ਲਿਖਤ : ਗੁਰਦੀਪ ਢੁੱਡੀ
ਸੰਪਰਕ: 95010-20731
ਆਪਣੇ ਅਧਿਆਪਨ ਕਾਰਜ ਦੇ ਕਰੀਬ 19 ਸਾਲ ਪੂਰੇ ਕਰਨ ਅਤੇ 8 ਸਕੂਲਾਂ ਵਿੱਚ ਥੋੜ੍ਹਾ ਬਹੁਤਾ ਸਮਾਂ ਲਾਉਣ ਤੱਕ ਮੈਂ ਆਪਣੇ ਸਕੂਲਾਂ ਦੇ ਮੁਖੀਆਂ ਤੋਂ ਅਜਿਹਾ ਪ੍ਰਭਾਵ ਨਹੀਂ ਕਬੂਲ ਸਕਿਆ ਜਿਹੜਾ ਆਪਣੇ ਲੈਕਚਰਾਰ ਬਣਨ ਮਗਰੋਂ ਗੋਲੇਵਾਲਾ ਸਕੂਲ ਦੇ ਮੁਖੀ ਤੋਂ ਕਬੂਲਿਆ। ਸਿੱਧੀ ਭਰਤੀ ਰਾਹੀਂ ਮੈਂ ਸਕੂਲ ਲੈਕਚਰਾਰ ਬਣਿਆ ਸਾਂ। ਪਹਿਲੇ ਦਿਨ ਮੇਰੀ ਹਾਜ਼ਰੀ ਲੁਆਉਣ ਸਮੇਂ ਮਿਹਰ ਸਿੰਘ ਸੰਧੂ ਨੇ ਜਿਸ ਤਰ੍ਹਾਂ ਬੜੇ ਸਹਿਜ ਭਾਅ ਮੈਨੂੰ ਜੀ ਆਇਆਂ ਆਖਦਿਆਂ ਹਾਜ਼ਰ ਕਰਵਾਇਆ, ਮੇਰੇ ਵਾਸਤੇ ਅਸਾਧਾਰਨ ਅਨੁਭਵ ਸੀ। ਆਮ ਤੌਰ ‘ਤੇ ਸਕੂਲ ਮੁਖੀਆਂ ਦੀ ਧੌਣ ਵਿੱਚ ਕਿੱਲਾ ਗੱਡਿਆ ਰਹਿੰਦਾ।
ਦੂਜੇ ਦਿਨ ਦੀ ਅਮਲੀ ਮਿਲਣੀ ਅਤੇ ਫਿਰ ਸਕੂਲ ਦੀ ਸਵੇਰ ਦੀ ਸਭਾ ਦੇਖਦਿਆਂ ਮੈਂ ਸੁਖਦ ਪਲਾਂ ਨੂੰ ਮਹਿਸੂਸ ਕੀਤਾ। ਹੌਲੀ-ਹੌਲੀ ਵਧੇਰੇ ਜਾਣਦਿਆਂ ਮਿਹਰ ਸਿੰਘ ਦੀ ਸ਼ਖ਼ਸੀਅਤ ਵਿੱਚ ਮੈਨੂੰ ਵਿਰੋਧਾਭਾਸ ਵਰਗੀ ਸ਼ੈਅ ਵੀ ਜਾਪੀ। ਬੜੇ ਸਲੀਕੇ ਨਾਲ ਉਹ ਕੱਪੜੇ ਪਹਿਨਦਾ, ਇਕ ਤੋਂ ਵੱਧ ਵਾਰ ਆਪਣੀ ਐਨਕ ਉਤਾਰ ਕੇ, ਮੂੰਹ ‘ਤੇ ਪਾਣੀ ਦੇ ਛਿੱਟੇ ਮਾਰ ਕੇ, ਆਪਣੇ ਰੁਮਾਲ ਨਾਲ ਮੂੰਹ ਪੂੰਝਦਾ ਅਤੇ ਦਾੜ੍ਹੀ ਨੂੰ ਸੰਵਾਰਨ ਵਾਲਿਆਂ ਵਾਂਗ ਕਰਦਾ, ਤੁਰਨ ਲੱਗਿਆਂ ਉੱਦਮੀ ਪਰ ਬੋਚ-ਬੋਚ ਕੇ ਰੱਖੇ ਕਦਮਾਂ ਨਾਲ, ਉਹ ਕਿਸੇ ਛੋਹਦੇ ਅਮੀਰਜ਼ਾਦੇ ਵਰਗਾ ਜਾਪਦਾ ਸੀ। ਅੱਖਾਂ ‘ਤੇ ਲਾਈ ਮੋਟੇ ਸ਼ੀਸ਼ੇ ਦੀ ਐਨਕ, ਚਿਹਰੇ ‘ਤੇ ਅੰਤਾਂ ਦੀ ਗੰਭੀਰਤਾ ਅਤੇ ‘ਪਹਿਲਾਂ ਤੋਲੋ ਫਿਰ ਬੋਲੋ’ ਵਾਂਗ ਮੂੰਹ ਵਿੱਚੋਂ ਬੋਚ-ਬੋਚ ਕੇ ਕੱਢੇ ਬੋਲਾਂ ਸਦਕਾ ਉਹ ਅੰਤਾਂ ਦਾ ਵਿੱਚਾਰਵਾਨ ਆਦਮੀ ਜਾਪਦਾ ਸੀ। ਅਧਿਆਪਕਾਂ ਅਤੇ ਬੱਚਿਆਂ ਨਾਲ ਉਹ ਸਕੂਲ ਮੁਖੀਆਂ ਵਰਗੀ ਘੱਟ, ਦੋਸਤਾਨਾ ਜਾਪਦੀ ਬੋਲ-ਚਾਲ ਰੱਖਦਾ ਸੀ। ਛੇਤੀ ਹੀ ਮੇਰੇ ਨਾਲ ਵਿੱਚਾਰਧਾਰਕ ਗੱਲਾਂ ਕਰਦਿਆਂ ਉਸ ਨੇ ਦਰਸਾ ਦਿੱਤਾ ਕਿ ਉਹ ਵਿਸ਼ੇਸ਼ ਤਰ੍ਹਾਂ ਦੀ ਵਿੱਚਾਰਧਾਰਾ ਨੂੰ ਪ੍ਰਨਾਇਆ ਹੋਇਆ ਹੈ। 11ਵੀਂ ਅਤੇ 12ਵੀਂ ਜਮਾਤ ਦਾ ਆਪਣਾ ਗਣਿਤ ਵਿਸ਼ੇ ਦਾ ਪੀਰੀਅਡ ਉਹ ਗੰਭੀਰਤਾ ਨਾਲ ਲਾਉਂਦਾ ਅਤੇ ਦਫ਼ਤਰੀ ਕੰਮਾਂ ਬਾਰੇ ਸੁਚੇਤ ਰਹਿੰਦਾ। ਨਿੱਕੇ ਮੋਟੇ ਕੰਮ ਲਈ ਜੇ ਉਹ ਸਰਕਾਰੀ ਡਿਊਟੀ ‘ਤੇ ਜਾਂਦਾ ਤਾਂ ਜਾਣ ਤੋਂ ਪਹਿਲਾਂ ਜਾਂ ਆ ਕੇ ਸਕੂਲ ਦਾ ਕੰਮ ਜ਼ਰੂਰ ਕਰਦਾ। ਇਨ੍ਹਾਂ ਗੱਲਾਂ ਨੇ ਮੇਰੇ ‘ਤੇ ਵਾਹਵਾ ਪ੍ਰਭਾਵ ਪਾਇਆ ਅਤੇ ਮੈਨੂੰ ਲੱਗਿਆ, ਇੱਥੇ ਮੇਰੇ ਭਾਵਾਂ ਨੂੰ ਸਾਹ ਮਿਲਣਗੇ।
ਸਾਲ ਤੋਂ ਕੁਝ ਸਮਾਂ ਵੱਧ ਅਸੀਂ ਇਕੱਠਿਆਂ ਕੰਮ ਕੀਤਾ ਅਤੇ ਫਿਰ ਮੇਰੀ ਘਰੇਲੂ ਮਜਬੂਰੀ ਕਰ ਕੇ ਮੈਨੂੰ ਕੋਟਕਪੂਰੇ ਦੀ ਬਦਲੀ ਕਰਵਾਉਣੀ ਪਈ। ਮੇਰੀ ਬਦਲੀ ਅਤੇ ਉਸ ਤੋਂ ਬਾਅਦ ਫਾਰਗੀ ਸਮੇਂ ਉਸ ਨੇ ਕੀ ਮਹਿਸੂਸ ਕੀਤਾ, ਇਸ ਬਾਰੇ ਮੇਰਾ ਇੱਥੇ ਕੁਝ ਕਹਿਣਾ ਬਹੁਤਾ ਵਾਜਿਬ ਨਹੀਂ ਪਰ ਮੈਨੂੰ ਲੱਗਿਆ, ਮੈਂ ਪਿੱਛੇ ਆਪਣਾ ਕੁਝ ਛੱਡ ਆਇਆ ਹਾਂ। ਉਸ ਨਾਲ ਭਾਵੇਂ ਮੈਂ ਬਹੁਤਾ ਸਮਾਂ ਤਾਂ ਕੰਮ ਨਹੀਂ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਵੀ ਸਾਡੀ ਕੋਈ ਆਪਸੀ ਜਾਣ-ਪਛਾਣ ਨਹੀਂ ਸੀ ਪਰ ਬਾਅਦ ਵਿੱਚ ਅਪਣੱਤ ਵਰਗੇ ਅਹਿਸਾਸ ਗੂੜ੍ਹੇ ਹੁੰਦੇ ਗਏ।
ਸਮਾਂ ਆਪਣੀ ਤੋਰ ਤੁਰਦਾ ਰਿਹਾ ਅਤੇ ਕਦੇ ਕਦਾਈਂ ਥੋੜ੍ਹੀ ਬਹੁਤੀ ਖ਼ਟਾਸ ਨੂੰ ਛੱਡ ਕੇ 29 ਸਾਲ ਦਾ ਸਫ਼ਰ ਚੰਗਿਆਂ ਵਰਗਾ ਹੀ ਬਤੀਤ ਹੋਇਆ ਹੈ। ਉਸ ਨੇ ਆਪਣੇ ਉਸੇ ਸਕੂਲ ਵਿੱਚ ਲੰਮਾ ਸਮਾਂ ਯਾਦਗਾਰੀ ਕੰਮ ਕੀਤਾ। ਇਮਾਰਤ ਦੀ ਉਸਾਰੀ ਕਰਵਾਉਣ ਤੋਂ ਇਲਾਵਾ ਵਿਦਿਅਕ ਮਿਆਰ ਨੂੰ ਜ਼ਿਲ੍ਹੇ ਭਰ ਵਿੱਚੋਂ ਚੰਗੇਰਾ ਕਰਨ ਦੀ ਕੋਸ਼ਿਸ਼ ਕੀਤੀ। ਆਪ ਉਹ ਕਲਾਤਮਿਕ ਰੁਚੀਆਂ ਦਾ ਹੋਣ ਕਰ ਕੇ ਆਪਣੇ ਵਿਦਿਆਰਥੀਆਂ ਵਿੱਚ ਇਨ੍ਹਾਂ ਰੁਚੀਆਂ ਦਾ ਵੀ ਸੰਚਾਰ ਕੀਤਾ। ਦੋਨੇ ਕੌਮੀ ਦਿਹਾੜਿਆਂ (ਆਜ਼ਾਦੀ ਤੇ ਗਣਤੰਤਰ ਦਿਵਸ) ‘ਤੇ ਵਿਦਿਆਰਥੀਆਂ ਦੀ 15 ਕਿਲੋਮੀਟਰ ਦੂਰ ਫ਼ਰੀਦਕੋਟ ਵਿਖੇ ਹਾਜ਼ਰੀ ਅਤੇ ਮੁਕਾਬਲਿਆਂ ਵਿੱਚ ਜੇਤੂ ਹੋਣਾ, ਉਸ ਦੀ ਕੀਤੀ ਹੋਈ ਮਿਹਨਤ ਦਰਸਾਉਂਦੇ ਸਨ। ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਸਾਇੰਸ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀਆਂ ਪੰਜਾਬ ਪੱਧਰ ਦੀਆਂ ਪ੍ਰਾਪਤੀਆਂ ਪਿੱਛੇ ਉਸ ਦਾ ਦਿਮਾਗੀ ਪੱਧਰ ਕਾਰਜਸ਼ੀਲ ਹੁੰਦਾ ਸੀ। ਆਪਣੀ ਅਗਾਂਹਵਧੂ ਵਿੱਚਾਰਧਾਰਾ ਦਾ ਉਹ ਵਿਦਿਆਰਥੀਆਂ ਵਿੱਚ ਹੌਲੀ-ਹੌਲੀ ਸੰਚਾਰ ਕਰਦਾ ਰਹਿੰਦਾ। ਲੜਕੀਆਂ ਅਤੇ ਦੱਬੇ ਕੁਚਲੇ ਮਾਪਿਆਂ ਦੇ ਬੱਚਿਆਂ ਬਾਰੇ ਉਸ ਦੀ ਇੱਛਾ ਹੁੰਦੀ ਕਿ ਇਹ ਹਰ ਹਾਲਤ ਸਿੱਖਿਅਤ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਸਿਰ ਉੱਚਾ ਚੁੱਕ ਕੇ ਜਿਊਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਹ ਸਾਰਾ ਕੁਝ ਉਸ ਨੂੰ ਆਮ ਦੀ ਥਾਂ ਵਿਸ਼ੇਸ਼ ਅਧਿਆਪਕ ਦਾ ਰੁਤਬਾ ਦਿਵਾਉਂਦੇ ਸਨ।
ਅਜਿਹਾ ਕੁਝ ਦੇਖਦਿਆਂ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਨੇ ਉਸ ‘ਤੇ ਦਬਾਅ ਬਣਾਇਆ ਕਿ ਉਹ ਅਧਿਆਪਕਾਂ ਦੇ ਸਟੇਟ ਐਵਾਰਡ ਵਾਸਤੇ ਅਰਜ਼ੀ ਦੇਵੇ। ਪਹਿਲਾਂ ਤਾਂ ਉਹ ਨਾ ਮੰਨਿਆ, ਫਿਰ ਕੁਝ ਦੋਸਤਾਂ ਦੀ ਸਲਾਹ ਸਦਕਾ ਉਸ ਨੇ ਇਹ ਕੌੜਾ ਅੱਕ ਵੀ ਚੱਬ ਲਿਆ। ਪਹਿਲੀ ਵਾਰੀ ਵਿੱਚ ਹੀ ਸਟੇਟ ਐਵਾਰਡ ਵਾਸਤੇ ਉਸ ਦੀ ਚੋਣ ਹੋ ਗਈ। ਇਹ ਸਟੇਟ ਐਵਾਰਡ ਲੁਧਿਆਣਾ ਵਿੱਚ ਸਮਾਗਮ ਵਿੱਚ 5 ਸਤੰਬਰ ਨੂੰ ਦਿੱਤਾ ਜਾਣਾ ਸੀ। ਇਸ ਪ੍ਰੋਗਰਾਮ ਵਿੱਚ ਸੂਬੇ ਦੇ ਤਤਕਾਲੀ ਸਿੱਖਿਆ ਮੰਤਰੀ ਹਰਨਾਮ ਦਾਸ ਜੌਹਰ ਨੇ ਜੇਤੂ ਅਧਿਆਪਕਾਂ ਨੂੰ ਇਨਾਮਾਂ ਦੀ ਤਕਸੀਮ ਕਰਨੀ ਸੀ। ਰਸਮ ਅਨੁਸਾਰ ਇਕ ਸਿੱਖਿਆ ਅਧਿਕਾਰੀ ਦੁਆਰਾ ਇਨਾਮ ਹਾਸਲ ਕਰਨ ਵਾਲੇ ਅਧਿਆਪਕਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦੇ ਕੇ ਉਸ ਨੂੰ ਆਪਣਾ ਇਨਾਮ ਹਾਸਲ ਕਰਨ ਲਈ ਸੱਦਿਆ ਜਾਂਦਾ ਸੀ। ਇਨਾਮ ਹਾਸਲ ਕਰਨ ਵਾਲੇ ਅਧਿਆਪਕ ਚਾਈਂ-ਚਾਈਂ ਅਤੇ ਭੱਜ ਕੇ ਜਾਣ ਵਾਲਿਆਂ ਵਾਂਗ ਕਰਦੇ। ਆਪਣੇ ਗਲ਼ ਵਿੱਚ ਮੈਡਲ ਅਤੇ ਹੱਥਾਂ ਵਿੱਚ ਫੜੇ ਸਰਟੀਫ਼ਿਕੇਟ ਨੂੰ ਉਹ ਲੋਕਾਂ ਨੂੰ ਦਿਖਾਉਣ ਦੀ ਪੂਰੀ ਵਾਹ ਲਾਉਂਦੇ। ਜਦੋਂ ਮਿਹਰ ਸਿੰਘ ਦੀ ਵਾਰੀ ਆਈ ਤਾਂ ਉਹ ਬੜੇ ਸਹਿਜ ਨਾਲ ਸਟੇਜ ‘ਤੇ ਗਿਆ, ਆਪਣੀ ਸ਼ਖ਼ਸੀਅਤ ਦੇ ਵਿਸ਼ੇਸ਼ ਅੰਦਾਜ਼, ਗੰਭੀਰ ਮੁਦਰਾ ਵਿੱਚ ਹੀ ਉਸ ਨੇ ਇਨਾਮ ਹਾਸਲ ਕੀਤਾ। ਸਿੱਖਿਆ ਮੰਤਰੀ ਨੇ ਉਸ ਨੂੰ ਗੰਭੀਰ ਮੁਦਰਾ ਵਿੱਚ ਦੇਖਦਿਆਂ ਆਖਿਆ, ”ਹੁਣ ਤਾਂ ਹੱਸ ਪੈ। ਰੁੱਸਿਆਂ ਵਾਂਗੂੰ ਇਨਾਮ ਲਈ ਜਾਨੈਂ।” ਮੰਤਰੀ ਨੂੰ ਅਜਿਹਾ ਬੋਲਦਿਆਂ ਸੁਣ ਕੇ ਪੰਡਾਲ ਵਿੱਚ ਹਾਸਾ ਪੈ ਗਿਆ। ਮੰਤਰੀ ਕੀ ਜਾਣੇ ਕਿ ਉਸ ਦੇ ਮਨ ਵਿੱਚ ਕੀ ਕੁਝ ਉੱਸਲਵੱਟੇ ਲੈ ਰਿਹਾ ਹੈ।