ਟੋਰਾਂਟੋ : ਯਾਰਕ ਰੀਜਨ ਵਿੱਚ ਇੱਕ ਵਿਅਕਤੀ ਨੂੰ ਬੰਦੀ ਬਣਾਕੇ ਉਸ ਦੇ ਡੈਬਿਟ ਕਾਰਡ ਰਾਹੀਂ ਕਈ ਏ.ਟੀ.ਐਮ. ਤੋਂ ਨਕਦੀ ਕਢਵਾਉਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ 22 ਸਾਲਾ ਮਨਨ ਖੰਨਾ ਅਤੇ 32 ਸਾਲ ਦੀ ਜੈਸਿਕਾ ਕੇਨ ਸ਼ਾਮਲ ਹੈ।
ਯਾਰਕ ਰੀਜਨਲ ਪੁਲਿਸ ਅਨੁਸਾਰ, ਇਹ ਵਾਰਦਾਤ 19 ਜਨਵਰੀ 2025 ਨੂੰ ਸਵੇਰੇ 9:30 ਵਜੇ ਵੌਅਨ ਇਲਾਕੇ ਵਿੱਚ, ਮੇਜਰ ਮਕੈਂਜ਼ੀ ਡਰਾਈਵ ਵੈਸਟ ਅਤੇ ਜੇਨ ਸਟ੍ਰੀਟ ਨੇੜੇ ਵਾਪਰੀ। ਸ਼ੱਕੀਆਂ ਨੇ ਪਹਿਲਾਂ ਪੀੜਤ ਨਾਲ ਮਿਲ ਕੇ ਉਸ ਨੂੰ ਆਪਣੀ ਗੱਡੀ ਵਿੱਚ ਬੈਠਾ ਲਿਆ। ਜਿਵੇਂ ਹੀ ਪੀੜਤ ਗੱਡੀ ਵਿੱਚ ਬੈਠਿਆ, ਜੈਸਿਕਾ ਨੇ ਛੁਰਾ ਕੱਢ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਜਾਂਚ ਅਧਿਕਾਰੀਆਂ ਅਨੁਸਾਰ, ਜੈਸਿਕਾ ਨੇ ਪੀੜਤ ਤੋਂ ਉਸ ਦੇ ਬੈਂਕ ਨਾਲ ਜੁੜੀ ਸਾਰੀ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਮਨਨ ਖੰਨਾ ਗੱਡੀ ਚਲਾ ਰਿਹਾ ਸੀ। ਸ਼ੱਕੀ ਦੋਵੇਂ ਕਈ ਵੱਖ-ਵੱਖ ਏ.ਟੀ.ਐਮ. ਮਸ਼ੀਨਾਂ ‘ਤੇ ਗਏ ਅਤੇ ਪੀੜਤ ਦੇ ਬੈਂਕ ਖਾਤੇ ਤੋਂ ਜ਼ਬਰਦਸਤੀ ਨਕਦੀ ਕਢਵਾਈ।
ਆਪਣੇ ਮਨਸੂਬੇ ਨੂੰ ਅੰਜ਼ਾਮ ਦੇਣ ਮਗਰੋਂ, ਪੀੜਤ ਨੂੰ ਛੱਡ ਦਿੱਤਾ। ਪੁਲਿਸ ਮੁਤਾਬਕ, ਪੀੜਤ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਚੋਟ ਨਹੀਂ ਲੱਗੀ, ਪਰ ਉਹ ਘਟਨਾ ਤੋਂ ਬਹੁਤ ਡਰਿਆ ਹੋਇਆ ਸੀ।
ਜਾਂਚ ਦੌਰਾਨ, ਪੁਲਿਸ ਨੂੰ ਪਤਾ ਲੱਗਾ ਕਿ ਜੈਸਿਕਾ ਕੇਨ ਦੀ ਤਲਾਸ਼ ਪਹਿਲਾਂ ਹੀ ਐਲਬਰਟਾ ਦੀ ਪੁਲਿਸ ਕਰ ਰਹੀ ਸੀ। ਉਸ ‘ਤੇ ਪਹਿਲਾਂ ਵੀ ਕਈ ਗੰਭੀਰ ਦੋਸ਼ ਲੱਗੇ ਹੋਏ ਹਨ। ਪੁਲਿਸ ਨੇ 22 ਸਾਲਾ ਮਨਨ ਖੰਨਾ ਨੂੰ ਵੀ ਹਥਿਆਰਬੰਦ ਲੁੱਟ ਅਤੇ ਜਬਰਨ ਬੰਦੀ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ।
ਯਾਰਕ ਰੀਜਨਲ ਪੁਲਿਸ ਨੇ ਦੋਸ਼ੀਆਂ ਦੀਆਂ ਤਸਵੀਰਾਂ ਜਨਤਕ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਵੀ ਜੇਕਰ ਕਿਸੇ ਹੋਰ ਵਿਅਕਤੀ ਨਾਲ ਅਜਿਹਾ ਹੋਇਆ ਹੋਵੇ, ਤਾਂ ਉਹ ਅੱਗੇ ਆ ਕੇ ਜਾਣਕਾਰੀ ਦੇ ਸਕੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਹੋਰ ਜਾਣਕਾਰੀ ਹੈ, ਤਾਂ ਉਹ ਤੁਰੰਤ ਜਾਂਚ ਅਧਿਕਾਰੀਆਂ ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ।
ਅਧਿਕਾਰੀਆਂ ਮੁਤਾਬਕ, ਇਹ ਕੇਸ ਹੋਰ ਵੀ ਵੱਡਾ ਹੋ ਸਕਦਾ ਹੈ, ਕਿਉਂਕਿ ਜੈਸਿਕਾ ਤੇ ਮਨਨ ਉੱਤੇ ਹੋਰ ਮਾਮਲੇ ਵੀ ਹੋ ਸਕਦੇ ਹਨ। ਪੁਲਿਸ ਇਸ ਮਾਮਲੇ ਦੀ ਗਹਿਰੀ ਜਾਂਚ ਕਰ ਰਹੀ ਹੈ ਅਤੇ ਉਮੀਦ ਹੈ ਕਿ ਹੋਰ ਪੀੜਤ ਵੀ ਅੱਗੇ ਆ ਕੇ ਆਪਣੀ ਗਵਾਹੀ ਦੇਣਗੇ।