Thursday, April 10, 2025
13.5 C
Vancouver

ਆਜ਼ਾਦ ਦੇਸ਼ ਦੇ ਗੁਲਾਮ ਬਾਸ਼ਿੰਦੇ

 

ਲਿਖਤ : ਡਾ. ਸੁਖਰਾਜ ਸਿੰਘ ਬਾਜਵਾ
ਸੰਪਰਕ : 78886 – 84597
14 ਤੇ 15 ਅਗਸਤ ਵਿਚਕਾਰਲੀ ਰਾਤ ਭਾਰਤ ਦੇਸ਼ ਦੀ ਆਜ਼ਾਦੀ ਦਾ ਜਸ਼ਨ ਸ਼ੁਰੂ ਹੋ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾਕੇ ਦੇਸ਼ ਦੀ ਆਜ਼ਾਦੀ ਦੀ ਘੋਸ਼ਣਾ ਕੀਤੀ। ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਤੱਤਰ ਸਾਲ ਬਾਅਦ ਵੀ ਇਸ ਦੇਸ਼ ਦੇ ਰਹਿਣ ਵਾਲੇ ਲੋਕ ਅਜ਼ਾਦ ਨਹੀਂ ਹੋ ਸਕੇ। ਬੇਸ਼ਕ ਕਹਿਣ ਨੂੰ ਇਹ ਲੋਕ ਆਜ਼ਾਦ ਭਾਰਤ ਦੇ ਬਾਸ਼ਿੰਦੇ ਹਨ ਪਰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਇਹ ਅੱਜ ਵੀ ਜਕੜੇ ਹੋਏ ਹਨ। ਜੀ ਹਾਂ, ਅੱਜ ਭਾਰਤ ਦੇ ਬਹੁਤੇ ਵਰਗਾਂ ਦੇ ਲੋਕ ਮਾਨਸਿਕ ਤੌਰ ‘ਤੇ ਗੁਲਾਮ ਹਨ। ਇਹ ਗੁਲਾਮੀ ਬਾਹਰਲਿਆਂ ਦੀ ਨਹੀਂ ਸਗੋਂ ਆਪਣਿਆਂ ਦੀ ਹੈ। ਦੇਸ਼ ਦਾ ਇੱਕ ਵੱਡਾ ਵਰਗ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਕੋਈ ਰਾਜਨੇਤਾਵਾਂ ਦਾ ਬੰਧੂਆ ਬਣਿਆ ਹੋਇਆ ਹੈ ਤੇ ਕੋਈ ਧਾਰਮਿਕ ਠੇਕੇਦਾਰਾਂ ਦਾ। ਅੰਗਰੇਜ਼ਾਂ ਵੇਲੇ ਪੈਦਾ ਹੋਇਆ ਡੇਰਾਵਾਦ ਵੱਡੀ ਪੱਧਰ ‘ਤੇ ਲੋਕਾਂ ਨੂੰ ਗੁਲਾਮ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ।
ਜੇਕਰ 1947 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਦੇਖਣ ਵਿੱਚ ਆਉਂਦਾ ਹੈ ਕਿ ਉਸ ਵੇਲੇ ਵੀ ਲੋਕ ਅੰਗਰੇਜ਼ਾਂ ਦੇ ਖਿਲਾਫ ਨਹੀਂ ਸਨ, ਅਗਰ ਖਿਲਾਫ ਸਨ ਤਾਂ ਉਹ ਅੰਗਰੇਜ਼ਾਂ ਦੇ ਰਾਜ ਕਰਨ ਦੇ ਤਰੀਕੇ ਦੇ ਅਤੇ ਉਹਨਾਂ ਵਲੋਂ ਆਮ ਲੋਕਾਂ ਖਿਲਾਫ ਬਣਾਏ ਗਏ ਕਾਨੂੰਨ ਦੇ। ਅੱਜ ਦੇਸ਼ ਦੇ ਆਜ਼ਾਦ ਹੋਣ ਦੇ ਸਤੱਤਰ ਸਾਲ ਬਾਅਦ ਵੀ ਉਹੀ ਕਾਨੂੰਨ ਸਾਡੇ ਦੇਸ਼ ਅੰਦਰ ਚੱਲ ਰਹੇ ਹਨ। ਅੰਗਰੇਜ਼ੀ ਹਕੂਮਤ ਵੇਲੇ ਵੀ ਆਮ ਲੋਕਾਂ ਨੂੰ ਸਰਕਾਰਾਂ ਦੇ ਤਾਨਾਸ਼ਾਹੀ ਵਤੀਰੇ ਖਿਲਾਫ ਬੋਲਣ ਦੀ ਆਜ਼ਾਦੀ ਨਹੀਂ ਸੀ ਤੇ ਉਹ ਅਜ਼ਾਦੀ ਅੱਜ ਵੀ ਨਹੀਂ ਹੈ। ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬੋਲਣ ਦਾ ਅਰਥ ਹੈ ਆਪਣੇ ਉੱਪਰ ਦੇਸ਼ ਧ੍ਰੋਹ ਦਾ ਇਲਜ਼ਾਮ ਲਗਵਾ ਲੈਣਾ। 1947 ਤੋਂ ਬਾਅਦ ਇਹ ਗੁਲਾਮੀ ਹੋਰ ਵੀ ਸਖ਼ਤ ਹੋਈ ਹੈ। ਪਹਿਲਾਂ ਅੰਗਰੇਜ਼ੀ ਸਰਕਾਰਾਂ ਖਿਲਾਫ ਜਦੋਂ ਆਵਾਜ਼ ਉੱਠਦੀ ਸੀ ਤਾਂ ਭਾਰਤ ਦੇ ਹਰ ਕੋਨੇ ਵਿੱਚੋਂ ਲੋਕ ਉਸ ਆਵਾਜ਼ ਦੇ ਹੱਕ ਵਿੱਚ ਆਣ ਖੜ੍ਹਦੇ ਸਨ, ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਪ੍ਰਾਂਤ ਦਾ ਹੋਵੇ। ਪਰ ਹੁਣ ਦੀ ਗੁਲਾਮੀ ਪਹਿਲਾਂ ਨਾਲੋਂ ਵੱਖਰੀ ਹੈ। ਹੁਣ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨਿਆਂ ਜਾਂਦਾ ਹੈ ਅਤੇ ਉਸ ਆਵਾਜ਼ ਨੂੰ ਕਿਸੇ ਖਾਸ ਫ਼ਿਰਕੇ ਦੀ ਆਵਾਜ਼ ਬਣਾ ਕੇ ਧਰਮ ਵਿਰੋਧੀ ਵੀ ਗਰਦਾਨਿਆ ਜਾਂਦਾ ਹੈ। ਮਾਨਸਿਕ ਤੌਰ ‘ਤੇ ਗੁਲਾਮ ਹੋਏ ਲੋਕ ਆਪਣੀ ਸੋਚਣ ਸ਼ਕਤੀ ਇਸ ਕਦਰ ਗੁਆ ਚੁੱਕੇ ਹਨ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਹੁੰਦਾ ਕਿ ਇਹ ਆਵਾਜ਼ ਸਿਰਫ ਇੱਕ ਖ਼ਾਸ ਵਿਅਕਤੀ ਜਾਂ ਫਿਰਕੇ ਦੀ ਆਵਾਜ਼ ਨਹੀਂ, ਇਹ ਆਵਾਜ਼ ਸਰਬੱਤ ਦੇ ਭਲੇ ਲਈ ਹੈ। ਦੇਸ਼ ਦੇ ਚੁਣੇ ਹੋਏ ਨੇਤਾਵਾਂ ਨੇ ਸੱਤਾ ਸੁਖ ਭੋਗਣ ਲਈ ਉਹ ਰਾਜਨੀਤੀ ਅਪਣਾਈ ਹੈ ਜੋ ਕਿਸੇ ਵੇਲੇ ਅੰਗਰੇਜ਼ਾਂ ਨੇ ਅਪਣਾਈ ਸੀ, ‘ਪਾੜੋ ਤੇ ਰਾਜ ਕਰੋ’। ਅੱਜ ਵੀ ਉਸੇ ਨੀਤੀ ‘ਤੇ ਚੱਲਦਿਆਂ ਜਿੱਥੇ ਧਰਮ ਨੂੰ ਸੱਤਾ ਸੁਖ ਲਈ ਸਭ ਤੋਂ ਵੱਡਾ ਹਥਿਆਰ ਬਣਾਇਆ ਹੋਇਆ ਹੈ, ਉੱਥੇ ਹੀ ਆਮ ਲੋਕਾਂ ਨੂੰ ਸਿੱਖਿਆ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਦੇਸ਼ ਵਿੱਚ ਹੱਦੋਂ ਵੱਧ ਪੈਦਾ ਹੋ ਰਹੇ ਪ੍ਰਾਈਵੇਟ ਸਿੱਖਿਆ ਅਦਾਰੇ ਇਸੇ ਦਾ ਹੀ ਹਿੱਸਾ ਹਨ। ਇਨ੍ਹਾਂ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਅਸਲ ਵਿੱਚ ਦੂਰ ਰੱਖਿਆ ਜਾਂਦਾ ਹੈ ਤੇ ਸਰਕਾਰੀ ਅਦਾਰਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਖਤਮ ਕੀਤਾ ਜਾ ਰਿਹਾ ਹੈ। ਸਿੱਖਿਅਤ ਵਰਗ ਸੋਚਣ ਸਮਝਣ ਦੀ ਤਾਕਤ ਰੱਖਦਾ ਹੈ ਤੇ ਆਪਣੇ ਆਪ ਨੂੰ ਮਾਨਸਿਕ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੀ ਤਾਕਤ ਰੱਖਦਾ ਹੈ। ਕਿਸੇ ਵੀ ਦੇਸ਼ ਦੀ ਜਨਤਾ ਨੂੰ ਗੁਲਾਮ ਬਣਾ ਕੇ ਰੱਖਣ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਕਿ ਲੋਕਾਂ ਨੂੰ ਧਾਰਮਿਕ ਅੰਧਵਿਸ਼ਵਾਸ ਵਿੱਚ ਜਕੜ ਦੇਵੋ। ਧਾਰਮਿਕ ਅੰਧਵਿਸ਼ਵਾਸ ਵਿੱਚ ਜਕੜ ਹੋਇਆ ਵਿਅਕਤੀ ਕਦੀ ਵੀ ਗੁਲਾਮੀ ਦੀਆਂ ਜ਼ੰਜੀਰਾਂ ਨਹੀਂ ਤੋੜ ਸਕਦਾ ਕਿਉਂਕਿ ਉਹ ਬੇਹੱਦ ਕਮਜ਼ੋਰ ਹੋ ਚੁੱਕਾ ਹੁੰਦਾ ਹੈ।
ਧਾਰਮਿਕ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਜਕੜਨ ਲਈ ਅੰਗਰੇਜ਼ਾਂ ਦੀ ਤਰ੍ਹਾਂ ਹੀ ਆਜ਼ਾਦ ਭਾਰਤ ਦੀ ਹਕੂਮਤ ਵੀ ਡੇਰਾਵਾਦ ਨੂੰ ਉਤਸ਼ਾਹਿਤ ਕਰਦੀ ਹੈ ਕਿਉਂਕਿ ਲੋਕਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾਉਣ ਦਾ ਕੰਮ ਸਭ ਤੋਂ ਵੱਧ ਇਨ੍ਹਾਂ ਡੇਰਿਆ ਵਿੱਚ ਹੀ ਕੀਤਾ ਜਾਂਦਾ ਹੈ। ਜਿਨ੍ਹਾਂ ਡੇਰਿਆਂ ਨੂੰ ਸਰਕਾਰਾਂ ਵਲੋਂ ਕੰਟਰੋਲ ਕੀਤਾ ਜਾਣਾ ਚਾਹੀਦਾ ਸੀ, ਉਹ ਡੇਰੇ ਹੁਣ ਸਰਕਾਰ ਨੂੰ ਕੰਟਰੋਲ ਕਰ ਰਹੇ ਹਨ। ਕੋਈ ਵੀ ਰਾਜਨੀਤਿਕ ਆਗੂ ਇਨ੍ਹਾਂ ਖਿਲਾਫ ਖੁੱਲ੍ਹ ਕੇ ਨਹੀਂ ਬੋਲ ਸਕਦਾ ਕਿਉਂਕਿ ਇਹ ਡੇਰੇ ਇਨ੍ਹਾਂ ਆਗੂਆਂ ਲਈ ਵੋਟ ਬੈਂਕ ਦਾ ਕੰਮ ਕਰਦੇ ਹਨ। ਡੇਰੇ ਆਮ ਤੇ ਗਰੀਬ ਲੋਕਾਂ ਨੂੰ ਸਵਰਗ ਦੇ ਸੁਪਨੇ ਵਿਖਾ ਕੇ ਆਪਣੇ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਨੂੰ ਕਈ ਸਮਾਜ ਅਤੇ ਦੇਸ਼ ਵਿਰੋਧੀ ਕੰਮਾਂ ਲਈ ਇਸਤੇਮਾਲ ਕਰਦੇ ਹਨ ਪਰ ਫਿਰ ਵੀ ਰਾਜਨੀਤਿਕ ਆਗੂ ਚੁੱਪ ਧਾਰੀ ਬੈਠੇ ਹਨ ਤੇ ਦੇਸ਼ ਦਾ ਬੁੱਧੀਜੀਵੀ ਵਰਗ ਵੀ ਇਨ੍ਹਾਂ ਖਿਲਾਫ ਆਪਣੀ ਜ਼ਬਾਨ ਅਤੇ ਕਲਮ ਉੱਤੇ ਲਗਾਮ ਲਗਾਈ ਬੈਠਾ ਹੈ। ਇਹ ਸਭ ਇਹ ਦਰਸਾਉਂਦਾ ਹੈ ਕਿ ਬੁੱਧੀਜੀਵੀ ਵਰਗ ਵੀ ਆਜ਼ਾਦੀ ਦਾ ਨਿੱਘ ਮਹਿਸੂਸ ਨਹੀਂ ਕਰ ਰਿਹਾ। ਇਹੋ ਜਿਹਾ ਡਰ ਹੀ ਅੰਗਰੇਜ਼ੀ ਹਕੂਮਤ ਵਿੱਚ ਵੇਖਣ ਨੂੰ ਮਿਲਦਾ ਸੀ।
ਹਾਂ, ਅੰਗਰੇਜ਼ੀ ਹਕੂਮਤ ਤੇ ਹੁਣ ਦੀ ਹਕੂਮਤ ਵਿੱਚ ਫਰਕ ਸਿਰਫ ਇੰਨਾ ਹੈ ਕਿ ਉਦੋਂ ਮੀਡੀਆ ਇੱਕ ਆਜ਼ਾਦ ਸੋਚ ਰੱਖਦਾ ਸੀ ਤੇ ਸਰਕਾਰ ਦੀਆਂ ਗਲਤ ਨੀਤੀਆਂ ‘ਤੇ ਸਵਾਲ ਉਠਾਉਂਦਾ ਸੀ ਪਰ ਅੱਜ ਦੇਸ਼ ਦੇ ਮੀਡੀਆ ਦਾ ਇੱਕ ਵੱਡਾ ਹਿੱਸਾ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਜਨਤਾ ‘ਤੇ ਹੋ ਰਹੇ ਤਸ਼ੱਦਦ ਨੂੰ ਵੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਬਣਾ ਕੇ ਪੇਸ਼ ਕਰਦਾ ਹੈ ਤੇ ਸਰਕਾਰ ਦੇ ਗੁਣਗਾਣ ਕਰਦਾ ਹੈ। ਮੀਡੀਆ ਹੀ ਆਮ ਜਨਤਾ ਦੀ ਆਵਾਜ਼ ਮੰਨਿਆ ਜਾਂਦਾ ਰਿਹਾ ਹੈ ਪਰ ਉਹ ਇਹ ਆਵਾਜ਼ ਵੀ ਹੁਣ ਗੁਲਾਮ ਬਣਕੇ ਰਹਿ ਗਈ ਹੈ। ਸੱਚ ਲਿਖਣਾ ਅਤੇ ਸੱਚ ਬੋਲਣਾ ਹੁਣ ਗੁਨਾਹ ਬਣਦਾ ਜਾ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਿਆ ਕਿਵੇਂ ਜਾਵੇ? ਗੁਲਾਮੀ ਦੀਆਂ ਜ਼ੰਜੀਰਾਂ ਸਿਰਫ ਲੋਕਾਂ ਦੇ ਸਿੱਖਿਅਤ ਹੋਣ ਨਾਲ ਹੀ ਟੁੱਟ ਸਕਦੀਆਂ ਹਨ। ਸਿੱਖਿਆ ਵੀ ਉਹ, ਜਿਸ ਰਾਹੀਂ ਵਿਦਿਆਥੀਆਂ ਵਿੱਚ ਵਿਗਿਆਨਕ ਸੋਚ ਪੈਦਾ ਕੀਤੀ ਜਾ ਸਕੇ। ਜਦ ਲੋਕ ਵਿਗਿਆਨਕ ਸੋਚ ਅਪਣਾਉਣ ਲੱਗ ਜਾਣਗੇ ਤਾਂ ਉਹ ਧਾਰਮਿਕ ਅੰਧਵਿਸ਼ਵਾਸ ਤੋਂ ਦੂਰ ਹੋ ਜਾਣਗੇ। ਵਿਗਿਆਨਕ ਸੋਚ ਲੋਕਾਂ ਨੂੰ ਆਪਣੇ ਬਾਰੇ ਚੰਗਾ ਸੋਚਣ ਲਈ ਮਜਬੂਰ ਕਰੇਗੀ। ਸਿੱਖਿਆ ਵਿੱਚ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਵੀ ਦੱਸਿਆ ਜਾਵੇ ਤਾਂ ਜੋ ਉਹ ਆਪਣੇ ਬਣਦੇ ਅਧਿਕਾਰ ਲੈਣ ਲਈ ਸੰਘਰਸ਼ ਕਰਨ ਲਈ ਤਿਆਰ ਹੋ ਸਕਣ। ਜਦੋਂ ਲੋਕਾਂ ਨੂੰ ਆਪਣੇ ਹੱਕ ਲੈਣ ਦੀ ਜਾਚ ਆ ਜਾਵੇਗੀ ਅਤੇ ਧਰਮ ਦੇ ਸਹੀ ਅਰਥ ਪਤਾ ਲੱਗ ਜਾਣਗੇ ਤਾਂ ਫਿਰ ਉਹ ਗੁਲਾਮੀ ਦੀਆਂ ਜ਼ੰਜੀਰਾਂ ਸੌਖਿਆਂ ਹੀ ਤੋੜ ਸਕਣਗੇ। ਸਰਕਾਰਾਂ ਇਹ ਨਾਅਰਾ ਦਿੰਦੀਆਂ ਹਨ ਕਿ ਹਰ ਨਾਗਰਿਕ ਸਿੱਖਿਅਤ ਹੋਵੇ ਪਰ ਧਰਾਤਲ ‘ਤੇ ਉਹ ਕੰਮ ਨਹੀਂ ਕਰਦੀਆਂ। ਸੋ ਇਹ ਸਾਡਾ, ਹਰ ਇੱਕ ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਬੱਚੇ ਨੂੰ ਸਕੂਲ ਭੇਜਣ ਤੇ ਨਾਲ ਹੀ ਆਪ ਵੀ ਆਪਣੇ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਵੀ ਜਾਣਕਾਰੀ ਦੇਈਏ। ਜਿਹੜੇ ਕੰਮ ਸਰਕਾਰਾਂ ਨਹੀਂ ਕਰਦੀਆਂ, ਉਹ ਸਾਨੂੰ ਆਪ ਕਰਨੇ ਪੈਣਗੇ। ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਧਰਮ ਦੀ ਸਹੀ ਵਿਆਖਿਆ ਕਰਦੇ ਹੋਏ ਡੇਰਿਆਂ ਤੋਂ ਦੂਰ ਰੱਖਣਾ ਪਵੇਗਾ ਤਾਂ ਹੀ ਅਸੀਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਇੱਕ ਚੰਗੇ ਸਮਾਜ ਅਤੇ ਇੱਕ ਚੰਗੇ ਦੇਸ਼ ਦੀ ਸਿਰਜਣਾ ਕਰ ਸਕਦੇ ਹਾਂ। ਜਿਸ ਦੇਸ਼ ਦੇ ਲੋਕ ਮਾਨਸਿਕ ਤੌਰ ‘ਤੇ ਗੁਲਾਮ ਨਹੀਂ ਹੁੰਦੇ, ਉਹ ਦੇਸ਼ ਤਰੱਕੀ ਕਰਦੇ ਹਨ।