Wednesday, April 2, 2025
12.1 C
Vancouver

ਕੈਨੇਡੀਅਨ ਫੈਡਰਲ ਚੋਣਾਂ ‘ਚ ਟੈਰਿਫ਼ ਮੁੱਖ ਚੋਣ ਮੁੱਦਾ ਬਣਿਆ

 

ਵੈਨਕੂਵਰ, (ਏਕਜੋਤ ਸਿੰਘ): ਕੈਨੇਡਾ ‘ਚ ਫੈਡਰਲ ਚੋਣਾਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਅਤੇ ਕੈਨੇਡੀਅਨ ਫੈਡਰਲ ਚੋਣ ਮੁਹਿੰਮ ਵਿਚ ਅਮਰੀਕਾ ਵਲੋਂ ਲਗਾਏ ਜਾ ਰਹੇ ਟੈਰਿਫ਼ ਇੱਕ ਵੱਡਾ ਚੋਣ ਮੁੱਦਾ ਬਣਕੇ ਉਭਰਿਆ ਹੈ। ਵੱਖ-ਵੱਖ ਪਾਰਟੀਆਂ ਵਲੋਂ ਇਸ ਮਸਲੇ ‘ਤੇ ਵੱਖਰੀ-ਵੱਖਰੀ ਨੀਤੀ ਪੇਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਵਪਾਰ, ਉਤਪਾਦਨ ਅਤੇ ਉਪਭੋਗਤਾਵਾਂ ‘ਤੇ ਹੋਣ ਵਾਲੇ ਅਸਰਾਂ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਤੋਂ ਬਾਹਰ ਬਣੀਆਂ ਕਾਰਾਂ ਅਤੇ ਹਲਕੀਆਂ ਟਰੱਕਾਂ ‘ਤੇ 25% ਟੈਰਿਫ਼ ਲਗਾਉਣ ਦਾ ਫ਼ੈਸਲਾ, ਕੈਨੇਡੀਅਨ ਚੋਣ ਮੁਹਿੰਮ ਦਾ ਕੇਂਦਰੀ ਮੁੱਦਾ ਬਣ ਗਿਆ ਹੈ। ਲਿਬਰਲ ਆਗੂ ਮਾਰਕ ਕਾਰਨੀ, ਨੇ ਆਪਣਾ ਕਿਊਬੈਕ ‘ਚ ਚੋਣ ਪ੍ਰਚਾਰ ਛੱਡ, ਆਪਣਾ ਦੌਰਾ ਰੱਦ ਕਰਕੇ ਔਟਵਾ ਜਾਣ ਦਾ ਫ਼ੈਸਲਾ ਕੀਤਾ। ਉੱਥੇ, ਉਨ੍ਹਾਂ ਨੇ ਕੈਨੇਡਾ-ਅਮਰੀਕਾ ਸੰਬੰਧੀ ਕੌਂਸਲ ਦੀ ਬੈਠਕ ਬੁਲਾਈ ਤਾਂ ਕਿ ਆਟੋ ਟੈਰਿਫ਼ਾਂ ਨੂੰ ਲੈ ਕੇ ਕੈਨੇਡਾ ਦੀ ਜਵਾਬੀ ਯੋਜਨਾ ‘ਤੇ ਚਰਚਾ ਕੀਤੀ ਜਾਵੇ।
ਕੰਜ਼ਰਵੇਟਿਵ ਆਗੂ ਪੀਅਰ ਪੌਲੀਵੀਅਰ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ‘ਚ ਹਨ, ਜਦਕਿ ਐਨਡੀਪੀ ਆਗੂ ਜਗਮੀਤ ਸਿੰਘ ਓਂਟਾਰੀਓ ‘ਚ ਆਪਣੇ ਚੋਣ ਪ੍ਰਚਾਰ ਦੇ ਦੌਰੇ ‘ਤੇ ਹਨ। ਕਾਰਨੀ ਨੇ ਅਮਰੀਕੀ ਟੈਰਿਫ਼ਾਂ ‘ਤੇ ਕੈਨੇਡਾ ਦੇ ਜਵਾਬ ਬਾਰੇ ਪੁੱਛੇ ਜਾਣ ‘ਤੇ ਸੰਕੇਤ ਦਿੱਤੇ ਕਿ ਸਰਕਾਰ ਅਜੇ ਤਕੜਾ ਫ਼ੈਸਲਾ ਲੈਣ ਦੀ ਸਥਿਤੀ ‘ਚ ਨਹੀਂ ਹੈ।
ਉਨ੍ਹਾਂ ਕਿਹਾ, “ਅਸੀਂ ਅਗਲੇ ਹਫ਼ਤੇ ਕਾਫ਼ੀ ਕੁਝ ਹੋਣ ਵਾਲਾ ਹੈ। ਇਸ ਲਈ ਹੁਣੇ ਹੀ ਕੋਈ ਕਦਮ ਚੁੱਕਣਾ ਸਮਝਦਾਰੀ ਨਹੀਂ ਹੋਵੇਗੀ।”
2 ਅਪਰੈਲ ਨੂੰ, ਟਰੰਪ ਨੇ ਹੋਰ ਵਪਾਰਿਕ ਟੈਰਿਫ਼ ਲਗਾਉਣ ਦੀ ਯੋਜਨਾ ਬਣਾਈ ਹੈ, ਜਿਸ ਤਹਿਤ ਅਮਰੀਕਾ ਆਪਣੇ ਸਾਰੇ ਵਪਾਰਿਕ ਸਾਥੀਆਂ ‘ਤੇ ਟੈਕਸ ਲਗਾਵੇਗਾ। ਕਾਰਨੀ ਦਾ ਕਹਿਣਾ ਹੈ ਕਿ ਇਹ ਦੇਖਣ ਲਈ ਉਡੀਕ ਕਰਨੀ ਜ਼ਰੂਰੀ ਹੈ ਕਿ ਇਹ ਨਵੇਂ ਟੈਰਿਫ਼ ਕਿਨ੍ਹਾਂ ਦੇਸ਼ਾਂ ‘ਤੇ ਅਤੇ ਕਿਸ ਤਰੀਕੇ ਨਾਲ ਲਾਗੂ ਕੀਤੇ ਜਾਣਗੇ।
ਕਾਰਨੀ ਨੇ ਟੈਰਿਫ਼ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ “ਸਮਝਦਾਰੀ ਨਾਲ” ਜਵਾਬ ਦੇਣ ਦੀ ਗੱਲ ਕੀਤੀ ਹੈ।

“ਟੈਰਿਫ਼ ਹਟਾਓ, ਨਾ ਤਾਂ ਜਵਾਬੀ ਕਾਰਵਾਈ ਲਈ ਤਿਆਰ ਰਹੋ” : ਪੀਅਰ ਪੌਲੀਵੀਅਰ
ਬ੍ਰਿਟਿਸ਼ ਕੋਲੰਬੀਆ ‘ਚ ਆਪਣਾ ਚੋਣ ਪ੍ਰਚਾਰ ਕਰ ਰਹੇ ਕੰਜ਼ਰਵੇਟਿਵ ਆਗੂ ਪੀਅਰ ਪੌਲੀਵੀਅਰ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ, ਤਾਂ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਆਟੋ-ਟੈਰਿਫ਼ਾਂ ਦੇ ਵਿਰੁੱਧ “ਮਜ਼ਬੂਤੀ ਨਾਲ ਲੜੇਗੀ”।
ਉਨ੍ਹਾਂ ਨੇ ਕਿਹਾ, “ਮੇਰਾ ਟਰੰਪ ਨੂੰ ਸੰਦੇਸ਼ ਹੈ૷ਇਹ ਸਭ ਬੰਦ ਕਰੋ। ਅਮਰੀਕਾ ਆਪਣੇ ਦੋਸਤਾਂ ‘ਤੇ ਹਮਲਾ ਕਰਨਾ ਬੰਦ ਕਰੇ ਅਤੇ ਵਪਾਰ ਦੁਬਾਰਾ ਆਮ ਰਾਹ ‘ਤੇ ਲਿਆਵੇ, ਤਾਂ ਜੋ ਦੋਵਾਂ ਦੇਸ਼ ਹੋਰ ਅਮੀਰ, ਮਜ਼ਬੂਤ ਅਤੇ ਸੁਰੱਖਿਅਤ ਹੋ ਸਕਣ।”
ਪੌਲੀਵੀਅਰ ਨੇ ਇਹ ਟਿੱਪਣੀਆਂ ਬ੍ਰਿਟਿਸ਼ ਕੋਲੰਬੀਆ ਦੇ ਕੋਕਵਿਟਲ ਸ਼ਹਿਰ ‘ਚ ਅਪੋਲੋ ਸ਼ੀਟ ਮੈਟਲ ਫੈਕਟਰੀ ‘ਚ ਚੋਣ ਪ੍ਰਚਾਰ ਦੌਰਾਨ ਕੀਤੀਆਂ।
ਉਨ੍ਹਾਂ ਨੇ ਟਰੰਪ ਵੱਲੋਂ ਵਿਦੇਸ਼ੀ ਬਣੀਆਂ ਕਾਰਾਂ ਅਤੇ ਟਰੱਕਾਂ ‘ਤੇ 25% ਟੈਰਿਫ਼ ਲਗਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ “ਤਬਾਹੀ ਲਿਆਉਣ ਵਾਲੀ” ਨੀਤੀ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਖ਼ਤਰੇ ‘ਚ ਪੈ ਸਕਦੇ ਹਨ।
ਉਨ੍ਹਾਂ ਨੇ ਕਿਹਾ, “ਅਸੀਂ ਕਦੇ ਵੀ ਅਮਰੀਕਾ ਦਾ 51ਵਾਂ ਰਾਜ ਨਹੀਂ ਬਣਾਂਗੇ। ਪਰ ਜੇਕਰ ਟਰੰਪ ਇਹ ਗਲਤ ਨੀਤੀ ਹਟਾ ਲੈਣ, ਤਾਂ ਅਸੀਂ ਦੋਬਾਰਾ ਦੋਸਤ ਬਣ ਸਕਦੇ ਹਾਂ।”
ਪੌਲੀਵੀਅਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਟਰੰਪ ਨੇ ਇਹ ਟੈਰਿਫ਼ ਜਾਰੀ ਰਖੇ, ਤਾਂ ਕੈਨੇਡਾ ਪੂਰੀ ਤਰ੍ਹਾਂ ਜਵਾਬ ਦੇਵੇਗਾ।
ਉਨ੍ਹਾਂ ਕਿਹਾ, “ਜੇਕਰ ਟਰੰਪ ਇਹ ਟੈਰਿਫ਼ ਲਗਾਉਂਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਨਤੀਜਾ ਵੀ ਭੁਗਤਣਾ ਪਵੇਗਾ। ਸ਼ੁਰੂਆਤੀ ਤੌਰ ‘ਤੇ ਇਹ ਸਾਨੂੰ ਨੁਕਸਾਨ ਦੇ ਸਕਦੇ ਹਨ, ਪਰ ਅਸੀਂ ਲੜਾਂਗੇ।”
ਉਨ੍ਹਾਂ ਕਿਹਾ “ਨਵੀਂ ਮਜ਼ਬੂਤ ਕੰਜ਼ਰਵੇਟਿਵ ਸਰਕਾਰ ਦੇ ਚਾਰ ਸਾਲਾਂ ਅੰਦਰ, ਅਸੀਂ ਪੂਰੀ ਤਰ੍ਹਾਂ ਦੁਬਾਰਾ ਖੜ੍ਹੇ ਹੋ ਜਾਵਾਂਗੇ। ਅਸੀਂ ਆਪਣੀ ਅਰਥਵਿਵਸਥਾ ਮੁੜ-ਤਿਆਰ ਕਰਾਂਗੇ। ਅਸੀਂ ਅਮਰੀਕਾ ‘ਤੇ ਆਧਾਰਤ ਨਹੀਂ ਰਹਾਂਗੇ।”
ਉਨ੍ਹਾਂ ਨੇ ਅਗੇ ਕਿਹਾ, “ਜੇਕਰ ਟਰੰਪ ਨੇ ਇਹ ਟੈਰਿਫ਼ ਨਹੀਂ ਹਟਾਏ, ਤਾਂ ਉਹ ਆਪਣਾ ਸਭ ਤੋਂ ਵੱਡਾ ਵਪਾਰਕ ਸਾਥੀ ਅਤੇ ਦੋਸਤ ਗਵਾ ਬੈਠਣਗੇ।”
ਉਨ੍ਹਾਂ ਮੁੱਖ ਤੌਰ ‘ਤੇ ਇਹ ਵਾਅਦਾ ਕੀਤਾ ਕਿ “ਕੈਨੇਡਾ ਦੀ ਅਰਥਵਿਵਸਥਾ ਨੂੰ ਨਵਾਂ ਰੂਪ ਦਿੱਤਾ ਜਾਵੇਗਾ, ਜਿਸ ਨਾਲ ਇਹ ਟੈਰਿਫ਼ਾਂ ਦੇ ਪ੍ਰਭਾਵ ਤੋਂ ਬਚ ਸਕੇ।”

ਜਗਮੀਤ ਸਿੰਘ ਨੇ ਟਰੰਪ ਦੇ ਟੈਰਿਫ਼ਾਂ ਨੂੰ “ਗੈਰਕਾਨੂੰਨੀ ਵਪਾਰਕ ਜੰਗ” ਕਰਾਰ ਦਿੱਤਾ
ਇਸ ਦੇ ਤਰ੍ਹਾਂ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਟਰੰਪ ਦੇ ਨਵੇਂ ਟੈਰਿਫ਼ਾਂ ਨੂੰ “ਗੈਰਕਾਨੂੰਨੀ ਵਪਾਰਕ ਜੰਗ” ਕਰਾਰ ਦਿੰਦਿਆਂ, ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਉਦਯੋਗਿਕ ਸਾਮਾਨ ਨੂੰ ਕੈਨੇਡਾ ਤੋਂ ਬਾਹਰ ਜਾਣ ਨਹੀਂ ਦੇਣਗੇ।
ਜਗਮੀਤ ਸਿੰਘ ਨੇ ਵਿੰਡਸਰ ‘ਚ ਆਟੋ-ਉਦਯੋਗ ਨਾਲ ਜੁੜੇ ਮਜ਼ਦੂਰਾਂ ਨਾਲ ਮੁਲਾਕਾਤ ਦੌਰਾਨ ਕਿਹਾ, “ਕੈਨੇਡੀਅਨ ਲੋਕ ਗੁੱਸੇ ਵਿੱਚ ਹਨ, ਪਰ ਵਿੰਡਸਰ ਦੇ ਲੋਕ ਬਹੁਤ ਹੀ ਨਾਰਾਜ਼ ਹਨ।”
ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਜੋ ਵੀ ਪੈਸਾ ਜਵਾਬੀ ਟੈਰਿਫ਼ਾਂ ਰਾਹੀਂ ਇਕੱਠਾ ਹੋਵੇਗਾ, ਉਹ ਮੁਕੰਮਲ ਤੌਰ ‘ਤੇ ਮਜ਼ਦੂਰਾਂ ਅਤੇ ਵਪਾਰ-ਪ੍ਰਭਾਵਿਤ ਭਾਈਚਾਰਿਆਂ ਦੀ ਮਦਦ ਲਈ ਹੀ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਮਜ਼ਦੂਰਾਂ ਨੂੰ ਇਕੱਲਾ ਨਹੀਂ ਛੱਡਾਂਗੇ, ਜਿਹਨਾਂ ‘ਤੇ ਇਹ ਵਿਅਪਾਰਕ ਜੰਗ ਅਸਰ ਪਾ ਰਹੀ ਹੈ। ਕੋਈ ਵੀ ਉਦਯੋਗਿਕ ਸਾਮਾਨ ਕੈਨੇਡਾ ਤੋਂ ਬਾਹਰ ਨਹੀਂ ਜਾਵੇਗਾ”
ਜਗਮੀਤ ਸਿੰਘ ਨੇ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਉਤਪਾਦਨਕਾਰੀ ਉਪਕਰਣ (manufactuirng eqiupment) ਨੂੰ ਕੈਨੇਡਾ ਤੋਂ ਬਾਹਰ ਜਾਣ ਨਹੀਂ ਦੇਵੇਗੀ।
ਉਨ੍ਹਾਂ ਨੇ ਕਿਹਾ, “ਕੈਨੇਡਾ ਦੇ ਉਦਯੋਗਾਂ ਵਿੱਚ ਕੀਤੇ ਗਏ ਨਿਵੇਸ਼ ‘ਚ ਸਾਡੇ ਲੋਕਾਂ ਦਾ ਹਿੱਸਾ ਹੈ। ਅਸੀਂ ਕਿਸੇ ਵੀ ਉਦਯੋਗਿਕ ਮਸ਼ੀਨਰੀ ਨੂੰ ਦੇਸ਼ ਤੋਂ ਬਾਹਰ ਨਹੀਂ ਜਾਣ ਦੇਵਾਂਗੇ।”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਐਨਡੀਪੀ ਸਰਕਾਰ ਬਣੀ ਤਾਂ ਮਜ਼ਦੂਰਾਂ ਲਈ ਬਿਹਤਰ ਇਨਸ਼ੋਰੈਂਸ ਯੋਜਨਾ ਲਿਆਂਦੀ ਜਾਵੇਗੀ। ਸਰਕਾਰੀ ਵਿਭਾਗ ਅਤੇ ਏਜੰਸੀਆਂ ਘਰੇਲੂ ਤਿਆਰ ਕੀਤੀਆਂ ਕਾਰਾਂ ਹੀ ਖਰੀਦਣਗੇ। ਸਾਰੇ ਉਦਯੋਗਿਕ ਅਤੇ ਆਟੋ-ਉਤਪਾਦਨ ਖੇਤਰਾਂ ‘ਚ ਨਵੇਂ ਨਿਵੇਸ਼ ਵਧਾਏ ਜਾਣ।
ਜਗਮੀਤ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਹੋਰ ਪਾਰਟੀਆਂ ਨਾਲ ਨੀਤੀਆਂ ਨੂੰ ਲੈ ਕੇ ਅਕਸਰ ਅਸਹਿਮਤੀ ਰਹਿੰਦੀ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਦੇ ਟੈਰਿਫ਼ਾਂ ‘ਤੇ ਪੂਰਾ ਦੇਸ਼ ਇਕੱਠਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ, “ਜਦੋਂ ਗੱਲ ਟਰੰਪ ਦੀ ਆਉਂਦੀ ਹੈ, ਤਾਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਸਾਡੇ ਮਜ਼ਦੂਰਾਂ ਨੂੰ ਬਚਾਉਣ, ਜਵਾਬੀ ਟੈਰਿਫ਼ ਲਾਉਣ, ਅਤੇ ਕੈਨੇਡਾ ਦੀ ਅਰਥਵਿਵਸਥਾ ਦੀ ਰਾਖੀ ਕਰਨ ਲਈ ਸਾਨੂੰ ਇੱਕਜੁਟ ਹੋਣਾ ਚਾਹੀਦਾ ਹੈ।”
ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਾਲੇ ਤੱਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਟਰੰਪ ਦੇ ਨਵੇਂ ਟੈਰਿਫ਼ਾਂ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ।