ਲਿਖਤ : ਪ੍ਰੋ. ਨਿਰਮਲ ਸਿੰਘ ਰੰਧਾਵਾ
ਸੰਪਰਕ: 99880-66466
ਸਿੱਖਾਂ ਵਿੱਚ ਸ਼ਹੀਦੀ ਦਾ ਮੁੱਢ ਪੰਜਵੇਂ ਗੁਰੂ ਅਰਜਨ ਦੇਵ ਨੇ ਲਾਹੌਰ ਵਿਚ ਬੰਨ੍ਹਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਲਾਹੌਰ ਵਿਚ ਸਿੱਖਾਂ ਦੀਆਂ ਹੋਈਆਂ ਸ਼ਹੀਦੀਆਂ ਦੀ ਸੂਚੀ ਕਾਫੀ ਲੰਮੀ ਹੈ। ਸਮੇਂ ਦੀ ਜ਼ਾਲਮ ਜ਼ਕਰੀਆ ਖਾਨ ਸਰਕਾਰ ਵਲੋਂ ਭਾਈ ਤਾਰੂ ਸਿੰਘ ਨੂੰ ਲਾਹੌਰ ‘ਚ ਕੇਸਾਂ ਸਣੇ ਖੋਪੜੀ ਲਾਹ ਕੇ ਸ਼ਹੀਦ ਕੀਤਾ ਗਿਆ ਸੀ। ਲਾਹੌਰ ‘ਚ ਹੀ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਇਸੇ ਲਾਹੌਰ ‘ਚ ਭਾਈ ਸੁਬੇਗ ਸਿੰਘ ਤੇ ਉਨ੍ਹਾਂ ਦੇ 18 ਸਾਲ ਦੇ ਬੇਟੇ ਭਾਈ ਸ਼ਾਹਬਾਜ਼ ਸਿੰਘ ਨੂੰ ਸਮੇਂ ਦੀ ਹਕੂਮਤ ਨੇ 1745 ਈਸਵੀ ‘ਚ ਚਰਖੜੀਆਂ ‘ਤੇ ਚਾੜ੍ਹ ਕੇ ਸ਼ਹੀਦ ਕੀਤਾ।
ਭਾਈ ਸੁਬੇਗ ਸਿੰਘ ਲਾਹੌਰ ਦੇ ਪਿੰਡ ਜੰਬਰ ਦੇ ਰਹਿਣ ਵਾਲੇ ਸਨ। ਫਾਰਸੀ ਦੇ ਵਿਦਵਾਨ ਹੋਣ ਕਰਕੇ ਉਨ੍ਹਾਂ ਨੂੰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਨੌਕਰੀ ਮਿਲੀ ਹੋਈ ਸੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਉਹ ਕੁਝ ਚਿਰ ਲਾਹੌਰ ਦੇ ਕੋਤਵਾਲ ਵੀ ਰਹੇ। ਇਸ ਦੌਰਾਨ ਉਨ੍ਹਾਂ ਕਈ ਧਾਰਮਿਕ ਯਾਦਗਾਰਾਂ ਤੇ ਗੁਰਦੁਆਰੇ ਵੀ ਬਣਵਾਏ। ਲੋਕ ਭਲਾਈ ਦੇ ਕਾਰਜ ਕਰਨ ਕਰਕੇ ਕੁਝ ਲੋਕ ਉਨ੍ਹਾਂ ਨਾਲ ਖਾਰ ਖਾਂਦੇ ਸਨ। ਲਾਹੌਰ ਦਰਬਾਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਮੁਗਲੀਆ ਹਕੂਮਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੂੰ ਦਿੱਲੀ ਵਿਚ ਚਿੱਠੀ ਭੇਜ ਕੇ ਇਸ ਮਤੇ ਦੀ ਮਨਜ਼ੂਰੀ ਲੈ ਲਈ ਸੀ ਕਿ ਸਿੱਖ ਕੌਮ ਨਾਲ ਸੁਲਾਹ ਕਰ ਲਈ ਜਾਵੇ ਤਾਂ ਕਿ ਚੈਨ ਨਾਲ ਹਿੰਦੋਸਤਾਨ ‘ਤੇ ਰਾਜ ਕੀਤਾ ਜਾ ਸਕੇ। ਜ਼ਕਰੀਆ ਖਾਨ ਨੇ 29 ਮਾਰਚ 1733 ਵਿੱਚ ਭਾਈ ਸੁਬੇਗ ਸਿੰਘ ਨੂੰ ਆਪਣਾ ਖਾਸ ਨੁਮਾਇੰਦਾ (ਵਕੀਲ) ਬਣਾ ਕੇ ਸਿੱਖ ਪੰਥ ਦੇ ਜਥੇਦਾਰ ਨੂੰ ਨਵਾਬੀ ਦਾ ਖਿਤਾਬ ਅਤੇ ਵੱਡੀਆਂ ਜਗੀਰਾਂ ਨਾਲ ਨਿਵਾਜਣ ਲਈ ਲਾਹੌਰ ਤੋਂ ਅੰਮ੍ਰਿਤਸਰ ਭੇਜਿਆ ਸੀ। ਭਾਈ ਸੁਬੇਗ ਸਿੰਘ ਵੱਲੋਂ ਲਿਜਾਇਆ ਗਿਆ ‘ਨਵਾਬੀ ਦਾ ਖਿਤਾਬ’ ਪੰਥਕ ਇਕੱਠ ਵਲੋਂ ਸੰਗਤ ਅਤੇ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ ਨੂੰ ਦਿੱਤਾ ਗਿਆ। ਸਿੱਖ ਇਤਿਹਾਸ ਵਿੱਚ ਭਾਈ ਸੁਬੇਗ ਸਿੰਘ ਨੂੰ ‘ਵਕੀਲ’ ਪਦ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਸਮੇਂ ਨੇ ਜਦੋਂ ਕਰਵਟ ਬਦਲੀ ਤਾਂ ਭਾਈ ਸੁਬੇਗ ਸਿੰਘ ਦੇ ਸੁਖੀ ਵੱਸਦੇ ਪਰਿਵਾਰ ਵਿਚ ਦੁੱਖਾਂ ਦੇ ਪਹਾੜ ਉਸ ਵੇਲੇ ਟੁੱਟ ਪਏ ਜਦੋਂ ਉਨ੍ਹਾਂ ਦੇ 18 ਸਾਲ ਦੇ ਨੌਜਵਾਨ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੇ ਮਦਰੱਸੇ ਪੜ੍ਹਦੇ ਸਮੇਂ ਮੌਲਵੀ ਨੂੰ ਸਿੱਖ ਧਰਮ ਦੀ ਮਰਿਆਦਾ ਤੋਂ ਜਾਣੂ ਕਰਵਾਇਆ। ਇਸ ਮਗਰੋਂ ਚਰਚਾ ‘ਚੋ ਹਾਰੇ ਤੇ ਆਪਣੀ ਹੇਠੀ ਸਮਝਦੇ ਹੋਏ ਮੌਲਵੀ ਨੇ ਭਾਈ ਸ਼ਾਹਬਾਜ਼ ਸਿੰਘ ਨੂੰ ਇਸਲਾਮ ਦੀ ਤੌਹੀਨ ਕਰਨ ਦੀਆਂ ਝੂਠੀਆਂ ਤੋਹਮਤਾਂ ਲਾ ਕੇ ਕੈਦ ਕਰਵਾ ਦਿੱਤਾ। ਥੋੜੇ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਭਾਈ ਸੁਬੇਗ ਸਿੰਘ ਨੂੰ ਵੀ ਬਿਨਾਂ ਕਸੂਰ ਕੈਦ ਕਰ ਲਿਆ ਗਿਆ। ਲਾਹੌਰ ਦਰਬਾਰ ਵਿਚ ਭਾਈ ਸੁਬੇਗ ਸਿੰਘ ਨਾਲ ਖਾਰ ਖਾਣ ਵਾਲੇ ਲੋਕਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਪਿਉ-ਪੁੱਤਰ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਾਕਮਾਂ ਨੂੰ ਉਕਸਾਇਆ। ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੇ ਇਸਲਾਮ ਧਰਮ ਕਬੂਲ ਕਰਨ ਨਾਲੋਂ ਮੌਤ ਨੂੰ ਗਲੇ ਲਗਾਉਣ ਨੂੰ ਪਹਿਲ ਦਿੱਤੀ। ਭਾਈ ਸੁਬੇਗ ਸਿੰਘ ਦੇ ਨਜ਼ਦੀਕੀਆਂ ਨੇ ਭਾਈ ਜੀ ਨੂੰ ਸਲਾਹ ਦਿੱਤੀ, ”ਆਪਣੇ ਇਕਲੌਤੇ ਪੁੱਤਰ ਦੀ ਜਾਨ ਬਖਸ਼ੀ ਕਰਵਾਉਣ ਲਈ ਹਕੂਮਤ ਦੀਆਂ ਸ਼ਰਤਾਂ ਮੰਨ ਲਵੋ ਤਾਂ ਜੋ ਆਪ ਜੀ ਦੀ ਅੰਸ਼ ਚੱਲਦੀ ਰਹੇ।” ਗੁਰੂ ਗੋਬਿੰਦ ਸਿੰਘ ਦੇ ਲਾਡਲੇ ਸਿੰਘ ਭਾਈ ਸੁਬੇਗ ਸਿੰਘ ਨੇ ਜੋ ਜਵਾਬ ਦਿੱਤਾ ਉਸ ਬਾਰੇ ਭਾਈ ਰਤਨ ਸਿੰਘ ਭੰਗੂ ਨੇ ਆਪਣੀ ਲਿਖਤ ‘ਪੰਥ ਪ੍ਰਕਾਸ਼’ ਗ੍ਰੰਥ ‘ਚ ਬਹੁਤ ਸੋਹਣਾ ਜ਼ਿਕਰ ਕੀਤਾ ਹੈ, ”ਸਿਖਨ ਕਾਜ ਸੁ ਗੁਰੂ ਸਵਾਰੇ, ਸੀਸ ਦੀਓ ਨਿਜ ਸੈਣ ਪ੍ਰਵਾਰੇ। ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈ ਕੌਣ ਬਡਾਈ।” ਕਾਜੀ ਵੱਲੋਂ ਸੁਣਾਏ ਹੁਕਮ ਅਨੁਸਾਰ ਦੋਵਾਂ ਪਿਉ-ਪੁੱਤਰਾਂ ਨੂੰ ਜ਼ਾਲਮਾਂ ਨੇ ਤਿੱਖੇ ਦੰਦਿਆਂ ਵਾਲੀਆਂ ਦੋ ਵੱਖ ਵੱਖ ਚਰਖੜੀਆਂ ‘ਤੇ ਚਾੜ੍ਹ ਕੇ ਕਈ ਵਾਰ ਘੁਮਾਇਆ। ਪਿਉ-ਪੁੱਤਰ ਜ਼ਰਾ ਵੀ ਨਾ ਡੋਲੇ। ਦੋਵੇਂ ਨਿਰਭੈ ਯੋਧੇ ਅਕਾਲ ਅਕਾਲ ਦੇ ਜੈਕਾਰੇ ਛੱਡਦੇ ਅਤੇ ਵਾਹਿਗੁਰੂ ਦੇ ਸਿਮਰਨ ਕਰਦੇ ਰਹੇ:
ਚਰਖੜੀ ਚਾੜ੍ਹ ਫਿਰ ਬਹੁਤ ਘੁਮਾਇਆ।
ਵਾਹਿਗੁਰੂ ਤਿਨ ਨਾਹਿ ਭੁਲਾਇਆ।
ਇਸ ਤਰ੍ਹਾਂ 1745 ਈਸਵੀ ਨੂੰ ਲਾਹੌਰ ਵਿੱਚ ਪਿਉ-ਪੁੱਤਰ ਨੂੰ ਚਰਖੜੀਆਂ ‘ਤੇ ਚਾੜ੍ਹ ਕੇ ਬੇ-ਰਹਿਮੀ ਨਾਲ ਸ਼ਹੀਦ ਕੀਤਾ ਗਿਆ। ਇਸੇ ਲਾਹੌਰ ਦੀ ਧਰਤੀ ‘ਤੇ ਉਬਲਦੀ ਤੇਗ ‘ਚ ਬਹਿ ਕੇ, ਬੰਦ ਬੰਦ ਕਟਵਾ ਕੇ ਅਤੇ ਖੋਪੜੀਆਂ ਲੁਹਾ ਕੇ ਸ਼ਹੀਦ ਹੋਣ ਵਾਲੀ ਸ਼ਹੀਦੀ ਪਰੰਪਰਾ ਨੂੰ ਹੋਰ ਪਰਪੱਕ ਕਰ ਗਏ। ਪਿਉ-ਪੁੱਤਰ ਸ਼ਹੀਦ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਦੀ ਲਾਸ਼ਾਨੀ ਸ਼ਹੀਦੀ ਨੂੰ ਰੋਜ਼ਾਨਾ ਸਿੱਖ ਅਰਦਾਸ ਵਿੱਚ, ‘ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ’ ਸਤਿਕਾਰਤ ਸ਼ਬਦਾਂ ਰਾਹੀਂ ਯਾਦ ਕੀਤਾ ਜਾਂਦਾ ਹੈ।