Wednesday, April 2, 2025
12.1 C
Vancouver

ਬਰਕਤਾਂ

 

ਵਲੋਂ : ਜਗਦੀਸ਼ ਕੌਰ ਮਾਨ, ਸੰਪਰਕ: 78146-98117
ਉਹ ਮੇਰੇ ਖਾਵੰਦ ਦੇ ਕੁਲੀਗ ਸਨ, ਦੋਵੇਂ ਦੋਸਤ ਵੀ ਸਨ। ਇਕ ਦੂਜੇ ਦੇ ਦੁਖ ਸੁਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ। ਦੋਹਾਂ ਵਿੱਚੋਂ ਕੋਈ ਕਿਸੇ ਦੇ ਪੈਰ ਵਿਚ ਕੰਡਾ ਲੱਗਿਆ ਵੀ ਸੁਣ ਲੈਂਦਾ ਤਾਂ ਪਹੁੰਚਣ ਲੱਗਿਆਂ ਮਿੰਟ ਵੀ ਨਾ ਲਾਉਂਦਾ। ਸਾਡੇ ਦੋਹਾਂ ਪਰਿਵਾਰਾਂ ਦੇ ਘਰੀਂ ਪੁੱਤਰਾਂ ਦੇ ਵਿਆਹ ਦੇ ਦਿਨ ਧਰੇ ਹੋਏ ਸਨ। ਉਨ੍ਹਾਂ ਦੀ ਬਰਾਤ 26 ਜਨਵਰੀ ਅਤੇ ਸਾਡੇ ਪੁੱਤਰ ਦੀ 29 ਜਨਵਰੀ ਦੀ ਸੀ। ਦੋਹੀਂ ਘਰੀਂ ਵਿਆਹ ਦੀ ਦੌੜ ਭੱਜ ਕਾਰਨ ਅਸੀਂ ਇਕ ਦੂਜੇ ਦੇ ਸ਼ਗਨਾਂ ਵਿੱਚ ਸ਼ਾਮਲ ਨਹੀਂ ਸਾਂ ਹੋ ਸਕੇ। ਵਿਆਹ ਸੁੱਖ ਸਬੀਲੀ ਨਾਲ ਹੋ ਗਏ। ਸਜ ਵਿਆਹੀਆਂ ਵਹੁਟੀਆਂ ਦੀਆਂ ਝਾਂਜਰਾਂ ਦੇ ਛਣਕਾਟਿਆਂ ਨੇ ਦੋਹਾਂ ਘਰਾਂ ਦੀਆਂ ਰੌਣਕਾਂ ਤੇ ਖੁਸ਼ੀਆਂ ਵਧਾ ਦਿੱਤੀਆਂ ਸਨ।
ਇੱਕ ਦਿਨ ਅਸੀਂ ਸਲਾਹ ਬਣਾਈ ਕਿ ਉਨ੍ਹਾਂ ਦੇ ਘਰ ਜਾ ਆਈਏ, ਨਾਲੇ ਵਹੁਟੀ ਦੇ ਮੂੰਹ ਦਿਖਾਲੀ ਦਾ ਸ਼ਗਨ ਦੇ ਆਵਾਂਗੇ। ਮੈਂ ਉਨ੍ਹਾਂ ਦੇ ਘਰ ਪਹਿਲੀ ਵਾਰ ਗਈ ਸਾਂ। ਪਹਿਲਾਂ ਤਾਂ ਘਰ ਨੂੰ ਜਾਂਦੀ ਪਹੀ ਦੇ ਸ਼ੁਰੂ ਵਿਚ ਹੀ ‘ਫਾਰਮ ਹਾਊਸ’ ਦੇ ਚਮਕਦਾਰ ਅੱਖਰਾਂ ਵਿਚ ਲਿਖੇ ਬੋਰਡ ਨੇ ਸਵਾਗਤ ਕੀਤਾ। ਖੇਤਾਂ ਵਿਚ ਲਹਿ-ਲਹਾਉਂਦੀਆਂ ਫਸਲਾਂ ਦੇਖ ਕੇ ਰੂਹ ਸਰਸ਼ਾਰ ਹੋ ਗਈ। ਹਰੀ ਕਚੂਰ ਕਣਕ ਅਤੇ ਵੱਟਾਂ ‘ਤੇ ਨਿਸਰੀ ਖੜ੍ਹੀ ਸਰੋਂ ਰਾਹੀਆਂ ਨੂੰ ਸੈਨਤਾਂ ਮਾਰ ਰਹੀ ਸੀ। ਕਣਕ ਦਾ ਖੇਤ ਪਾਰ ਕੀਤਾ ਤਾਂ ਅੱਗੇ ਖੁਸ਼ਬੂਆਂ ਵੰਡਦੇ ਹਲਕੇ ਗੁਲਾਬੀ ਰੰਗ ਦੇ ਫੁੱਲਾਂ ਨਾਲ ਲੱਦਿਆ ਆਲੂਆਂ ਦਾ ਖੇਤ ਬਿੰਦ ਝੱਟ ਪੈਰ ਮਲ ਕੇ ਮਨਮੋਹਕ ਨਜ਼ਾਰਾ ਲੈਣ ਲਈ ਰੁਕਣ ਦਾ ਇਸ਼ਾਰਾ ਕਰ ਰਿਹਾ ਜਾਪਦਾ ਸੀ। ਖੇਤਾਂ ਦੇ ਚਾਰੇ ਪਾਸੇ ਥੋੜ੍ਹੀ-ਥੋੜ੍ਹੀ ਵਿੱਥ ਰੱਖ ਕੇ ਬੋਗਨਵਿਲੀਆ ਦੀਆਂ ਵੇਲਾਂ ਲਾਈਆਂ ਹੋਈਆਂ ਸਨ ਜਿਨ੍ਹਾਂ ਦੇ ਰੰਗ ਬਿਰੰਗੇ ਫੁੱਲਾਂ ਦੇ ਗੁੱਛੇ ਇਉਂ ਲਗਦੇ ਸਨ ਜਿਵੇਂ ਕਾਦਰ ਆਪਣੀ ਕੁਦਰਤ ਰਾਣੀ ਧੀ ਵਾਸਤੇ ਬਸੰਤ ਪੰਚਮੀ ਦਾ ਸਿੰਧਾਰਾ ਪਹਿਲਾਂ ਹੀ ਦੇ ਗਿਆ ਹੋਵੇ। ਅਗਾਂਹ ਘਰ ਸੀ। ਖੇਤ ਵਿਚ ਹੀ ਵੱਡਾ ਸਾਰਾ ਵਾਗਲਾ ਮਾਰ ਕੇ ਉਸਾਰਿਆ ਬਹੁਤ ਖੂਬਸੂਰਤ ਘਰ; ਵਿਚਾਲੇ ਛੋਟੀ-ਛੋਟੀ ਕੰਧ ਕੱਢ ਕੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਅੱਧੇ ਹਿੱਸੇ ਵਿੱਚ ਉਸ ਪਰਿਵਾਰ ਦੀ ਰਿਹਾਇਸ਼ ਸੀ, ਦੂਜੇ ਪਾਸੇ ਦੇ ਅੱਧੇ ਹਿੱਸੇ ਵਿੱਚ ਇਕ ਕਮਰਾ ਪਸ਼ੂ ਬੰਨ੍ਹਣ ਵਾਸਤੇ ਤੇ ਦੂਜਾ ਵੱਡਾ ਕਮਰਾ ਤੂੜੀ ਤੰਦ ਸਾਂਭਣ ਵਾਸਤੇ ਸੀ। ਅੱਗੇ ਛੱਡੀ ਹੋਈ ਖੁੱਲ੍ਹੀ ਤੌੜ ਥਾਂ ਵਿਚ ਟਰੈਕਟਰ, ਟਰਾਲੀ ਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਸੰਦ ਪਏ ਸਨ। ਦੋਹਾਂ ਕਮਰਿਆਂ ਅੱਗੇ ਬਣੇ ਵਰਾਂਡੇ ਵਿਚ ਲੰਮੀ ਸਾਰੀ ਖੁਰਲੀ ਮੂਹਰੇ ਦਸ ਬਾਰਾਂ ਸੋਹਣੀਆਂ ਤੇ ਸਿਹਤਮੰਦ ਲਿਸ਼ਕਵੇਂ ਪਿੰਡੇ ਵਾਲੀਆਂ ਮੱਝਾਂ ਇਕੋ ਕਤਾਰ ਵਿਚ ਖੜ੍ਹੀਆਂ ਦੇਖ ਕੇ ਰੂਹ ਨਸ਼ਿਆ ਗਈ। ਚਿਰਾਂ ਤੋਂ ਸ਼ਹਿਰ ਵਿੱਚ ਰਹਿੰਦੀ ਮੈਂ ਤਾਂ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਤਰਸੀ ਪਈ ਸਾਂ।
ਸਾਨੂੰ ਦੇਖ ਕੇ ਉਨ੍ਹਾਂ ਦੋਹਾਂ ਜੀਆਂ ਦਾ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ। ਅਸੀਂ ਬਥੇਰਾ ਕਿਹਾ ਕਿ ਸਾਡੇ ਘਰ ਵੀ ਵਿਆਹ ਦਾ ਖਿਲਾਰਾ ਅਜੇ ਉਵੇਂ ਜਿਵੇਂ ਹੀ ਸਾਂਭਣ ਵਾਲਾ ਪਿਆ ਹੈ, ਘਰੇ ਸੌ ਕੰਮ ਪਏ ਨੇ ਕਰਨ ਵਾਲੇ, ਅਸੀਂ ਬੱਸ ਥੋੜ੍ਹਾ ਸਮਾਂ ਹੀ ਰੁਕਣਾ ਹੈ, ਇਸ ਲਈ ਚਾਹ ਪਾਣੀ ਦੀ ਖੇਚਲ ਨਾ ਹੀ ਕਰੋ ਤਾਂ ਚੰਗਾ ਹੋਵੇਗਾ ਪਰ ਉਹ ਕਿੱਥੇ ਮੰਨਣ ਵਾਲੇ ਸਨ! ਵਧੀਆ ਚਾਹ ਪਾਣੀ ਪਿਲਾਇਆ। ਵਿਆਹ ਮੰਗਣੇ ਦੀ ਚਿਪ ਦਿਖਾਈ। ਜਾਪਦਾ ਸੀ, ਉਹ ਪੁੱਤਰ ਦੇ ਵਿਆਹ ਦੀ ਮੂਵੀ ਗੱਲਾਂਬਾਤਾਂ ਰਾਹੀਂ ਮੂੰਹ ਜ਼ੁਬਾਨੀ ਹੀ ਦਿਖਾ ਦੇਣਗੇ; ਮਤਲਬ, ਸਾਡੇ ਨਾਲ ਵਿਆਹ ਦੀਆਂ ਗੱਲਾਂ ਕਰਨਗੇ ਪਰ ਉਨ੍ਹਾਂ ਵਿਆਹ ਦੀਆਂ ਦੋ ਚਾਰ ਮੋਟੀਆਂ-ਮੋਟੀਆਂ ਗੱਲਾਂ ਦੱਸ ਕੇ ਸਾਡੇ ਨਾਲ ਘਰੇਲੂ ਗੱਲਾਂ ਛੋਹ ਲਈਆਂ, ”ਆਹ ਜੀ ਜਿਹੜੀਆਂ ਲਵੇਰੀਆਂ ਤੁਸੀਂ ਕਿੱਲਿਆਂ ‘ਤੇ ਖੜ੍ਹੀਆਂ ਦੇਖ ਰਹੇ ਹੋ ਨਾ, ਇਹ ਸਾਰੀ ਹਿੰਮਤ ਤੇ ਮਿਹਨਤ ਇਹਦੀ ਐ।” ਉਹ ਪਤਨੀ ਵੱਲ ਇਸ਼ਾਰਾ ਕਰਦਾ ਬੋਲਿਆ, ”ਇਹ ਤਾਂ ਜੀ ਕੋਈ ਭਾਗਾਂ ਵਾਲਾ ਜੀਅ ਹੈ, ਜਦੋਂ ਦਾ ਇਹਦਾ ਇਸ ਘਰ ਵਿਚ ਪੈਰ ਪਿਐ, ਲਹਿਰਾਂ ਬਹਿਰਾਂ ਹੋ ਗਈਆਂ૴ ਇਹਦੇ ਸਿਰ ‘ਤੇ ਭੋਰਾ ਫ਼ਿਕਰ ਨਹੀਂ, ਨਾ ਹੀ ਕਦੇ ਮਲਾਲ ਹੋਇਆ ਕਿ ਨੌਕਰੀਯਾਫਤਾ ਬੀਵੀ ਨਹੀਂ ਮਿਲੀ। ਖੁੱਲ੍ਹਾ ਵਰਤਣ ਜੋਗਾ ਦੁੱਧ ਘਰੇ ਰੱਖ ਕੇ ਬਾਕੀ ਦਾ ਦੁੱਧ ਅਸੀਂ ਡੇਅਰੀ ਪਾ ਆਈਦੈ। ਬੱਚੇ ਪੜ੍ਹ ਲਿਖ ਗਏ, ਨੌਕਰੀਆਂ ‘ਤੇ ਲੱਗ ਗਏ।” ਸਵਾਦਲੀ ਚਾਹ ਦੀ ਘੁੱਟ ਭਰ ਕੇ ਉਹ ਮੁਸਕਰਾਇਆ, ”ਹਰ ਮਹੀਨੇ ਹਿਸਾਬ ਕਰ ਕੇ ਦੇਖਦਾਂ, ਇਹ ਆਪਣੀ ਮਿਹਨਤ ਨਾਲ ਸਾਰੇ ਖਰਚੇ ਵਰਚੇ ਕੱਢ ਕੇ ਮੇਰੀ ਤਨਖਾਹ ਨਾਲੋਂ ਵੱਧ ਕਮਾ ਲੈਂਦੀ।”
ਚਾਹ ਦਾ ਖਾਲੀ ਕੱਪ ਮੇਜ਼ ‘ਤੇ ਰੱਖ ਕੇ ਉਹ ਫਿਰ ਸ਼ੁਰੂ ਹੋ ਗਿਆ, ”ਮੇਰੇ ਪਿਤਾ ਜੀ ਲੰਮਾ ਸਮਾਂ ਬਿਮਾਰ ਰਹੇ, ਥੋੜ੍ਹਾ ਸਮਾਂ ਪਹਿਲਾਂ ਹੀ ਪੂਰੇ ਹੋਏ ਆ, ਉਨ੍ਹਾਂ ਨੂੰ ਤਾਂ ਆਪਣੀਆਂ ਨਿੱਜੀ ਕਿਰਿਆਵਾਂ ਸੋਧਣ ਵਾਸਤੇ ਵੀ ਕਿਸੇ ਹੋਰ ਬੰਦੇ ਦੀ ਮਦਦ ਲੈਣੀ ਪੈਂਦੀ ਸੀ૴ ਇਸ ਰੱਬ ਦੀ ਬੰਦੀ ਨੇ ਪਤਾ ਨਹੀਂ ਕਿਵੇਂ ਸਾਰਾ ਪ੍ਰਬੰਧ ਸੰਭਾਲਿਆ ਹੋਇਆ ਸੀ। ਪਿਤਾ ਜੀ ਦੀ ਏਨੀ ਸੇਵਾ ਕੀਤੀ ਕਿ ਸਾਰਾ ਸ਼ਰੀਕਾ ਕਬੀਲਾ ਤੇ ਰਿਸ਼ਤੇਦਾਰ ਅਸ਼-ਅਸ਼ ਕਰ ਉਠੇ। ਮੇਰੀ ਸਫਲਤਾ ਦਾ ਰਾਜ਼ ਤਾਂ ਜੀ૴ ਇਹੀ ਆ।” ਧਰਤੀ ‘ਤੇ ਉਸਰੇ ਸਵਰਗ ਨੂੰ ਰੂਹਾਨੀ ਨਜ਼ਰਾਂ ਨਾਲ ਨਿਹਾਰਦਾ ਹੋਇਆ ਉਹ ਖੁਸ਼ੀ ਨਾਲ ਗੜੂੰਦ ਹੋ ਰਿਹਾ ਸੀ।
ਮੈਂ ਉਹਦੀ ਪਤਨੀ ਦੇ ਹਾਵ-ਭਾਵ ਜਾਣਨ ਲਈ ਉਹਦੇ ਚਿਹਰੇ ਵੱਲ ਧਿਆਨ ਨਾਲ ਦੇਖਿਆ। ਉਥੇ ਖੁਸ਼ੀ ਤੇ ਸੰਤੁਸ਼ਟੀ ਦਾ ਨਿਰਮਲ ਚਸ਼ਮਾ ਵਹਿ ਰਿਹਾ ਸੀ। ਮਨ ਵਿੱਚ ਵਿਚਾਰ ਆਇਆ- ‘ਇਸ ਆਦਮੀ ਦੇ ਦਿਲ ਵਿਚ ਪਤਨੀ ਵਾਸਤੇ ਕਿੰਨਾ ਪਿਆਰ ਤੇ ਸਤਿਕਾਰ ਹੈ૴ ਉਹਦੀ ਮਿਹਨਤ ਨੂੰ ਕਿਵੇਂ ਵਡਿਆ ਰਿਹੈ૴ ਨਹੀਂ ਤਾਂ ਦੁਨੀਆ ਵਿੱਚ ਬਥੇਰੇ ਅਜਿਹੇ ਆਦਮੀ ਹਨ ਜਿਨ੍ਹਾਂ ਨੂੰ ਤੌਖਲਾ ਲੱਗਾ ਰਹਿੰਦੈ ਕਿ ਔਰਤ ਦੀ ਵਡਿਆਈ ਕੀਤਿਆਂ ਕਿਤੇ ਲੋਕ ਉਸ ਨੂੰ ‘ਜ਼ੋਰੂ ਦਾ ਗੁਲਾਮ’ ਨਾ ਸਮਝਣ ਲੱਗ ਪੈਣ ਸਗੋਂ ਕਈ ਆਦਮੀ ਤਾਂ ਤੀਵੀਂ ਨੂੰ ਜੁੱਤੀ ਥੱਲੇ ਰੱਖਣ ਅਤੇ ਆਪਣੀ ਮਰਦਾਨਗੀ ਦਾ ਕਿਲਾ ਮਜ਼ਬੂਤ ਕਰਨ ਲਈ ਉਸ ਦੁਆਰਾ ਕੀਤੇ ਕੰਮਾਂ ਵਿੱਚ ਐਵੇਂ ਕੀੜੇ ਕੱਢਦੇ ਰਹਿੰਦੇ ਹਨ। ਉਨ੍ਹਾਂ ਨੂੰ ਚੇਤਾ ਹੀ ਭੁੱਲ ਜਾਂਦੈ ਕਿ ਬਿਨਾਂ ਉਜਰਤ ਲਏ ਘਰ ਦੀ ਸੁਆਣੀ ਦੀ ਮਿਹਨਤ ਅਤੇ ਹਿੰਮਤ ਵਾਸਤੇ ਉਹਨੂੰ ਸ਼ਾਬਾਸ਼ ਦੇਣਾ ਉਸ ਵਾਸਤੇ ਮਾਨਸਿਕ ਖੁਰਾਕੀ ਤੱਤ ਦੇਣ ਦੇ ਬਰਾਬਰ ਹੁੰਦਾ ਹੈ ਤੇ ਉਹਨੂੰ ਹੋਰ ਊਰਜਾਵਾਨ ਬਣਾਉਣ ਲਈ ਇਹ ਤੱਤ ਹਰ ਔਰਤ ਦੀ ਜ਼ਰੂਰਤ ਹੁੰਦੀ ਹੈ।
ਸੋਚ ਰਹੀ ਸਾਂ- ‘ਔਰਤਾਂ ਨਾਲ ਹੀ ਘਰਾਂ ਵਿੱਚ ਰੌਣਕਾਂ ਤੇ ਬਰਕਤਾਂ ਹੁੰਦੀਆਂ।’