ਸਰੀ (ਏਕਜੋਤ ਸਿੰਘ): ਨਵੇਂ ਅੰਕੜਿਆਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਟੈਰੀਫ਼ ਲਗਾਉਣ ਦੇ ਖ਼ਤਰੇ ਦੇ ਮੱਦੇਨਜ਼ਰ, ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ।
ਕੈਸਕੇਡ ਗੇਟਵੇ, ਜੋ ਸਰਹੱਦੀ ਇੰਤਜ਼ਾਰ ਸਮੇਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਦੇ ਅੰਕੜਿਆਂ ਮੁਤਾਬਕ, ਫਰਵਰੀ ਮਹੀਨੇ ਦੌਰਾਨ, ਪੀਸ ਆਰਚ ਸਰਹੱਦ ਰਾਹੀਂ ਹਰ ਰੋਜ਼ ਔਸਤਨ 3,500 ਗੱਡੀਆਂ ਅਮਰੀਕਾ ਜਾ ਰਹੀਆਂ ਹਨ, ਜਦਕਿ ਪਿਛਲੇ ਸਾਲ ਫਰਵਰੀ ਵਿੱਚ ਇਹ ਗਿਣਤੀ ਲਗਭਗ 5,000 ਸੀ।
ਵੈਸਟਰਨ ਵਾਸ਼ਿੰਗਟਨ ਯੂਨੀਵਰਸਿਟੀ ਦੀ ਸਰਹੱਦ ਨੀਤੀ ਵਿਸ਼ਲੇਸ਼ਕ ਲੌਰੀ ਟਰਾਟਮੈਨ ਨੇ ਦੱਸਿਆ, ”ਹਾਲਾਂਕਿ ਇਹ ਸ਼ੁਰੂਆਤੀ ਦਿਨ ਹਨ, ਪਰ ਅਸੀਂ ਦੇਖ ਰਹੇ ਹਾਂ ਕਿ ਯਾਤਰਾ ਕਰਨ ਵਾਲਿਆਂ ਦੀ ਗਿਣਤੀ 30% ਘੱਟੀ ਹੈ। ਇਹ ਗਿਰਾਵਟ ਸਿਰਫ਼ ਕੈਨੇਡੀਅਨਾਂ ਕਰਕੇ ਨਹੀਂ ਹੋਈ, ਕਿਉਂਕਿ ਫਰਵਰੀ ਦੇ ਸ਼ੁਰੂ ਵਿੱਚ ਇੱਕ ਵੱਡਾ ਬਰਫ਼ੀਲਾ ਤੂਫ਼ਾਨ ਵੀ ਆਇਆ ਸੀ। ਇਸ ਕਰਕੇ ਸਿਰਫ਼ ਟੈਰੀਫ਼ ਦੇ ਅਸਰ ਨੂੰ ਪੂਰੀ ਤਰ੍ਹਾਂ ਅਲੱਗ ਕਰਨਾ ਮੁਸ਼ਕਲ ਹੈ।”
ਉਨ੍ਹਾਂ ਨੇ ਅੱਗੇ ਕਿਹਾ ਕਿ ਕੈਨੇਡਾ ਵਿੱਚ ਵਪਾਰੀ ਆਗੂ ਅਤੇ ਰਾਜਨੀਤਕ ਨੇਤਾ ਦੇਸ਼ ਵਾਸੀਆਂ ਨੂੰ ”ਲੋਕਲ ਖਰੀਦੋ” ਮੁਹਿੰਮ ਦੇ ਨਾਲ ਜੁੜਨ ਲਈ ਉਤਸ਼ਾਹਿਤ ਕਰ ਰਹੇ ਹਨ, ਜੋ ਕਿ ਇਸ ਗਿਰਾਵਟ ਦਾ ਇੱਕ ਹੋਰ ਕਾਰਨ ਹੋ ਸਕਦਾ ਹੈ।
ਦੂਜੇ ਪਾਸੇ, ਟਰੰਪ ਨੇ ਆਪਣੇ ਨਵੇਂ ਨਿਯੁਕਤ ਕੈਬਨਿਟ ਦੀ ਪਹਿਲੀ ਮੀਟਿੰਗ ਦੌਰਾਨ, ਸਰਹੱਦੀ ਸੁਰੱਖਿਆ ਉੱਪਰ ਹੋ ਰਹੇ ਕੰਮ ਬਾਵਜੂਦ, ਟੈਰੀਫ਼ ਹਟਾਉਣ ਜਾਂ ਰੋਕਣ ਦੇ ਸੰਕੇਤ ਨਹੀਂ ਦਿੱਤੇ।
ਅਮਰੀਕੀ ਵਪਾਰ ਸਕੱਤਰ ਹੋਵਰਡ ਲਟਨਿਕ, ਜੋ ਇਸ ਮੀਟਿੰਗ ਵਿੱਚ ਹਾਜ਼ਰ ਸਨ, ਨੇ ਸਪਸ਼ਟ ਕੀਤਾ ਕਿ ਟਰੰਪ ਨੇ ਦੋ ਵੱਖ-ਵੱਖ ਟੈਰੀਫ਼ ਬਾਰੇ ਗੱਲ ਕੀਤੀ ਹੈ। ਪਹਿਲੀ 25% ਟੈਰੀਫ਼ ਕਨੇਡਾ ਅਤੇ ਮੈਕਸੀਕੋ ਉੱਤੇ ਲਾਗੂ ਹੋਣ ਜਾ ਰਹੀ ਹੈ, ਜੋ 4 ਮਾਰਚ ਤੋਂ ਲਾਗੂ ਹੋਵੇਗੀ। ਦੂਜੀ, ਅਮਰੀਕਾ ਦੇ ਸਭ ਵਪਾਰਕ ਸਾਥੀਆਂ ਉੱਤੇ ਲਾਗੂ ਕੀਤੀ ਜਾਣ ਵਾਲੀ ਪਰਸਪਰ ਟੈਰੀਫ਼ ਹੈ, ਜੋ 2 ਅਪਰੈਲ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।
ਗ੍ਰੇਟਰ ਵੈਨਕੂਵਰ ਬੋਰਡ ਆਫ਼ ਟਰੇਡ ਦੀ ਪ੍ਰਧਾਨ ਅਤੇ ਸੀਈਓ ਬ੍ਰਿਜਿਟ ਐਂਡਰਸਨ ਨੇ ਕਿਹਾ ਕਿ ਟੈਰੀਫ਼ਾਂ ਦੇ ਕਾਰਨ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ। ਅੰਕੜਿਆਂ ਅਤੇ ਵਿਸ਼ਲੇਸ਼ਣਾਂ ਨੂੰ ਦੇਖਦੇ ਹੋਏ, ਇਹ ਸਾਫ਼ ਹੋ ਰਿਹਾ ਹੈ ਕਿ ਟੈਰੀਫ਼ ਦੇ ਡਰ ਨੇ ਬੀ.ਸੀ. ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਉੱਤੇ ਪ੍ਰਭਾਵ ਪਾਇਆ ਹੈ। ਜੇਕਰ ਇਹ ਟੈਰੀਫ਼ ਲਾਗੂ ਹੋਈਆਂ, ਤਾਂ ਦੋਵੇਂ ਦੇਸ਼ਾਂ ਦੇ ਵਪਾਰ ਅਤੇ ਆਰਥਿਕਤਾ ਉੱਤੇ ਹੋਰ ਵੀ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ। This report was written by Ekjot Singh as part of the Local Journalism Initiative.