ਵੈਨਕੂਵਰ (ਡਾ. ਗੁਰਵਿੰਦਰ ਸਿੰਘ): ਪੰਜਾਬੀ ਮਾਂ ਬੋਲੀ ਨੂੰ ਸਮਰਪਿਤ, ਹੱਕ ਸੱਚ ਲਈ ਵਾਲੇ ਅਤੇ ਕੌਮੀ ਸੋਚ ਨੂੰ ਅੱਗੇ ਰੱਖ ਕੇ ਗਾਉਣ ਵਾਲੇ ਢਾਡੀ ਅਤੇ ਸਿੱਖ ਕੌਮ ਦੀ ਸਨਮਾਨਿਤ ਸ਼ਖਸੀਅਤ ਭਾਈ ਕੁਲਜੀਤ ਸਿੰਘ ਦਿਲਬਰ, ਪ੍ਰਧਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ ਪੰਜਾਬ ਅਚਾਨਕ ਵਿਛੋੜਾ ਦੇ ਗਏ ਹਨ। ਇਸ ਖਬਰ ਨਾਲ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਭਾਈ ਕੁਲਜੀਤ ਸਿੰਘ ਮਹਾਨ ਢਾਡੀ ਭਾਈ ਦਇਆ ਸਿੰਘ ਦਿਲਬਰ ਜੀ ਦੇ ਛੋਟੇ ਸਪੁੱਤਰ ਸਨ। ਪਤਾ ਲੱਗਿਆ ਹੈ ਕਿ ਉਹ ਕੁਝ ਸਮੇਂ ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸਨ। ਉਹ ਪਰਿਵਾਰਕ ਤੌਰ ਤੇ ਸਿਆਟਲ ਅਮਰੀਕਾ ਵਿੱਚ ਜਾ ਵਸੇ ਸਨ। ਇੰਨੀ ਦਿਨੀ ਪੰਜਾਬ ਵਿੱਚ ਸਨ, ਜਿੱਥੇ ਉਨਾਂ ਨੇ ਅੰਤਿਮ ਸਵਾਸ ਲਏ। ਭਾਈ ਕੁਲਜੀਤ ਸਿੰਘ ਆਪਣੇ ਸਤਿਕਾਰਯੋਗ ਪਿਤਾ ਭਾਈ ਦਇਆ ਸਿੰਘ ਦਿਲਬਰ ਵਾਂਗ, ਹਮੇਸ਼ਾ ਹੀ ਸਿੱਖ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ!
ਮੇਰੇ ਲਈ ਉਹ ਬੜਾ ਸੁਭਾਗਾ ਦਿਨ ਸੀ, ਜਦੋਂ ਭਾਈ ਕੁਲਜੀਤ ਸਿੰਘ ਦਿਲਬਰ ਨਾਲ ਸਰੀ ਵਿਖੇ ਨਿੱਘੀ ਮਿਲਣੀ ਹੋਈ ਸੀ ਅਤੇ ਦਿਲ ਦੇ ਵਲਵਲੇ ਸਾਂਝੇ ਹੋਏ ਸਨ। ਮੌਜੂਦਾ ਸਮੇਂ ਪੰਜਾਬੀ ਗਾਇਕੀ ਦੇ ਸੰਕਟ, ਢਾਡੀ ਕਲਾ ‘ਚ ਆ ਰਹੀ ਚਲੰਤ ਕਿਸਮ ਦੀ ਗਾਇਕੀ ਵਾਲੀ ਪਹੁੰਚ ਅਤੇ ਢਾਡੀ ਰਾਗਾਂ ਤੋਂ ਦੂਰੀਆਂ ਬਾਰੇ ਵਿਚਾਰਾਂ ਹੋਈਆਂ। ਦਰਅਸਲ ਇਸ ਮੁਲਾਕਾਤ ਦਾ ਉਦਮ ਵੀ ਢਾਡੀ ਦਿਲਬਰ ਜੀ ਨੇ ਹੀ ਕੀਤਾ ਸੀ। ਉਹ ਸਰੀ ਆਏ ਹੋਏ ਸਨ ਅਤੇ ਸੁਨੇਹਾ ਭੇਜਿਆ ਕਿ ਆਓ ਜਰੂਰ ਮਿਲੀਏ! ਉਹਨਾਂ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਕਿ ਢਾਡੀ ਕਲਾ ਪ੍ਰਤੀ ਨਾ ਸਰਕਾਰਾਂ ਤਵੱਜੋ ਦੇ ਰਹੀਆਂ ਹਨ ਅਤੇ ਨਾ ਹੀ ਢਾਡੀ ਖੁਦ ਇਸ ਪ੍ਰਤੀ ਫਿਕਰਮੰਦ ਹਨ। ਇਸ ਬਾਰੇ ਵਿਚਾਰਾਂ ਕਰਨ ਦੀ ਲੋੜ ਹੈ। ਇਹ ਮੁਲਾਕਾਤ ਗਿੱਲ ਡਰਾਫਟਿੰਗ ਵਾਲੇ ਵੀਰ ਜਤਿੰਦਰਪਾਲ ਸਿੰਘ ਗਿੱਲ ਦੇ ਦਫਤਰ ਵਿਖੇ ਹੋਈ ਸੀ, ਜਿੱਥੇ ਗਾਇਕ ਅਤੇ ਗੀਤਕਾਰ ਰਾਜਵਿੰਦਰ ਸਿੰਘ ਰਾਜ ਕਾਕੜਾ ਵੀ ਮੌਜੂਦ ਸਨ, ਇਸ ਮੁਲਾਕਾਤ ਵੇਲੇ ਇਹ ਨਹੀਂ ਸੀ ਪਤਾ ਕਿ ਇਹ ਮੁਲਾਕਾਤ ਆਖਰੀ ਹੋ ਨਿਬੜੇਗੀ। ਇਸ ਮੌਕੇ ‘ਤੇ ਢਾਡੀ ਕੁਲਜੀਤ ਸਿੰਘ ਦਿਲਬਰ ਨੇ ਆਪਣੀ ਕਿਤਾਬ ‘ਸੁਖਨ ਸਵੇਰ’ ਸਤਿਕਾਰ ਸਹਿਤ ਭੇਟ ਕੀਤੀ।
ਦੱਸਣਯੋਗ ਹੈ ਕਿ ਭਾਈ ਕੁਲਜੀਤ ਸਿੰਘ ਦਿਲਬਰ ਢਾਡੀ ਤੋਂ ਇਲਾਵਾ ਇੱਕ ਚੰਗੇ ਲਿਖਾਰੀ ਵੀ ਸਨ। ਉਹਨਾਂ ‘ਮੇਰੀ ਲਸੂੜੀ’, ‘ਠੋਕਰ’ ਅਤੇ ‘ ਰੂਹ ਦੀ ਪੀੜ’ ਆਦਿਕ ਕਈ ਕਿਤਾਬਾਂ ਲਿਖੀਆਂ, ਜਿਹੜੀਆਂ ਕਿ ਪੰਜਾਬੀ ਮਾਂ ਬੋਲੀ, ਵਿਰਸੇ ਅਤੇ ਸਿੱਖ ਕੌਮ ਦੇ ਸਨਮਾਨ ਨੂੰ ਚਾਰ ਚੰਨ ਲਾਉਂਦੀਆਂ ਰਹਿਣਗੀਆਂ।