Wednesday, April 2, 2025
12.1 C
Vancouver

ਆਖ਼ਿਰੀ ਅਲਵਿਦਾ

 

ਲਿਖਤ : ਸੁਖਜੀਤ ਸਿੰਘ ਵਿਰਕ
ਸੰਪਰਕ: 98158-97878
ਚਾਰ ਦਹਾਕੇ ਹੋ ਗਏ ਨੇ૴ ਜਦੋਂ ਵੀ ਉਸ ਸੜਕ ਤੋਂ ਲੰਘਣ ਲੱਗਿਆਂ ਪਿੰਡ ਕੋਠੇ ਥੇਹ ਵਾਲੇ૴ ਕੋਟਕਪੂਰਾ૴ ਚਾਰ ਕਿਲੋਮੀਟਰ ਦਾ ਬੋਰਡ ਦੇਖਦਾ ਹਾਂ ਤਾਂ ਹਰ ਵਾਰ ਮੇਰੀ ਗੱਡੀ ਦੀ ਰਫ਼ਤਾਰ ਜ਼ਰਾ ਸਹਿਜ ਹੋ ਜਾਂਦੀ ਹੈ। ਚਾਰ ਕੁ ਕਿੱਲੇ ਦੂਰ ਲਹਿ-ਲਹਾਉਂਦੀ ਫਸਲ ਵਿੱਚ ਖੜ੍ਹੇ ਜਾਮਣ ਦੇ ਰੁੱਖ ਨੂੰ ਹਸਰਤ ਭਰੀਆਂ ਅੱਖਾਂ ਨਾਲ ਨੀਝ ਲਾ ਕੇ ਦੇਖਦਾ ਹਾਂ ਤਾਂ ਰੂਹ ਖਿੜ ਉਠਦੀ ਹੈ૴ ਘਰ ਭਾਵੇਂ ਨਹੀਂ ਰਿਹਾ ਪਰ ਤੂੰ ਤਾਂ ਹੈਗੈਂ૴ ਸਕੂਨ ਨਾਲ ਤੱਕਦਾ-ਤੱਕਦਾ ਮਨੋ-ਮਨੀ ਉਸ ਨਾਲ ਗੱਲਾਂ ਕਰਦਾ ਅੱਗੇ ਵਧ ਜਾਂਦਾ ਹਾਂ। ਬਚਪਨ ਵਿੱਚ ਥੋੜ੍ਹੀ ਸੁਰਤ ਸੰਭਾਲੀ ਹੀ ਸੀ ਕਿ ਇੱਕ ਦਿਨ ਪਿਤਾ ਜੀ ਨੇ ਲਾਡ ਲਡਾਉਂਦਿਆਂ ਦੱਸਿਆ ਕਿ ਇਹ ਜਾਮਣ ਦਾ ਬੂਟਾ ਤੇਰੇ ਜਨਮ ਵਾਲੇ ਦਿਨ ਲਾਇਆ ਸੀ૴ ਹੈਂਅ૴ ਫਿਰ ਤਾਂ ਇਹ ਮੇਰਾ ਜਾਮਣ ਹੋਇਆ૴ ਮੈਂ ਭੱਜ ਕੇ ਜਾਮਣ ਨੂੰ ਜੱਫੀ ਪਾ ਲਈ। ਚਾਈਂ-ਚਾਈਂ ਕੋਲ ਪਿਆ ਰੰਬਾ ਲੈ ਕੇ ਨਿੱਕੇ-ਨਿੱਕੇ ਹੱਥਾਂ ਨਾਲ ਗੁਡਾਈ ਕਰ ਕੇ ਖੱਗਾ ਪਾਣੀ ਨਾਲ ਭਰ ਦਿੱਤਾ ਅਤੇ ਹਰ ਰੋਜ਼ ਪਾਣੀ ਪਾ ਕੇ ਉਸ ਦੀ ਦੇਖ ਰੇਖ ਕਰਨੀ ਮੇਰਾ ਨਿੱਤਨੇਮ ਬਣ ਗਿਆ।
ਮੈਂ ਸੋਲਾਂ ਸਾਲਾਂ ਦਾ ਹੋ ਗਿਆ ਸਾਂ, ਜਾਮਣ ਵੀ ਵਧ-ਫੁੱਲ ਕੇ ਖੂਬ ਮਿੱਠਾ ਫਲ ਦੇਣ ਲੱਗ ਪਿਆ ਸੀ। ਸਾਰਾ ਪਰਿਵਾਰ ਫਲ ਦੇ ਨਾਲ-ਨਾਲ ਗਰਮੀਆਂ ਵਿੱਚ ਉਸ ਦੀ ਸੰਘਣੀ ਛਾਂ ਦਾ ਖੂਬ ਆਨੰਦ ਮਾਣਦਾ। ਪਿਤਾ ਜੀ ਅਤੇ ਵੱਡੇ ਭਰਾਵਾਂ ਨੇ ਕਿਧਰੇ ਹੋਰ ਵਧਾ ਕੇ ਜ਼ਮੀਨ ਲੈਣ ਵਾਸਤੇ ਜੱਦੀ ਜ਼ਮੀਨ ਦਾ ਤਬਾਦਲਾ ਸਿਰਸਾ (ਹਰਿਆਣਾ) ਵਿੱਚ ਕਰ ਲਿਆ। ਪਰਿਵਾਰ ਵਿੱਚ ਸਭ ਤੋਂ ਛੋਟਾ ਸਾਂ, ਬੋਲ ਵੀ ਨਾ ਸਕਿਆ। ਤਬਾਦਲਾ ਅਮਲ ਵਿੱਚ ਆਉਣ ਦਾ ਇੱਕ ਮਹੀਨੇ ਦਾ ਸਮਾਂ ਮੁਕੱਰਰ ਹੋਇਆ ਸੀ। ਜੰਮਣ ਭੋਇੰ ਖੁੱਸਦੀ ਜਾਣ ਕੇ ਮੈਂ ਅੰਤਾਂ ਦਾ ਦੁਖੀ ਅਤੇ ਮਾਯੂਸ ਸਾਂ। ਘਰ ਦੀਆਂ ਕੰਧਾਂ ਅਤੇ ਜਾਮਣ ਨੂੰ ਵਾਰ-ਵਾਰ ਚੁੰਮਦਿਆਂ, ਝੂਮਦੇ ਪੱਤਿਆਂ ਦੀ ਖੁਸ਼ਬੋ ਅਤੇ ਖੇਤਾਂ ਵਿੱਚੋਂ ਉਠਦੀ ਹੋਰ ਵੀ ਮਿੱਠੀ ਹੋ ਗਈ ਮਿੱਟੀ ਦੀ ਮਹਿਕ ਵਿੱਚ ਗੁਆਚਾ ਵਾਰ-ਵਾਰ ਘੁੰਮਦਾ ਮੈਂ ਹਰ ਰੰਗ ਆਪਣੇ ਅੰਦਰ ਸਮੋਅ ਲੈਣਾ ਚਾਹੁੰਦਾ ਸਾਂ ਜੋ ਹਮੇਸ਼ਾ ਲਈ ਗੁਆਚ ਜਾਣਾ ਸੀ।
ਇੱਕ ਮਹੀਨਾ ਮੁੱਠੀ ਵਿੱਚ ਲਈ ਰੇਤ ਵਾਂਗ ਕਿਰਦਾ ਗਿਆ। ਸਮਾਨ ਨਾਲ ਲੱਦੇ ਟਰੱਕ ਵਿੱਚ ਭਾਵੇਂ ਅੱਗੇ ਸੀਟ ਖਾਲੀ ਸੀ ਪਰ ਮੈਂ ਪਿੱਛੇ ਚੜ੍ਹ ਕੇ ਪਿਛਾਂਹ ਵੱਲ ਮੂੰਹ ਕਰ ਕੇ ਬੈਠ ਗਿਆ। ਜਾਮਣ ਵੱਲ ਦੇਖਿਆ; ਜਾਪਿਆ૴ ਬਹੁਤ ਉਦਾਸ ਸੀ૴ ਉਸ ਦਾ ਕੋਈ ਵੀ ਟਹਿਣੀ-ਪੱਤਾ ਨਹੀਂ ਹਿੱਲ ਰਿਹਾ ਸੀ, ਜਿਵੇਂ ਮੈਨੂੰ ਕਹਿ ਰਿਹਾ ਹੋਵੇ૴ ਹੁਣ ਤੂੰ ਪਾਣੀ ਪਾਉਣ ਨਹੀਂ ਆਵੇਂਗਾ? ਫਲ ਤੋੜਨ ਲਈ ਮੇਰੇ ਉੱਤੇ ਨਹੀਂ ਚੜ੍ਹੇਂਗਾ?૴ ਉਹ ਮੇਰਾ ਹਾਣੀ ਸੀ। ਹੰਝੂ ਮੇਰੀਆਂ ਅੱਖਾਂ ਵਿੱਚ ਛੱਲਾਂ ਮਾਰ ਰਹੇ ਸਨ। ਟਰੱਕ ਅੱਗੇ ਵੱਲ ਵਧ ਰਿਹਾ ਸੀ, ਪਲ-ਪਲ ਦੂਰ ਹੋ ਰਹੇ ਬਾਗਵਾਨ ਨੂੰ ਕਲਾਵੇ ਵਿੱਚ ਲੈ ਕੇ ਨਾਲ ਲਿਜਾਣ ਲਈ ਮੇਰੀਆਂ ਬਾਹਾਂ ਹਵਾ ਵਿੱਚ ਖੁੱਲ੍ਹੀਆਂ ਹੋਈਆਂ ਸਨ, ਆਖ਼ਿਰ ਸਭ ਕੁਝ ਅੱਖਾਂ ਤੋਂ ਦੂਰ ਹੁੰਦਾ ਲੋਪ ਹੋ ਗਿਆ।
ਨਵੇਂ ਘਰ ਵਿੱਚ ਕਿੱਕਰਾਂ ਦੇ ਰੁੱਖ ਸਨ ਪਰ ਸਾਰਾ ਪਰਿਵਾਰ ਜਾਮਣ ਦੀ ਠੰਢੀ ਛਾਂ ਅਤੇ ਫਲ ਯਾਦ ਕਰਦਾ। ਮੈਂ ਪਹਿਲਾਂ ਸਿਰਸਾ ਕਾਲਜ, ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਿਆ ਅਤੇ ਪੁਲੀਸ ਵਿੱਚ ਅਫਸਰ ਵੀ ਬਣ ਗਿਆ ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਜਾਮਣ ਦੀ ਯਾਦ ਮੱਧਮ ਪੈਣ ਦੀ ਬਜਾਇ ਹੋਰ ਤੀਬਰ ਹੁੰਦੀ ਗਈ। ਇੱਕ ਦਿਨ ਉਸੇ ਸੜਕ ਤੋਂ ਲੰਘਣ ਲੱਗਿਆਂ ਰਫ਼ਤਾਰ ਸਹਿਜ ਹੋਣ ਦੀ ਥਾਂ ਮੇਰੀ ਗੱਡੀ ਰੁਕ ਗਈ ਸੀ૴ ਖੇਤਾਂ ਵਿੱਚੋਂ ਲਹਿ-ਲਹਾਉਂਦੀਆਂ ਫਸਲਾਂ ਗਾਇਬ ਸਨ। ਜ਼ਮੀਨ ‘ਤੇ ਉੱਚੀਆਂ-ਉੱਚੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਸਨ। ਕੰਧਾਂ ਵਿੱਚ ਘਿਰੇ ਜਾਮਣ ਵੱਲ ਤੱਕਦੇ ਹੋਏ ਕੁਝ ਲੋਕ ਕੋਈ ਰਾਇ-ਮਸ਼ਵਰਾ ਕਰ ਰਹੇ ਸਨ। ਮੈਂ ਉਥੇ ਕੰਮ ਕਰ ਰਹੇ ਮਜ਼ਦੂਰ ਤੋਂ ਉਤਸੁਕਤਾ ਨਾਲ ਜਾਣਨਾ ਚਾਹਿਆ ਤਾਂ ਉਹ ਬੋਲਿਆ, ”ਇਹ ਜੀ ਜ਼ਮੀਨ ਦਾ ਨਵਾਂ ਮਾਲਕ ਐ૴ ਕਹਿੰਦੈ, ਜਾਮਣ ਇਮਾਰਤ ਦੀ ਉਸਾਰੀ ਵਿੱਚ ਅੜਿੱਕਾ ਬਣ ਰਿਹੈ૴ ਪੁੱਟਣਾ ਪੈਣੈ૴?”
ਸੁਣ ਕੇ ਮੈਂ ਸੁੰਨ ਹੋ ਗਿਆ, ਧੁਰ ਅੰਦਰ ਤੱਕ ਕੰਬ ਗਿਆ૴ ਪੈਰਾਂ ਹੇਠ ਜ਼ਮੀਨ ਹਿੱਲ ਰਹੀ ਜਾਪੀ ਸੀ૴ ਅੱਖਾਂ ਵਿੱਚ ਹੰਝੂ ਛੱਲਾਂ ਮਾਰ ਰਹੇ ਸਨ૴ ‘ਆ ਜਾ ਮੈਨੂੰ ਜੱਫੀ ਪਾ ਲੈ૴ ਮੈਨੂੰ ਚੁੰਮ ਲੈ૴ ਜਾਂਦੀ ਵਾਰੀ ਮੇਰੇ ਨਾਲ ਖੇਡ ਲੈ૴ ਮੈਂ ਤੇਰੀ ਜੰਮਣ ਭੋਇੰ ਦਾ ਜਾਮਡ૴ ਤੈਨੂੰ ਹੀ ਮਿਲਣ ਦੀ ਤਾਂਘ ਵਿੱਚ ਉਡੀਕ ਰਿਹਾ ਸਾਂ૴।” ਬਹੁਤ ਉਦਾਸ ਖੜ੍ਹਾ ਉਹ ਜਿਵੇਂ ਮੈਨੂੰ ਆਵਾਜ਼ਾਂ ਮਾਰ ਰਿਹਾ ਸੀ૴ ਅੱਜ ਫਿਰ ਉਹਦੀਆਂ ਟਹਿਣੀਆਂ ਪੱਤੇ ਬੇ-ਹਰਕਤ ਸਨ૴ ਟੀਸੀ ਦੀਆਂ ਕਰੂੰਬਲਾਂ ਕੁਝ ਹਿੱਲ ਰਹੀਆਂ ਜਾਪਦੀਆਂ ਸਨ ਜਿਵੇਂ ਮੈਨੂੰ ਆਖ਼ਿਰੀ ਅਲਵਿਦਾ ਕਹਿ ਰਹੀਆਂ ਹੋਣ। ਪੁਲੀਸ ਅਫਸਰ ਵਜੋਂ ਸੈਂਕੜੇ ਲੋਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਵਾਲਾ ਮੈਂ ਲਾਚਾਰ ਹੋਇਆ ਦੇਖ ਰਿਹਾ ਸਾਂ ਜਿਵੇਂ ਕੋਈ ਮੈਨੂੰ ਮੇਰੀ ਜੰਮਣ ਭੋਇੰ ਵਿੱਚੋਂ ਪੁੱਟ ਕੇ ਬਾਹਰ ਸੁੱਟ ਰਿਹਾ ਹੋਵੇ।