Thursday, April 3, 2025
5.7 C
Vancouver

ਏਕਾ

 

ਲਿਖਤ : ਸੁਖਮੰਦਰ ਪੁੰਨੀ,
ਸੰਪਰਕ: 98157-88001
”ਮਾਰ, ਟਿਕਾ ਕੇ ਆਪਾ ਜਾਣ ਨਹੀਂ ਦੇਣੀ ਸਰ,” ਕਾਲੇ ਨੇ ਜ਼ੋਰ ਨਾਲ ਪੱਤਾ ਸੁੱਟਦਿਆਂ ਕਿਹਾ।
”ਲੈ ਫਿਰ, ਤੂੰ ਕਿਹੜਾ ਰੋਜ਼ ਰੋਜ਼ ਆਖਣੈ,” ਚਰਨੇ ਨੇ ਸਾਰਾ ਜ਼ੋਰ ਲਗਾ ਕੇ ਪਾਨ ਦਾ ਯੱਕਾ ਸੁੱਟ ਦਿੱਤਾ।
ਤਾਸ਼ ਖੇਡਣ ਵਾਲਿਆਂ ਦੇ ਹੱਥਾਂ ਵਿੱਚ ਥੋੜ੍ਹੇ ਜਿਹੇ ਪੱਤੇ ਰਹਿ ਗਏ ਸਨ। ਆਲੇ-ਦੁਆਲੇ ਬੈਠੇ ਲੋਕ ਤਾਸ਼ ਖੇਡ ਤਾਂ ਨਹੀਂ ਰਹੇ ਸਨ, ਪਰ ਉਨ੍ਹਾਂ ਨੂੰ ਦੇਖ ਦੇਖ ਕੇ ਸੁਆਦ ਪੂਰਾ ਲੈ ਰਹੇ ਸਨ। ਜਿਹੜੀ ਧਿਰ ਕੋਲ ਸਰ ਜਅਿਾਦਾ ਬਣ ਜਾਣੀ ਸੀ, ਉਸ ਧਿਰ ਨੇ ਹੀ ਜਿੱਤ ਜਾਣਾ ਸੀ। ਚਰਨ ਨੇ ਯੱਕਾ ਸੁੱਟ ਕੇ ਸਰ ਆਪਣੇ ਵੱਲ ਕਰ ਲਈ ਸੀ। ਪੱਤੇ ਇਕੱਠੇ ਕਰਨ ਲੱਗਾ। ”ਹੁਣ ਆਪਾਂ ਕੋਟ ਵੀ ਨਹੀਂ ਛੱਡਦੇ ਕਰਾ ਕੇ ਛੱਡਾਂਗੇ,” ਕਾਲੇ ਨੇ ਬਣੀ ਹੋਈ ਸਰ ਦੀ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ। ”ਵਧੀਆ ਠੰਢ ‘ਚ ਪਾ ਲਿਆ ਕਰਨਗੇ,” ਕੋਲ ਬੈਠੇ ਕਿਸੇ ਚੋਬਰ ਨੇ ਮਸ਼ਕਰੀ ਕੀਤੀ। ਦੂਜੇ ਧਿਰ ਦੇ ਖਿਡਾਰੀ ਕਾਲੇ ਨੇ ਆਪਣੇ ਸਾਥੀ ਨੂੰ ਕਿਹਾ, ”ਤੈਨੂੰ ਨਾ ਅਕਲ ਆਈ ਖੇਡਣ ਦੀ ਸਾਰਾ ਚਿੜੀਆ ਰੰਗ ਤਾਂ ਰੱਖੀ ਬੈਠਾ ਏਂ ਆਪਣੇ ਕੋਲ।”
”ਮੈਂ ਕੀ ਕਰਾਂ ਤੂੰ ਸਹੀ ਚਾਲ ਹੀ ਨਹੀਂ ਚੱਲੀ,” ਗੁੱਸੇ ਵਾਲਾ ਮੂੰਹ ਬਣਾ ਕੇ ਜੀਤੇ ਨੇ ਕਾਲੇ ਨੂੰ ਜਵਾਬ ਦਿੱਤਾ।
ਇੰਨੇ ਨੂੰ ਨਾਲ ਵਾਲੇ ਗੁਰਦੁਆਰਾ ਸਾਹਿਬ ਦੇ ਸਪੀਕਰ ਵਿੱਚੋਂ ਭਾਈ ਜੀ ਨੇ ਆਵਾਜ਼ ਦਿੱਤੀ ਕਿ ਅੱਜ ਆਪਣੇ ਪਿੰਡ ਤੋਂ ਖਨੌਰੀ ਜਾਣਾ ਏ ਆਪਣੀਆਂ ਮੰਗਾਂ ਲਈ ਭੁੱਖ ਹੜਤਾਲ ‘ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ। ਅੱਜ ਆਪਣੇ ਪਿੰਡ ਦੇ ਗੁਰੂਘਰ ਤੋਂ ਟਰਾਲੀ ਜਾਣੀ ਹੈ, ਵੱਧ ਤੋਂ ਵੱਧ ਕਿਸਾਨ ਸੰਘਰਸ਼ੀ ਕਿਸਾਨਾਂ ਦਾ ਸਾਥ ਦਿਉ।
”ਓਧਰ ਕਿਸਾਨ ਆਪਣੇ ਸਾਰਿਆਂ ਲਈ ਖਾਣਾ ਪੀਣਾ ਸਭ ਕੁਝ ਛੱਡ ਕੇ ਕੇਂਦਰ ਨਾਲ ਮੱਥਾ ਲਾਈ ਬੈਠੇ ਨੇ, ਇੱਥੇ ਤੁਸੀਂ ਤਾਸ਼ ਪਿੱਛੇ ਲੜੀ ਜਾਓ,” ਤਾਸ਼ ਵਾਲੇ ਬੈਂਚ ਕੋਲ ਖੜ੍ਹੇ ਬਾਬਾ ਸੂਬਾ ਸਿੰਘ ਨੇ ਤਾਸ਼ ਖੇਡਣ ਵਾਲਿਆਂ ਨੂੰ ਟਕੋਰ ਕੀਤੀ। ”ਓ ਤਾਇਆ, ਸਾਡੀ ਜਥੇਬੰਦੀ ਦਾ ਕੋਈ ਸਨੇਹਾ ਨਹੀਂ ਆਇਆ ਹਾਲੇ। ਇਹ ਤਾਂ ਦੂਜੀ ਜਥੇਬੰਦੀ ਵਾਲੇ ਐ,” ਤਾਸ਼ ਵੰਡ ਰਹੇ ਜੀਤੇ ਨੇ ਕਿਹਾ। ”ਨਾਲੇ ਸਾਡੀ ਜਥੇਬੰਦੀ ਤਾਂ ਹੋਰ ਹੈ।” ”ਆਪਾਂ ਤਾਂ ਸਾਰੇ ਇੱਕ ਹੀ ਹਾਂ ਪੰਜਾਬ ਦੇ, ਕਿਸੇ ਦਾ ਸੁਨੇਹਾ ਕੀ ਉਡੀਕਣਾ?” ਬਾਬੇ ਸੂਬੇ ਨੇ ਦੀਪੇ ਦੀ ਗੱਲ ਦਾ ਜਵਾਬ ਦਿੱਤਾ। ”ਪਰ ਚਾਚਾ ਸਾਡੀ ਜਥੇਬੰਦੀ ਨੇ ਸਾਨੂੰ ਨਹੀਂ ਕਿਹਾ। ਸਾਡਾ ਤਾਂ ਹੋਰ ਪਾਸੇ ਹੈ ਧਰਨਾ ਪਰਸੋਂ,” ਜੀਤੇ ਨੇ ਹੀ ਉਹੀ ਗੱਲ ਆਖੀ ਕਿਉਂਕਿ ਉਹ ਤੇ ਦੀਪਾ ਦੋਵੇਂ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਹੋਏ ਸਨ। ”ਯਾਰ, ਕੋਈ ਕਿੱਥੇ ਧਰਨਾ ਲਗਾਈ ਬੈਠਾ ਕੋਈ ਕਿਧਰ ਨੂੰ ਤੁਰਿਆ ਫਿਰਦਾ, ਕੋਈ ਕਿਸੇ ਪਾਸੇ ਧਰਨੇ ‘ਤੇ ਜਾਣ ਨੂੰ ਕਹਿੰਦਾ, ਆਪਣਾ ਇੱਕ ਪਿੰਡ ਹੈ ਤੇ ਜਥੇਬੰਦੀਆਂ ਦੇ ਬੰਦੇ ਅੱਡ-ਅੱਡ ਸਾਧਨ ਕਰਾ ਕੇ ਆਪਣਾ ਅੱਡ ਹੀ ਇਕੱਠ ਕਰਦੇ ਨੇ,” ਤਾਸ਼ ਖੇਡਦਿਆਂ ਕੋਲ ਬੈਠਿਆਂ ਵਿੱਚੋਂ ਕਿਸੇ ਇੱਕ ਬੰਦੇ ਨੇ ਆਪਣਾ ਤਰਕ ਦਿੱਤਾ।
ਬਾਬਾ ਸੂਬਾ ਸਿੰਘ ਕਹਿਣ ਲੱਗਾ, ”ਭਲਿਉ ਲੋਕੋ, ਮਸਲੇ ਤਾਂ ਸਾਰਿਆਂ ਦੇ ਇੱਕੋ ਜਿਹੇ ਹਨ। ਆਪਾ ਤਾਂ ਇੱਕ ਹੀ ਹਾਂ। ਤੁਸੀਂ ਤਾਸ਼ ਖੇਡਦੇ ਹੋ, ਪਰ ਸਮਝਦੇ ਨਹੀਂ।” ਬਾਬਾ ਸੂਬਾ ਸਿੰਘ ਨੇ ਦੀਪੇ ਦੇ ਹੱਥ ਵਿੱਚੋਂ ਤਾਸ਼ ਦੇ ਪੱਤੇ ਫੜ ਕੇ ਕਿਹਾ, ”ਜਿਵੇਂ ਇਹ ਦੁੱਕੀ ਹੈ, ਉਸ ਤੋਂ ਅੱਗੇ ਤਿੱਕੀ, ਚੌਕੀ ਜਿਵੇਂ ਜਿਵੇਂ ਪੱਤੇ ਵੱਡੇ ਹੁੰਦੇ ਜਾਂਦੇ ਇੱਕ ਦੂਜੇ ਨੂੰ ਕੱਟਦੇ ਜਾਂਦੇ ਜਿਹੜਾ ਸਭ ਤੋਂ ਛੋਟਾ ਪੱਤਾ, ਉਹ ਥੱਲ਼ੇ ਉੱਪਰ ਹੋਰ ਪੱਤਾ ਵੱਡਾ ਆ ਜਾਂਦੈ ਤਾਂ ਉਨ੍ਹਾਂ ਦੀ ਕੋਈ ਕਦਰ ਨਹੀਂ ਰਹਿੰਦੀ।”
ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇਆ। ਫਿਰ ਬਾਬਾ ਸੂਬਾ ਸਿੰਘ ਨੇ ਤਾਸ਼ ਦੇ ਹੋਰ ਪੱਤੇ ਦਿਖਾ ਕੇ ਸਮਝਾਇਆ, ”ਇਨ੍ਹਾਂ ਦੁੱਕੀ ਤੋਂ ਨਹਿਲੇ ਤੱਕ ਸਾਰੀਆਂ ਦਸੀ ਦੀਆਂ ਗ਼ੁਲਾਮ ਨੇ ਉਵੇਂ ਦਹਿਲੇ ਤੋਂ ਬਾਅਦ ਇਨ੍ਹਾਂ ਦੇ ਉੱਪਰ ਆ ਜਾਂਦਾ ਗੋਲਾ, ਅਲੱਗ-ਅਲੱਗ ਰੰਗਾਂ ਦਾ। ਹੈ ਉਹ ਗੋਲਾ ਵੀ ਗ਼ੁਲਾਮ, ਇਹ ਸਾਰੇ ਹੈਨ ਤਾਂ ਗ਼ੁਲਾਮ। ਪਰ ਗ਼ੁਲਾਮ ਨੇ ਕਿਸ ਦੇ ਬੇਗਮ ਦੇ ਜੋ ਇਨ੍ਹਾਂ ਸਾਰੇ ਰੰਗਾਂ ਵਿੱਚ ਮੌਜੂਦ ਹੈ। ਇਸੇ ਤਰ੍ਹਾਂ ਇਹ ਸਾਰੇ ਹੀ ਆਪਣੇ ਰੰਗਾਂ ਦੀ ਬੇਗਮ ਦੇ ਗ਼ੁਲਾਮ ਹਨ। ਇਹ ਸਾਰੇ ਗ਼ੁਲਾਮ ਨੇ, ਪਰ ਇਹ ਗ਼ੁਲਾਮੀ ਤੋੜਨ ਦਾ ਕੋਈ ਹੀਲਾ ਤਾਂ ਹੋਵੇਗਾ૴।” ”ਇਨ੍ਹਾਂ ਦੇ ਪਿੱਛੇ ਵੀ ਇੱਕ ਸਭ ਤੋਂ ਵੱਡਾ ਬੰਦਾ ਬੈਠਾ ਏ।” ਤੇ ਬਾਬੇ ਨੇ ਤਾਸ਼ ਵਿੱਚੋਂ ਇੱਕ ਹੋਰ ਪੱਤਾ ਕੱਢ ਕੇ ਸੁੱਟ ਦਿੱਤਾ, ਸਾਰਿਆਂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ”ਯੱਕਾ”।
”ਯੱਕਾ ਨਹੀਂ, ਅਸਲ ਵਿੱਚ ਇਸ ਦਾ ਨਾਮ ‘ਏਕਾ’ ਹੈ, ‘ਇੱਕਾ’ ਹੀ ਸਾਰੀਆਂ ਬੇਗਮਾਂ ਤੇ ਹੋਰ ਪੱਤਿਆਂ ਦੀ ਗ਼ੁਲਾਮੀ ਨੂੰ ਤੋੜ ਸਕਦਾ ਹੈ। ਅਸੀਂ ਪੰਜਾਬੀ ਬੜੇ ਬਹਾਦਰ ਹਾਂ, ਅਣਖੀ ਹਾਂ, ਅਸੀਂ ਸੂਰਮੇ ਹਾਂ। ਕਾਰਾਂ, ਕੋਠੀਆਂ, ਬੰਗਲੇ, ਕਾਰਖਾਨੇ, ਕਾਰੋਬਾਰ ਸਭ ਕੁਝ ਕੋਲ ਹੈ, ਪਰ ਸਾਡੇ ਕੋਲ ਤਾਸ਼ ਦੀ ਬਾਜ਼ੀ ਵਾਲਾ ‘ਇੱਕਾ’ ਨਹੀਂ ਹੈ। ਜੋ ਸਾਰੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਅਤੇ ਦੁਸ਼ਮਣ ਦੇ ਹੰਕਾਰ ਨੂੰ ਤੋੜ ਸਕਦਾ ਹੋਵੇ।” ਬਾਬੇ ਦੀਆਂ ਗੱਲਾਂ ਸੁਣ ਕੇ ਸਾਰੇ ਸਮਝਣ ਲੱਗੇ।