Thursday, April 3, 2025
5.7 C
Vancouver

ਨਿਘਾਰ ਵੱਲ ਜਾਂਦੀ ਇਨਸਾਨੀਅਤ

 

ਲਿਖਤ : ਡਾਕਟਰ ਅਮਨਪ੍ਰੀਤ ਸਿੰਘ ਬਰਾੜ
ਕੀ ਅਸੀਂ ਹਰ ਪਖੋਂ ਨਿਘਾਰ ਵਲ ਜਾ ਰਹੇ ਹਾਂ? ਕੋਈ ਜ਼ਮਾਨਾ ਸੀ ਜਦ ਲੋਕੀਂ ਬਹੁਤੇ ਵਾਅਦੇ ਜ਼ੁਬਾਨੀ ਕਰਦੇ ਸਨ ਅਤੇ ਉਨ੍ਹਾਂ ਨੂੰ ਯਾਦ ਰੱਖ ਕੇ ਸਾਲਾਂ ਤੱਕ ਨਿਭਾਉਂਦੇ ਸਨ। ਇੱਥੋਂ ਤੱਕ ਕਿ ਜੇ ਦੋ ਪਰਿਵਾਰਾਂ ਨੇ ਆਪਣੇ ਛੋਟੇ ਹੁੰਦੇ ਬੱਚਿਆਂ ਦਾ ਰਿਸ਼ਤਾ ਪੱਕਾ ਕਰ ਲਿਆ ਤਾਂ ਜਵਾਨ ਹੋਣ ਤੱਕ ਉਡੀਕ ਲੈਂਦੇ। ਰਿਸ਼ਤੇ ਪੱਕੇ ਕਰਨ ‘ਚ ਪੰਡਤ, ਨਾਈ ਜਾਂ ਮਰਾਸੀ ਵੀ ਆਪਣਾ ਯੋਗਦਾਨ ਪਾਉਂਦੇ, ਪਰ ਉਨ੍ਹਾਂ ਦੀ ਇਮਾਨਦਾਰੀ ਵੀ ਵੇਖੋ, ਰਿਸ਼ਤਾ ਉੱਥੇ ਕਰਾਉਂਦੇ, ਜਿਨ੍ਹਾਂ ਦੋਹਾਂ ਘਰਾਂ ਨੂੰ ਉਹ ਜਾਣਦੇ ਹੁੰਦੇ ਸਨ ਅਤੇ ਉਨ੍ਹਾਂ ਦੀ ਨਿਭ ਸਕਦੀ ਸੀ। ਬਹੁਤੀ ਵਾਰ ਕੁੜੀ ਵਾਲਿਆਂ ਵਲੋਂ ਸ਼ਗਨ ਵੀ ਉਹੀ ਲੈ ਕੇ ਜਾਂਦੇ ਸਨ। ਮੁੰਡਾ-ਕੁੜੀ ਵਿਆਹ ਤੋਂ ਬਾਅਦ ਹੀ ਆਪਸ ਵਿਚ ਮਿਲਦੇ ਸਨ। ਕਾਮਜਾਬ ਵਿਆਹਾਂ ਦੀ ਦਰ ਅੱਜ ਤੋਂ ਕਈ ਗੁਣਾ ਜ਼ਿਆਦਾ ਸੀ। ਪਿੰਡ ਦੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਸਨ। ਇੱਥੋਂ ਤੱਕ ਕਿ ਜੇ ਕਿਸੇ ਪਿੰਡ ਕੋਈ ਬਰਾਤ ਲੈ ਕੇ ਗਿਆ, ਜਿੱਥੇ ਉਸ ਪਿੰਡ ਦੀ ਕੋਈ ਕੁੜੀ ਪਹਿਲਾਂ ਵਿਆਹੀ ਹੋਈ ਹੈ ਤਾਂ ਲੜਕੇ ਦਾ ਬਾਪ ਪਰੋਸਾ (ਸ਼ਗਨ) ਲੈ ਕੇ ਉਸ ਕੁੜੀ ਦੇ ਘਰ ਵੀ ਜਾਂਦਾ ਅਤੇ ਵਿਆਹ ‘ਚ ਸ਼ਾਮਿਲ ਹੋਣ ਦਾ ਸੱਦਾ ਦੇ ਕੇ ਆਉਂਦਾ। ਅੱਜ ਵਾਂਗ ਨਹੀਂ, ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਦੋਵੇਂ ਪਰਿਵਾਰ ਇਕ-ਦੂਜੇ ਨੂੰ ਮਿਲਦੇ ਵੀ ਹਨ, ਦੇਣ-ਲੈਣ ਵੀ ਮਿੱਥਿਆ ਜਾਂਦਾ ਹੈ। ਉਸ ਤੋਂ ਬਾਅਦ ਰੋਕਾ, ਸ਼ਗਨ ਅਤੇ ਚੁੰਨੀ ਦੀਆਂ ਰਸਮਾਂ ਵੀ ਹੁੰਦੀਆਂ ਹਨ। ਅੱਜ-ਕੱਲ੍ਹ ਇਕ ਹੋਰ ਰਿਵਾਜ ਚੱਲ ਪਿਆ, ਜਿਸ ਨੂੰ ”ਪ੍ਰੀਵੈਡਿੰਗ ਸ਼ੂਟ” ਕਿਹਾ ਜਾਂਦਾ ਹੈ, ਜਿਸ ‘ਚ ਮੁੰਡਾ-ਕੁੜੀ ਵਿਆਹ ਤੋਂ ਪਹਿਲਾਂ ਸੈਲਾਨੀ ਜਗ੍ਹਾ ‘ਤੇ ਜਾ ਕੇ ਵੱਖ-ਵੱਖ ਅੰਦਾਜ਼ਾਂ ‘ਚ ਇਕ ਫ਼ਿਲਮ ਬਣਾਉਂਦੇ ਹਨ। ਇਹ ਫ਼ਿਲਮ ਵਿਆਹ ਵਾਲੇ ਦਿਨ ਵਿਆਹ ‘ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਦਿਖਾਈ ਜਾਂਦੀ ਹੈ। ਭਾਵ ਜਿਹੜੀ ਗੱਲ ਵਿਆਹ ਤੋਂ ਬਾਅਦ ਸ਼ੁਰੂ ਹੋਣੀ ਸੀ, ਉਹ ਵਿਆਹ ਹੋਣ ਤੱਕ ਤਕਰੀਬਨ-ਤਕਰੀਬਨ ਪੂਰੀ ਹੋ ਜਾਂਦੀ ਹੈ। ਭਾਵ ਜੋ ਪਵਿੱਤਰ ਬੰਧਨ ਲਾਵਾਂ/ਫੇਰਿਆਂ ਜਾਂ ਅਨੰਦ ਕਾਰਜ ਨਾਲ ਬੰਨ੍ਹਿਆ ਜਾਣਾ ਸੀ, ਉਹ ਰਸਮਾਂ ਤਾਂ ਸਿਰਫ ਲੋਕ ਦਿਖਾਵਾ ਹੀ ਬਣ ਕੇ ਰਹਿ ਗਈਆਂ। ਜਦੋਂ ਫ਼ਿਲਮੀ ਦੁਨੀਆ ਤੋਂ ਬਾਅਦ ਅਗਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਉਲਾਂਭੇ ਅਤੇ ਲੜਾਈ-ਝਗੜੇ, ਤੂੰ-ਤੂੰ, ਮੈਂ-ਮੈਂ ਤੋਂ ਵਧਦੇ-ਵਧਦੇ ‘ਮੈਂ ਨਹੀਂ ਤੇਰੇ ਵਸਣਾ’ ਤੱਕ ਪਹੁੰਚ ਜਾਂਦੀ ਹੈ। ਘਰ ਦੀ ਗੱਲ ਬਾਹਰ ਪੰਚਾਇਤ ‘ਚ ਅਤੇ ਪੰਚਾਇਤ ਤੋਂ ਅੱਗੇ ਕਾਨੂੰਨ ਤੱਕ ਪਹੁੰਚ ਜਾਂਦੀ ਹੈ। ਹਰ ਇਕ ਨੂੰ ਪਤਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਕਾਨੂੰਨ ਦਾ ਸਹਾਰਾ ਤਾਂ ਦੂਜੀ ਧਿਰ ਨੂੰ ਖਰਾਬ ਕਰਨ ਲਈ ਲਿਆ ਜਾਂਦਾ ਹੈ ਪਰ ਪਤਾ ਉਦੋਂ ਲਗਦਾ ਹੈ ਜਦੋਂ ਕਾਨੂੰਨ ਦੇ ਲੰਬੇ ਹੱਥ ਆਵਦੀ ਸੰਘੀ ਤੱਕ ਵੀ ਪਹੁੰਚ ਜਾਂਦੇ ਹਨ। ਅਖੀਰ ਧੱਕੇ ਖਾ ਕੇ ਤੇ ਖੱਜਲ-ਖੁਆਰ ਹੋ ਕੇ ਨਿਬੇੜਾ ਫਿਰ ਪੈਸੇ ਨਾਲ ਹੀ ਹੁੰਦਾ ਹੈ।
ਪੁਰਾਣੇ ਸਮੇਂ ‘ਚ ਬਹੁਤੇ ਲੋਕਾਂ ਦੀ ਜ਼ੁਬਾਨ ਅਤੇ ਕਿਰਦਾਰ ਸੱਚੇ-ਸੁੱਚੇ ਅਤੇ ਪਾਕ ਸਨ। ਪਰ ਤਰੱਕੀ ਦੀ ਲਾਲਸਾ ਅਤੇ ਲਾਲਚ ਨੇ ਇਸ ਨੂੰ ਵੱਡਾ ਖੋਰਾ ਲਾਇਆ ਹੈ। ਅੱਜ ਲੋਕ ਆਪਣੇ ਪਰਿਵਾਰ ਬਾਰੇ ਸੋਚਦੇ-ਸਮਝਦੇ ਸਮਾਜ ਅਤੇ ਦੇਸ਼ ਨੂੰ ਪਿੱਛੇ ਛੱਡ ਜਾਂਦੇ ਹਨ। ਪੁਰਾਣੇ ਸਮਿਆਂ ‘ਚ ਇਹੋ ਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ। ਲੋਕ ਜ਼ੁਬਾਨ ਦੇ ਪੱਕੇ, ਸਮਾਜ ਅਤੇ ਧਰਮ ਤੋਂ ਡਰ ਕੇ ਚੱਲਣ ਵਾਲੇ ਸਨ। ਆਪਸੀ ਭਾਈਚਾਰੇ ਦੀ ਸ਼ਰਮ ਸਭ ਤੋਂ ਵੱਡੀ ਸੀ ਪਰ ਅੱਜ ਜਿਹੜਾ ਇਨਸਾਨ ਪੈਸੇ ਅਤੇ ਰੁਤਬੇ ‘ਚ ਜਿੰਨਾ ਵੱਡਾ ਹੋ ਗਿਆ, ਉਸ ਨੇ ਭਾਈਚਾਰੇ ਦੀ ਸ਼ਰਮ ਓਨੀ ਹੀ ਛਿੱਕੇ ਟੰਗ ਦਿੱਤੀ ਅਤੇ ਧਰਮ ਨੂੰ ਜੇਬ ‘ਚ ਪਾ ਲਿਆ। ਇਸ ਦੀ ਵਿਆਖਿਆ ਕੁਝ ਇਸ ਤਰ੍ਹਾਂ ਦੀ ਹੈ।
ਸਿਆਸਤ : ਸਿਆਸਤਦਾਨ ਭਾਵ ਉਹ ਇਨਸਾਨ ਜਿਨ੍ਹਾਂ ਉੱਪਰ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਦਾ ਭਾਰ ਹੁੰਦਾ ਹੈ। ਇਹ ਲੋਕ, ਆਮ ਲੋਕਾਂ ਲਈ ਇਕ ਰੋਲ ਮਾਡਲ ਹੁੰਦੇ ਹਨ। ਉਸ ਇਲਾਕੇ ਦੇ ਸਾਰੇ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ‘ਤੇ ਹੁੰਦੀਆਂ ਹਨ, ਪਰ ਜਦੋਂ ਰੋਲ ਮਾਡਲ ਹੀ ਥਿੜਕਦਾ ਨਜ਼ਰ ਆਵੇ, ਫਿਰ ਕੋਈ ਕਿਸ ਵੱਲ ਵੇਖੇ। ਨੇੜਲੇ ਦਿਨਾਂ ‘ਚ ਵੋਟਾਂ ਆ ਰਹੀਆਂ ਹਨ, ਦਲ-ਬਦਲਣੇ ਵੋਟਾਂ ਤੋਂ ਪਹਿਲਾਂ ਸੁਭਾਵਿਕ ਹਨ। ਇਸ ਵੇਲੇ ਵੱਡੀ ਸੋਚਣ ਦੀ ਗੱਲ ਹੈ ਕਿ ਮੀਡੀਆ ਦੇ ਜ਼ਮਾਨੇ ‘ਚ ਜਦੋਂ ਹਰ ਗੱਲ ਦਾ ਰਿਕਾਰਡ ਮਿਲ ਜਾਂਦਾ ਹੈ। ਜਿਹੜੀ ਜਗ੍ਹਾ ਇਹ ਜਾਂਦੇ, ਉਸ ਬਾਰੇ ਪਹਿਲਾਂ ਕੀ ਬੋਲੇ ਸੀ, ਇਹ ਭੁੱਲ ਜਾਂਦੇ ਹਨ ਕਿਉਂਕਿ ਇਨ੍ਹਾਂ ਦਾ ਮਕਸਦ ਤਾਂ ਤਾਕਤ ਹਾਸਲ ਕਰਨਾ ਹੈ। ਜਿਹੜੇ ਪਾਸੇ ਪਲੜਾ ਭਾਰੀ ਹੋਇਆ, ਉਸ ਪਾਸੇ ਝੁਕ ਗਏ। ਇਨ੍ਹਾਂ ਲਈ ਸਿਰਫ ਪੈਸਾ, ਤਾਕਤ ਅਤੇ ਆਪਣੇ ਪਰਿਵਾਰ ਨੂੰ ਪਹਿਲ ਹੈ। ਲੋਕ ਜਿਨ੍ਹਾਂ ਨੇ ਇਨ੍ਹਾਂ ਨੂੰ ਆਗੂ ਬਣਾਇਆ, ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ। ਹਰ ਸਿਆਸਤਦਾਨ ਹੁਣ ਆਮ ਤੇ ਵਿਚਾਰਾ ਜਿਹਾ ਬਣਨ ਲੱਗ ਜਾਊਗਾ ਅਤੇ ਗਲੀਆਂ, ਮੁਹੱਲਿਆਂ ਵਿਚ ਜਾ ਕੇ ਵੋਟਰਾਂ ਨੂੰ ਜੱਫੀਆਂ ਪਾਉਂਦਾ ਫਿਰੂ ਪਰ ਜਿੱਦਣ ਜਿੱਤ ਗਿਆ, ਉਸ ਦਿਨ ਇਹ ਆਮ ਤੋਂ ਖ਼ਾਸ ਹੋ ਜਾਂਦੇ ਹਨ। ਜਿਨ੍ਹਾਂ ਨੂੰ ਅੱਜ ਆਮ ਲੋਕਾਂ ਤੋਂ ਕੋਈ ਖ਼ਤਰਾ ਨਹੀਂ। 4 ਜੂਨ ਤੋਂ ਬਾਅਦ ਉਨ੍ਹਾਂ ਨੂੰ ਇਹੋ ਹੀ ਆਮ ਜਨਤਾ ਖ਼ਤਰਨਾਕ ਲੱਗਣ ਲੱਗ ਜਾਣੀਂ ਹੈ। ਇਨ੍ਹਾਂ ਦੇ ਅੱਗੇ-ਪਿੱਛੇ ਸੁਰੱਖਿਆ ਕਰਮੀਆਂ ਦਾ ਵੱਡਾ ਘੇਰਾ ਆ ਜਾਂਦਾ ਹੈ, ਜਿਸ ਨੂੰ ਪਾਰ ਕਰਨਾ ਆਮ-ਇਨਸਾਨ ਦੇ ਵੱਸ ਦੀ ਗੱਲ ਨਹੀਂ। ਇੱਥੋਂ ਤੱਕ ਕਿ ਮੰਦਰ, ਗੁਰਦੁਆਰਿਆਂ ‘ਚ ਆਮ ਲੋਕ ਕਤਾਰਾਂ ‘ਚ ਜਾਂਦੇ ਹਨ, ਜਦਕਿ ਇਹ ਲੋਕ ਵੀ.ਆਈ.ਪੀ. ਦਰਸ਼ਨ ਕਰਦੇ ਹਨ। ਭਾਵ ਇਹ ਰੱਬ ਦੇ ਘਰ ਵੀ ਨਿਮਾਣੇ ਹੋ ਕੇ ਨਹੀਂ ਜਾਂਦੇ। ਸੂਝਵਾਨ ਵੋਟਰ ਇਸ ਦੁਬਿਧਾ ਵਿਚ ਫਸ ਜਾਂਦਾ ਹੈ ਕਿ ਮੈਂ ਵੋਟ ਕਿਸ ਨੂੰ ਪਾਵਾਂ; ਕਿਉਂਕਿ ਪਿਛਲੇ 4-5 ਸਾਲਾਂ ‘ਚ ਤਾਂ ਖਰੀਦੋ-ਫ਼ਰੋਖਤ ਦਾ ਐਸਾ ਰੁਝਾਨ ਬਣਿਆ ਹੈ ਕਿ ਪਤਾ ਹੀ ਨਹੀਂ ਚੱਲਦਾ ਕਿਸ ਨੇ ਕਦੋਂ ਵਿੱਕ ਜਾਣਾ ਹੈ ਅਤੇ ਆਪਣੇ ਚੁਣਨ ਵਾਲਿਆਂ ਨੂੰ ਧੋਖਾ ਦੇ ਜਾਣਾ ਹੈ। ਜਿਹੜੇ ਲੋਕ ਵੋਟ ਪਾਉਣ ਨਹੀਂ ਜਾਂਦੇ, ਉਨ੍ਹਾਂ ਵਿਚੋਂ ਬਹੁਤਿਆਂ ਦਾ ਕਾਰਨ ਇਹੋ ਹੀ ਹੈ।
ਅਧਿਆਪਕ : ਪਹਿਲਾਂ ਸਾਡੀ ਸੱਭਿਅਤਾ ‘ਚ ਸਭ ਤੋਂ ਉੱਚ ਦਰਜਾ ਅਧਿਆਪਕ ਦਾ ਸੀ। ਰਾਜੇ-ਮਹਾਰਾਜੇ ਆਪਣੇ ਬੱਚਿਆਂ ਨੂੰ ਸੰਸਾਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਗੁਰੂ ਦੇ ਦੁਆਰ ਚੱਲ ਕੇ ਜਾਂਦੇ ਸਨ। ਪਰ ਸਮਾਂ ਬਦਲਦਾ ਗਿਆ। ਗੁਰੂਕੁਲ ਜੋ ਰਾਜੇ-ਮਹਾਰਾਜੇ ਵੇਲੇ ਆਪਣੀ ਅਲੱਗ ਪਹਿਚਾਣ ਰੱਖਦੇ ਸਨ, ਉਹ ਹੌਲੀ-ਹੌਲੀ ਸਮੇਂ ਦੀ ਸਰਕਾਰ ਦੀ ਜਗੀਰ ਬਣ ਗਏ, ਫਿਰ ਜਿੱਥੇ ਪੂੰਜੀਵਾਦੀ ਸਿਸਟਮ ਚੱਲਿਆ ਸੀ, ਉਥੇ ਇਹ ਅਦਾਰੇ ਕਾਰਪੋਰੇਟ ਦੀ ਨਿੱਜੀ ਜਗੀਰ ਬਣ ਗਏ।
ਭਾਰਤ ‘ਚ ਅੱਜ ਅਧਿਆਪਕ ਜਿਸ ਨੂੰ ਦੇਸ਼ ਦੀ ਨਵੀਂ ਪੀੜ੍ਹੀ ਨੂੰ ਬਣਾਉਣਾ ਵਾਲਾ ਥੰਮ੍ਹ ਕਿਹਾ ਜਾਂਦਾ ਸੀ, ਉਸ ਦੀ ਦਸ਼ਾ ਇਹ ਹੈ ਕਿ ਉਹ ਆਪਣੇ ਪਰਿਵਾਰ ਦੇ ਚੰਗੇ ਜੀਵਨ ਨਿਰਵਾਹ ਦਾ ਇੰਤਜ਼ਾਮ ਕਰਨ ਦੇ ਸਮਰੱਥ ਵੀ ਨਹੀਂ ਹੈ। ਪਰ ਦੂਜੇ ਪਾਸੇ ਜਿਨ੍ਹਾਂ ਦੇ ਵਿੱਦਿਅਕ ਅਦਾਰਿਆ ‘ਤੇ ਕਬਜ਼ੇ ਹਨ, ਉਹ ਪੜ੍ਹੇ-ਲਿਖੇ ਵੀ ਘੱਟ ਹਨ ਪਰ ਆਪਣੇ ਪੈਸੇ ਦੇ ਬਲ ‘ਤੇ ਪੜ੍ਹਾਉਣ ਵਾਲਿਆਂ ਨੂੰ ਆਪਣੇ ਸਾਹਮਣੇ ਖੜ੍ਹਾ ਰੱਖਦੇ ਹਨ। ਇਸੇ ਤਰ੍ਹਾਂ ਕਈ ਅਧਿਆਪਕ ਵੀ ਜਦੋਂ ਉਸ ਦੇ ਆਪਣੇ ਬੱਚੇ ਦੇ ਪੇਪਰ ਹੁੰਦੇ ਹਨ, ਉਹ ਛੁੱਟੀ ਲੈ ਕੇ ਉਨ੍ਹਾਂ ਨੂੰ ਪੜ੍ਹਾਉਂਦੇ ਹਨ। ਉਸ ਵੇਲੇ ਸਕੂਲ ਦੇ ਵਿਦਿਆਰਥੀਆਂ ਦੇ ਵੀ ਪੇਪਰ ਹੁੰਦੇ ਹਨ, ਉਨ੍ਹਾਂ ਦਾ ਕੌਣ ਵਿਚਾਰਾ। ਇਸ ‘ਚ ਤਰਕ ਆਉਂਦਾ ਹੈ ਮੈਂ ਤਾਂ ਇੱਥੇ ਰਹਿ ਗਿਆ (ਮਾਸਟਰ ਜਾਂ ਪ੍ਰੋਫ਼ੈਸਰ) ਪਰ ਮੇਰਾ ਬੱਚਾ ਕਿਸੇ ਹੋਰ ਕੰਮ ‘ਚ ਪੈ ਜਾਵੇ। ਭਾਵ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੋਈ ਦਿਹਾੜੀਦਾਰ ਗੱਲ ਕਰਦਾ ਹੋਵੇ। ਗੱਲ ਤਾਂ ਸਹੀ ਵੀ ਲੱਗਦੀ ਹੈ। ਪ੍ਰਾਈਵੇਟ ਨੌਕਰੀ ਕਰਨ ਵਾਲੇ ਅਧਿਆਪਕ ਖ਼ਾਸ ਕਰਕੇ ਜੇ ਉਹ ਪੁਰਸ਼ ਹਨ ਅਤੇ ਸਾਰੇ ਘਰ ਦੀ ਜ਼ਿੰਮੇਵਾਰੀ ਹੈ ਤਾਂ ਉਹ ਰੋਟੀ, ਕੱਪੜਾ ਤੇ ਮਕਾਨ ਲਈ ਹੀ ਜੂਝਦੇ ਜ਼ਿੰਦਗੀ ਲੰਘਾ ਦਿੰਦੇ ਹਨ। ਔਰਤਾਂ ਜੋ ਅਧਿਆਪਕ ਹਨ, ਉਨ੍ਹਾਂ ਲਈ ਇਹ ਦੂਜੀ ਆਮਦਨ ਹੈ ਅਤੇ ਉਨ੍ਹਾਂ ਲਈ ਇਹ ਨੌਕਰੀ ਟਾਈਮ ਪਾਸ ਅਤੇ ਆਪਣੇ ਬੱਚਿਆਂ ਨੂੰ ਕੰਮ ਦੇ ਨਾਲ ਜ਼ਿਆਦਾ ਸਮਾਂ ਦੇਣ ਵਾਲੀ ਲੱਗਦੀ ਹੈ।
ਡਾਕਟਰੀ ਪੇਸ਼ਾ : ਡਾਕਟਰਾਂ ਨੂੰ ਲੋਕ ਰੱਬ ਦਾ ਦੂਜਾ ਰੂਪ ਸਮਝਦੇ ਹਨ, ਪਰ ਉਹ ਹੀ ਰੱਬ ਕਿਤੇ ਕਿਸੇ ਬਿਮਾਰ ਦੇ ਇਲਾਜ ਵੇਲੇ ਇਹ ਕਹਿ ਕੇ ਦੇਰ ਕਰ ਦੇਵੇ ਕਿ ਇਹ ‘ਰੁਟੀਨ ਪ੍ਰੋਸੈੱਸ’ (ਆਮ ਵਰਤਾਰਾ) ਹੈ। ਉਸ ਵੇਲੇ ਉਸ ਬਿਮਾਰ ਇਨਸਾਨ ਦੇ ਆਪਣਿਆਂ ‘ਤੇ ਕੀ ਬੀਤਦੀ ਹੈ ਇਹ ਤਾਂ ਉਹੀ ਦੱਸ ਸਕਦੇ ਹਨ। ਜਦੋਂ ਕਿਸੇ ਡਾਕਟਰ ਦਾ ਕੋਈ ਆਪਣਾ ਉਸੇ ਸਥਿਤੀ ‘ਚ ਪਹੁੰਚ ਜਾਵੇ ਤਾਂ ਦੇਖੋ ਕਿਵੇਂ ਡਾਕਟਰਾਂ ਦੀ ਟੀਮ ਇਕੱਠੀ ਹੁੰਦੀ ਹੈ। ਉਸ ਵੇਲੇ ਉਹ ਆਮ ਤੋਂ ਖ਼ਾਸ ‘ਪ੍ਰੋਸੈੱਸ’ ਬਣ ਜਾਂਦਾ ਹੈ।
ਵਪਾਰੀ : ਬਹੁਤੇ ਵਪਾਰੀ ਪੈਸੇ ਦੀ ਚਕਾਚੌਂਧ ‘ਚ ਇਸ ਤਰ੍ਹਾਂ ਫਸੇ ਹਨ ਕਿ ਉਹ ਹਰ ਤਰ੍ਹਾਂ ਦਾ ਪੁੱਠਾ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ। ਕਈ ਥਾਵਾਂ ‘ਤੇ ਨਕਲੀ ਚੀਜ਼ਾਂ ਹੀ ਵੇਚੀਆਂ ਜਾਂਦੀਆਂ ਹਨ। ਇਸ ‘ਚ ਸਭ ਤੋਂ ਵੱਧ ਮਿਲਾਵਟ ਦਾ ਅਸਰ ਖਾਣ-ਪੀਣ ਵਾਲੀਆਂ ਚੀਜ਼ਾਂ ‘ਚ ਹੈ। ਮਠਿਆਈਆਂ ‘ਚ ਮਿਲਾਵਟ ਦੀ ਚਰਚਾ ਅਕਸਰ ਤਿਉਹਾਰਾਂ ਦੇ ਦਿਨਾਂ ‘ਚ ਚਲਦੀ ਹੈ। ਇਸ ਤਰ੍ਹਾਂ ਨਕਲੀ ਦੁੱਧ, ਨਕਲੀ ਪਨੀਰ ਆਦਿ। ਗੋਲ ਗੱਪਿਆਂ ਦੇ ਪਾਣੀ ‘ਚ ਤੇਜ਼ਾਬ ਪਾ ਕੇ ਖੁਆ ਰਹੇ ਹਨ। ਪਰ ਕਿਤੇ ਨਾ ਕਿਤੇ ਉਨ੍ਹਾਂ ਦੇ ਬੱਚੇ ਅਤੇ ਪਰਿਵਾਰਕ ਮੈਂਬਰ ਵੀ ਕਿਤੋਂ ਇਹ ਕੁਝ ਖਾ ਰਹੇ ਹਨ। ਹਾਲ ਹੀ ‘ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਿਲਾਵਟ ਰੋਕਣ ਲਈ ਪੰਜਾਬ ਦੇ ਇਕ ਡਾਕਟਰ ਨੇ ਚੰਗਾ ਕੰਮ ਕੀਤਾ। ਉਸ ਨੂੰ ਦੇਖ ਕੇ ਪੰਜਾਬ ‘ਚ ਲਹਿਰ ਤਾਂ ਕੀ ਬਣਨੀ ਸੀ, ਸਗੋਂ ਡਾਕਟਰ ਸਾਹਿਬ ਨੂੰ ਹੀ ਸਿਆਸਤ ਨੇ ਆਪਣੇ ਰੰਗ ‘ਚ ਰੰਗ ਲਿਆ।
ਸਾਡਾ ਧਰਮ (ਸਰਬ ਉੱਚ ਪ੍ਰਮਾਤਮਾ) ਸਾਨੂੰ ਸਾਫ਼-ਸੁਥਰੀ ਜ਼ਿੰਦਗੀ ਜਿਊਣ ਲਈ ਸੇਧ ਦਿੰਦਾ ਹੈ ਅਤੇ ਸਾਡੇ ਦੇਸ਼ ਦਾ ਸੰਵਿਧਾਨ ਬਰਾਬਰਤਾ ਦਾ ਹੱਕ ਦਿੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਾਡੇ ਆਗੂ ਭਾਵੇਂ ਉਹ ਕਿਸੇ ਵੀ ਖੇਤਰ ‘ਚ ਹੋਣ, ‘ਜੀਓ ਅਤੇ ਜਿਊਣ ਦਿਓ’ ਦੇ ਸਿਧਾਂਤ ‘ਤੇ ਚੱਲ ਕੇ ਆਮ ਲੋਕਾਂ ਲਈ ਮਿਸਾਲ ਕਾਇਮ ਕਰਨ। ਉਮੀਦ ਕਰਦਾ ਹਾਂ ਕਿ ਮੇਰੇ ਦੇਸ਼ ਵਾਸੀ ਸਮੇਂ ਦੀ ਨਜ਼ਾਕਤ ਨੂੰ ਸਮਝਣਗੇ।