Wednesday, April 2, 2025
12.1 C
Vancouver

ਪਰਵਾਸ: ਨਵੀਆਂ ਸਮੱਸਿਆਵਾਂ ਨਵੇਂ ਪ੍ਰਭਾਵ

ਲਿਖਤ : ਡਾ. ਸੁਖਦੇਵ ਸਿੰਘ
ਸੰਪਰਕ: 94177-15730
ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਕਮਾਨ ਸੰਭਾਲਣ ਮਗਰੋਂ ਅੰਤਰ-ਦੇਸ਼ੀ ਪਰਵਾਸ, ਰਾਜਨੀਤੀ, ਵਪਾਰ, ਟੈਕਸ, ਵਿਚਾਰਧਾਰਾ ਆਦਿ ਪੱਖਾਂ ਬਾਰੇ ਆਲਮੀ ਪੱਧਰ ‘ਤੇ ਬਹਿਸ ਨੂੰ ਜਨਮ ਹੀ ਨਹੀਂ ਦਿੱਤਾ ਬਲਕਿ ਸੰਸਾਰ ਵਿੱਚ ਤੀਜੀ ਜੰਗ ਦੇ ਹਵਾਲੇ ਨਾਲ ਵਧੇਰੇ ਮੁਲਕ ਨਵੀਆਂ ਗੁਟਬੰਦੀਆਂ ਉਸਾਰਨ ਬਾਰੇ ਵੀ ਵਿਚਾਰ ਕਰ ਰਹੇ ਹਨ ਤਾਂ ਜੋ ਆਪੋ-ਆਪਣੇ ਮੁਲਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਵੱਖ-ਵੱਖ ਦੇਸ਼ਾਂ ਦੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਗਏ ਲੋਕਾਂ, ਖ਼ਾਸਕਰ ਭਾਰਤੀਆਂ ਨੂੰ ਜਿਸ ਤਰ੍ਹਾਂ ਹੱਥਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਅਣ-ਮਨੁੱਖੀ ਢੰਗ ਨਾਲ ਵਾਪਸ ਭੇਜਿਆ ਅਤੇ ਹੋਰਾਂ ਨੂੰ ਵੀ ਵਾਪਸ ਭੇਜਣ ਦੀ ਤਜਵੀਜ਼ ਨੇ ਭਾਰਤ ਵਿੱਚ ਪਰਵਾਸ ਪੱਖੋਂ ਨਵੇਂ ਮੁੱਦਿਆਂ ਬਾਰੇ ਚਰਚਾ ਛੇੜੀ ਹੈ। ਅਮਰੀਕਾ ਦੀ ਨਵੀਂ, ਸਖ਼ਤ, ਦਬਾਅ ਪਾਊ ਨੀਤੀ ਦੇ ਅਸਰ ਕਰ ਕੇ ਹੋਰ ਦੇਸ਼ (ਜਿਵੇਂ ਕੈਨੇਡਾ, ਬਰਤਾਨੀਆ ਆਦਿ) ਵੀ ਗ਼ੈਰ-ਕਾਨੂੰਨੀ ਢੰਗ ਨਾਲ ਉੱਥੇ ਗਏ ਪਰਵਾਸੀਆਂ ਨੂੰ ਕੱਢਣ ਦੀਆਂ ਤਿਆਰੀ ਕਰ ਰਹੇ ਹਨ। ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਜ਼ਰਾ ਵੀ ਵਿਰੋਧ ਕਰਨ ‘ਤੇ ਲੋਕਾਂ ਦੇ ਗ੍ਰੀਨ ਕਾਰਡ ਤੱਕ ਰੱਦ ਕੀਤੇ ਜਾ ਰਹੇ ਹਨ ਅਤੇ ਸਮਾਜਿਕ ਸੁਰਖਿਆ ਪੱਖੋਂ ਮਿਲਣ ਵਾਲੀ ਸਹਾਇਤਾ ਵਿੱਚ ਵੀ ਕੱਟ ਲੱਗ ਸਕਦੇ ਹਨ। ਬਰਤਾਨੀਆ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਰੱਖਣ ਵਾਲਿਆਂ ਨੂੰ ਸੱਠ ਹਜ਼ਾਰ ਪੌਂਡ ਜੁਰਮਾਨਾ ਤੈਅ ਕਰ ਦਿੱਤਾ ਹੈ। ਟੈਕਸਸ (ਅਮਰੀਕਾ) ਵਿੱਚ ਭਾਰਤੀ ਮੂਲ ਦੇ ਮਾਪਿਆਂ ਦੀ ਬੱਚੀ ਨੇ ਆਤਮ-ਹੱਤਿਆ ਕਰ ਲਈ ਹੈ ਕਿਉਂਕਿ ਸਕੂਲ ਸਾਥੀਆਂ ਨੇ ਉਸ ਨੂੰ ਟਿੱਚਰਾਂ ਕੀਤੀਆਂ ਕਿ ਤੇਰੇ ਮਾਪਿਆਂ ਨੂੰ ਵੀ ਬੰਨ੍ਹ ਕੇ ਵਾਪਸ ਭੇਜਿਆ ਜਾਵੇਗਾ। ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਮੁਲਕਾਂ ਵਿੱਚ ਨਫ਼ਰਤ ਦੀ ਭਾਵਨਾ ਕਿਉਂ ਵਧਣ ਲੱਗੀ ਹੈ? ਕੀ ਇਨ੍ਹਾਂ ਮੁਲਕਾਂ ਵਿੱਚ ਇੰਨੇ ਪਰਵਾਸੀ ਪਹੁੰਚ ਗਏ ਹਨ ਕਿ ਉੱਥੇ ਸਮੱਸਿਆਵਾਂ ਪੈਦਾ ਕਰ ਰਹੇ ਹਨ? ਕੀ ਵਾਪਸ ਆ ਰਹੇ ਲੋਕ ਹੋਰ ਮੁਲਕਾਂ ਵੱਲ ਜਾਣਗੇ ਜਾਂ ਇੱਥੇ ਹੀ ਹੀਲਾ ਵਸੀਲਾ ਕਰਨਗੇ? ਬਦਲ ਰਹੀਆਂ ਪਰਵਾਸ ਨੀਤੀਆਂ ਅਤੇ ਪ੍ਰਭਾਵਾਂ ਨੂੰ ਨਵੇਂ ਸਿਰਿਓਂ ਵਿਚਾਰਨ ਦੀ ਲੋੜ ਹੈ।
ਪਰਵਾਸ ਜਾਂ ਇੱਕ ਦੂਜੇ ਮੁਲਕ ਵਿੱਚ ਜਾਣਾ ਕੋਈ ਨਵਾਂ ਰੁਝਾਨ ਨਹੀਂ। ਪੁਰਾਣੇ ਵੇਲਿਆਂ ਤੋਂ ਲੋਕ ਵਪਾਰਕ ਜਾਂ ਹੋਰ ਕੰਮਾਂ ਲਈ ਆਉਂਦੇ ਜਾਂਦੇ ਰਹੇ ਹਨ ਪਰ ਕੰਮ-ਕਾਜਾਂ ਤੋਂ ਬਾਅਦ ਆਪਣੀ ਜਨਮ ਭੋਇੰ ‘ਤੇ ਪਰਤ ਆਉਂਦੇ ਸਨ। ਕਬੀਲਾਈ ਅਤੇ ਖੇਤੀ ਆਧਾਰਿਤ ਸਮਾਜਾਂ ਵਿੱਚ ਅਤੇ ਸੰਘਣੀ ਸਾਕਾਦਾਰੀ, ਮਿਲਵਰਤਣ, ਪਦਾਰਥਕ ਹੋੜ ਦੀ ਅਣਹੋਂਦ ਸਦਕਾ ਲੋਕ ਆਪਣੇ ਹੀ ਦੇਸ਼ ਵਿੱਚ ਪਰਤ ਆਉਂਦੇ ਸਨ। ਕੁਝ ਸਮਾਂ ਪਹਿਲਾਂ ਤੱਕ ਫੌਜ ਵਿੱਚੋਂ ਰਿਟਾਇਰਮੈਂਟ ਅਤੇ ਬਾਹਰਲੀਆਂ ਜੰਗਾਂ ਵਿੱਚ ਭਾਗ ਲੈਣ ਪਿੱਛੋਂ ਵਧੇਰੇ ਫੌਜੀ ਆਪਣੇ ਪਿੰਡਾਂ ਵਿੱਚ ਹੀ ਆਣ ਵਸਦੇ। ਖਾੜੀ ਦੇਸ਼ਾਂ ਤੋਂ ਕਮਾਈ ਕਰ ਕੇ ਵੀ ਬਹੁਤੇ ਲੋਕ ਘਰਾਂ ਨੂੰ ਵਾਪਸੀ ਕਰਦੇ। ਪਿਛਲੇ ਕੁਝ ਸਾਲਾਂ ਵਿੱਚ ਸਾਡੇ ਦੇਸ਼, ਖ਼ਾਸਕਰ ਪੰਜਾਬ ਤੋਂ ਪਰਵਾਸ ਮਗਰੋਂ ਪੱਕੇ ਵਸੇਬੇ ਦਾ ਰੁਝਾਨ ਪੈਦਾ ਹੋ ਗਿਆ। ਹੁਣ ਤਾਂ ਪੰਜਾਬ ਤੋਂ ਛੁੱਟ ਕੇਰਲਾ, ਗੁਜਰਾਤ, ਹਰਿਆਣਾ ਅਤੇ ਕਈ ਹੋਰ ਸੂਬਿਆਂ ਸਮੇਤ ਲਗਭਗ ਸਾਰੇ ਮੁਲਕ ਵਿੱਚੋਂ ਹੀ ਲੱਖਾਂ ਦੀ ਗਿਣਤੀ ਵਿੱਚ ਲੋਕ ਪਰਵਾਸ ਕਰ ਰਹੇ ਹਨ। ਲੋਕ ਵੱਖ-ਵੱਖ ਦੇਸ਼ਾਂ ਲਈ 5 ਤੋਂ 50 ਲੱਖ ਰੁਪਏ ਖਰਚ ਕੇ ਵਿਦੇਸ਼ ਜਾ ਰਹੇ ਹਨ। ਸੰਸਾਰ ਪਰਵਾਸ ਰਿਪੋਰਟ-2020 ਦੇ ਅੰਕੜਿਆਂ ਮੁਤਾਬਿਕ, ਦੁਨੀਆ ਵਿੱਚ 28.10 ਕਰੋੜ ਲੋਕ ਜੋ ਆਲਮੀ ਆਬਾਦੀ ਦਾ 3.6% ਬਣਦੇ ਹਨ, ਆਪਣੀ ਜਨਮ ਭੋਇੰ ਛੱਡ ਕੇ ਹੋਰ ਸਥਾਨਾਂ ‘ਤੇ ਵਸੇ ਹਨ; ਭਾਵ ਪਰਵਾਸੀ ਹਨ। 2024 ਵਿੱਚ ਇਹ ਸੰਖਿਆ 30.40 ਕਰੋੜ ਦੱਸੀ ਗਈ ਹੈ। ਸਾਡਾ ਦੇਸ਼ ਪਰਵਾਸ ਪੱਖੋਂ ਸੰਸਾਰ ਵਿੱਚ ਪਹਿਲੇ ਨੰਬਰ ‘ਤੇ ਹੈ। 1970 ਤੋਂ 2020 ਤੱਕ ਭਾਰਤ ਦੇ ਪਰਵਾਸ ਵਿੱਚ 300% ਵਾਧਾ ਦਰਜ ਹੋਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ, 2024 ਵਿੱਚ 2,16,219 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ। ਇਸੇ ਸਾਲ ਰਾਜ ਸਭਾ ਵਿੱਚ ਬਹਿਸ ਦੋਰਾਨ ਸਰਕਾਰ ਨੇ ਮੰਨਿਆ ਕਿ ਪਿਛਲੇ 13 ਸਾਲਾਂ ਵਿੱਚ 18 ਲੱਖ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਕੇ ਸੰਸਾਰ ਦੇ 135 ਮੁਲਕਾਂ ਵਿੱਚ ਪਰਵਾਸ ਕੀਤਾ। ਇਹ ਸਿਰਫ ਸਰਕਾਰੀ ਅੰਕੜੇ ਹੀ ਹਨ; ਗੈਰ-ਕਾਨੂੰਨੀ ਢੰਗਾਂ ਰਾਹੀਂ ਗਏ ਲੋਕਾਂ ਨੂੰ ਜੋੜ ਕੇ ਇਹ ਅੰਕੜਾ ਕਿਤੇ ਜ਼ਿਆਦਾ ਬਣ ਜਾਂਦਾ ਹੈ। ਵਿਦੇਸ਼ਾਂ ਵਿੱਚ ਕੁਲ 3.3 ਕਰੋੜ ਭਾਰਤੀਆਂ ਵਿੱਚੋਂ 30 ਲੱਖ ਦੇ ਕਰੀਬ ਪੰਜਾਬੀ ਹਨ। ਅਜੋਕੇ ਸਮੇਂ ਪੰਜਾਬੀ ਪਰਵਾਸੀ ਬਹੁਲਤਾ ਵਾਲੇ ਦੇਸ਼ ਕੈਨੇਡਾ, ਅਮਰੀਕਾ, ਬ੍ਰਿਟੇਨ, ਸਪੇਨ, ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਫਿਲਪੀਨਜ਼, ਖਾੜੀ ਦੇਸ਼ ਆਦਿ ਹਨ।
ਪ੍ਰਸ਼ਨ ਹੈ: ਪਿਛਲੇ ਕੁਝ ਸਮੇਂ ਤੋਂ ਕਾਨੂੰਨੀ ਜਾਂ ਗੈਰ-ਕਾਨੂੰਨੀ ਪਰਵਾਸ ਵਿੱਚ ਅਥਾਹ ਵਾਧਾ ਆਖ਼ਿਰਕਾਰ ਕਿਉਂ ਹੋਇਆ ਹੈ? ਤੱਥ ਆਧਾਰਿਤ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਵਸੇਬੇ ਦਾ ਕੋਈ ਇੱਕ ਕਾਰਨ ਨਹੀਂ ਬਲਕਿ ਆਰਥਿਕ, ਸਮਾਜਿਕ, ਮਨੋਵਿਗਿਆਨਕ, ਰਾਜਨੀਤਕ ਅਤੇ ਸਮਾਜ ਵਿੱਚ ਉਭਰ ਰਹੇ ਹਾਲਾਤ ਸਮੇਤ ਅਨੇਕ ਕਾਰਨ ਹਨ। ਮੋਟੇ ਤੌਰ ‘ਤੇ ਦੋ ਤਰ੍ਹਾਂ ਦੇ ਤੱਥਾਂ ਨਾਲ ਪਰਵਾਸ ਨੂੰ ਸਮਝਿਆ ਜਾਂਦਾ ਹੈ। ਇੱਕ ਨਿਵਾਸ ਸਥਾਨ ਛੱਡਣ ਵਾਲੇ ਕਾਰਕ ਅਤੇ ਦੂਜਾ ਵਿਦੇਸ਼ੀ ਧਰਤੀ ਜਾਂ ਸਮਾਜਾਂ ਵਿੱਚ ਖਿੱਚ ਵਾਲੇ ਕਾਰਕ। ਸਾਡੇ ਮੁਲਕ ਵਿੱਚ ਨਿਵਾਸ ਸਥਾਨਾਂ ਨੂੰ ਛੱਡਣ ਵਾਲੇ ਕਾਰਨਾਂ ਵਿੱਚੋਂ ਮੁਖ ਹਨ: ਵਧ ਰਹੀ ਆਬਾਦੀ, ਜ਼ਮੀਨਾਂ ਦੀ ਪੁਸ਼ਤੀ ਵੰਡ ਕਰ ਕੇ ਵਾਹੀ ਜੋਤਾਂ ਦੇ ਆਕਾਰ ਘਟਣ ਕਾਰਨ ਗੁਜ਼ਾਰੇ ਵਿੱਚ ਔਖਿਆਈ, ਗਰੀਬੀ, ਬੇਰੁਜ਼ਗਾਰੀ ਵਿੱਚ ਅਥਾਹ ਵਾਧਾ, ਨਵੀਂ ਪਨੀਰੀ ਵਿੱਚ ਪੜ੍ਹਾਈ ਲਿਖਾਈ ਦਾ ਵਧਣਾ ਪਰ ਯੋਗ ਨੌਕਰੀਆਂ ਦਾ ਨਾ ਮਿਲਣਾ, ਤਕਨਾਲੋਜੀ ਦਾ ਮਨੁੱਖੀ ਜੀਵਨ ਵਿੱਚ ਭਾਰੀ ਵਾਧਾ, ਕਿੱਤਾ ਪਰਿਵਰਤਨ, ਜੀਵਨ ਦਾ ਬਦਲ ਰਿਹਾ ਰੁਝਾਨ, ਸਮਾਜ ਵਿੱਚ ਫੈਲ ਰਿਹਾ ਨਸ਼ਾ, ਵਧ ਰਹੇ ਅਪਰਾਧ, ਰਾਜਨੀਤੀ ਵਿੱਚ ਅੱਤ ਦੀ ਗਿਰਾਵਟ ਆਦਿ। ਵਿਦੇਸ਼ਾਂ ਵਿੱਚ ਵਸਣ ਦੇ ਮੁੱਖ ਕਾਰਕਾਂ ਵਿੱਚੋਂ ਹਨ: ਯੋਗਤਾ ਮੁਤਾਬਿਕ ਰੁਜ਼ਗਾਰ ਮਿਲਣਾ, ਚੰਗਾ ਜੀਵਨ ਪੱਧਰ, ਵਿਗਸਣ ਦੀ ਖੁੱਲ੍ਹ, ਕਾਨੂੰਨ ਦਾ ਰਾਜ, ਸਾਫ ਵਾਤਾਵਰਨ, ਮਾਨਵੀ ਮੁੱਲਾਂ ਦੀ ਕਦਰ, ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੇਰੇ ਭਵਿੱਖ ਦੀ ਆਸ ਆਦਿ।
17ਵੀਂ ਸਦੀ ਤੱਕ ਸੰਸਾਰ ਵਿੱਚ ਪਰਵਾਸ ਦਾ ਮੁੱਦਾ ਨਾ-ਮਾਤਰ ਸੀ। 18ਵੀਂ ਸਦੀ ਦੇ ਮੱਧ ਵਿੱਚ ਬਰਤਾਨੀਆ ਵਿੱਚ ਉਪਜੇ ਉਦਯੋਗਕ ਇਨਕਲਾਬ ਨੇ ਦੁਨੀਆ ਵਿੱਚ ਮੱਨੁਖੀ ਜੀਵਨ ਵਿੱਚ ਤਬਦੀਲੀ ਲਿਆਂਦੀ। ਪੂੰਜੀਵਾਦ ਦੀ ਆਮਦ ‘ਤੇ ਫੈਕਟਰੀਆਂ ਵਾਸਤੇ ਕਾਮਿਆਂ ਦੀ ਪੂਰਤੀ ਹਿੱਤ ਦੂਜੇ ਦੇਸ਼ਾਂ ਖਾਸ ਕਰ ਕੇ ਏਸ਼ਿਆਈ ਮੁਲਕਾਂ ਵਿੱਚੋਂ ਲੋਕ ਯੂਰੋਪ ਵੱਲ ਵਹੀਰਾਂ ਘੱਤਣ ਲਗੇ। ਤਕਨਾਲੋਜੀ ਦੀ ਆਮਦ ਨੇ ਸਾਰੇ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਕੀਤਾ; ਹੁਣ ਤਾਂ ਸੰਸਾਰ ਨੂੰ ‘ਗਲੋਬਲ ਪਿੰਡ’ ਦੀ ਕਿਹਾ ਜਾਣ ਲੱਗਾ ਹੈ। ਵੀਹਵੀਂ ਸਦੀ ਵਿੱਚ ਸੰਗਠਤ ਵਿਦਿਅਕ ਢਾਂਚੇ ਨਾਲ ਵਿਦਿਆ ਦਾ ਫੈਲਾਅ ਕਾਫੀ ਵਧਿਆ। ਭਾਰਤ ਵਿੱਚ 1947 ਵੇਲੇ 22 ਯੂਨੀਵਰਸਿਟੀਆਂ, 500 ਕਾਲਜ ਅਤੇ 2 ਲੱਖ ਦੇ ਕਰੀਬ ਸਕੂਲ ਸਨ। ਅੱਜ ਸਾਡੇ ਦੇਸ਼ ਵਿੱਚ 700 ਯੂਨੀਵਰਸਿਟੀਆਂ, 45000 ਦੇ ਕਰੀਬ ਕਾਲਜ ਅਤੇ 7 ਲੱਖ ਤੋਂ ਵੱਧ ਸਕੂਲ ਹਨ। ਜੇ ਅਣ-ਅਧਿਕਾਰਤ ਸਕੂਲ ਵੀ ਜੋੜ ਲਈਏ ਤਾਂ ਸਕੂਲਾਂ ਦੀ ਗਿਣਤੀ ਕਿਤੇ ਵੱਧ ਹੈ। ਡਿਗਰੀਆਂ ਲੈ ਕੇ ਬੱਚਿਆਂ ਨੂੰ ਯੋਗ ਨੌਕਰੀ ਨਹੀ ਮਿਲ ਰਹੀ। ਇਸ ਲਈ ਭਵਿੱਖ ਤੋਂ ਚਿੰਤਤ ਵਧੇਰੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ।
ਖੇਤੀ ਤੋਂ ਬਾਹਰ ਜੇ ਰੁਜ਼ਗਾਰ ਦੇ ਮੌਕੇ ਦੇਖੀਏ ਤਾਂ ਕਿਤੇ ਵੀ ਆਸ ਦੀ ਕਿਰਨ ਨਹੀਂ ਦਿਸਦੀ। ਪ੍ਰਾਈਵੇਟ ਸੈਕਟਰ ਵਿੱਚ ਰੁਜ਼ਗਾਰ ਦੀ ਖੜੋਤ ਅਤੇ ਪਬਲਿਕ ਸੈਕਟਰ ਵਿੱਚ ਅਸਲੋਂ ਹਨੇਰਾ ਤੇ ਵਧੇਰੇ ਬੱਚਿਆਂ ਦਾ ਖੇਤੀ ਵੱਲ ਝੁਕਾਅ ਨਾ ਹੋਣ ਕਰ ਕੇ ਉਹ ਵਿਦੇਸ਼ਾਂ ਦਾ ਰਾਹ ਫੜ ਰਹੇ ਹਨ। ਅੱਜ ਪੜ੍ਹਾਈ ਕਰ ਰਹੇ ਬੱਚਿਆਂ ਵਿੱਚੋਂ ਵਧੇਰੇ ਵਿਦੇਸ਼ਾਂ ਵਿੱਚ ਵੱਖ-ਵੱਖ ਕੋਰਸਾਂ ਲਈ ਕਾਲਜਾਂ ਯੂਨੀਵਰਸਿਟੀਆਂ ਦੀਆਂ ਮੋਟੀਆਂ ਫੀਸਾਂ ਭਰਨ ਲਈ ਤਤਪਰ ਹਨ ਜਦਕਿ ਲੱਖਾਂ ਹੀ ਹੋਰ ਜਾਇਜ਼/ਨਾਜਾਇਜ਼ ਵਿਆਹਾਂ ਦੇ ਜ਼ਰੀਏ, ਏਜੰਟਾਂ ਜਾਂ ਗੈਰ-ਕਾਨੂੰਨੀ ਢੰਗਾਂ ਰਾਹੀਂ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਕਾਮਯਾਬ ਹੋ ਜਾਂਦੇ ਹਨ ਅਤੇ ਹਜ਼ਾਰਾਂ ਦੀ ਤਦਾਦ ਵਿੱਚ ਜਾਇਦਾਦਾਂ ਵੇਚ ਕੇ ਵੀ ਨਹੀਂ ਜਾ ਸਕਦੇ ਅਤੇ ਅਨੇਕ ਨਾਜਾਇਜ਼ ਢੰਗਾਂ ਰਾਹੀਂ ਜਾਂਦੇ ਕਈ ਵਾਰ ਮੌਤ ਦੇ ਮੂੰਹ ਜਾ ਡਿਗਦੇ ਹਨ ਜਾਂ ਜੇਲ੍ਹ ਦੀ ਹਵਾ ਖਾਂਦੇ ਹਨ। ਗੈਰ-ਕਾਨੂੰਨੀ ਪਰਵਾਸ ਦੇ ਮੁੱਦੇ ਨੂੰ ਅਮਰੀਕਾ ਵਲੋਂ ਚੁੱਕੇ ਜਾਣ ਕਰ ਕੇ ਨਵੀਆਂ ਬਹਿਸਾਂ ਹੋ ਰਹੀਆਂ ਹਨ। ਨਤੀਜੇ ਵਜੋਂ ਪਰਵਾਸ ਵਲੋਂ ਫਿਲਹਾਲ ਨਵਾਂ ਮੋੜ ਆਇਆ ਹੈ। ਇਕੱਲੇ ਪੰਜਾਬ ਵਿੱਚ ਸੋਲਾਂ ਹਜ਼ਾਰ ਤੋਂ ਵੱਧ ਆਈਲੈੱਟਸ ਸੈਂਟਰਾਂ ਵਿੱਚੋਂ ਵਧੇਰੇ ਖਾਲੀ ਨਜ਼ਰ ਆ ਰਹੇ ਹਨ; ਕਾਲਜਾਂ ਵਿੱਚ ਰੌਣਕ ਵੀ ਵਧੀ ਹੈ।
ਚਿੰਤਕ ਨੌਮ ਚੌਮਸਕੀ ਦਾ ਕਥਨ ਹੈ- ”ਮੁਲਕ ਗਰੀਬ ਨਹੀਂ ਹੁੰਦੇ ਬਲਕਿ ਉਹ ਆਪਣੇ ਸਾਧਨਾਂ ਦੀ ਸੁਚੱਜੀ ਵਰਤੋਂ ਕਰਨ ਵਿੱਚ ਫੇਲ੍ਹ ਹੁੰਦੇ ਹਨ।” ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। 1900 ਤੱਕ ਡਾਲਰ ਅਤੇ ਰੁਪਏ ਦੀ ਕੀਮਤ ਲਗਭੱਗ ਬਰਾਬਰ ਸੀ। ਅੱਜ ਸਾਡੇ ਦੇਸ਼ ਦੀ ਰਾਜਨੀਤਕ ਦਸ਼ਾ ਅਤੇ ਦਿਸ਼ਾ ਕਿਸੇ ਤੋਂ ਛੁਪੀ ਨਹੀਂ। ਸੋੜੀ ਸੋਚ ਵਾਲੇ ਰਾਜਨੀਤੀਵਾਨਾਂ ਨੇ ਦੇਸ਼ ਅੰਦਰ ਨਿਘਾਰ ਲਿਆਂਦਾ ਹੈ। ਸਮੂਹਿਕ ਵਿਕਾਸ ਨੂੰ ਪ੍ਰਕਿਰਿਆ ਰਾਹੀਂ ਚਲਾਉਣ ਦੀ ਥਾਂ ਬੁੱਤਾ ਸਾਰਨ ਵਾਲੀਆਂ ਨੀਤੀਆਂ ਕਰ ਕੇ ਦੇਸ਼ ਦੀ ਹਾਲਤ ਥੱਲੇ ਜਾ ਰਹੀ ਹੈ। ਵੱਖ-ਵੱਖ ਪਾਰਟੀਆਂ ਨੇ ਜਿੱਥੇ ਮੁਫ਼ਤਖੋਰੀ ਵਧਾ ਕੇ ਦੇਸ਼ ਦੀ ਆਰਥਿਕਤਾ ਥੱਲੇ ਲਿਆਂਦੀ ਹੈ, ਉਥੇ ਇਹ ਲੋਕਾਂ ਨੂੰ ਨਿਕੰਮੇ ਬਣਾ ਰਹੀ ਹੈ। ਸਮਾਜ ਵਿੱਚ ਵਧ ਰਿਹਾ ਹਿੰਸਕ ਵਰਤਾਰਾ, ਪਾਰਦਰਸ਼ਤਾ ਦੀ ਘਾਟ, ਅਵਿਸ਼ਵਾਸ, ਆਮ ਨਾਗਰਿਕਾਂ ਦੇ ਬਣਦੇ ਹੱਕਾਂ ਤੇ ਸਨਮਾਨ ਦੀ ਅਣਦੇਖੀ, ਵੱਖ-ਵੱਖ ਤਰ੍ਹਾਂ ਦੇ ਜੁਰਮ, ਚੋਰੀਆਂ, ਕਤਲ, ਲੜਕੀਆਂ ਨਾਲ ਛੇੜਖਾਨੀ, ਬਲਾਤਕਾਰ, ਨਸ਼ਿਆਂ ਕਰ ਕੇ ਮੌਤਾਂ, ਧਰਮਾਂ ਦੇ ਨਾਮ ‘ਤੇ ਉਲਝਣਾਂ, ਆਮ ਲੋਕਾਂ ਨੂੰ ਮਾਨਸਿਕ ਪੱਖੋਂ ਚਿੰਤਤ ਕਰ ਰਹੀਆਂ ਹਨ ਅਤੇ ਲੋਕ ਵਿਦੇਸ਼ ਵਸਣ ਨੂੰ ਤਰਜੀਹ ਦੇਣ ਲੱਗੇ ਹਨ। ਪਹਿਲਾਂ ਵਿਦੇਸ਼ ਗਏ ਪੰਜਾਬੀ ਅਤੇ ਹੋਰ ਲੋਕ ਆਪਣੇ ਦੇਸ਼ ਵਿੱਚ ਪੂੰਜੀ ਭੇਜਦੇ ਸਨ ਤੇ ਜਾਇਦਾਦਾਂ ਬਣਾਉਂਦੇ ਸਨ ਪਰ ਹੁਣ ਇਹ ਪ੍ਰਕਿਰਿਆ ਵੀ ਪੁੱਠੀ ਪੈਣੀ ਸ਼ੁਰੂ ਹੋ ਗਈ ਹੈ। ਪਰਵਾਸ ਕਰ ਰਹੀ ਜਵਾਨੀ ਸਦਕਾ ਇਕੱਲਾ ਆਰਥਿਕ ਘਾਟਾ ਹੀ ਨਹੀਂ ਪੈ ਰਿਹਾ ਬਲਕਿ ਸਮਾਜਿਕ ਤੇ ਮਾਨਸਿਕ ਪੱਖੋਂ ਗੰਭੀਰ ਸਿੱਟੇ ਸਾਹਮਣੇ ਆ ਰਹੇ ਹਨ। ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਸਰਕਾਰਾਂ ਨੂੰ ਯੋਗ ਪ੍ਰਸ਼ਾਸਨ ਤੇ ਵਿਕਾਸ ਨੀਤੀਆਂ ਲਾਗੂ ਕਰ ਲੋਕਾਂ ਅੰਦਰ ਇੱਥੇ ਵਸਣ ਲਈ ਭਰੋਸਾ ਬਣਾਉਣਾ ਚਾਹੀਦਾ ਹੈ। ਮੂਲ ਮੁੱਦਾ ਰੁਜ਼ਗਾਰ ਦਾ ਹੈ। ਇਹ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ, ਖੇਤੀ ਸਮੇਤ ਉਦਯੋਗਾਂ ਦੀ ਸਥਾਪਨਾ ਨਾਲ ਹੀ ਸੰਭਵ ਹੈ। ਯੋਗ ਕੋਸ਼ਿਸ਼ਾਂ ਹੀ ਸਾਨੂੰ ਬਾਹਰਲਿਆਂ ਦੇ ਧੱਕੇ ਖਾਣ ਤੋਂ ਬਚਾ ਸਕਦੀਆਂ ਹਨ।