ਵੈਨਕੂਵਰ, (ਏਕਜੋਤ ਸਿੰਘ): ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ ਖਰਚਿਆਂ ਨੂੰ ਲੈ ਕੇ ਵਧ ਰਹੀ ਆਲੋਚਨਾ ਦੇ ਚਲਦੇ, ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਮੈਟਰੋ ਵੈਨਕੂਵਰ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਮੈਟਰੋ ਵੈਨਕੂਵਰ ਦੀ ਸ਼ਾਸਨ ਪ੍ਰਣਾਲੀ ਨਿਕੰਮੀ ਹੋ ਚੁੱਕੀ ਹੈ।” ਮੀਡੀਆ ਨੂੰ ਬਿਆਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਮੈਟਰੋ ਵੈਨਕੂਵਰ ਦੀ ਸ਼ਾਸਨ ਪ੍ਰਣਾਲੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੈ, ਇਸ ਕਰਕੇ ਹੁਣ ਤੋਂ ਮੈਂ ਮੈਟਰੋ ਦੀਆਂ ਮੀਟਿੰਗਾਂ ਵਿੱਚ ਹਿੱਸਾ ਨਹੀਂ ਲਵਾਂਗਾ। ਮੈਟਰੋ ਵੈਨਕੂਵਰ ਦੇ ਵਧ ਰਹੇ ਖਰਚੇ ਟੈਕਸ ਦੇਣ ਵਾਲਿਆਂ, ਖ਼ਾਸ ਕਰਕੇ ਵੈਨਕੂਵਰ ਵਾਸੀਆਂ ਲਈ, ਵਧੇਰੇ ਬੋਝ ਬਣ ਰਹੇ ਹਨ। ਸਾਨੂੰ ਅਸਲ ਅਤੇ ਠੋਸ ਬਦਲਾਅ ਦੀ ਲੋੜ ਹੈ।” ਮੇਅਰ ਸਿਮ ਦੀ ਆਲੋਚਨਾ ਮੰਗਲਵਾਰ ਨੂੰ ਰਿਚਮੰਡ ਸ਼ਹਿਰ ਦੇ ਕੌਂਸਲਰ ਕੇ.ਐਸ. ਹੀਡ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਆਈ। ਹੀਡ ਨੇ ਹੋਰ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਦਿਨ ਦੌਰਾਨ ਮੈਟਰੋ ਵੈਨਕੂਵਰ ਦੀਆਂ ਮੀਟਿੰਗਾਂ ‘ਚ ਸ਼ਾਮਲ ਹੋਣ ਦੀ ਵਾਧੂ ਤਨਖ਼ਾਹ ਨਹੀਂ ਲੈਣੀ ਚਾਹੀਦੀ।
ਕੇਨ ਸਿਮ ਨੇ ਆਪਣੀ ਪਾਰਟੀ ਏ.ਬੀ.ਸੀ. ਵੈਨਕੂਵਰ ਦੇ ਕੌਂਸਲਰਾਂ ਨੂੰ ਇਹ ਨਿਰਦੇਸ਼ ਨਹੀਂ ਦਿੱਤਾ ਕਿ ਉਹ ਵੀ ਮੀਟਿੰਗਾਂ ਦਾ ਬਾਈਕਾਟ ਕਰਨ। ਉਨ੍ਹਾਂ ਦੇ ਦਫ਼ਤਰ ਨੇ ਇਹ ਸਾਫ਼ ਕਰ ਦਿੱਤਾ ਕਿ ਏ.ਬੀ.ਸੀ. ਦੇ ਕੌਂਸਲਰ, ਜੋ ਕਿ ਮੈਟਰੋ ਵੈਨਕੂਵਰ ਦੀਆਂ ਵੱਖ-ਵੱਖ ਕਮੇਟੀਆਂ ਵਿੱਚ ਸ਼ਾਮਲ ਹਨ, ਖੁਦ ਫੈਸਲਾ ਕਰ ਸਕਦੇ ਹਨ। ਹਾਲਾਂਕਿ, ਮੇਅਰ ਕੇਨ ਸਿਮ ਪਹਿਲਾਂ ਵੀ ਮੈਟਰੋ ਵੈਨਕੂਵਰ ਦੀਆਂ ਮੀਟਿੰਗਾਂ ਵਿੱਚ ਘੱਟ ਹੀ ਸ਼ਾਮਲ ਹੁੰਦੇ ਸਨ। ਪਿਛਲੇ ਸਾਲ ਉਨ੍ਹਾਂ ਨੇ ਕੁੱਲ ਮੀਟਿੰਗਾਂ ਵਿੱਚੋਂ ਕੇਵਲ 25% ਮੀਟਿੰਗਾਂ ‘ਚ ਹਿੱਸਾ ਲਿਆ ਸੀ।
ਇਸ ਵਿਰੋਧ ਤੋਂ ਬਾਅਦ ਪ੍ਰੀਮੀਅਰ ਡੇਵਿਡ ਈਬੀ ਉਤੇ ਵੀ ਦਬਾਅ ਵਧਾ ਰਿਹਾ ਹੈ ਕਿ ਉਹ ਮੈਟਰੋ ਵੈਨਕੂਵਰ ਦੀ ਸ਼ਾਸਨ ਪ੍ਰਣਾਲੀ ਵਿੱਚ ਦਖ਼ਲ ਦੇਣ। ਬਹੁਤ ਸਾਰੇ ਨਗਰਪਾਲਿਕਾ ਅਧਿਕਾਰੀਆਂ ਮੈਟਰੋ ਵੈਨਕੂਵਰ ਦੀ ਵਧ ਰਹੀ ਆਲੋਚਨਾ ਅਤੇ ਖਰਚਿਆਂ ਨੂੰ ਲੈ ਕੇ ਸੂਬਾਈ ਸਰਕਾਰ ਤੋਂ ਦਖ਼ਲਅੰਦਾਜ਼ੀ ਦੀ ਮੰਗ ਕਰ ਰਹੇ ਹਨ। ਮੇਅਰ ਕੇਨ ਸਿਮ ਵਲੋਂ ਮੈਟਰੋ ਵੈਨਕੂਵਰ ਦੀ ਸ਼ਾਸਨ ਪ੍ਰਣਾਲੀ ‘ਤੇ ਉਠਾਏ ਸਵਾਲ ਇਹ ਦਰਸਾਉਂਦੇ ਹਨ ਕਿ ਖਰਚਿਆਂ ਨੂੰ ਲੈ ਕੇ ਸਥਾਨਕ ਪੱਧਰ ‘ਤੇ ਚਿੰਤਾ ਗੰਭੀਰ ਰੂਪ ਧਾਰ ਚੁੱਕੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਹੋਰ ਨਗਰਪਾਲਿਕਾ ਨੇਤਾ ਵੀ ਉਨ੍ਹਾਂ ਦੇ ਬਾਈਕਾਟ ਵਿੱਚ ਸ਼ਾਮਲ ਹੁੰਦੇ ਹਨ ਜਾਂ ਮੈਟਰੋ ਵੈਨਕੂਵਰ ਵਿੱਚ ਕੋਈ ਸੁਧਾਰ ਲਿਆਂਦਾ ਜਾਂਦਾ ਹੈ। This report was written by Ekjot Singh as part of the Local Journalism Initiative.