Thursday, April 3, 2025
4.8 C
Vancouver

ਟੈਸਲਾ ਦੇ ਸ਼ੋਅਰੂਮ ਦੇ ਬਾਹਰ ਲੋਕਾਂ ਵਲੋਂ ਰੋਸ ਪ੍ਰਦਰਸ਼ਨ

ਸਰੀ : ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਸ਼ਹਿਰ ਵਿੱਚ ”ਟੈਸਲਾ ਟੇਕਡਾਊਨ” ਨਾਂਅ ਨਾਲ ਇੱਕ ਵਿਰੋਧ ਪ੍ਰਦਰਸ਼ਨ ਹੋਇਆ, ਜਿੱਥੇ ਇਕੱਠੇ ਹੋਏ ਲੋਕਾਂ ਨੇ ਕਾਰ ਖਰੀਦਣ ਵਾਲਿਆਂ ਅਤੇ ਕੈਨੇਡੀਅਨਾਂ ਨੂੰ ਸੁਨੇਹਾ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਟੈਸਲਾ ਦੇ ਮਾਲਕ ਇਲੋਨ ਮਸਕ ਨੂੰ ”ਖ਼ਤਰਨਾਕ” ਕਰਾਰ ਦਿੱਤਾ। ਪ੍ਰਦਰਸ਼ਨਕਾਰੀ ਜੋਆਨ ਫ੍ਰਾਈ ਨੇ ਕਿਹਾ, ”ਮੈਂ ਵੀ ਪਿਛਲੇ ਸਾਲ ਟੈਸਲਾ ਖਰੀਦਣ ਦੀ ਸੋਚ ਰਹੀ ਸੀ, ਪਰ ਹੁਣ ਮੈਨੂੰ ਖੁਸ਼ੀ ਹੈ ਕਿ ਮੈਂ ਨਹੀਂ ਲਈ। ਪਰ ਜੋ ਲੋਕ ਟੈਸਲਾ ਲੈ ਚੁੱਕੇ ਹਨ, ਉਨ੍ਹਾਂ ਲਈ ਮੈਨੂੰ ਅਫ਼ਸੋਸ ਹੈ। ਪਰ ਅਸੀਂ, ਕੈਨੇਡੀਅਨਾਂ ਵਜੋਂ, ਖੜ੍ਹੇ ਹੋਣਾ ਪਵੇਗਾ।”
ਇਹ ਵਿਰੋਧ ਮੁਹਿੰਮ ਅਮਰੀਕਾ ਤੋਂ ਸ਼ੁਰੂ ਹੋ ਕੇ ਹੁਣ ਕੈਨੇਡਾ ਤਕ ਫੈਲ ਰਹੀ ਹੈ।
ਇਲੋਨ ਮਸਕ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਨਜ਼ਦੀਕੀ ਕਾਰਨ ਟੈਸਲਾ ‘ਤੇ ਵਿਰੋਧ ਹੋ ਰਿਹਾ ਹੈ। ਲੈਂਗਲੀ ਤੋਂ ਇਲਾਵਾ, ਐਡਮੰਟਨ, ਅਲਬਰਟਾ ਵਿੱਚ ਵੀ ਟੈਸਲਾ ਡੀਲਰਸ਼ਿਪ ਬਾਹਰ ਇੱਕ ਛੋਟਾ ਸਮੂਹ ਇਕੱਠਾ ਹੋਇਆ। ਇਸ ਤੋਂ ਇਲਾਵਾ, ਹੈਮਿਲਟਨ (ਓਂਟਾਰੀਓ) ਸਮੇਤ ਹੋਰ ਥਾਵਾਂ ‘ਤੇ ਟੈਸਲਾ ਗੱਡੀਆਂ ‘ਤੇ ਹਮਲੇ ਅਤੇ ਤੋੜ-ਫੋੜ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਵੈਨਕੂਵਰ ਪੁਲਿਸ ਮੁਤਾਬਕ, ਜਨਵਰੀ ਤੋਂ ਲੈ ਕੇ ਹੁਣ ਤਕ ਟੈਸਲਾ ਡੀਲਰਸ਼ਿਪਾਂ ਨਾਲ ਜੁੜੀਆਂ 8 ਵੱਖ-ਵੱਖ ਘਟਨਾਵਾਂ ਦੀ ਜਾਂਚ ਚੱਲ ਰਹੀ ਹੈ। ਪੁਲਿਸ ਦੀ ਕਾਂਸਟੇਬਲ ਟਾਨੀਆ ਵਿਸਿੰਟਿਨ ਨੇ ਕਿਹਾ, ”ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਉਹ ਸ਼ਾਂਤੀਪੂਰਨ ਵਿਰੋਧ ਕਰ ਸਕਦੇ ਹਨ, ਪਰ ਜੇਕਰ ਕਿਸੇ ਨੇ ਅਪਰਾਧਕ ਗਤੀਵਿਧੀ ਕੀਤੀ, ਤਾਂ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।”