Sunday, April 6, 2025
12.8 C
Vancouver

ਕੈਨੇਡੀਆਈ ਉਤਪਾਦਾਂ ‘ਤੇ ਟੈਰਿਫ਼ ਵਿਰੁੱਧ ਕੈਨੇਡਾ ਦੇ ਪ੍ਰੀਮੀਅਰ ਵ੍ਹਾਈਟ ਹਾਊਸ ‘ਚ ਕਰਨਗੇ ਮੀਟਿੰਗ

 

ਔਟਵਾ (ਏਕਜੋਤ ਸਿੰਘ): ਕੈਨੇਡਾ ਦੇ 13 ਪ੍ਰੀਮੀਅਰ ਇਸ ਹਫ਼ਤੇ ਵ੍ਹਾਈਟ ਹਾਊਸ ਪਹੁੰਚ ਰਹੇ ਹਨ, ਤਾਂ ਜੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਜਾਣ ਵਾਲੇ ਨਵੇਂ ਟੈਰਿਫ਼ਾਂ ਦੇ ਵਿਰੁੱਧ ਆਪਣੀ ਇੱਕਜੁਟਤਾ ਦਰਸਾ ਸਕਣ। ਬੁੱਧਵਾਰ ਨੂੰ ਇਹ ਪ੍ਰੀਮੀਅਰ ਟਰੰਪ ਦੇ ਇਕ ਉੱਚ ਪਦਅਧਿਕਾਰੀ, ਡਿਪਟੀ ਚੀਫ਼ ਆਫ਼ ਸਟਾਫ਼, ਜਿਮ ਬਲੇਅਰ ਨਾਲ ਮੁਲਾਕਾਤ ਕਰਨਗੇ।
ਟਰੰਪ ਨੇ ਸੋਮਵਾਰ ਨੂੰ ਇੱਕ ਆਦੇਸ਼ ‘ਤੇ ਦਸਤਖਤ ਕੀਤੇ, ਜਿਸ ਅਨੁਸਾਰ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਸਟੀਲ ਅਤੇ ਐਲੂਮੀਨਮ ਉਤਪਾਦਾਂ ‘ਤੇ 25% ਟੈਰਿਫ਼ ਲਾਗੂ ਹੋਵੇਗਾ। ਇਹ ਨਵੇਂ ਟੈਰਿਫ਼ 12 ਮਾਰਚ ਤੋਂ ਲਾਗੂ ਹੋਣਗੇ। ਇਸ ਤੋਂ ਪਹਿਲਾਂ, ਟਰੰਪ ਨੇ 4 ਮਾਰਚ ਨੂੰ ਕੁਝ ਹੋਰ ਟੈਰਿਫ਼ ਲਾਗੂ ਕਰਨ ਦੀ ਯੋਜਨਾ ਬਣਾਈ ਸੀ, ਪਰ ਕੈਨੇਡਾ ਵੱਲੋਂ ਕੁਝ ਸਰਹੱਦੀ ਉਪਾਅ ਲਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕੀਤਾ ਗਿਆ।
ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲਾਂ ਨੇ ਵਾਸ਼ਿੰਗਟਨ ਵਿਖੇ ਟਰੰਪ ਦੇ ਵਣਜ ਸਕੱਤਰ, ਹਾਵਰਡ ਲੂਟਨਿਕ, ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ, “ਮੈਂ ਉਨ੍ਹਾਂ ਨੂੰ ਸਾਫ਼ ਤੌਰ ‘ਤੇ ਕਿਹਾ ਕਿ ਕੈਨੇਡਾ ਦੇ ਲੋਕ ਟੈਰਿਫ਼ਾਂ ਕਾਰਨ ਚਿੰਤਤ ਹਨ, ਅਤੇ ਅਸੀਂ ਆਪਣੀ ਅਰਥਵਿਵਸਥਾ ਦੀ ਰੱਖਿਆ ਲਈ ਸਭ ਕੁਝ ਕਰਾਂਗੇ।”
ਟਰੰਪ ਸਰਕਾਰ ਦਾ ਦਾਅਵਾ ਹੈ ਕਿ ਇਹ ਟੈਰਿਫ਼ ਕੈਨੇਡਾ ਅਤੇ ਮੈਕਸੀਕੋ ਨੂੰ ਉਨ੍ਹਾਂ ਦੀਆਂ ਸਰਹੱਦਾਂ ‘ਤੇ ਜ਼ਿਆਦਾ ਸਖ਼ਤੀ ਕਰਨ ਲਈ ਮਜਬੂਰ ਕਰਨ ਦਾ ਇੱਕ ਹਿੱਸਾ ਹਨ। ਟਰੰਪ ਨੇ ਕੈਨੇਡਾ ‘ਤੇ ਇਲਜ਼ਾਮ ਲਾਇਆ ਹੈ ਕਿ ਉਹ ਗੈਰ-ਕਾਨੂੰਨੀ ਪਰਵਾਸ ਅਤੇ ਫ਼ੈਂਟਾਨਿਲ ਦਵਾਈ ਦੀ ਤਸਕਰੀ ਰੋਕਣ ‘ਚ ਨਾਕਾਮ ਰਹਿਆ ਹੈ।
ਅਮਰੀਕੀ ਅੰਕੜਿਆਂ ਮੁਤਾਬਕ, ਪਿਛਲੇ ਸਾਲ 19.5 ਕਿਲੋ ਫ਼ੈਂਟਾਨਿਲ ਕੈਨੇਡਾ ਨਾਲ ਲੱਗਦੀ ਸਰਹੱਦ ‘ਤੇ ਫੜੀ ਗਈ ਸੀ, ਜਦਕਿ 9,570 ਕਿਲੋ ਫ਼ੈਂਟਾਨਿਲ ਮੈਕਸੀਕੋ ਦੇ ਰਾਹੀਂ ਆਈ। ਬਾਵਜੂਦ ਇਸਦੇ, ਟਰੰਪ ਕੈਨੇਡਾ ‘ਤੇ ਦਬਾਅ ਬਣਾਉਣ ਲਈ ਟੈਰਿਫ਼ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੈਨੇਡਾ ਨੇ ਟਰੰਪ ਦੀ ਨੀਤੀ ਦਾ ਵਿਰੋਧ ਕਰਦੇ ਹੋਏ 1.3 ਬਿਲੀਅਨ ਡਾਲਰ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਨਵੇਂ ਹੈਲੀਕਾਪਟਰ, ਵਧੇਰੇ ਬਾਰਡਰ ਅਧਿਕਾਰੀ ਅਤੇ ਨਵੀਨਤਮ ਟੈਕਨੋਲੋਜੀ ਦੀ ਤਾਇਨਾਤੀ ਸ਼ਾਮਲ ਹੈ। ਇਹ ਉਪਾਅ ਗੈਰ-ਕਾਨੂੰਨੀ ਪਰਵਾਸ ਅਤੇ ਨਸ਼ੀਲੀ ਦਵਾਈਆਂ ਦੀ ਤਸਕਰੀ ਨੂੰ ਰੋਕਣ ਲਈ ਹਨ। ਕੈਨੇਡਾ ਨੇ ਸਾਬਕਾ ਸੀਨੀਅਰ ਆਰ.ਸੀ.ਐਮ.ਪੀ. ਅਧਿਕਾਰੀ, ਕੈਵਿਨ ਬ੍ਰੋਸੌ, ਨੂੰ “ਫ਼ੈਂਟਾਨਿਲ ਜ਼ਾਰ” ਨਿਯੁਕਤ ਕੀਤਾ ਹੈ, ਜੋ ਕਿ ਸਰਹੱਦੀ ਨੀਤੀ ਅਤੇ ਨਸ਼ੀਲੀ ਦਵਾਈਆਂ ਦੇ ਵਿਰੁੱਧ ਲੜਾਈ ਦੀ ਅਗਵਾਈ ਕਰੇਗਾ।
ਕੈਨੇਡਾ ਦੇ ਪ੍ਰੀਮੀਅਰ ਵ੍ਹਾਈਟ ਹਾਊਸ ‘ਚ ਟਰੰਪ ਦੇ ਆਲਾ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਹ ਸਿਧ ਕਰਨਾ ਚਾਹੁੰਦੇ ਹਨ ਕਿ ਕੈਨੇਡਾ-ਅਮਰੀਕਾ ਵਪਾਰਿਕ ਰਿਸ਼ਤਾ, ਦੋਵੇਂ ਦੇਸ਼ਾਂ ਲਈ ਲਾਭਕਾਰੀ ਹੈ, ਅਤੇ ਨਵੇਂ ਟੈਰਿਫ਼ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣਗੇ।
ਲੇਬਲਾਂ ਨੇ ਕਿਹਾ, “ਅਸੀਂ ਸਿੱਧ ਕਰਨਾ ਚਾਹੁੰਦੇ ਹਾਂ ਕਿ ਇਹ ਟੈਰਿਫ਼ ਨਾਂ ਹੀ ਨਿਆਂਉਂਨੇ ਹਨ ਅਤੇ ਨਾਂ ਹੀ ਲਾਭਕਾਰੀ।”
ਹੁਣ, ਇਹ ਦੇਖਣਾ ਹੋਵੇਗਾ ਕਿ ਕੀ ਕੈਨੇਡਾ-ਅਮਰੀਕਾ ਵਪਾਰਿਕ ਸੰਕਟ ‘ਚ ਕੋਈ ਸੁਧਾਰ ਆਉਂਦਾ ਹੈ ਜਾਂ ਨਹੀਂ। This report was written by Ekjot Singh as part of the Local Journalism Initiative.