ਲਿਖਤ : ਡਾ. ਸ਼ੈਲੀ ਵਾਲੀਆ
ਪਰੰਪਰਾਗਤ ਰੀਤਾਂ, ਜੋ ਸਭਿਆਚਾਰਕ ਪਛਾਣ ਅਤੇ ਭਾਈਚਾਰਕ ਸਾਂਝ ਨਾਲ ਗਹਿਰੇ ਰੂਪ ਵਿਚ ਜੁੜੀਆਂ ਹੁੰਦੀਆਂ ਹਨ, ਅੱਜ ਉੱਚ-ਵਰਗ ਦੇ ਵਿਹਾਰ ਅਤੇ ਕਾਰਪੋਰੇਟੀ ਲਾਲਚ ਕਾਰਨ ਨਿਰੰਤਰ ਖਤਰੇ ਵਿਚ ਹਨ। ਪਰੰਪਰਾਗਤ ਸਮਾਰੋਹ ਜੋ ਕਦੇ ਪਵਿੱਤਰ ਅਤੇ ਸਥਾਨਕ ਤੌਰ ‘ਤੇ ਮਹੱਤਵਪੂਰਨ ਸਨ, ਹੁਣ ਸਿਰਫ਼ ਅਮੀਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਲਈ ਵਪਾਰਕ ਸਮਾਗਮਾਂ ਵਿਚ ਤਬਦੀਲ ਹੋ ਰਹੇ ਹਨ। ਉੱਚ-ਵਰਗੀ ਪ੍ਰਭਾਵ ਰਵਾਇਤੀ ਪ੍ਰਥਾਵਾਂ ਨੂੰ ਪੁਰਾਤਨ ਜਾਂ ਪੱਛੜਿਆ ਗਰਦਾਨ ਕੇ ਇਨ੍ਹਾਂ ਨੂੰ ਅਜਿਹੇ ਰੂਪ ਵਿਚ ਦੁਬਾਰਾ ਘੜ ਰਿਹਾ ਹੈ ਜੋ ਸਿਰਫ਼ ਇਕ ਖ਼ਾਸ ਵਰਗ ਨੂੰ ਪਸੰਦ ਆਉਣ, ਨਾ ਕਿ ਉਸ ਮੂਲ ਭਾਈਚਾਰੇ ਨੂੰ ਜਿਸ ਨੇ ਉਨ੍ਹਾਂ ਨੂੰ ਸਥਾਪਿਤ ਕੀਤਾ ਹੁੰਦਾ ਹੈ। ਇਹ ਲੋਕਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਵਿਰਸੇ ਤੋਂ ਦੂਰ ਕਰਦਾ ਹੈ ਸਗੋਂ ਸਾਡੀਆਂ ਸਭਿਆਚਾਰਕ ਸਿਰਜਣਾਵਾਂ ਨੂੰ ਮੁਨਾਫ਼ੇ ਦੀਆਂ ਵਸਤੂਆਂ ਵਿਚ ਵੀ ਤਬਦੀਲ ਕਰਦਾ ਹੈ।
ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਜਸ਼ਨਾਂ ਦੌਰਾਨ ਪੋਲੋ ਖੇਡ ਨੂੰ ਸ਼ਾਮਲ ਕਰਨ ਦੇ ਪ੍ਰਸਤਾਵ ਨੇ ਸਿੱਖ ਭਾਈਚਾਰੇ ਵਿਚ ਡੂੰਘੀ ਚਰਚਾ ਅਤੇ ਚਿੰਤਾ ਨੂੰ ਜਨਮ ਦਿੱਤਾ ਹੈ। 14 ਮਾਰਚ ਨੂੰ, ਪੰਜਾਬ ਅਰੇਨਾ ਪੋਲੋ ਚੈਲੇਂਜ ਕੱਪ ਬਹੁਤ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ, ਜਿਸ ਨਾਲ ਇਹ ਹੋਲੇ ਮਹੱਲੇ ਦੇ ਮੁੱਖ ਸਮਾਗਮਾਂ ਵਿਚੋਂ ਇਕ ਬਣ ਗਿਆ।
ਇਹ ਸਮਝਣਾ ਜ਼ਰੂਰੀ ਹੈ ਕਿ ਆਨੰਦਪੁਰ ਸਾਹਿਬ ਕੇਵਲ ਇਕ ਇਤਿਹਾਸਕ ਸਥਾਨ ਹੀ ਨਹੀਂ ਹੈ; ਇਹ ਸਿੱਖ ਪਛਾਣ ਦਾ ਇਕ ਅਨਿੱਖੜਵਾਂ ਅੰਗ ਹੈ, ਜਿੱਥੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਹ ਸਥਾਨ ਸਿੱਖਾਂ ਦੀ ਬਹਾਦਰੀ, ਕੁਰਬਾਨੀ ਅਤੇ ਫੌਜੀ ਪਰੰਪਰਾ ਦਾ ਪ੍ਰਤੀਕ ਹੈ। ਉਸ ਦੀਆਂ ਪ੍ਰਰੰਪਰਕ ਪ੍ਰਥਾਵਾਂ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨਾ ਅਤਿ ਦਰਜੇ ਦੀ ਅਸੰਵੇਦਨਸ਼ੀਲਤਾ ਹੈ ਅਤੇ ਇਹ ਤਿੰਨ ਸ਼ਤਾਬਦੀਆਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਗੰਭੀਰ ਰੂਪ ਵਿਚ ਨੁਕਸਾਨ ਪਹੁੰਚਾਉਣ ਵਾਲਾ ਹੈ। ਇਹ ਪ੍ਰਸਤਾਵ ਮਹਿਜ਼ ਗੰਭੀਰ ਵਿਸੰਗਤੀ ਹੀ ਨਹੀਂ ਹੈ ਸਗੋਂ ਵੱਡੀ ਗਲਤੀ ਹੈ ਜਿਹੜੀ ਸਮੁੱਚੇ ਰੂਪ ਵਿਚ ਸਾਡੀਆਂ ਪਰੰਪਰਕ ਖੇਡਾਂ ਅਤੇ ਧਾਰਮਿਕ ਉਤਸਵਾਂ ਦੀ ਪਵਿੱਤਰਤਾ ਨੂੰ ਨਸ਼ਟ ਕਰਦੀ ਹੈ।
ਅਜਿਹੀ ਤਬਦੀਲੀ ਨੂੰ ਸਵੀਕਾਰ ਕਰਨਾ ਸਿੱਖ ਵਿਰਾਸਤ ਤੇ ਖਾਲਸਾ ਪੰਥ ਦੇ ਸੰਕਲਪ ਨੂੰ ਮਿਟਾਉਣ ਦੇ ਬਰਾਬਰ ਹੋਵੇਗਾ। ਹੋਲੇ ਮਹੱਲੇ ਦੀਆਂ ਰਵਾਇਤੀ ਮਾਰਸ਼ਲ ਖੇਡਾਂ, ਜੋ ਸਮੂਹਿਕ ਦ੍ਰਿੜਤਾ, ਭਾਈਚਾਰਕ ਤਾਕਤ ਅਤੇ ਅਟੁੱਟ ਇਰਾਦੇ ਦਾ ਪ੍ਰਦਰਸ਼ਨ ਕਰਦੀਆਂ ਹਨ, ਗੁਰੂ ਜੀ ਦੀ ਵਿਰਾਸਤ ਦਾ ਜਿਊਂਦਾ ਜਾਗਦਾ ਪ੍ਰਮਾਣ ਹਨ। ਨਿਹੰਗ ਸਿੰਘ ਆਪਣੇ ਵਿਲੱਖਣ ਨੀਲੇ ਪਹਿਰਾਵੇ ਵਿਚ ਗੱਤਕਾ, ਤਲਵਾਰਬਾਜ਼ੀ, ਤੰਬੂ ਲਾਉਣਾ, ਤੀਰਅੰਦਾਜ਼ੀ ਅਤੇ ਹੋਰ ਪੇਂਡੂ ਖੇਡਾਂ ਵਿਚ ਬੇਮਿਸਾਲ ਲੜਾਈ ਦੇ ਹੁਨਰ ਅਤੇ ਮੁਹਾਰਤ ਦਾ ਪ੍ਰਦਰਸ਼ਨ ਕਰਦੇ ਹਨ। ਇਨ੍ਹਾਂ ਵਿਚ ਨਿਡਰ ਘੋੜਸਵਾਰੀ ਅਤੇ ਦੋ-ਦੌੜਦੇ ਘੋੜਿਆਂ ‘ਤੇ ਖੜ੍ਹੇ ਹੋਣ ਵਰਗੇ ਸ਼ਾਨਦਾਰ ਕਰਤੱਬ ਵੀ ਸ਼ਾਮਲ ਹਨ। ਇਹ ਪ੍ਰਦਰਸ਼ਨ ਸਿਰਫ਼ ਖੇਡਾਂ ਨਹੀਂ ਹਨ ਸਗੋਂ ਸਿੱਖ ਬਹਾਦਰੀ ਦੀ ਪਰੰਪਰਾ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਸਿਖਾਏ ਗਏ ਅਨੁਸ਼ਾਸਨ, ਪਛਾਣ ਅਤੇ ਹਿੰਮਤ ਦਾ ਜੀਵੰਤ ਚਿੱਤਰਣ ਹਨ। ਇਹ ਤਿਉਹਾਰ, ਜਿਸ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਕੀਤੀ ਸੀ, ਸਿੱਖਾਂ ਦੁਆਰਾ ਮੁਗਲ ਸਾਮਰਾਜ ਵਰਗੀਆਂ ਦਮਨਕਾਰੀ ਸ਼ਕਤੀਆਂ ਵਿਰੁੱਧ ਬਹਾਦਰੀ ਨਾਲ ਲੜੀਆਂ ਗਈਆਂ ਲੜਾਈਆਂ ਦੀ ਯਾਦ ਦਿਵਾਉਂਦਾ ਹੈ।
ਪੋਲੋ ਖੇਡ ਨੂੰ ਸ਼ਾਮਲ ਕਰਨ ‘ਤੇ ਇਕ ਵੱਡਾ ਇਤਰਾਜ਼ ਇਹ ਹੈ ਕਿ ਇਹ ਸਾਦਗੀ ਅਤੇ ਸਮਾਵੇਸ਼ ਦੇ ਸਿੱਖ ਸਿਧਾਂਤਾਂ ਤੋਂ ਭਟਕਾਉਂਦਾ ਹੈ। ਸਿੱਖ ਧਰਮ ਨਿਰਪੱਖਤਾ, ਸਵੈ-ਸੰਜਮ ਅਤੇ ਸਮੂਹ ਸਾਂਝ ਦੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ। ਹੋਲਾ ਮਹੱਲਾ ਦੀਆਂ ਰਵਾਇਤੀ ਖੇਡਾਂ ਇਨ੍ਹਾਂ ਕਦਰਾਂ-ਕੀਮਤਾਂ ਦੇ ਅਨੁਸਾਰ ਹਨ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕਰਦੀਆਂ ਹਨ। ਇਸ ਦੇ ਉਲਟ, ਪੋਲੋ ਖੇਡ ਨੂੰ ਆਮ ਤੌਰ ‘ਤੇ ਕੁਲੀਨ ਵਰਗ ਨਾਲ ਜੋੜਿਆ ਜਾਂਦਾ ਹੈ, ਜਿਸ ਨਾਲ ਭਾਈਚਾਰੇ ਦੇ ਅੰਦਰ ਵੰਡ ਦੀ ਭਾਵਨਾ ਪੈਦਾ ਹੋ ਸਕਦੀ ਹੈ। ਰਵਾਇਤੀ ਪੇਂਡੂ ਖੇਡਾਂ ਤੋਂ ਲੈ ਕੇ ਉੱਚ ਪੱਧਰੀ ਖੇਡਾਂ ਤੱਕ ਦੀ ਤਬਦੀਲੀ ਨਾਲ ਸੰਗਤ ਦਾ ਇਕ ਵੱਡਾ ਹਿੱਸਾ ਅਲੱਗ-ਥਲੱਗ ਪੈ ਸਕਦਾ ਹੈ ਜੋ ਆਨੰਦਪੁਰ ਸਾਹਿਬ ਆਪਣੀ ਵਿਰਾਸਤ ਨਾਲ ਫਿਰ ਤੋਂ ਜੁੜਨ ਲਈ ਆਉਂਦੇ ਹਨ। ਇਸ ਤੋਂ ਇਲਾਵਾ, ਪੋਲੋ ਲਈ ਵਿਸ਼ੇਸ਼ ਘੋੜੇ, ਮਹਿੰਗੇ ਉਪਕਰਣ ਅਤੇ ਸਮਰਪਿਤ ਖੇਡਾਂ ਦੇ ਮੈਦਾਨਾਂ ਦੀ ਲੋੜ ਹੁੰਦੀ ਹੈ, ਜੋ ਕਿ ਵਿਹਾਰਕ ਨਹੀਂ ਹੈ। ਆਨੰਦਪੁਰ ਸਾਹਿਬ ਵਿਖੇ ਸਕੂਲ ਦੇ ਮੈਦਾਨ ਨੂੰ ਪੋਲੋ ਦੀ ਮੇਜ਼ਬਾਨੀ ਲਈ ਆਪਣੇ ਕਬਜ਼ੇ ਵਿਚ ਲੈਣ ਨਾਲ ਉਹ ਵਰਤੋਂ ਯੋਗ ਨਹੀਂ ਰਹਿਣਗੇ ਕਿਉਂਕਿ ਘੋੜਿਆਂ ਦੇ ਦੌੜਨ ਨਾਲ ਜ਼ਮੀਨ ਨੂੰ ਨੁਕਸਾਨ ਹੋਵੇਗਾ। ਵਰਤਮਾਨ ਵਿਚ ਇਸ ਤਿਉਹਾਰ ਵਿਚ ਵੱਖ-ਵੱਖ ਪਿਛੋਕੜਾਂ ਦੇ ਹਜ਼ਾਰਾਂ ਸਿੱਖ ਰਵਾਇਤੀ ਘੋੜਸਵਾਰੀ ਅਤੇ ਮਾਰਸ਼ਲ ਆਰਟਸ ਦਾ ਪ੍ਰਦਰਸ਼ਨ ਕਰਦੇ ਹਨ। ਪੋਲੋ ਨੂੰ ਸ਼ਾਮਲ ਕਰਨ ਨਾਲ ਸਿਰਫ਼ ਅਮੀਰਾਂ ਦੀ ਭਾਗੀਦਾਰੀ ਵਧੇਗੀ, ਜਿਸ ਨਾਲ ਇਸ ਭਾਈਚਾਰਕ ਸਮਾਗਮ ਦੀ ਸਾਂਝ ਦੀ ਪ੍ਰਵਿਰਤੀ ਪ੍ਰਭਾਵਿਤ ਹੋਵੇਗੀ। ਪਵਿੱਤਰ ਸਥਾਨਾਂ ਦਾ ਅਜਿਹਾ ਵਪਾਰੀਕਰਨ ਸਿੱਖ ਪਛਾਣ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ।
ਇਸ ਬਦਲਾਅ ਬਾਰੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਨਾਲ ਇਸ ਪਵਿੱਤਰ ਤਿਉਹਾਰ ਦਾ ਵਪਾਰੀਕਰਨ ਹੋ ਸਕਦਾ ਹੈ। ਪੋਲੋ ਵਰਗੀ ਖੇਡ ਨੂੰ ਸ਼ਾਮਲ ਕਰਨ ਨਾਲ ਕਾਰਪੋਰੇਟ ਸਪਾਂਸਰਸ਼ਿਪ, ਟਿਕਟ-ਅਧਾਰਤ ਸਮਾਗਮਾਂ ਅਤੇ ਇਸ ਦੇ ਅਧਿਆਤਮਕ ਸਭਿਆਚਾਰਕ ਮਹੱਤਵ ਦੇ ਨੁਕਸਾਨ ਦਾ ਜੋਖਮ ਵੱਧ ਜਾਂਦਾ ਹੈ। ਸਮੇਂ ਦੇ ਨਾਲ, ਇਸ ਦਾ ਧਿਆਨ ਸਿੱਖ ਬਹਾਦਰੀ ਅਤੇ ਰਵਾਇਤੀ ਮਾਰਸ਼ਲ ਆਰਟਸ ਦੇ ਜਸ਼ਨ ਤੋਂ ਬਦਲ ਕੇ ਇਕ ਆਧੁਨਿਕ, ਵਪਾਰਕ ਤਮਾਸ਼ੇ ਵੱਲ ਹੋ ਸਕਦਾ ਹੈ। ਇਹ ਨਾ ਸਿਰਫ਼ ਗੁਰੂ ਗੋਬਿੰਦ ਸਿੰਘ ਦੀ ਵਿਰਾਸਤ ਨਾਲ ਵਿਸ਼ਵਾਸਘਾਤ ਹੋਵੇਗਾ ਸਗੋਂ ਇਸ ਤਿਉਹਾਰ ਦੀਆਂ ਭਾਈਚਾਰਕ ਕਦਰਾਂ-ਕੀਮਤਾਂ ਨੂੰ ਵੀ ਕਮਜ਼ੋਰ ਕਰੇਗਾ।
ਇਤਿਹਾਸ ਦਰਸਾਉਂਦਾ ਹੈ ਕਿ ਆਨੰਦਪੁਰ ਸਾਹਿਬ ਵਿਚ ਪੋਲੋ ਖੇਡ ਨੂੰ ਸ਼ਾਮਲ ਕਰਨਾ ਅਣਉਚਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀ ਗਈ ਯੁੱਧ ਦੀ ਸਿਖਲਾਈ ਮਨੋਰੰਜਨ ਜਾਂ ਆਰਾਮ ਲਈ ਨਹੀਂ ਸੀ ਸਗੋਂ ਸਿੱਖਾਂ ਨੂੰ ਆਪਣੇ ਧਰਮ ਅਤੇ ਸਮਾਜ ਦੀ ਰੱਖਿਆ ਲਈ ਤਿਆਰ ਕਰਨ ਲਈ ਸੀ। ਹੋਲੇ ਮਹੱਲੇ ਦੀਆਂ ਖੇਡਾਂ ਅਤੇ ਯੁੱਧ-ਯੰਤਰ ਸਿਰਫ਼ ਖੇਡਾਂ ਨਹੀਂ ਹਨ ਸਗੋਂ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਇਕ ਸ਼ਰਧਾਂਜਲੀ ਹਨ। ਅਜਿਹੇ ਪਵਿੱਤਰ ਸਮਾਗਮ ਵਿਚ ਪੋਲੋ ਖੇਡ ਨੂੰ ਤਰਜੀਹ ਦੇਣ ਨਾਲ ਇਸ ਦੀ ਇਤਿਹਾਸਕ ਮਹੱਤਤਾ ਘੱਟ ਸਕਦੀ ਹੈ। ਪਵਿੱਤਰ ਪਰੰਪਰਾਵਾਂ ਦਾ ਵਪਾਰੀਕਰਨ ਉਨ੍ਹਾਂ ਦੇ ਸਭਿਆਚਾਰਕ ਮਹੱਤਵ ਅਤੇ ਅਧਿਆਤਮਕਤਾ ਨੂੰ ਘਟਾਉਂਦਾ ਹੈ।
ਸਾਡੀ ਵਿਰਾਸਤ ਦੀ ਪਰੰਪਰਾ ਨੂੰ ਸੁਰੱਖਿਅਤ ਕਰਨ ਲਈ ਪਰੰਪਰਕ ਰੀਤੀ-ਰਿਵਾਜਾਂ ਦਾ ਜ਼ਿੰਮੇਵਾਰੀ ਨਾਲ ਪਾਲਣ ਕਰਨਾ ਜ਼ਰੂਰੀ ਹੈ ਤਾਂ ਕਿ ਉਹਨਾਂ ਦੇ ਸਭਿਆਚਾਰਕ ਮਹੱਤਵ ਨੂੰ ਨਸ਼ਟ ਕਰਨ ਵਾਲੀਆਂ ਅਰਥਹੀਣ ਤਬਦੀਲੀਆਂ ਨੂੰ ਰੋਕਿਆ ਜਾ ਸਕੇ। ਸਰਕਾਰਾਂ ਅਤੇ ਸਭਿਆਚਾਰਕ ਸੰਗਠਨਾਂ ਨੂੰ ਅਜਿਹੀਆਂ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ ਜੋ ਪਵਿੱਤਰ ਪ੍ਰਥਾਵਾਂ ਨੂੰ ਵਪਾਰੀਕਰਨ ਤੋਂ ਬਚਾਉਣ। ਸਿੱਖ ਭਾਈਚਾਰੇ ਨੂੰ ਇਸ ਗੱਲੋਂ ਵੀ ਸੁਚੇਤ ਰਹਿਣਾ ਪਵੇਗਾ ਕਿ ਹੋਲੇ ਮਹੱਲੇ ਦੀ ਉਹ ਭਾਵਨਾ ਬਰਕਰਾਰ ਰਹੇ ਜੋ ਆਪਣੇ ਅਮੀਰ ਇਤਿਹਾਸ ਦੀ ਗਵਾਹੀ ਦੇ ਰੂਪ ਵਿਚ ਕਾਰਜ ਕਰੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਤ ਮੁੱਲਾਂ ਪ੍ਰਤੀ ਅਟੁੱਟ ਪ੍ਰਤੀਬੱਧਤਾ ਨੂੰ ਬਣਾਈ ਰੱਖੇ।
ਕੀ ਪੋਲੋ ਖੇਡ ਦਾ ਹੋਲੇ ਮਹੱਲੇ ਵਿਚ ਕੋਈ ਮਹੱਤਵ ਹੈ?
