ਸਰੀ (ਹਰਦਮ ਮਾਨ): ਰਾਇਲ ਕੈਨੇਡੀਅਨ ਮਾਊਂਟੇਡ ਪੁਲੀਸ (ਆਰਸੀਐੱਮਪੀ) ਵਿੱਚ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਕਿਊਬਿਕ ਲਈ ਮਾਰਟੀਨ ਹੇਬਰਟ ਅਤੇ ਸਸਕੈਚਵਨ ਲਈ ਟੌਡ ਲੇਵਿਸ ਨੂੰ ਵੀ ਸੈਨੇਟਰ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ. ਢਿੱਲੋਂ, ਹੇਬਰਟ ਅਤੇ ਲੁਈਸ ਨੂੰ ਸੰਸਦ ਦੇ ਨਵੇਂ ਸੁਤੰਤਰ ਸੈਨੇਟਰ ਵਜੋਂ ਨਿਯੁਕਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ”ਉਨ੍ਹਾਂ ਦੇ ਵਿਸ਼ਾਲ ਤਜਰਬੇ ਦਾ ਸੈਨੇਟ ਲਈ ਬਹੁਤ ਵੱਡਾ ਲਾਭ ਹੋਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਭਾਈਚਾਰਿਆਂ ਲਈ ਮਜ਼ਬੂਤ ਆਵਾਜ਼ ਬਣਦੇ ਰਹਿਣਗੇ।”
ਜ਼ਿਕਰਯੋਗ ਹੈ ਕਿ ਬਲਤੇਜ ਸਿੰਘ ਢਿੱਲੋਂ ਸੇਵਾ ਮੁਕਤ ਪੁਲੀਸ ਅਧਿਕਾਰੀ ਅਤੇ ਕਮਿਊਨਿਟੀ ਲੀਡਰ ਹਨ। 1991 ਵਿੱਚ ਉਸ ਨੇ ਦਸਤਾਰ ਪਹਿਨਣ ਵਾਲੇ ਪਹਿਲੇ ਆਰਸੀਐੱਮਪੀ ਅਧਿਕਾਰੀ ਵਜੋਂ ਇਤਿਹਾਸ ਰਚਿਆ। ਉਸ ਨੇ ਆਰਸੀਐੱਮਪੀ ਨਾਲ 30 ਸਾਲਾਂ ਦਾ ਸਫਲ ਕਰੀਅਰ ਬਣਾਇਆ, ਕਈ ਉੱਚ-ਪ੍ਰੋਫਾਈਲ ਜਾਚਾਂ ਵਿੱਚ ਮੁੱਖ ਭੂਮਿਕਾ ਨਿਭਾਈ। 2019 ਤੋਂ ਉਸ ਨੇ ਬ੍ਰਿਟਿਸ਼ ਕੋਲੰਬੀਆ ਦੀ ਗੈਂਗ-ਵਿਰੋਧੀ ਏਜੰਸੀ ਨਾਲ ਕੰਮ ਕੀਤਾ। ਉਹ ਆਪਣੇ ਭਾਈਚਾਰੇ ਵਿੱਚ ਲਗਾਤਾਰ ਸਰਗਰਮ ਰਿਹਾ ਹੈ।
ਆਪਣੇ ਬਿਆਨ ਵਿੱਚ ਸ. ਢਿੱਲੋਂ ਨੇ ਕਿਹਾ, ”ਸੈਨੇਟਰ ਵਜੋਂ ਨਿਯੁਕਤ ਹੋਣ ‘ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸ਼ਾਨਦਾਰ ਸਨਮਾਨ ਲਈ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਅਤੇ ਵੱਕਾਰੀ ਭੂਮਿਕਾ ਵਿੱਚ ਆਪਣੇ ਦੇਸ਼ ਦੀ ਸੇਵਾ ਕਰਨ ਲਈ ਪ੍ਰਦਾਨ ਕੀਤੇ ਇਸ ਮੌਕੇ ਲਈ ਬਹੁਤ ਧੰਨਵਾਦੀ ਹਾਂ। ਇੱਕ ਸੈਨੇਟਰ ਹੋਣ ਦੇ ਨਾਤੇ, ਮੈਂ ਸਾਰੇ ਕੈਨੇਡੀਅਨਾਂ ਦੇ ਹਿੱਤਾਂ ਅਤੇ ਆਵਾਜ਼ ਦੀ ਨੁਮਾਇੰਦਗੀ ਕਰਨ ਲਈ ਸਮਰਪਿਤ ਹਾਂ।”