Thursday, April 3, 2025
4.8 C
Vancouver

ਗ਼ਜ਼ਲ

 

ਸੁਣਕੇ ਭੋਰਾ ਨੁਕਤਾਚੀਨੀ,
ਐਂਵੇ ਹੀ ਨਾ ਠਰਿਆ ਕਰ
ਝੂਠੀ ਸ਼ੋਹਰਤ ਵਾਹ-ਵਾਹ ਸੁਣਕੇ,
ਅਰਸ਼ੀਂ ਨਾ ਤੂੰ ਚੜਿਆ ਕਰ

ਕਿੱਥੇ ਅੰਤਰ, ਕਿਉਂ ਉਲਝੀ ਤਾਣੀ,
ਵਿਗੜੀ ਕਿੰਝ ਕਹਾਣੀ
ਆਤਮ ਚਿੰਤਨ ਚੁਪਕੇ- ਚੁਪਕੇ,
ਅੰਦਰ ਹੀ ਤੂੰ ਕਰਿਆ ਕਰ

ਚੱਕਰਵਿਉ ਹੈ ਜੱਗ ਪਸਾਰਾ,
ਘਿਰ ਦਾ ਹਰ ਅਭਮੰਨਿਉ ਏ
ਕਰਮ ਕਮਾਉਂਦੇ ਧਰਮ ਕਮਾਉਂਦੇ,
ਸੀਸ ਤਲੀ ਤੇ ਧਰਿਆ ਕਰ

ਮਸਲੇ ਘਰ ਸੁਲਝਾ ਲੈ ਪਹਿਲਾਂ,
ਸੱਥ ‘ਚ ਫੇਰ ਸੁਲਾਹਾਂ ਦੇ
ਹਾਸੇ ਦੇਖ ਗਵਾਂਡੀ ਘਰ ਦੇ,
ਐਂਵੇਂ ਹੀ ਨਾ ਸੜਿਆ ਕਰ

ਜਗਤ ਤਮਾਸ਼ਾ ਬਣਜੇ ਪਲ ਵਿਚ,
ਉੱਚੀ ਸੁੱਚੀ ਹਸਤੀ ਵੀ
ਇਨਸਾਫ਼ ਤਰਾਜੂ ਹੱਥ ਖੁਦਾ ਦੇ,
ਨਾ ਠਹਾਕੇ ਜੜਿਆ ਕਰ

ਭਗਵਤ ਗੀਤਾ ਪੜ੍ਹ ਉਪਨਿਸ਼ਦਾ,
ਵੇਦ,ਪੁਰਾਨ ਸਿਮਰਤੀਆਂ
ਸੰਵਾਦ ਰਚਾ ਅੰਦਰ ਖੁਦ ਦੇ,
ਅਪਣਾ ਮਨ ਵੀ ਪੜਿਆ ਕਰ

ਪਿੰਡ ਉਜਾੜੇ ਵਿੱਚ ਖਿਆਲ਼ੀ,
ਕਬਜ਼ੇ ਕਰ ਕਰ ਪੈਲ਼ੀ ‘ਤੇ
ਮਾਰਨ ਨਾਲੋਂ ਹੋਰ ਕਿਸੇ ਨੂੰ,
ਚਿੰਤਨ ਅੰਦਰ ਮਰਿਆ ਕਰ

ਬੁੱਧ ਬਣੇ ਤੂੰ ਮੈਂ ਨਾ ਆਖਾਂ,
ਨਾ ਲੁੱਟ ਸਿਕੰਦਰ ਜਿਉਂ
ਸੰਤ ਸਿਪਾਹੀ ਬਣ ਕੇ ਦਾਨੀ,
ਸੱਚ ਨਿਆਂ ਨੂੰ ਵਰਿਆ ਕਰ

ਤੋੜ ਦਮਾ ਨੇ ਦੇਣੀ ਯਾਰੀ,
“ਬਾਲੀ” ਹੋ ਜਾਣੈ ਪਾਣੀ
ਖ਼ਾਕ ਕਹਾਣੀ ਅੰਤਮ ਜਾਣੀ,
ਸੇਕ ਹਿਜਰ ਦਾ ਜਰਿਆ ਕਰ
ਲਿਖਤ : ਬਾਲੀ ਰੇਤਗੜ੍ਹ
ਸੰਪਰਕ : +919465129168