Thursday, April 3, 2025
5.7 C
Vancouver

31 ਮਾਰਚ 2025 ਤੋਂ ਹੋਮ ਕੇਅਰ ਵਰਕਰਾਂ ਲਈ ਨਵੀਂ ਪ੍ਰਵਾਸ ਯੋਜਨਾ

ਵੈਨਕੂਵਰ (ਏਕਜੋਤ ਸਿੰਘ): ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ 31 ਮਾਰਚ 2025 ਤੋਂ ਹੋਮ ਕੇਅਰ ਵਰਕਰਾਂ ਲਈ ਨਵਾਂ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਗਰਾਮ 17 ਜੂਨ 2024 ਨੂੰ ਪੁਰਾਣੇ ਪ੍ਰੋਗਰਾਮ ਦੇ ਬੰਦ ਹੋਣ ਤੋਂ ਬਾਅਦ ਆਇਆ ਪਹਿਲਾ ਵੱਡਾ ਐਲਾਨ ਹੈ, ਜਿਸਨੂੰ ਇਮੀਗ੍ਰੇਸ਼ਨ ਸਖ਼ਤੀਆਂ ਵਿਚਕਾਰ ਇੱਕ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਪ੍ਰੋਗਰਾਮ ‘ਨੈਨੀ’ ਦੇ ਨਾਂ ਨਾਲ ਪ੍ਰਚਲਿਤ ਹੈ, ਜਿਸ ਤਹਿਤ ਕੈਨੇਡਾ ਰਹਿੰਦੇ ਪਰਿਵਾਰ ਆਪਣੇ ਬੱਚਿਆਂ ਜਾਂ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਹੋਮ ਕੇਅਰ ਵਰਕਰ ਬੁਲਾ ਸਕਦੇ ਹਨ। ਇਮੀਗ੍ਰੇਸ਼ਨ ਮਾਹਰਾਂ ਅਨੁਸਾਰ, ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਲਈ ਨੈਨੀਆਂ ਦੀ ਮਦਦ ਲੈਂਦੇ ਹਨ, ਜਦਕਿ ਕਈ ਕੈਨੇਡੀਅਨ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਵੀ ਇਹ ਪ੍ਰੋਗਰਾਮ ਵਰਤਦੇ ਹਨ।
ਜੂਨ 2024 ਵਿੱਚ, ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਨਵੇਂ ਪਾਇਲਟ ਪ੍ਰੋਗਰਾਮ ਤਹਿਤ ਹੋਮ ਕੇਅਰ ਵਰਕਰਾਂ ਨੂੰ ਕੈਨੇਡਾ ਪਹੁੰਚਣ ‘ਤੇ ਹੀ ਪੀ.ਆਰ. ਦਿੱਤਾ ਜਾਵੇਗਾ। ਪੀ.ਆਰ. ਲਈ ਲਾਜ਼ਮੀ ਤਜਰਬਾ ਵੀ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ ਸੀ। ਕੈਨੇਡਾ ਵੱਲੋਂ ਪਹਿਲਾਂ ਵੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਹੋਮ ਸਪੋਰਟ ਵਰਕਰ ਪਾਇਲਟ, ਲਿਵ-ਇਨ ਕੇਅਰਗਿਵਰ ਪ੍ਰੋਗਰਾਮ ਅਤੇ ਕੇਅਰਿੰਗ ਫਾਰ ਚਿਲਡਰਨ ਵਰਗੇ ਪ੍ਰੋਗਰਾਮ ਚਲਾਏ ਗਏ ਹਨ। ਨਵੇਂ ਪਾਇਲਟ ਤਹਿਤ, ਉਮੀਦਵਾਰ ਕੋਲ ਤਜਰਬਾ ਹੋਣਾ, ਕੈਨੇਡੀਅਨ ਨਿਯੋਗਤਾ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ, ਅਤੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਵਿੱਚ ਸੀ.ਐਲ.ਬੀ. 4 ਪੱਧਰ ਹੋਣਾ ਲਾਜ਼ਮੀ ਹੋਵੇਗਾ।
2019 ਵਿੱਚ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਅਤੇ ਹੋਮ ਸਪੋਰਟ ਵਰਕਰ ਪਾਇਲਟ ਦੀ ਸ਼ੁਰੂਆਤ ਤੋਂ 2024 ਤੱਕ, 5700 ਕੇਅਰਗਿਵਰਜ਼ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੈਨੇਡਾ ਦੀ ਪੱਕੀ ਨਾਗਰਿਕਤਾ ਹਾਸਲ ਕੀਤੀ।
ਪੰਜਾਬੀ ਮੂਲ ਦੀ ਸੁਖਦੀਪ ਕੌਰ, ਜਿਸਨੇ ਇਸ ਪ੍ਰੋਗਰਾਮ ਰਾਹੀਂ ਪੀ.ਆਰ. ਲੱਭੀ, ਨੇ ਕਿਹਾ, “ਇਹ ਇੱਕ ਬਿਹਤਰੀਨ ਪ੍ਰੋਗਰਾਮ ਹੈ, ਜਿਸ ਤਹਿਤ ਮਾਪਿਆਂ ਨੂੰ ਯੋਗ ਨੈਨੀ ਮਿਲਦੀ ਹੈ, ਤੇ ਹੀ ਕੇਅਰਗਿਵਰਜ਼ ਲਈ ਵੀ ਪੀ.ਆਰ. ਦੀ ਰਹਿ ਵਧੀ ਆਸਾਨ ਬਣਦੀ ਹੈ।” ਉਹ ਕਹਿੰਦੀ ਹੈ ਕਿ ਹੋਰਨਾਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਮੁਕਾਬਲੇ, ਇਸ ਵਿੱਚ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਲਈ ਵੱਡੀ ਯੋਗਤਾ ਦੀ ਲੋੜ ਨਹੀਂ।
ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਅਨੁਸਾਰ, 2025-2027 ਦੌਰਾਨ ਏਗਰੀ-ਪਾਇਲਟ, ਇਕਨੌਮਿਕ ਮੋਬਿਲਿਟੀ ਪਾਇਲਟ ਅਤੇ ਕੇਅਰਗਿਵਰਜ਼ ਪ੍ਰੋਗਰਾਮ ਰਾਹੀਂ ਕੁੱਲ 30,760 ਵਿਅਕਤੀਆਂ ਨੂੰ ਪੀ.ਆਰ. ਦਿੱਤੀ ਜਾਵੇਗੀ।
ਇਮੀਗ੍ਰੇਸ਼ਨ ਮੰਤਰਾਲੇ ਨੇ ਦੱਸਿਆ ਕਿ ਨਵੇਂ ਪਾਇਲਟ ਪ੍ਰੋਗਰਾਮ ਦੀਆਂ ਹੋਰ ਵਿਸ਼ੇਸ਼ ਜਾਣਕਾਰੀਆਂ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ। ਇਸ ਨਵੇਂ ਐਲਾਨ ਤੋਂ ਬਾਅਦ, ਇਮੀਗ੍ਰੇਸ਼ਨ ਉਮੀਦਵਾਰਾਂ ਵਿੱਚ ਨਵੀਂ ਉਮੀਦ ਬਝੀ ਹੈ। This report was written by Ekjot Singh as part of the Local Journalism Initiative.