Wednesday, April 2, 2025
12.1 C
Vancouver

ਪੰਜਾਬ ਵਿਚ ਕਣਕ ਜ਼ਹਿਰੀਲੀ ਉਗਣ ਲੱਗੀ, ਪੰਜਾਬੀ ਦੂਜੇ ਸੂਬਿਆਂ ਦੀ ਕਣਕ ਦੀ ਵਰਤੋਂ ਕਰਨ ਲੱਗੇ

ਕੁਝ ਕਿਸਾਨਾਂ ਨੇ ਆਪਣੇ ਘਰਾਂ ਵਿਚ ਖਾਣ ਲਈ ਜ਼ਹਿਰ ਮੁਕਤ ਕਣਕ ਦੀ ਕੀਤੀ ਬਿਜਾਈ
ਭਾਵੇਂ ਕਿ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਲਈ ਜਾਣਿਆ ਜਾਂਦਾ ਹੈ ਪਰ ਅਜੋਕੇ ਸਮੇਂ ਦੌਰਾਨ ਪੈਸਾ ਕਮਾਉਣ ਦੀ ਹੋੜ ਨੇ ਪੰਜਾਬ ਵਿਚ ਪੈਦਾ ਹੋਣ ਵਾਲੀ ਕਣਕ ਨੂੰ ਏਨਾ ਜ਼ਹਿਰੀਲਾ ਕਰ ਦਿੱਤਾ ਹੈ ਕਿ ਪੰਜਾਬੀ ਹੁਣ ਪੰਜਾਬ ਨੂੰ ਛੱਡ ਹੋਰਨਾਂ ਸੂਬਿਆਂ ਤੋਂ ਜਿਥੇ ਕਣਕ ਮੰਗਵਾਉਣ ਨੂੰ ਤਰਜੀਹ ਦੇਣ ਲੱਗੇ ਹਨ ਉਥੇ ਹੀ ਕਈ ਕਿਸਾਨ ਤਾਂ ਹੁਣ ਆਪਣੇ ਘਰ ਵਾਸਤੇ ਖਾਣ ਲਈ ਵੱਖਰੇ ਤੌਰ ‘ਤੇ ਕਣਕ ਦੀ ਬਿਜਾਈ ਕਰ ਰਹੇ ਹਨ ਤਾਂ ਜੋ ਜ਼ਹਿਰ ਮੁਕਤ ਕਣਕ ਦੀ ਪੈਦਾਵਾਰ ਕਰਕੇ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ । ਪੰਜਾਬ ਵਿਚ ਪਿਛਲ਼ੇ ਕੁਝ ਸਾਲਾਂ ਤੋਂ ਕਿਸੇ ਵੀ ਫਸਲ ਦੀ ਗੁਣਵੱਤਾ ਦੀ ਬਜਾਏ ਫਸਲ ਦਾ ਝਾੜ ਵਧਾਉਣ ਦਾ ਰੁਝਾਨ ਵਧਿਆ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਵਲੋਂ ਪਾਇਆ ਜਾ ਰਿਹਾ ਹੈ । ਝਾੜ ਦੇ ਲਾਲਚ ਵਿਚ ਕਿਸਾਨਾਂ ਨੂੰ ਡੀ. ਏ. ਪੀ. ਅਤੇ ਯੂਰੀਆ ਖਾਦ ਦੇ ਨਾਲ ਨਾਲ ਹੋਰ ਕਈ ਪ੍ਰਕਾਰ ਦੀਆਂ ਬੇਲੋੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ । ਪੰਜਾਬ ਵਿਚ ਮਿਲਾਵਟ ਅਤੇ ਜ਼ਹਿਰ ਯੁਕਤ ਖੁਰਾਕ ਕਾਰਨ ਨਾਮੁਰਾਦ ਬਿਮਾਰੀਆਂ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ । ਪਿਛਲ਼ੇ ਸਮੇਂ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ ਆਮ ਨਾਲੋਂ ਵੱਧ ਭਾਅ ਦੇਣ ਦਾ ਭਰੋਸਾ ਦਿੰਦੇ ਹੋਏ ਜ਼ਹਿਰ ਮੁਕਤ ਫਸਲਾਂ ਦੀ ਪੈਦਾਵਾਰ ਲਈ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕਰਵਾਏ ਪਰ ਹਰ ਵਾਰ ਦੀ ਤਰ੍ਹਾਂ ਸਰਕਾਰ ਦੀ ਵਾਅਦਾ ਖਿਲਾਫੀਆਂ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਅਤੇ ਉਹ ਮੁੜ ਉਸੇ ਲਕੀਰ ਦੇ ਫਕੀਰ ਬਣ ਗਏ ।
ਇਸ ਦੌਰਾਨ ਭਾਵੇਂ ਕਿ ਖੇਤੀਬਾੜੀ ਵਿਭਾਗ ਵਲੋਂ ਸਮੇਂ ਸਮੇਂ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸ਼ਿਫਾਰਸ਼ਾਂ ਅਨੁਸਾਰ ਖਾਦ ਅਤੇ ਦਵਾਈਆਂ ਦੀ ਲੋੜੀਂਦੀ ਮਾਤਰਾ ਹੀ ਪਾਉਣ ਦਾ ਹੋਕਾ ਦਿੱਤਾ ਜਾਂਦਾ ਹੈ ਪਰ ਜ਼ਿਆਦਾਤਰ ਕਿਸਾਨ ਖੇਤੀਬਾੜੀ ਮਹਿਕਮੇ ਨਾਲ ਘੱਟ ਅਤੇ ਡੀਲਰਾਂ (ਦਵਾਈ ਵਿਕ੍ਰੇਤਾ) ਨਾਲ ਜ਼ਿਆਦਾ ਸੰਪਰਕ ਵਿਚ ਰਹਿੰਦੇ ਹਨ, ਜਿਸ ਦਾ ਸਿੱਧਾ ਅਸਰ ਇਨਸਾਨੀ ਜ਼ਿੰਦਗੀਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ ।ਸੂਬੇ ਦੇ ਕੁਝ ਜਾਗਰੂਕ ਕਿਸਾਨਾਂ ਵਲੋਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੁਣ ਆਪਣੇ ਘਰਾਂ ਵਿਚ ਖਾਣ ਵਾਸਤੇ ਕਣਕ ਅਤੇ ਝੋਨਾ ਵੱਖਰਾ ਲਗਾਇਆ ਜਾ ਰਿਹਾ ਹੈ, ਜਿਸ ‘ਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨਾਮਾਤਰ ਕੀਤੀ ਜਾ ਰਹੀ ਹੈ ਉਥੇ ਹੀ ਜਿਨ੍ਹਾਂ ਲੋਕਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਉਹ ਆਪਣੇ ਖਾਣ ਲਈ ਕਣਕ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਮਹਾਂਰਾਸ਼ਟਰ ਆਦਿ ਸੂਬਿਆਂ ਤੋਂ ਮੰਗਵਾ ਰਹੇ ਹਨ, ਜਿਸ ਲਈ ਹੁਣ ਤੋਂ ਹੀ ਐਡਵਾਂਸ ਬੁਕਿੰਗ ਕਰਵਾਈ ਜਾ ਰਹੀ ਹੈ ।ਇਸ ਬਾਰੇ ਤਰਕ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੀ ਬਜਾਏ ਇਨ੍ਹਾਂ ਸੂਬਿਆਂ ਵਿਚ ਪੈਦਾ ਹੋਣ ਵਾਲੀ ਕਣਕ ਦੀ ਗੁਣਵਤਾ ਬਿਹਤਰ ਹੈ । ਇਥੋਂ ਤੱਕ ਕਿ ਆਪਣੇ ਲਈ ਵੱਖਰੀ ਲਗਾਈ ਜਾ ਰਹੀ ਅਤੇ ਬਾਹਰੋਂ ਮੰਗਵਾਈ ਜਾ ਰਹੀ ਕਣਕ ਨੂੰ ਪੀਸਣ ਵਾਸਤੇ ਘਰਾਂ ਵਿਚ ਬਿਜਲਈ ਮਸ਼ੀਨਾਂ ਲਗਾ ਕੇ ਲੋੜ ਅਨੁਸਾਰ ਆਟਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਬਾਜ਼ਾਰੀ ਚੱਕੀਆਂ ਤੋਂ ਕਣਕ ਪੀਸਣ ਦੌਰਾਨ ਉਨ੍ਹਾਂ ਦੇ ਆਟੇ ਵਿਚ ਰਲਾ ਨਾ ਹੋ ਜਾਵੇ । ਇਸ ਤੋਂ ਇਲਾਵਾ ਪੰਜਾਬ ਦੇ ਕੁਝ ਇਲਾਕਿਆਂ ਵਿਚ ਸ਼ੂਗਰ ਫਰੀ ਦੇ ਤਰਕ ਹੇਠ ਕਈ ਕਿਸਾਨਾਂ ਵਲੋਂ ਕਾਲੀ ਕਣਕ ਅਤੇ ਕਾਲੇ ਝੋਨੇ ਦੀ ਪੈਦਾਵਾਰ ਵੀ ਕੀਤੀ ਜਾ ਰਹੀ ਹੈ।
ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਸੈਕਟਰ ਵਿਚ ਸੁਧਾਰ ਲਿਆਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਰਸਾਇਣਕ ਖੇਤੀ ਨੁਕਸਾਨਦਾਇਕ ਹੈ ਜਿਸ ਕਾਰਨ ਪੰਜਾਬ ਦਾ ਕਿਸਾਨ ਆਪਣੀ ਬੀਜੀ ਫ਼ਸਲ ਹੋਰਾਂ ਨੂੰ ਤਾਂ ਵੇਚਦਾ ਹੈ ਪਰ ਉਹ ਖ਼ੁਦ ਇਸ ਦੀ ਵਰਤੋਂ ਨਹੀਂ ਕਰਦਾ ਹੈ। ਤੋਮਰ ਨੇ ਕਿਹਾ ਕਿ ਕੁਦਰਤੀ ਤਰੀਕੇ ਅਪਣਾ ਕੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ।
ਖੇਤੀ ਵਿਗਿਆਨੀ ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਪੰਜਾਬ ਦਾ ਖੇਤੀ ਮਾਡਲ ਮੁੱਖ ਤੌਰ ‘ਤੇ ਕਰੋੜਾਂ ਲੋਕਾਂ ਦਾ ਢਿੱਡ ਭਰਨ ਲਈ ਵਧੇਰੇ ਅਨਾਜ ਉਗਾਉਣ ਦੇ ਟੀਚੇ ਨਾਲ ਵਿਕਸਤ ਕੀਤਾ ਗਿਆ ਸੀ ਜੋ ਇਸ ਮੰਤਵ ਵਿਚ ਬਹੁਤ ਕਾਮਯਾਬ ਵੀ ਰਿਹਾ ਅਤੇ ਇਸ ਸਦਕਾ ਮੁਲਕ ਨੂੰ ਅੰਨ ਦੀ ਕਮੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਿਆ। ਇਸ ਪ੍ਰਕਿਰਿਆ ਵਿਚ ਪੰਜਾਬ ਨੇ ਆਪਣੇ ਕੁਦਰਤੀ ਵਸੀਲਿਆਂ ਦਾ ਇਸ ਹੱਦ ਤੱਕ ਜ਼ਿਆਦਾ ਇਸਤੇਮਾਲ ਕਰ ਲਿਆ ਕਿ ਇਸ ਦੀ ਮਿੱਟੀ ਦੀ ਸਿਹਤ ਵਿਗੜ ਗਈ ਅਤੇ ਧਰਤੀ ਹੇਠਲਾ ਪਾਣੀ ਮੁੱਕ ਗਿਆ। ਰਸਾਇਣਕ ਖਾਦਾਂ ਅਤੇ ਕੀੜੇਮਾਰ ਤੇ ਨਦੀਨਮਾਰ ਜ਼ਹਿਰਾਂ ਨੇ ਇਸ ਦੀ ਆਬੋ-ਹਵਾ ਨੂੰ ਗੰਧਲਾ ਕਰ ਦਿੱਤਾ ਹੈ। ਕਣਕ ਦੀ ਵਰਤੋਂ ਪੰਜਾਬੀ ਕਰਦੇ ਹਨ ,ਉਹ ਪੰਜਾਬ ਦੀ ਸਿਹਤ ਨੂੰ ਜ਼ਹਿਰੀਲੀ ਹੋਣ ਕਰਕੇ ਤਬਾਹ ਕਰ ਰਹੀ ਹੈ।ਇਸ ਲਈ ਬਹੁਤ ਜ਼ਰੂਰੀ ਹੈ ਕਿ ਨੀਤੀ ਤਹਿਤ ਖੇਤੀਬਾੜੀ ਦੇ ਟਿਕਾਊ ਵਿਕਾਸ, ਮਿੱਟੀ ਦੀ ਸਿਹਤ ਦੀ ਕਾਇਆ ਕਲਪ, ਫ਼ਸਲਾਂ ਦੀ ਵੰਨ-ਸਵੰਨਤਾ ਅਤੇ ਪਾਣੀ ਦੀ ਸੰਭਾਲ ਨੂੰ ਸਭ ਤੋਂ ਵੱਧ ਤਵੱਜੋ ਦਿੱਤੀ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਲੋੜੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ਼ ਕੀੜਿਆਂ ਦੀਆਂ ਅਜਿਹੀਆਂ ਨਸਲਾਂ ਪੈਦਾ ਹੋ ਗਈਆਂ ਹਨ ਜਿਨਾਂ ਉੱਤੇ ਰਸਾਇਣ ਅਸਰ ਨਹੀਂ ਕਰਦੇ, ਸਿੱਟਾ ਇਹ ਨਿੱਕਲ਼ਦਾ ਹੈ ਕਿ ਕਿਸਾਨ ਉਸੇ ਰਸਾਇਣ ਦੀ ਮਾਤਰਾ ਵਧਾਉਂਦਾ ਰਹਿੰਦਾ ਹੈ ਪਰ ਸਮੱਸਿਆ ਵਧਦੀ ਜਾਂਦੀ ਹੈ।