Monday, April 7, 2025
8.9 C
Vancouver

ਕੈਨੇਡਾ ਵਲੋਂ ਨਵੇਂ ‘ਫੈਂਟਾਨਿਲ ਜ਼ਾਰ’ ਦੀ ਨਿਯੁਕਤੀ

 

ਔਟਵਾ : ਕੈਨੇਡਾ ਨੇ ਸਾਬਕਾ ਸੀਨੀਅਰ ਆਰਸੀਐਮਪੀ ਅਧਿਕਾਰੀ ਕੈਵਿਨ ਬ੍ਰੋਸੌ ਨੂੰ ਫੈਂਟਾਨਿਲ ਜ਼ਾਰ ਨਿਯੁਕਤ ਕੀਤਾ ਹੈ। ਇਹ ਅਹੁਦਾ ਅਮਰੀਕਾ ਨਾਲ ਵਪਾਰਿਕ ਸੰਕਟ ਅਤੇ ਸਰਹੱਦੀ ਸੁਰੱਖਿਆ ਚੁਣੌਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਸਥਾਪਿਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਬ੍ਰੋਸੌ ਦਾ ਕੰਮ ਅਮਰੀਕੀ ਏਜੰਸੀਆਂ ਨਾਲ ਤਾਲਮੇਲ ਕਰਕੇ ਕੈਨੇਡਾ ਵਿਚ ਫੈਂਟਾਨਿਲ ਤਸਕਰੀ ਨੂੰ ਰੋਕਣਾ ਅਤੇ ਨਸ਼ਾ ਵਪਾਰ ਉੱਤੇ ਨੱਕਲ ਕੱਸਣ ਨੂੰ ਤੇਜ਼ ਕਰਨਾ ਹੋਵੇਗਾ।
ਸਰਕਾਰੀ ਬਿਆਨ ਅਨੁਸਾਰ, “ਫੈਂਟਾਨਿਲ ਦੀ ਉਤਪਾਦਨ ਪ੍ਰਕਿਰਿਆ ਰੁਕਣੀ ਚਾਹੀਦੀ ਹੈ ਅਤੇ ਇਸਦੇ ਤਸਕਰਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ”।
20 ਸਾਲ ਤਕ ਆਰਸੀਐਮਪੀ ਵਿੱਚ ਸੇਵਾ ਦੇ ਚੁੱਕੇ ਬ੍ਰੋਸੌ ਮੈਨੀਟੋਬਾ ਵਿੱਚ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਸੁਰੱਖਿਆ ਸਲਾਹਕਾਰ ਵੀ ਰਹੇ ਹਨ। ਉਹਨਾਂ ਕੋਲ ਐਲਬਰਟਾ ਯੂਨੀਵਰਸਿਟੀ ਅਤੇ ਹਾਰਵਰਡ ਤੋਂ ਕਾਨੂੰਨੀ ਡਿਗਰੀ ਵੀ ਹੈ।
ਫੈਂਟਾਨਿਲ, ਜੋ ਇੱਕ ਸ਼ਕਤੀਸ਼ਾਲੀ ਓਪੀਓਇਡ ਹੈ, ਕੈਨੇਡਾ ਤੇ ਅਮਰੀਕਾ ਦੋਵਾਂ ਲਈ ਗੰਭੀਰ ਚੁਣੌਤੀ ਬਣ ਚੁੱਕਾ ਹੈ। ਅੰਕੜਿਆਂ ਮੁਤਾਬਕ, 2016 ਤੋਂ 2024 ਤੱਕ 49,000 ਤੋਂ ਵੱਧ ਕੈਨੇਡੀਅਨਜ਼ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋਏ।
ਅਮਰੀਕੀ ਸੀਡੀਸੀ ਮੁਤਾਬਕ, 2023 ਵਿੱਚ 74,000 ਅਮਰੀਕੀ ਨਾਗਰਿਕ ਡਰੱਗਜ਼ ਕਾਰਨ ਮੌਤ ਹੋ ਗਏ। ਪਿਛਲੇ ਸਾਲ ਅਮਰੀਕੀ ਬਾਰਡਰ ਅਧਿਕਾਰੀਆਂ ਨੇ 19.5 ਕਿਲੋ ਫੈਂਟਾਨਿਲ ਕੈਨੇਡਾ ਵੱਲੋਂ ਅਤੇ 9,570 ਕਿਲੋ ਮੈਕਸੀਕੋ ਵੱਲੋਂ ਫੜੀ ਸੀ।
ਪਬਲਿਕ ਸੇਫ਼ਟੀ ਮਿਨਿਸਟਰ ਡੇਵਿਡ ਮੈਕਗਿੰਟੀ ਨੇ ਕਿਹਾ ਕਿ ਫੈਂਟਾਨਿਲ ਜ਼ਾਰ ਤਸਕਰੀ ਵਿਰੁੱਧ ਏਜੰਸੀਆਂ ਵਿਚ ਤਾਲਮੇਲ ਵਧਾਵੇਗਾ। ਇਸ ਲਈ ਨਵੇਂ ਹੈਲੀਕਾਪਟਰ, ਵਧੇਰੇ ਸੈਨਿਕ ਅਤੇ ਨਵੀਂ ਟੈਕਨੋਲੋਜੀ ਦੀ ਤਾਇਨਾਤੀ ਵੀ ਕੀਤੀ ਜਾਵੇਗੀ। ਡੌਨਲਡ ਟਰੰਪ ਨੇ ਕੈਨੇਡਾ ‘ਤੇ ਵਪਾਰਿਕ ਪਾਬੰਦੀਆਂ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ, ਟ੍ਰੂਡੋ ਨਾਲ ਫੋਨ ਕਾਲ ਦੌਰਾਨ ਕੈਨੇਡਾ ਵੱਲੋਂ 1.3 ਬਿਲੀਅਨ ਡਾਲਰ ਦੀ ਯੋਜਨਾ ਦਾ ਉਲਲੇਖ ਹੋਣ ‘ਤੇ ਟਰੰਪ ਨੇ 4 ਮਾਰਚ ਤੱਕ ਟੈਰਿਫ਼ ਟਾਲ ਦਿੱਤੇ।
ਪਰ ਹੁਣ ਟਰੰਪ ਨੇ ਐਲੂਮੀਨਮ ਅਤੇ ਸਟੀਲ ‘ਤੇ 25% ਟੈਰਿਫ਼ ਲਗਾਉਣ ਦਾ ਫੈਸਲਾ ਕੀਤਾ, ਜੋ 12 ਮਾਰਚ ਤੋਂ ਲਾਗੂ ਹੋਵੇਗਾ।