ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਦੇ ਆਯੋਜਕਾਂ ਨੇ ਟੈਸਲਾ ਨੂੰ ਸ਼ੋਅ ਵਿੱਚੋਂ ਹਟਾਉਣ ਦਾ ਫੈਸਲਾ ਲਿਆ ਹੈ। ਆਟੋ ਸ਼ੋਅ ਦੇ ਕਾਰਜਕਾਰੀ ਨਿਰਦੇਸ਼ਕ ਐਰਿਕ ਨਿਕੋਲ ਨੇ ਇੱਕ ਈ-ਮੇਲ ਬਿਆਨ ਵਿੱਚ ਦੱਸਿਆ ਕਿ ਟੈਸਲਾ ਨੂੰ ਸ਼ੋਅ ਸੁਰੱਖਿਆ ਯਕੀਨੀ ਬਣਾਉਣ ਦੇ ਚਲਦੇ ਬਾਹਰ ਕਰ ਦਿੱਤਾ ਗਿਆ ਹੈ। ਟੈਸਲਾ 2024 ਦੇ ਆਟੋ ਸ਼ੋਅ ਵਿੱਚ ਸ਼ਾਮਲ ਸੀ, ਜੋ ਕੋਵਿਡ-19 ਮਹਾਮਾਰੀ ਕਾਰਨ ਚਾਰ ਸਾਲਾਂ ਤੋਂ ਬਾਅਦ ਪਹਿਲੀ ਵਾਰ ਆਯੋਜਨ ਕੀਤਾ ਗਿਆ ਸੀ।
ਕੈਨੇਡਾ ਅਤੇ ਅਮਰੀਕਾ ਵਿੱਚ ਟੈਸਲਾ ਕਾਰਾਂ ਅਤੇ ਚਾਰਜਰਾਂ ਨੂੰ ਅੱਗ ਲਗਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਬੀ.ਸੀ. ਵਿੱਚ ਨਾਨਾਈਮੋ ਦੇ ਇੱਕ ਮਾਲ ਵਿੱਚ ਟੈਸਲਾ ਸੁਪਰਚਾਰਜਰਾਂ ਨਾਲ ਛੇੜਛਾੜ ਹੋਣ ਕਾਰਨ ਦੋ ਯੂਨਿਟ ਅੱਗ ਨਾਲ ਸਾੜੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ । ਅਮਰੀਕੀ ਐਟਾਰਨੀ ਜਨਰਲ ਪਾਮੇਲਾ ਬੋਂਡੀ ਨੇ ਇਹ ਹਮਲੇ ”ਘਰੇਲੂ ਆਤੰਕਵਾਦ” ਕਰਾਰ ਦਿੱਤੇ ਹਨ। 18 ਮਾਰਚ ਨੂੰ, ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਵਿਭਾਗ ਨੇ ਕੁਝ ਲੋਕਾਂ ਉੱਤੇ ਮਾਮਲੇ ਦਰਜ ਕਰ ਦਿੱਤੇ ਹਨ ਅਤੇ ਹੋਰ ਜਾਂਚਾਂ ਚੱਲ ਰਹੀਆਂ ਹਨ।
ਇਹ ਫੈਸਲਾ ਟੈਸਲਾ ਦੇ ਸੀ .ਈ. ਓ. ਐਲਨ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ਵਪਾਰਿਕ ਵਿਵਾਦਾਂ ਵਿਚਕਾਰ ਆਇਆ ਹੈ। ਮਸਕ ਹੁਣ ਟਰੰਪ ਦੇ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ, ਜਦਕਿ ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰ ਯੁੱਧ ਵਧ ਰਿਹਾ ਹੈ।
ਇਸ ਤੋਂ ਇਲਾਵਾ ਬੀ.ਸੀ. ਹਾਈਡ੍ਰੋ ਨੇ ਟੈਸਲਾ ਚਾਰਜਰਾਂ, ਬੈਟਰੀ ਸਟੋਰੇਜ ਅਤੇ ਇਨਵਰਟਰਾਂ ਨੂੰ ਈਵੀ ਚਾਰਜਰ ਰੀਬੇਟ ਪ੍ਰੋਗਰਾਮ ‘ਚੋਂ ਲਾਂਭੇ ਕਰ ਦਿੱਤਾ ਹੈ ਅਤੇ 12 ਮਾਰਚ ਤੋਂ ਇਹ ਨਵਾਂ ਨਿਯਮ ਲਾਗੂ ਹੋਇਆ।
ਜੇਕਰ ਕਿਸੇ ਨੇ 12 ਮਾਰਚ ਤੋਂ ਪਹਿਲਾਂ ਇਹ ਉਤਪਾਦ ਖਰੀਦੇ ਜਾਂ ਰੀਬੇਟ ਲਈ ਪ੍ਰੀ-ਅਪਰੂਵਲ ਲਿਆ, ਤਾਂ ਉਨ੍ਹਾਂ ਨੂੰ ਇਸ ਦੇ ਫਾਇਦੇ ਮਿਲਣਗੇ। ਬੀ.ਸੀ. ਦੇ ਊਰਜਾ ਮੰਤਰੀ ਐਡਰੀਅਨ ਡਿਕਸ ਨੇ ਮਾਰਚ 13 ਨੂੰ ਕਿਹਾ ਕਿ ਇਹ ਫੈਸਲਾ ਟੈਸਲਾ ਉਤਪਾਦਾਂ ਦੀ ਉਪਲਬਧਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ, ਪਰ ਲੋਕ ਹੁਣ ਇਹ ਉਤਪਾਦ ਖਰੀਦਣ ‘ਤੇ ਰੀਬੇਟ ਨਹੀਂ ਲੈ ਸਕਣਗੇ। ਉਨ੍ਹਾਂ ਕਿਹਾ ”ਮੈਨੂੰ ਨਹੀਂ ਲਗਦਾ ਕਿ ਬੀ.ਸੀ. ਵਿੱਚ ਕਿਸੇ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਅਸੀਂ ਇਹ ਕਿਉਂ ਕੀਤਾ। ਮੈਨੂੰ ਪੂਰਾ ਭਰੋਸਾ ਹੈ ਕਿ ਲੋਕ ਇਸ ਫੈਸਲੇ ਨਾਲ ਸਹਿਮਤ ਹੋਣਗੇ।” This report was written by Ekjot Singh as part of the Local Journalism Initiative.