ਰਸ਼ਪਿੰਦਰ ਪਾਲ ਕੌਰ
ਮਾਵਾਂ, ਮਾਸੀਆਂ ਰਿਸ਼ਤਿਆਂ ਦਾ ਆਧਾਰ ਹੁੰਦੀਆਂ। ਉਹ ਰਿਸ਼ਤਿਆਂ ਨੂੰ ਮੁਹੱਬਤ ਦੀ ਜਾਗ ਲਾਉਂਦੀਆਂ। ਰਿਸ਼ਤਿਆਂ ਨੂੰ ਸਾਂਝਾਂ ਦੀ ਤੰਦ ਨਾਲ ਜੋੜਦੀਆਂ। ਤੇਰ-ਮੇਰ ਨੂੰ ਏਕੇ ਦੇ ‘ਰਾਣੀ ਹਾਰ’ ਵਿੱਚ ਪਰੋ ਕੇ ਰੱਖਦੀਆਂ। ਉਨ੍ਹਾਂ ਦੇ ਹੁੰਦਿਆਂ ਜ਼ਿੰਦਗੀ ਫ਼ਿਕਰਾਂ ਤੋਂ ਮੁਕਤ ਹੁੰਦੀ। ਅਪਣੱਤ ਦੀ ਠੰਢੀ ਮਿੱਠੀ ਛਾਂ ਹੇਠ ਰਹਿੰਦੀ। ਪਰਿਵਾਰ ਦੇ ਸਾਰੇ ਜੀਆਂ ਨੂੰ ਉਨ੍ਹਾਂ ਤੇ ਰਸ਼ਕ ਹੁੰਦਾ। ਉਨ੍ਹਾਂ ਤੋਂ ਨਿਮਰਤਾ, ਸਹਿਜ ਅਤੇ ਸਬਰ ਜਿਹੇ ਗੁਣ ਗ੍ਰਹਿਣ ਕਰਦੇ। ਸੁੱਖ ਵਿੱਚ ਉਹ ਖ਼ੁਸ਼ੀਆਂ ਵਿੱਚ ਅਨੂਠਾ ਰੰਗ ਭਰਦੀਆਂ। ਦੁੱਖ ਦੀ ਘੜੀ ਵਿੱਚ ਉਹ ਹੌਸਲੇ ਦੀ ਢਾਲ ਬਣਦੀਆਂ।
ਬਦਲ ਰਿਹਾ ਵਕਤ ਰਿਸ਼ਤਿਆਂ ਦੀ ਅਜਿਹੀ ਅਮੁੱਲੀ ਦਾਤ ਤੋਂ ਸੱਖਣਾ ਨਜ਼ਰ ਆਉਂਦਾ ਹੈ। ਰਿਸ਼ਤਿਆਂ ਵਿਚਲੀ ਖਿੰਡ-ਪੁੰਡ ਬੇਚੈਨ ਕਰਦੀ ਹੈ। ਕਈ ਮਹੀਨਿਆਂ ਮਗਰੋਂ ਮਹਾਨਗਰ ਤੋਂ ਪਿੰਡ ਪਰਤੀ ਮਾਸੀ ਦਾ ਮਿਲਣ ਲਈ ਸੁਨੇਹਾ ਅਪਣੱਤ ਦੀ ਫੁਹਾਰ ਜਿਹਾ ਜਾਪਿਆ। ਅਗਲੇ ਹੀ ਦਿਨ ਮਾਸੀ ਦੇ ਬੂਹੇ ‘ਤੇ ਜਾ ਦਸਤਕ ਦਿੱਤੀ। ਮਾਸੀ ਦੇ ਕਲਾਵੇ ਮਾਂ ਦੀ ਮਮਤਾ ਜਿਹਾ ਨਿੱਘ ਸੀ। ਪਿੰਡ ਦੇ ਸਾਫ਼ ਸੁਥਰੇ ਛੋਟੇ ਘਰ ਵਿੱਚ ਬੈਠੀ ਮਾਸੀ ਦੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਸੀ। ਦੁੱਧ ਚਿੱਟੇ ਵਾਲ, ਚਿਹਰੇ ‘ਤੇ ਸਕੂਨ ਅਤੇ ਅੱਖਾਂ ਵਿੱਚ ਖੁਸ਼ੀ ਦਾ ਨੂਰ ਉਸ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਂਦਾ ਜਾਪਿਆ।
ਧੀਏ, ਕਈ ਮਹੀਨਿਆਂ ਬਾਅਦ ਪਰਸੋਂ ਦਾ ਜਦੋਂ ਪਿੰਡ ਦੀ ਜੂਹ ਵਿੱਚ ਪੈਰ ਧਰਿਆ ਹੈ, ਹਰ ਪਲ ਚੈਨ ਤੇ ਖ਼ੁਸ਼ੀ ਨਾਲ ਬੀਤ ਰਿਹਾ। ਘਰੇ ਮਿਲਣ ਗਿਲਣ ਆਉਣ ਵਾਲੀਆਂ ਧੀਆਂ, ਭੈਣਾਂ ਤੋਂ ਮੇਰੇ ਪਿੰਡ ਆਉਣ ਦਾ ਚਾਅ ਨਹੀਂ ਚੁੱਕਿਆ ਜਾਂਦਾ। ਸਾਰਾ ਸ਼ਰੀਕਾ ਕਬੀਲਾ ਮਿਲ ਕੇ ਗਿਐ। ਕਹਿੰਦੇ ਭਾਗਾਂ ਵਾਲੀ ਐਂ ਤੂੰ, ਜਿਹੜੀ ਪੁੱਤ-ਨੂੰਹ ਨਾਲ ਵੱਡੇ ਸ਼ਹਿਰ ਵਿੱਚ ਸੁੱਖ ਮਾਣਦੀ ਐਂ। ਤੈਨੂੰ ਤਾਂ ਭਲੀ-ਭਾਂਤ ਪਤੈ ਕਿ ਵੱਡੇ ਸ਼ਹਿਰਾਂ ਵਿੱਚ ਜ਼ਿੰਦਗੀ ਕਿਹੜੇ ਰੁਖ਼ ਬੈਠਦੀ ਐ। ਆਹ ਪਿੰਡ ਵਾਲਾ ਸੁੱਖ, ਚੈਨ ਤੇ ਮੇਲ-ਮਿਲਾਪ ਤਾਂ ਇੱਥੇ ਹੀ ਨਸੀਬ ਹੁੰਦਾ।
ਧੀਏ, ਤੇਰੇ ਮਾਸੜ ਜੀ ਜਿਊਂਦੇ ਹੁੰਦੇ ਤਾਂ ਮੈਂ ਪੁੱਤ-ਨੂੰਹ ਨਾਲ ਸ਼ਹਿਰ ਕਾਹਤੋਂ ਜਾਂਦੀ। ਹੁਣ ਵਕਤ ਬਦਲ ਗਿਆ ਹੈ। ਆਪਣੇ ਧੀ-ਪੁੱਤ ਦੀ ਇੱਛਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਤੇਰਾ ਵੀਰਾ ਕਹਿੰਦਾ, ‘ਹੁਣ ਮੁਕਾਬਲੇ ਦਾ ਯੁੱਗ ਐ। ਬੱਚਿਆਂ ਨੂੰ ਕਿਸੇ ਤਣ ਪੱਤਣ ਲਾਉਣ ਲਈ ਵੱਡੇ ਸ਼ਹਿਰ ਪੜ੍ਹਾਏ ਬਿਨਾਂ ਨਹੀਂ ਸਰਨਾ’। ਦੋਵੇਂ ਬੱਚੇ ਚੰਗੇ ਅੰਗਰੇਜ਼ੀ ਸਕੂਲ ਪੜ੍ਹਦੇ ਹਨ। ਉਹ ਵਕਤ ਸਿਰ ਪੜ੍ਹਾਈ ਲਈ ਘਰੋਂ ਤੁਰ ਜਾਂਦੇ ਹਨ। ਇਹ ਦੋਵੇਂ ਜੀਅ ਵੀ ਆਪੋ-ਆਪਣੀ ਡਿਊਟੀ ‘ਤੇ ਚਲੇ ਜਾਂਦੇ ਹਨ। ਘਰ ਦਾ ਕੰਮ ਕਾਰ ਕਰਨ ਦੀ ਆਦਤ ਮੈਨੂੰ ਰਾਸ ਆ ਗਈ ਹੈ। ਘਰ ਦੇ ਛੋਟੇ-ਮੋਟੇ ਕੰਮ ਕਰਦਿਆਂ ਵਕਤ ਬੀਤ ਜਾਂਦਾ ਹੈ। ਨਹੀਂ ਤਾਂ ਸ਼ਹਿਰਾਂ ਵਿੱਚ ਘਰ ਵਿਹਲੇ ਰਹਿਣਾ ਵੀ ਸਜ਼ਾ ਬਰਾਬਰ ਹੀ ਹੁੰਦਾ।
ਜਿਊਣ ਲਈ ਬੰਦੇ ਨੂੰ ਹਾਲਤਾਂ ਨਾਲ ਵੀ ਸਿੱਝਣਾ ਪੈਂਦਾ। ਵਕਤ ਅਨੁਸਾਰ ਢਲਣਾ ਵੀ ਜ਼ਿੰਦਗੀ ਦੀ ਪ੍ਰੀਖਿਆ ਹੁੰਦੀ ਹੈ। ਰਾਜਧਾਨੀ ਨਾਲ ਲੱਗਦੇ ਸ਼ਹਿਰ ਵਿੱਚ ਸੁੱਖ ਸਹੂਲਤਾਂ ਦਾ ਕੋਈ ਅੰਤ ਨਹੀਂ। ਸਾਫ਼ ਸੁਥਰੀਆਂ ਕਾਲੀਆਂ ਸਿਆਹ ਸੜਕਾਂ। ਹਰੇ-ਭਰੇ ਰੁੱਖਾਂ ਤੇ ਕਲੋਲਾਂ ਕਰਦੇ ਪੰਛੀ ਜਿਨ੍ਹਾਂ ਦੀ ਉਡਾਣ ਵਿੱਚ ਜਿਊਣ ਦੀ ਤਾਂਘ ਨਜ਼ਰ ਆਉਂਦੀ। ਹਰੇਕ ਸੈਕਟਰ ਵਿੱਚ ਘੁੰਮਣ ਸੈਰ ਕਰਨ ਨੂੰ ਪਾਰਕ। ਘਰ ਵਰਤੋਂ ਵਾਲੀ ਹਰੇਕ ਚੀਜ਼ ਵਸਤ ਘਰ ਬੈਠਿਆਂ ਹੀ ਮਿਲ ਜਾਂਦੀ ਹੈ। ਬਿਨਾ ਰੁਝੇਵੇਂ ਤੋਂ ਰਹਿਣਾ ਤਾਂ ਬਹੁਤ ਔਖਾ ਹੈ। ਕਿਸੇ ਕੋਲ ਬਹਿਣ, ਜਾਣ ਦਾ ਏਨਾ ਵਕਤ ਨਹੀਂ ਹੁੰਦਾ।
ਬਹੁਤੀ ਉਮਰ ਪਿੰਡ ਵਿੱਚ ਗੁਜ਼ਾਰਨ ਵਾਲੀ ਮਾਸੀ ਨੇ ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਦੇ ਖਾਲੀ ਪੰਨੇ ਵੀ ਦਿਖਾਏ। ਧੀਏ, ਮੈਨੂੰ ਕਦੇ-ਕਦੇ ਇਹ ਔਖ ਬਹੁਤ ਰੜਕਦੀ ਐ। ਹਰੇਕ ਬੱਚੇ, ਨੌਜਵਾਨ, ਮਾਂ-ਬਾਪ ਕੋਲ ਆਪਣਾ ਮੋਬਾਈਲ ਐ। ਉਸੇ ਵਿੱਚ ਉਨ੍ਹਾਂ ਦਾ ਸਭ ਕੁਝ ਸਮੋਇਆ ਹੁੰਦਾ। ਮੋਬਾਈਲ ਦਾ ਉਹ ਭੋਰਾ ਵਿਸਾਹ ਨਹੀਂ ਕਰਦੇ। ਉਨ੍ਹਾਂ ਦੇ ਰਿਸ਼ਤੇ ਨਾਤੇ ਉਸੇ ਵਿੱਚ ਹੀ ਬੰਦ ਨੇ। ਜਦੋਂ ਵੀ ਕੰਮ ਤੋਂ ਫੁਰਸਤ ਮਿਲਦੀ ਹੈ ਤਾਂ ਮੋਬਾਈਲ ਵਿੱਚ ਮਗਨ ਹੋ ਜਾਂਦੇ ਨੇ। ਮਿਲਣ ਗਿਲਣ ਤੇ ਸਾਂਝਾਂ ਦੇ ਪੁਲ ਉਸਾਰਨ ਲਈ ਵਕਤ ਹੀ ਨਹੀਂ ਬਚਦਾ। ਬੱਸ ਇਸ ਸੋਚ ਕੇ ਮਨ ਸਮਝਾ ਲਈਦਾ, ‘ਮਨਾ ! ਸਾਰਾ ਕੁਸ਼ ਆਪਣੇ ਅਨੁਸਾਰ ਨਹੀਂ ਹੁੰਦਾ। ਨਾ ਹੀ ਜੀਵਨ ਵਿੱਚ ਸਦਾ ਇੱਕੋ ਜਿਹਾ ਵਕਤ ਰਹਿੰਦਾ ਹੈ’।
ਪਰਿਵਾਰ ਨਾਲ ਕਦੇ ਕਦਾਈਂ ਰੈਸਟੋਰੈਂਟ ਵਿੱਚ ਖਾਣਾ ਖਾਣ ਜਾਣਾ। ਵਿਆਹ, ਮੰਗਣੀ ਦੇ ਖੁਸ਼ੀ ਦੇ ਮੌਕਿਆਂ ਵਿੱਚ ਸ਼ਾਮਿਲ ਹੋਣਾ। ਨਵੇਂ ਕੰਮ, ਕੋਠੀ ਦੀ ਖੁਸ਼ੀ ਦੇ ਮੌਕਿਆਂ ‘ਤੇ ਜਾਣ ਦਾ ਸਬੱਬ ਬਣਦਾ ਰਹਿੰਦਾ ਹੈ। ਮਹਿੰਗੇ ਤੋਹਫ਼ਿਆਂ ਤੇ ਸ਼ਗਨਾਂ ਦਾ ਲੈਣ-ਦੇਣ ਦੇਖਣ ਵਾਲਿਆਂ ਨੂੰ ਚੰਗਾ ਲਗਦੈ। ਆਪਣੇ ਰਿਸ਼ਤੇਦਾਰਾਂ ਦੀ ਤਰੱਕੀ ‘ਤੇ ਰਸ਼ਕ ਵੀ ਹੁੰਦਾ ਹੈ ਪਰ ਰਿਸ਼ਤਿਆਂ ਵਿੱਚ ਦਿਖਾਵੇ ਤੇ ਪੈਸੇ ਨਾਲ ਵੱਡਾ ਹੋਣ ਦੀ ਬਿਰਤੀ ਅੱਖਰਦੀ ਹੈ। ਖ਼ੁਸ਼ੀ ਦੀ ਅਜਿਹੀ ਪਰਤ ਮਨ ਦਾ ਸਕੂਨ ਨਹੀਂ ਬਣਦੀ। ਚਿਹਰਿਆਂ ‘ਤੇ ਨੂਰ ਬਣ ਨਹੀਂ ਝਲਕਦੀ। ਬੱਸ, ਨਿੱਜ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ।
ਧੀਏ, ਮੈਂ ਤਾਂ ਆਪਣੀ ਜ਼ਿੰਦਗੀ ਤੇ ਨੌਕਰੀ ਵਿੱਚ ਵਿਚਰਦਿਆਂ ਇੱਕੋ ਸਬਕ ਸਿੱਖਿਆ ਹੈ। ਰਿਸ਼ਤੇ ਪਾਲਣ ਲਈ ਮੇਲ-ਮਿਲਾਪ ਬਣਾ ਕੇ ਰੱਖਣਾ। ਅਪਣੱਤ ਤੇ ਸਨੇਹ ਦਾ ਲੜ ਸਾਂਭ ਕੇ ਚੱਲਣਾ। ਸਾਂਝਾਂ ਨੂੰ ਪੈਸੇ ਨਾਲ ਨਾ ਤੋਲਣਾ। ਛੋਟੇ, ਵੱਡਿਆਂ ਦਾ ਮਾਣ ਸਤਿਕਾਰ ਬਣਾ ਕੇ ਰੱਖਣਾ। ਹਉਮੈ, ਈਰਖਾ ਤੋਂ ਕਿਨਾਰਾ ਕਰਨਾ ਜਿਹੇ ਗੁਣ ਜ਼ਿੰਦਗੀ ਦੇ ਸੁੱਚੇ ਮੋਤੀ ਹਨ। ਇਨ੍ਹਾਂ ਮੋਤੀਆਂ ਨੂੰ ਆਪਣੀ ਬੁੱਕਲ ਵਿੱਚ ਸਾਂਭਣ ਵਾਲੇ ਮਨੁੱਖ ਹੀ ਸਫ਼ਲਤਾ, ਖੁਸ਼ੀ ਤੇ ਸਾਂਝਾਂ ਦਾ ਸੁੱਖ ਮਾਣਦੇ ਹਨ। ਮਾਸੀ ਦੀ ਸੰਗਤ ਮਾਣ ਮੈਂ ਸ਼ਾਮ ਤੱਕ ਘਰ ਪਰਤ ਆਈ।
ਸੰਪਰਕ: rashipnderpalkaur@gmail.com