Wednesday, April 2, 2025
12.1 C
Vancouver

ਕੀ ਖ਼ੁਦਕੁਸ਼ੀ ਲਈ ਸਮਾਜ ਦੋਸ਼ੀ ?

 

ਲਿਖਤ : ਦਵਿੰਦਰ ਕੌਰ ਖੁਸ਼ ਧਾਲੀਵਾਲ
ਸੰਪਰਕ: 88472-27740
ਹਰ ਸਾਲ ਖ਼ੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ। ਖ਼ੁਦਕੁਸ਼ੀ ਸ਼ਬਦ ਬੋਲਣ ਨੂੰ ਬਹੁਤ ਛੋਟਾ ਹੈ ਪਰ ਇਸ ਦੇ ਨਤੀਜੇ ਬਹੁਤ ਘਾਤਕ ਹਨ। ਇੱਕ ਪਰਿਵਾਰ ਦੀ ਪੂਰੀ ਨੀਂਹ ਹਿੱਲ ਜਾਂਦੀ ਹੈ। ਇਨਸਾਨ ਨੂੰ ਖ਼ੁਦਕੁਸ਼ੀ ਦਾ ਰਾਹ ਕਿਉਂ ਅਪਨਾਉਣਾ ਪੈਂਦਾ ਹੈ? ਮੁੱਖਧਾਰਾ ਦੇ ਅਰਥ ਸ਼ਾਸਤਰੀ ਗ਼ਰੀਬੀ, ਬੇਰੁਜ਼ਗਾਰੀ, ਆਰਥਿਕ ਨਾਬਰਾਬਰੀ, ਵਧਦੀ ਮਹਿੰਗਾਈ ਆਦਿ ਬਾਰੇ ਕਾਫ਼ੀ ਚਰਚਾ ਕਰਦੇ ਹਨ। ਇਕੱਲੀ ਚਰਚਾ ਹੀ ਨਹੀਂ, ਆਲੋਚਨਾ ਕਰਦੇ ਹੋਏ ਇਨ੍ਹਾਂ ਸਮੱਸਿਆਵਾਂ ਦਾ ਇਸੇ ਢਾਂਚੇ ਵਿੱਚ ‘ਹੱਲ’ ਵੀ ਪੇਸ਼ ਕਰਦੇ ਹਨ। ਉਪਰੋਕਤ ਅਲਾਮਤਾਂ ਦੀ ਮਾਰ ਜ਼ਿਆਦਾਤਰ ਗ਼ਰੀਬ ਮਜ਼ਦੂਰ ਅਤੇ ਕਿਰਤੀ ਜਮਾਤ ਨੂੰ ਝੱਲਣੀ ਪੈਂਦੀ ਹੈ। ਮੁਨਾਫ਼ੇ ‘ਤੇ ਟਿਕਿਆ ਸਰਮਾਏਦਾਰਾ ਢਾਂਚਾ ਇਕੱਲੀਆਂ ਆਰਥਿਕ ਸਮੱਸਿਆਵਾਂ ਹੀ ਨਹੀਂ ਪੈਦਾ ਕਰਦਾ ਸਗੋਂ ਸਮਾਜਿਕ ਸਮੱਸਿਆਵਾਂ ਨੂੰ ਵੀ ਜਨਮ ਦਿੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਮੁੱਖਧਾਰਾ ਦੇ ਆਲੋਚਕ ਵਾਕਫ਼ ਤਾਂ ਹਨ, ਪਰ ਹੱਲ ਉਨ੍ਹਾਂ ਕੋਲ ਨਹੀਂ ਹੈ।
ਅਜਿਹੀ ਹੀ ਇੱਕ ਸਮਾਜਿਕ ਸਮੱਸਿਆ ਹੈ: ਖ਼ੁਦਕੁਸ਼ੀਆਂ। ਖ਼ੁਦਕੁਸ਼ੀਆਂ ਦੇ ਮਾਮਲੇ ਇਕੱਲੀ ਮਜ਼ਦੂਰ ਜਮਾਤ ਨਾਲ ਸਬੰਧਿਤ ਨਾ ਹੋ ਕੇ ਸਗੋਂ ਹਰ ਵਰਗ ਨੂੰ ਆਪਣੀ ਵਿੱਚ ਲਪੇਟ ਲੈਂਦੇ ਹਨ। ਕਿਸਾਨ, ਖੇਤ ਮਜ਼ਦੂਰ, ਵਿਦਿਆਰਥੀ, ਉੱਚ ਮੱਧਵਰਗ, ਫਿਲਮ ਜਗਤ ਨਾਲ ਜੁੜੇ ਲੋਕ ਆਦਿ ਤੱਕ ਇਸ ਸਮਾਜਿਕ ਅਲਾਮਤ ਦੀ ਮਾਰ ਹੇਠ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸਾਲ 2024 ਵਿੱਚ ਭਾਰਤ ਵਿੱਚ ਕੁੱਲ ਖ਼ੁਦਕੁਸ਼ੀਆਂ ਵਿੱਚ 2 ਫ਼ੀਸਦੀ ਵਾਧਾ ਹੋਇਆ ਅਤੇ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਵਿੱਚ 4 ਫ਼ੀਸਦੀ ਵਾਧਾ ਹੋਇਆ ਹੈ। ਸਾਲ 2022 ਵਿੱਚ ਭਾਰਤ ਵਿੱਚ 1,71,000 ਲੋਕਾਂ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਸੀ। ਇੱਕ ਅਖ਼ਬਾਰ ਦੀ ਖ਼ਬਰ ਅਨੁਸਾਰ ਮਹਾਰਾਸ਼ਟਰ ਸੂਬੇ ਵਿੱਚ ਸਭ ਤੋਂ ਵੱਧ (ਕੁੱਲ ਦਾ 14 ਫ਼ੀਸਦੀ) ਵਿਦਿਆਰਥੀ ਖ਼ੁਦਕੁਸ਼ੀ ਕਰਦੇ ਹਨ ਅਤੇ ਇਸ ਤੋਂ ਬਾਅਦ ਤਮਿਲਨਾਡੂ (ਕੁੱਲ ਦਾ 11 ਫ਼ੀਸਦੀ) ਆਉਂਦਾ ਹੈ। ਇਸੇ ਰਿਪੋਰਟ ਅਨੁਸਾਰ ਪਿਛਲੇ 20 ਸਾਲਾਂ ਵਿੱਚ ਖ਼ੁਦਕੁਸ਼ੀਆਂ ਦੀ ਗਿਣਤੀ ਵਿੱਚ ਦੁੱਗਣਾ ਵਾਧਾ ਹੋਇਆ ਹੈ।
ਸੁਨਹਿਰੇ ਭਵਿੱਖ ਦਾ ਸੁਪਨਾ ਦਿਖਾਉਣ ਵਾਲੀਆਂ ਵਪਾਰਕ ਸਿੱਖਿਆ ਸੰਸਥਾਵਾਂ, ਕੋਚਿੰਗ ਕੇਂਦਰਾਂ ਤੋਂ ਆਏ ਦਿਨ ਖ਼ੁਦਕੁਸ਼ੀ ਦੀਆਂ ਖ਼ਬਰਾਂ ਆਉਂਦੀਆਂ ਹਨ। ਇੱਥੋਂ ਤੱਕ ਕਿ 10ਵੀਂ, 12ਵੀਂ ਦੇ ਕਈ ਸਕੂਲੀ ਵਿਦਿਆਰਥੀ ਮੁਕਾਬਲੇ ਵਿੱਚ ਪਛੜ ਜਾਣ ‘ਤੇ ਖ਼ੁਦਕੁਸ਼ੀ ਕਰ ਲੈਂਦੇ ਹਨ। ਸਮਾਜ ਨੂੰ ਚਲਾਉਣ ਵਾਲਿਆਂ ਨੇ ਸਫ਼ਲਤਾ ਅਤੇ ਅਸਫ਼ਲਤਾ ਦੇ ਪੈਮਾਨੇ ਬਣਾਏ ਅਤੇ ਮੀਡੀਆ ਰਾਹੀਂ ਸਾਡੇ ਸੋਚਣ ਢੰਗ ਵਿੱਚ ਉਸੇ ਨੂੰ ਹੀ ਇੱਕ ਸੱਚ ਵਜੋਂ ਸਮੋ ਦਿੱਤਾ ਗਿਆ ਹੈ। ਜੋ ਪਹਿਲੇ ਨੰਬਰ ‘ਤੇ ਹੈ ਉਹੀ ਚੰਗਾ ਹੈ, ਜੋ ਮੁਕਾਬਲਾ ਪ੍ਰੀਖਿਆ ਵਿੱਚ ਮੋਹਰੀ ਹੈ ਉਹੀ ਯੋਗ ਹੈ, ਬਾਕੀ ਬਚੇ ਨਕਾਰਾ ਹਨ, ਜੋ ਖ਼ੁਦ ਦੀ ਅਯੋਗਤਾ ਕਾਰਨ ਪਿੱਛੇ ਰਹਿ ਗਏ ਹਨ। ਨੌਜਵਾਨ ਬੱਚਿਆਂ ਦੇ ਖ਼ੁਦਕੁਸ਼ੀ ਨੋਟਾਂ ਵਿੱਚ ਆਮ ਹੀ ਇਹ ਲਿਖਿਆ ਹੁੰਦਾ ਹੈ ਕਿ ‘ਮੇਰੇ ਤੋਂ ਦਬਾਅ ਸਹਿਣ ਨਹੀਂ ਹੋ ਰਿਹਾ’! ਨੌਜਵਾਨ ਪੀੜ੍ਹੀ ਬਹੁਤ ਛੇਤੀ ਪੌੜੀ ਦੇ ਸਿਖਰਲੇ ਡੰਡੇ ਨੂੰ ਹੱਥ ਪਾਉਣਾ ਚਾਹੁੰਦੀ ਹੈ ਅਤੇ ਬਹੁਤ ਛੇਤੀ ਹਾਰ ਵੀ ਮੰਨ ਜਾਂਦੀ ਹੈ। ਕੋਈ ਵਿਦਿਆਰਥੀ ਹਾਰ ਉਦੋਂ ਮੰਨਦਾ ਹੈ ਜਦੋਂ ਮੁਕਾਬਲੇਬਾਜ਼ੀ ਵਿੱਚ ਪੈ ਜਾਂਦਾ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਮੁਕਾਬਲੇਬਾਜ਼ੀ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਨੂੰ ਸੰਘਰਸ਼ ਕਰਨਾ ਬਹੁਤ ਔਖਾ ਲੱਗਦਾ ਹੈ।
ਅੰਨ੍ਹੀ ਮੁਕਾਬਲੇਬਾਜ਼ੀ, ਸਮਾਜ ਵਿੱਚ ਟਿਕੇ ਰਹਿਣ ਲਈ ਅਰੁਕ ਦਮਘੋਟੂ ਸੰਘਰਸ਼ ਇਸ ਆਰਥਿਕ ਸਮਾਜਿਕ ਪ੍ਰਬੰਧ ਦੀ ਦੇਣ ਹੈ। ਇਸੇ ਸਮਾਜਿਕ ਸੰਦਰਭ ਨੂੰ ਸਮਝਦੇ ਹੋਏ ਅਸੀਂ ਖ਼ੁਦਕੁਸ਼ੀ ਦੇ ਕਾਰਨ ਅਤੇ ਇਹ ਕਦਮ ਚੁੱਕਣ ਵਾਲੇ ਵਿਅਕਤੀਆਂ ਦੀ ਮਨੋਸਥਿਤੀ ਨੂੰ ਸਮਝ ਸਕਦੇ ਹਾਂ। ਖ਼ੁਦਕੁਸ਼ੀ ਦੇ ਵੱਖ-ਵੱਖ ਮਾਮਲਿਆਂ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਕਾਰਨਾਂ ਦੀ ਇੱਕ ਲੰਮੀ ਸੂਚੀ ਹੈ। ਇਹ ਸੂਚੀ ਮੁਨਾਫ਼ੇ ‘ਤੇ ਆਧਾਰਿਤ ਢਾਂਚੇ ਦੀਆਂ ਅਲਾਮਤਾਂ ਦੀ ਹੀ ਸੂਚੀ ਹੈ ਜਿਵੇਂ: ਸਿੱਖਿਆ ਦੇ ਖੇਤਰ ਵਿੱਚ ਮੁਕਾਬਲੇਬਾਜ਼ੀ; ਇੱਛਾ ਤੋਂ ਬਗੈਰ ਕਿੱਤੇ ਦੀ ਚੋਣ ਕਰਨੀ; ਰੁਜ਼ਗਾਰ ਲਈ ਵਧਦੀ ਮੁਕਾਬਲੇਬਾਜ਼ੀ ਅਤੇ ਬੇਰੁਜ਼ਗਾਰੀ; ਭੇਦਭਾਵ (ਲਿੰਗ, ਜਾਤ ਆਦਿ); ਆਰਥਿਕ ਤੰਗੀ (ਗ਼ਰੀਬੀ ਅਤੇ ਕਰਜ਼ਾ); ਇਕੱਲਤਾ; ਸਫ਼ਲਤਾ-ਅਸਫ਼ਲਤਾ ਦੇ ਸਰਮਾਏਦਾਰਾ ਸਮਾਜਿਕ ਪੈਮਾਨਿਆਂ ਮੁਤਾਬਿਕ ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਹੀਣ ਭਾਵਨਾ ਦਾ ਸ਼ਿਕਾਰ ਹੋਣਾ; ਔਰਤਾਂ ਦੇ ਮਾਮਲਿਆਂ ਵਿੱਚ ਜਿਨਸੀ ਸੋਸ਼ਣ, ਘਰੇਲੂ ਹਿੰਸਾ, ਪਿੱਤਰਸੱਤਾ ਵਾਲੇ ਸਮਾਜਿਕ ਪ੍ਰਬੰਧ ਵਿੱਚ ਘਰੇਲੂ ਅਤੇ ਸਮਾਜਿਕ ਦਬਾਅ ਆਦਿ। ਖ਼ੁਦਕੁਸ਼ੀ ਸਬੰਧੀ ਵੱਖ-ਵੱਖ ਰਿਪੋਰਟਾਂ ਵੀ ਇਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ ਕਿਉਂਕਿ ‘ਖ਼ੁਦਕੁਸ਼ੀ ਨੋਟ’ ਇਨ੍ਹਾਂ ਸਭ ਕਾਰਨਾਂ ਨੂੰ ਓਹਲੇ ਹੋਣ ਦਾ ਕੋਈ ਮੌਕਾ ਨਹੀਂ ਦਿੰਦੇ।
ਸੱਚ ਤਾਂ ਇਹ ਹੈ ਕਿ ਖ਼ੁਦਕੁਸ਼ੀ ਇਸ ਬਿਮਾਰ ਢਾਂਚੇ ਦਾ ਇੱਕ ਲੱਛਣ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿਰਾਸ਼ਾ ਦੇ ਪਲਾਂ ਵਿੱਚ ਹਾਰ ਮੰਨ ਲੈਣਾ ਅਤੇ ਸੰਘਰਸ਼ ਤੋਂ ਮੂੰਹ ਮੋੜ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲੈਣ ਦਾ ਰਾਹ ਕਿਸੇ ਵੀ ਤਰੀਕੇ ਸਹੀ ਨਹੀਂ ਹੈ ਪਰ ਖ਼ੁਦਕੁਸ਼ੀ ਕਰਨ ਵਾਲੇ ਨੂੰ ਹੀ ਇਸ ਲਈ ਦੋਸ਼ੀ ਐਲਾਨਣਾ ਗ਼ਲਤ ਹੈ। ਇਸ ਦੀ ਅਸਲ ਜੜ੍ਹ ਇਹ ਲੋਟੂ ਢਾਂਚਾ ਹੈ ਜਿਸ ਵਿੱਚੋਂ ਅਜਿਹੇ ਹਾਲਾਤ ਪੈਦਾ ਹੁੰਦੇ ਰਹਿੰਦੇ ਹਨ ਜਿਨ੍ਹਾਂ ਕਾਰਨ ਕਈ ਇਨਸਾਨ ਇਹ ਗ਼ੈਰ-ਕੁਦਰਤੀ ਘਟਨਾ ਨੇਪਰੇ ਚਾੜ੍ਹ ਦਿੰਦੇ ਹਨ। ਇਸ ਢਾਂਚੇ ਵਿੱਚ ਇਨਸਾਨ ਦੀ ਉਪਯੋਗਤਾ ਉਸ ਵੱਲੋਂ ਕਮਾਏ ਗਏ ਪੈਸਿਆਂ ਤੋਂ ਆਂਕੀ ਜਾਂਦੀ ਹੈ। ਜੋ ਮਹੀਨੇ ਦੇ ਵੱਧ ਪੈਸੇ ਕਮਾਉਂਦਾ ਹੈ ਉਹ ਵੱਧ ਉਪਯੋਗੀ, ਜੋ ਘੱਟ ਕਮਾਉਂਦਾ ਹੈ ਜਾਂ ਪੈਸੇ ਕਮਾਉਣ ਲਈ ਟੱਕਰਾਂ ਮਾਰ ਰਿਹਾ ਹੈ ਉਹ ਨਕਾਰਾ। ਇਹ ਮੁਨਾਫ਼ੇ ਨੂੰ ਕੇਂਦਰ ਵਿੱਚ ਰੱਖਣ ਵਾਲਿਆਂ ਦਾ ਵਿਚਾਰ ਹੈ। ਇਸ ਨੂੰ ਹਾਕਮ ਜਮਾਤਾਂ ਰਾਹੀਂ ਲੁੱਟ, ਜਬਰ ਦਾ ਸ਼ਿਕਾਰ ਲੋਕਾਂ ਦਾ ਵੀ ਵਿਚਾਰ ਬਣਾ ਦਿੱਤਾ ਗਿਆ ਹੈ। ਇੱਥੋਂ ਹੀ ਉਹ ਹੀਣ ਭਾਵਨਾ ਜਨਮ ਲੈਂਦੀ ਹੈ ਕਿ ਖ਼ੁਦ ਇਨਸਾਨ ਹੀ ਆਪਣੀ ਘੱਟ ਯੋਗਤਾ ਕਾਰਨ ਦੋਸ਼ੀ ਹੈ।
ਸਰਮਾਏਦਾਰਾ ਢਾਂਚੇ ਵਿੱਚ ਕੰਮ ਕਰਦੇ ਕਾਮਿਆਂ ਉੱਤੇ ਲਗਾਤਾਰ ਵਿੱਤੋਂ ਵੱਧ ਕੰਮ ਕਰਨ ਦਾ ਦਬਾਅ ਲਗਾਤਾਰ ਬਣਿਆ ਰਹਿੰਦਾ ਹੈ। ਨਿੱਜੀ ਕੰਪਨੀਆਂ ਵਿੱਚ ਨਿੱਤ ਨਵੇਂ ਨਿਸ਼ਾਨੇ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਪੂਰੇ ਕਰਦਾ ਮੁਲਾਜ਼ਮ ਆਪਣੀ ਜਾਨ ਖਪਾ ਦਿੰਦਾ ਹੈ। ਮਨੁੱਖ ਨੂੰ ਮਨੁੱਖ ਨਾ ਸਮਝ ਕੇ, ਮੁਨਾਫ਼ਾ ਕਮਾਉਣ ਵਾਲੀ ਮਸ਼ੀਨ ਸਮਝਿਆ ਜਾਂਦਾ ਹੈ। ਕੰਮ ਹੌਲੀ ਜਾਂ ਗ਼ਲਤ ਹੋਣ ਦੀ ਸੂਰਤ ਵਿੱਚ ਅਣਮਨੁੱਖੀ ਵਿਹਾਰ ਅਤੇ ਨੌਕਰੀ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਔਰਤਾਂ ਦੇ ਮਾਮਲੇ ਦੀ ਗੱਲ ਕਰੀਏ ਤਾਂ ਮਰਦ ਪ੍ਰਧਾਨ ਸਮਾਜ ਵਿੱਚ ਉਨ੍ਹਾਂ ਦੀ ਪਰਵਰਿਸ਼ ਕੁਝ ਇਸ ਤਰੀਕੇ ਨਾਲ ਹੁੰਦੀ ਹੈ ਕਿ ਦੱਬੂਪੁਣਾ ਅਤੇ ਕਮਜ਼ੋਰ ਵਿਅਕਤਿਤਵ ਉਸ ਦੀਆਂ ਖ਼ੂਬੀਆਂ ਵਜੋਂ ਪ੍ਰਚਾਰਿਆ ਜਾਂਦਾ ਹੈ। ਸਾਰੇ ਪਰਿਵਾਰ ਦੀ ‘ਇੱਜ਼ਤ’ ਦਾ ਭਾਰ ਉਸ ਦੇ ਮੋਢਿਆਂ ਉੱਤੇ ਪਾ ਦਿੱਤਾ ਜਾਂਦਾ ਹੈ। ਅਕਸਰ ਘਰੇਲੂ ਹਿੰਸਾ, ਜਿਨਸੀ ਸੋਸ਼ਣ ਦਾ ਸ਼ਿਕਾਰ ਹੋਣ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਚੁੱਪ-ਚਾਪ ਸਹਿਣਾ ਅਤੇ ਮਾਨਸਿਕ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਔਰਤਾਂ ਦੇ ਹਿੱਸੇ ਆਉਂਦਾ ਹੈ। ਕੁਝ ਔਰਤਾਂ ਜ਼ਿਆਦਾ ਬੁਰੇ ਹਾਲਾਤ ਵਿੱਚੋਂ ਲੰਘਦੇ ਹੋਏ ਹੱਲ ਦੇ ਤੌਰ ‘ਤੇ ਖ਼ੁਦਕੁਸ਼ੀ ਕਰਨਾ ਚੁਣਦੀਆਂ ਹਨ।
ਅਜਿਹੇ ਸਮਾਜਿਕ ਸੰਦਰਭਾਂ ਨੂੰ ਸਮਝ ਕੇ ਅਸੀਂ ਖ਼ੁਦਕੁਸ਼ੀ ਦੇ ਕਾਰਨਾਂ ਅਤੇ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਮਨੋਸਥਿਤੀ ਸਮਝ ਸਕਦੇ ਹਾਂ। ਜਦੋਂ ਤੱਕ ਖ਼ੁਦਕੁਸ਼ੀਆਂ ਵਾਲੇ ਹਾਲਾਤ ਰਹਿਣਗੇ, ਓਦੋਂ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ।