Thursday, April 3, 2025
5.7 C
Vancouver

ਨਾਰੀ ਜੰਨਤ ਦੀ ਪਰਿਭਾਸ਼ਾ

ਨਾਰੀ ਜੰਨਤ ਦੀ ਪਰਿਭਾਸ਼ਾ ।
ਨਾਰੀ ਪੀੜੀ ਦੀ ਅਭਿਲਾਸਾ ।
ਨਾਰੀ ਮੰਦਿਰ ਵਿਚ ਜਿਉਂ ਜਯੋਤੀ ।
ਨਾਰੀ ਮਮਤਾ ਵਾਲੀ ਗੋਦੀ ।
ਨਾਰੀ ਸ਼ੀਤਲ ਨੀਰ ਸਮੁੰਦਰ ।
ਨਾਰੀ ਸੱਚ ਖੰਡ ਵਿਚ ਹਰਿ ਮੰਦਰ
ਨਾਰੀ ਧਰਤੀ ਨਾਰੀ ਅੰਬਰ
ਨਾਰੀ ਸੁਖਮਨੀ ਦੁੱਖ ਅੰਦਰ ।
ਨਾਰੀ ਸ਼ੁਭ ਮੰਗਲ ਅਭਿਵਾਦਨ ।
ਨਾਰੀ ਮਾਰੂਥਲ ਵਿਚ ਸਾਵਣ ।
ਨਾਰੀ ਅਗਨੀ ਵਾਲਾ ਮੰਜ਼ਰ ।
ਨਾਰੀ ਦੁਸ਼ਮਣ ਦੇ ਲਈ ਖੰਜ਼ਰ ।
ਨਾਰੀ ਸਤਿਅਮ ਸੁੰਦਰਮ ਸ਼ਕਤੀ ।
ਨਾਰੀ ਪੂਜਾ ਨਾਰੀ ਭਗਤੀ ।
ਨਾਰੀ ਬੰਦਨਵਾਰ ਜਿਉਂ ਦਰ ‘ਤੇ ।
ਨਾਰੀ ਕਿਰਪਾ ਦਿ੿ਸ਼ਟੀ ਘਰ ‘ਤੇ ।
ਨਾਰੀ ਜਿਉਂ ਖਿੜਦੀ ਖੁਸ਼ਹਾਲੀ ।
ਨਾਰੀ ਸਾਰੇ ਜਗ ਦੀ ਵਾਲੀ ।
ਨਾਰੀ ਵਗਦਾ ਦਰਿਆ ਹੈ ਪਰ ।
ਨਾਰੀ ਚੜ੍ਹਦੇ ਹੜ੍ਹ ਦਾ ਹੈ ਡਰ ।
ਨਾਰੀ ਮੰਗਲ ਕਲਸ਼ ਪਿਆਰਾ ।
ਨਾਰੀ ਰੱਬ ਦਾ ਰੂਪ ਨਿਆਰਾ ।
ਨਾਰੀ ਕਰਕੇ ਇਹ ਸੰਸਾਰ ।
ਨਾਰੀ ਕਰਕੇ ਸਭ ਭੰਡਾਰ ।
ਨਾਰੀ ਮਿਹਰਾਂ ਵਾਲੀ ਦਾਤੀ ।
ਨਾਰੀ ਸੂਰਜ ਵਾਲੀ ਝਾਤੀ ।
ਨਾਰੀ ਕੋਮਲ ਗੰਦਲ ਵਾਂਗੂੰ ।
ਨਾਰੀ ਖੁਸ਼ਬੂ ਚੰਦਨ ਵਾਂਗੂੰ ।
ਨਾਰੀ ਵੇਲ ਮੁਹੱਬਤ ਵਾਲੀ ।
ਨਾਰੀ ਫੁੱਲਾਂ ਲੱਦੀ ਡਾਲੀ ।
ਨਾਰੀ ਸਰਬ ਕਲਾ ਸੰਪੂਰਨ ।
ਨਾਰੀ ਅਰਪਨ ਨਾਰੀ ਦਰਪਨ ।
ਨਾਰੀ ਸਾਰੇ ਜਗ ਦੀ ਜਨਨੀ ।
ਨਾਰੀ ਜਿਉਂ ਦੀਵੇ ਦੀ ਅਗਨੀ ।
ਨਾਰੀ ‘ਬਾਲਮ’ ਪਾਕ ਪਵਿੱਤਰ ।
ਨਾਰੀ ਸਭ ਤੋਂ ਸੱਚਾ ਮਿੱਤਰ ।
ਲਿਖਤ : ਬਲਵਿੰਦਰ ‘ਬਾਲਮ’ ਗੁਰਦਾਸਪੁਰ
ਸੰਪਰਕ : 98156-25409