਦਲੀ ਜਾਂਦੀ ਸੀ ਤਾਂ ਕਿ ਸਭ ਬੱਚੇ ਚੁਕੰਨੇ ਰਹਿਣ।”
”ਕਮਾਲ ਦਾ ਬੰਦਾ ਸੀ ਬਈ ਤੇਰਾ ਨਾਨਾ।”
”ਨਾਨੀ ਲੱਸੀ ਦਾ ਖੱਟਾ ਬਣਾ ਕੇ ਸਾਨੂੰ ਸਭ ਨੂੰ ਸਬਜ਼ੀ ਨਾਲ ਖਾਣ ਲਈ ਦਿਆ ਕਰਦੀ ਸੀ।”
”ਅੱਛਾ ਤਾਂ ਤੈਨੂੰ ਪਤਾ ਏ ਇਸ ਪ੍ਰਕਾਰ ਦੀ ਡਿਸ਼ ਦਾ। ਕੀ ਅੱਜਕੱਲ੍ਹ ਵੀ ਪੰਜਾਬ ਵਿੱਚ ਇੰਜ ਕੀਤਾ ਜਾਂਦਾ ਹੋਊ?”
”ਸਮੇਂ ਦੇ ਨਾਲ ਵਧੀਆ ਕਿਸਮ ਦੇ ਦੁੱਧ ਵੀ ਗਾਇਬ ਹੋਈ ਜਾ ਰਹੇ ਹਨ ਤੇ ਨਵੀਆਂ ਇਸਤਰੀਆਂ ਖੇਚਲ ਵੀ ਨਹੀਂ ਕਰਦੀਆਂ। ਇਸ ਲਈ ਉਹ ਸੁਆਦ ਡਿਸ਼ ਪੰਜਾਬੀ ਭੋਜਨ ਵਿੱਚੋਂ ਗਾਇਬ ਹੀ ਹੋ ਗਈ ਲੱਗਦੀ ਏ। ਚਲੋ ਛੱਡੋ ਇਸ ਗੱਲ ਨੂੰ ਆਪਾਂ ਤਾਂ ਮੱਕੀ ਦੀ ਰੋਟੀ ਦੀ ਗੱਲ ਕਰ ਰਹੇ ਸਾਂ। ਐਵੇਂ ਹੋਰ ਪਾਸੇ ਨੂੰ ਤੁਰ ਪਏ।”
”ਤੈਨੂੰ ਪਤਾ ਹੋਣਾ ਚਾਹੀਦਾ ਏ ਕਿ ਮੱਕੀ ਦੀ ਰੋਟੀ ਤੇ ਲੱਸੀ ਤੋਂ ਬਣੇ ਇਸ ਖੱਟੇ ਦਾ ਵੀ ਗੂੜ੍ਹਾ ਸਬੰਧ ਹੋਇਆ ਕਰਦਾ ਸੀ। ਮੱਕੀ ਦੀ ਰੋਟੀ ਖੱਟੇ ਵਿੱਚ ਚੂਰ ਕੇ ਖਾਓ ਤਾਂ ਉਸ ਦਾ ਸਵਾਦ ਹੀ ਅਲੱਗ ਏ। ਅਗਰ ਇਹ ਖੱਟਾ ਜ਼ਿਆਦਾ ਗਾੜ੍ਹਾ ਹੋਵੇ ਤਾਂ ਇਸ ਨੂੰ ਮੱਕੀ ਦੀ ਰੋਟੀ ਉੱਪਰ ਲਗਾ ਕੇ ਇਸ ਦੀ ਲੇਪ ਰੋਟੀ ‘ਤੇ ਲਗਾ ਲਓ।
ਫਿਰ ਇਸ ਨੂੰ ਪਿਜ਼ੇ ਵਾਂਗ ਗਾਚੀ ਵੱਢ ਕੇ ਖਾਓ। ਪਿਜ਼ਾ ਭੁੱਲ ਹੀ ਜਾਓਗੇ। ਹਾਂ, ਮੱਕੀ ਦੀ ਰੋਟੀ ਇੱਕ ਹੋਰ ਤਰ੍ਹਾਂ ਵੀ ਸੁਆਦ ਬਣਦੀ ਹੁੰਦੀ ਸੀ। ਇਸ ਨੂੰ ਭੋਰ ਕੇ ਥੋੜ੍ਹੇ ਜਿਹੇ ਦੇਸੀ ਘਿਓ ਵਿੱਚ ਚੂਰ ਲਿਆ ਜਾਂਦਾ ਸੀ। ਇਸ ਵਿੱਚ ਲੋੜ ਅਨੁਸਾਰ ਨਮਕ ਤੇ ਮਿਰਚ ਪਾ ਲਏ ਜਾਂਦੇ ਸਨ। ਇਸ ਦਾ ਗੋਲ ਮਟੋਲ ਘੁੱਦੂ ਬਣਾ ਲਿਆ ਜਾਂਦਾ ਸੀ। ਇਹ ਘੁੱਦੂ ਅਖ਼ਬਾਰ ਵਿੱਚ ਲਪੇਟ ਕੇ ਇੱਕ ਟਿਫਨ ਵਿੱਚ ਪਾ ਕੇ ਸਕੂਲ ਨੂੰ ਲੈ ਕੇ ਜਾਂਦੇ ਹੁੰਦੇ ਸਾਂ। ਇਸ ਨੂੰ ਅੱਧੀ ਛੁੱਟੀ ਵੇਲੇ ਖਾਇਆ ਕਰਦੇ ਸਾਂ। ਬਣਾਉਣ ਵੇਲੇ ਦੇਸੀ ਘਿਓ ਵਿੱਚ ਗਹਿਗੱਚ ਹੋਣ ਕਰਕੇ ਅੱਧੀ ਛੁੱਟੀ ਤੱਕ ਇਹ ਕੁੱਝ ਕੁ ਠੋਸ ਹੋ ਗਿਆ ਹੁੰਦਾ ਸੀ। ਇਹ ਸੱਚਮੁੱਚ ਹੀ ਠੋਸ ਖੁਰਾਕ ਹੋਇਆ ਕਰਦੀ ਸੀ।”
”ਇਸ ਦਾ ਮਤਲਬ ਇਹ ਸੀ ਕਿ ਤੁਹਾਨੂੰ ਇਹੋ ਜਿਹੀ ਖੁਰਾਕ ਵੀ ਖਵਾਇਆ ਕਰਦੇ ਸਨ।”
”ਤੂੰ ਬਿਲਕੁਲ ਸਹੀ ਕਿਹਾ। ਤੇਰੀ ਨਾਨੀ ਤੇ ਮੇਰੀ ਬੀਜੀ ਦਾ ਮੁਕਾਬਲਾ ਅੱਜਕੱਲ੍ਹ ਦੀਆਂ ਕੁੜੀਆਂ ਚਿੜੀਆਂ ਨੇ ਕਿੱਥੋਂ ਕਰਨਾ?”
”ਸ਼ਾਇਦ ਤੁਸੀਂ ਸਹੀ ਕਹਿੰਦੇ ਹੋ। ਛੱਡੋ ਹੁਣ ਵਿਸ਼ਾ ਲੰਬਾ ਕਾਹਨੂੰ ਕਰਨਾ ਏ?”
”ਠੀਕ ਐ।”