10.7 C
Vancouver
Monday, February 9, 2026

ਹਾਸਾ-ਠੱਠਾ ਕਰਦੇ ਰਹੋ

ਅਸ਼ਵਨੀ ਚਤਰੱਥ
ਸੰਪਰਕ: 62842-20595
ਸਿਆਣਿਆਂ ਨੇ ਸਹੀ ਕਿਹਾ ਹੈ ਕਿ ‘ਹਾਸਾ ਜੀਵਨ ਦੇ ਦੁੱਖਾਂ ਅਤੇ ਰੋਗਾਂ ਦਾ ਰਾਮਬਾਣ ਹੈ।’ ਅਸਲ ਵਿੱਚ ਆਦਮੀ ਨੂੰ ਸਰੀਰਕ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣਾਉਣ ਦਾ ਇਹ ਇੱਕ ਜ਼ਬਰਦਸਤ ਜ਼ਰੀਆ ਹੈ। ਵੈਸੇ ਵੀ ਹੱਸਦਾ ਜਾਂ ਮੁਸਕਰਾਉਂਦਾ ਚਿਹਰਾ ਹਰ ਇਨਸਾਨ ਨੂੰ ਚੰਗਾ ਲੱਗਦਾ ਹੈ। ਬੰਦੇ ਦੇ ਸੱਜਣ-ਮਿੱਤਰ, ਰਿਸ਼ਤੇਦਾਰ ਅਤੇ ਘਰ ਪਰਿਵਾਰ ਆਦਿ ਦੇ ਸਾਰੇ ਹੀ ਲੋਕ ਹੱਸਦੇ-ਖਿੜਦੇ ਚਿਹਰੇ ਵੱਲ ਖਿੱਚੇ ਜਾਂਦੇ ਹਨ ਅਤੇ ਉਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।
ਖੁੱਲ੍ਹ ਕੇ ਹੱਸਣ ਨਾਲ ਤਾਜ਼ੀ ਹਵਾ ਫੇਫੜਿਆਂ ਵਿੱਚ ਦਾਖਲ ਹੁੰਦੀ ਹੈ ਅਤੇ ਗੰਧਲੀ ਹਵਾ ਬਾਹਰ ਨਿਕਲਦੀ ਹੈ ਜਿਸ ਨਾਲ ਦਿਲ, ਫੇਫੜੇ ਅਤੇ ਮਾਸਪੇਸ਼ੀਆਂ ਤੰਦਰੁਸਤ ਰਹਿੰਦੇ ਹਨ। ਅਜਿਹਾ ਕਰਨ ਨਾਲ ਸਰੀਰਕ ਦੁੱਖ-ਤਕਲੀਫਾਂ ਘਟ ਜਾਂਦੀਆਂ ਹਨ ਅਤੇ ਮਨ ਚਿੰਤਾਵਾਂ ਤੋਂ ਦੂਰ ਰਹਿੰਦਾ ਹੈ। ਅਜੋਕੇ ਤਣਾਅ ਭਰੇ ਜੀਵਨ ਵਿੱਚ ਹਰੇਕ ਆਦਮੀ ਹਾਸੇ ਅਤੇ ਖ਼ੁਸ਼ੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦਾ ਫਿਰਦਾ ਹੈ। ਅਜਿਹੇ ਵਿੱਚ ਹੱਸਣ ਦਾ ਕੋਈ ਵੀ ਮੌਕਾ ਮਿਲਦਾ ਹੋਵੇ ਤਾਂ ਉਸ ਦਾ ਫਾਇਦਾ ਉਠਾ ਕੇ ਹਾਸੇ ਦੀ ਖੁਰਾਕ ਨੂੰ ਜ਼ਰੂਰ ਹਾਸਲ ਕਰਨਾ ਚਾਹੀਦਾ ਹੈ। ਹੱਸਣ ਨਾਲ ਗੁੱਸਾ, ਤਣਾਅ ਅਤੇ ਸਵੈ-ਦੋਸ਼ ਦੀ ਭਾਵਨਾ ਜਿਹੇ ਨਾਂਹ-ਮੁਖੀ ਵਿਚਾਰ ਮਨ ਤੋਂ ਦੂਰ ਰਹਿੰਦੇ ਹਨ। ਖੁੱਲ੍ਹ ਕੇ ਹੱਸਣ ਨਾਲ ਫੇਫੜਿਆਂ ਦੀ, ਸੀਨੇ ਦੇ ਪੱਠਿਆਂ ਦੀ ਅਤੇ ਮੋਢਿਆਂ ਦੀ ਕਸਰਤ ਹੁੰਦੀ ਹੈ ਅਤੇ ਇਨ੍ਹਾਂ ਦੀ ਥਕਾਵਟ ਲਹਿ ਜਾਂਦੀ ਹੈ ਅਤੇ ਚਿੱਤ ਵੀ ਹਲਕਾ-ਫੁਲਕਾ ਰਹਿੰਦਾ ਹੈ। ਫੇਫੜਿਆਂ ਵਿੱਚ ਤਾਜ਼ੀ ਹਵਾ ਪੂਰੇ ਦਬਾਅ ਨਾਲ ਜਾਣ ਕਰਕੇ ਫੇਫੜੇ ਮਜ਼ਬੂਤ ਬਣਦੇ ਹਨ ਜਿਸ ਨਾਲ ਸਾਹ ਦੇ ਰੋਗਾਂ ਨਾਲ ਲੜਨ ਵਿੱਚ ਸਹਾਇਤਾ ਮਿਲਦੀ ਹੈ। ਹੱਸਣ ਨਾਲ ਸਰੀਰ ਵਿਚਲੀ ਵਾਧੂ ਊਰਜਾ (ਵਾਧੂ ਕੈਲਰੀਜ਼) ਖ਼ਰਚ ਹੋਣ ਨਾਲ ਸਰੀਰ ਵਿੱਚ ਸ਼ੂਗਰ ਦਾ ਪੱਧਰ ਕਾਬੂ ਵਿੱਚ ਰਹਿੰਦਾ ਹੈ।
ਹੱਸਣ ਨਾਲ ਤੁਹਾਡੇ ਆਲੇ-ਦੁਆਲੇ ਦੇ ਲੋਕ ਸਹਿਜੇ ਹੀ ਤੁਹਾਡੇ ਵੱਲ ਆਕਰਸ਼ਿਤ ਹੋ ਜਾਂਦੇ ਹਨ ਜਿਸ ਨਾਲ ਸਮਾਜ ਵਿੱਚ ਤੁਹਾਡੇ ਰਿਸ਼ਤੇ ਗਰਮ-ਜੋਸ਼ੀ ਵਾਲੇ ਬਣੇ ਰਹਿੰਦੇ ਹਨ। ਸੱਜਣਾਂ-ਮਿੱਤਰਾਂ ਨਾਲ ਮਿਲ-ਜੁਲ ਕੇ ਹੱਸਣ ਨਾਲ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨ। ਇਸ ਨਾਲ ਮਨੁੱਖ ਦਾ ਆਤਮ ਵਿਸ਼ਵਾਸ ਵਧਦਾ ਹੈ। ਘਰ ਵਿੱਚ ਹਾਸੇ-ਠੱਠੇ ਵਾਲਾ ਵਾਤਾਵਰਨ ਬਣਾਈ ਰੱਖਣ ਨਾਲ ਪਰਿਵਾਰ ਦੇ ਜੀਆਂ ਵਿੱਚ ਸਨੇਹ ਭਰਪੂਰ ਘਰੇਲੂ ਰਿਸ਼ਤੇ ਬਰਕਰਾਰ ਰਹਿੰਦੇ ਹਨ।
ਹਾਸਾ-ਠੱਠਾ ਕਰਨ ਵਾਲੇ ਲੋਕਾਂ ਦੇ ਸਮਾਜਿਕ ਰਿਸ਼ਤੇ ਵੀ ਵਧੀਆ ਹੁੰਦੇ ਹਨ। ਉਹ ਆਪਣੇ ਸਹਿਯੋਗੀਆਂ ਨਾਲ ਬਿਹਤਰ ਤਾਲਮੇਲ ਬਣਾਉਣ ਦੇ ਸਮਰੱਥ ਹੁੰਦੇ ਹਨ। ਉਨ੍ਹਾਂ ਦੇ ਨੇੜੇ ਆਉਣ ਵਾਲਾ ਕੋਈ ਵੀ ਵਿਅਕਤੀ ਉਨ੍ਹਾਂ ਵੱਲ ਆਪਣੇ-ਆਪ ਖਿੱਚਿਆ ਜਾਂਦਾ ਹੈ। ਇਸ ਲਈ ਅਜਿਹੇ ਲੋਕ ਮਜ਼ਬੂਤ ਸਮਾਜਿਕ ਰਿਸ਼ਤੇ ਕਾਇਮ ਕਰਨ ਦੇ ਕਾਬਿਲ ਹੁੰਦੇ ਹਨ। ਅਜਿਹੇ ਲੋਕ ਭਾਈਚਾਰੇ ਵਿੱਚ ਤਣਾਅ ਭਰੇ ਮਾਹੌਲ ਨੂੰ ਵੀ ਹਾਸੇ-ਠੱਠੇ ਨਾਲ ਹਲਕੇ-ਫੁਲਕੇ ਵਾਤਾਵਰਨ ਵਿੱਚ ਬਦਲ ਕੇ ਸੰਭਾਵੀ ਲੜਾਈ-ਝਗੜੇ ਨੂੰ ਟਾਲ ਦਿੰਦੇ ਹਨ। ਹਾਸਾ-ਠੱਠਾ ਆਦਮੀ ਦੇ ਦ੍ਰਿਸ਼ਟੀਕੋਣ ਨੂੰ ਵੀ ਬਦਲ ਦਿੰਦਾ ਹੈ। ਮਜ਼ਾਕੀਆ ਸੁਭਾਅ ਵਾਲਾ ਆਦਮੀ ਪ੍ਰਸਥਿਤੀਆਂ ਨੂੰ ਵਿਹਾਰਕ ਢੰਗ ਨਾਲ ਵੇਖਦਾ ਹੈ ਜਿਸ ਨਾਲ ਉਸ ਨੂੰ ਕਿਸੇ ਗੰਭੀਰ ਸਮੱਸਿਆ ਦਾ ਹੱਲ ਲੱਭਣ ਵਿੱਚ ਆਸਾਨੀ ਰਹਿੰਦੀ ਹੈ।
ਜਿੱਥੇ ਨਾਂਹ-ਪੱਖੀ ਵਿਚਾਰ ਆਦਮੀ ਦੇ ਸਰੀਰ ਵਿੱਚ ਤਣਾਅ ਪੈਦਾ ਕਰਕੇ ਬਿਮਾਰੀਆਂ ਲਗਾਉਂਦੇ ਹਨ, ਉੱਥੇ ਹੀ ਹਾਂ-ਪੱਖੀ ਵਿਚਾਰ ਦਿਮਾਗ਼ ’ਚੋਂ ਅਜਿਹੇ ਰਸਾਇਣ ਪੈਦਾ ਕਰਦੇ ਹਨ ਜੋ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਤਰ੍ਹਾਂ ਹਾਸੇ ਦੌਰਾਨ ਪੈਦਾ ਹੋਈ ਉਸਾਰੂ ਊਰਜਾ ਸਰੀਰ ਦੇ ਸਮੂਹ ਅੰਗਾਂ ਨੂੰ ਉਤਸ਼ਾਹਿਤ ਕਰਕੇ ਇਸ ਦੇ ਕਣ-ਕਣ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਭਰ ਦਿੰਦੀ ਹੈ। ਮਾਹਿਰਾਂ ਵੱਲੋਂ ਕੀਤੇ ਇੱਕ ਸਰਵੇ ਅਨੁਸਾਰ ਹਾਸਾ ਆਦਮੀ ਦੀ ਯਾਦ ਸ਼ਕਤੀ ਨੂੰ ਵਧਾਉਂਦਾ ਹੈ। ਹੱਸਣ ਨਾਲ ਸਰੀਰਕ ਤੇ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ। ਹੱਸਣ ਨਾਲ ਤਣਾਅ ਨਾਲ ਸਬੰਧਿਤ ਹਾਰਮੋਨ ਘੱਟ ਪੈਦਾ ਹੁੰਦੇ ਹਨ ਅਤੇ ਟੀ (T) ਸੈੱਲ ਜ਼ਿਆਦਾ ਮਾਤਰਾ ਵਿੱਚ ਪੈਦਾ ਹੁੰਦੇ ਹਨ ਜੋ ਸਾਡੀ ਰੋਗ ਰੋਕੂ ਸਮਰੱਥਾ ਨੂੰ ਵਧਾਉਂਦੇ ਹਨ।
ਹਾਸਾ ਇੱਕ ਕੁਦਰਤੀ ਪੀੜਨਾਸ਼ਕ ਵੀ ਹੈ, ਇਸ ਲਈ ਇਹ ਸਰੀਰਕ ਦਰਦਾਂ ਨੂੰ ਘੱਟ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੱਸਣ ਨਾਲ ਸਰੀਰ ਦੇ ਸਾਰੇ ਪੱਠੇ ਭਾਵ ਮਾਸਪੇਸ਼ੀਆਂ ਸ਼ਾਂਤ ਅਤੇ ਤਣਾਅ ਮੁਕਤ ਰਹਿੰਦੀਆਂ ਹਨ ਜਿਸ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜਾਂ ਤੋਂ ਉਪਜਦੀਆਂ ਪੀੜਾਂ ਨੂੰ ਆਰਾਮ ਮਿਲਦਾ ਹੈ। ਖੁੱਲ੍ਹ ਕੇ ਹੱਸਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਖੂਨ ਦੀ ਪੂਰਤੀ ਨਿਰਵਿਘਨ ਹੁੰਦੀ ਰਹਿੰਦੀ ਹੈ ਜਿਸ ਨਾਲ ਉਸ ਨੂੰ ਭੋਜਨ ਅਤੇ ਆਕਸੀਜਨ ਭਰਪੂਰ ਮਾਤਰਾ ਵਿੱਚ ਮਿਲਦੇ ਰਹਿੰਦੇ ਹਨ ਅਤੇ ਦਿਲ ਤੰਦਰੁਸਤ ਰਹਿੰਦਾ ਹੈ। ਖੁੱਲ੍ਹ ਕੇ ਹੱਸਣ ਨਾਲ ਬਲੱਡ ਪ੍ਰੈੱਸ਼ਰ ਵੀ ਠੀਕ ਰਹਿੰਦਾ ਹੈ। ਮਨੁੱਖ ਦੁਆਰਾ ਖੁੱਲ੍ਹ ਕੇ ਹੱਸਣ ਨਾਲ ਉਸ ਨੂੰ ਗੂੜ੍ਹੀ ਨੀਂਦ ਆਉਂਦੀ ਹੈ ਅਤੇ ਅਗਲੇ ਦਿਨ ਉਹ ਦਿਨ ਭਰ ਖਿੜਿਆ-ਖਿੜਿਆ ਰਹਿੰਦਾ ਹੈ। ਹਸਮੁੱਖ ਵਿਅਕਤੀ ਜ਼ਿੰਦਗੀ ਵਿੱਚ ਲੰਮਾ ਸਮਾਂ ਜਵਾਨ ਰਹਿੰਦਾ ਹੈ ਅਤੇ ਉਸ ਉੱਤੇ ਬੁਢਾਪਾ ਜਲਦੀ ਨਹੀਂ ਆਉਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹੱਸਣ ਨਾਲ ਸਰੀਰ ਵਿੱਚ ਦਰਦ ਘਟਾਉਣ ਵਾਲੇ ਰਸਾਇਣ ਕੁਦਰਤੀ ਤੌਰ ’ਤੇ ਪੈਦਾ ਹੁੰਦੇ ਹਨ।
ਲਾਫਟਰ-ਥੈਰੇਪੀ ਤੋਂ ਭਾਵ ਹੈ ਲੰਮੇ-ਲੰਮੇ ਸਾਹ ਲੈਂਦਿਆਂ ਤਾੜੀਆਂ ਮਾਰ-ਮਾਰ ਕੇ ਅਤੇ ਜਾਣ-ਬੁੱਝ ਕੇ ਅਤੇ ਖੁੱਲ੍ਹ ਕੇ ਭਾਵ ਜ਼ੋਰ-ਜ਼ੋਰ ਨਾਲ ਹੱਸਣਾ ਹੈ। ਇਸ ਹਾਸੇ ਦੌਰਾਨ ਲੋਕ ਇਕੱਠੇ ਬੈਠ ਕੇ ਅਤੇ ਹਲਕੇ-ਫੁਲਕੇ ਮਾਹੌਲ ਵਿੱਚ ਇੱਕ ਦੂਜੇ ਨੂੰ ਮਜ਼ਾਕੀਆ ਗੱਲਾਂ-ਬਾਤਾਂ ਕਰਦੇ ਹਨ। ਹਾਸਾ ਸਾਡੇ ਦਿਮਾਗ਼ ’ਤੇ ਪਏ ਦਬਾਅ ਨੂੰ ਘਟਾਉਂਦਾ ਹੈ। ਹਾਸੇ ਨਾਲ ਆਕਸੀਜਨ ਨਾਲ ਭਰਪੂਰ ਤਾਜ਼ੀ ਹਵਾ ਫੇਫੜਿਆਂ ਅੰਦਰ ਜਾਂਦੀ ਹੈ ਅਤੇ ਸਾਡੇ ਦਿਲ, ਫੇਫੜਿਆਂ ਅਤੇ ਸਰੀਰ ਦੇ ਸਮੂਹ ਅੰਗਾਂ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਮੌਜ-ਮਸਤੀ ਭਰਿਆ ਹਾਸਾ ਤਣਾਅ ਨੂੰ ਘਟਾਅ ਕੇ ਦਿਲ ਦੀ ਧੜਕਣ ਅਤੇ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਦਾ ਹੈ। ਹਾਸੇ ਨਾਲ ਦਿਮਾਗ਼ ਦੀਆਂ ਨਸਾਂ ਉੱਤੇ ਪਿਆ ਖਿਚਾਅ ਘੱਟ ਜਾਂਦਾ ਹੈ ਜਿਸ ਨਾਲ ਸਾਡਾ ਸਰੀਰ ਸ਼ਾਂਤ ਹੋ ਜਾਂਦਾ ਹੈ।
ਉਕਤ ਤੋਂ ਇਲਾਵਾ ਹਾਸੇ ਦੇ ਸਾਡੇ ਜੀਵਨ ਵਿੱਚ ਲੰਮੇ ਸਮੇਂ ਦੇ ਹੋਰ ਵੀ ਅਨੇਕਾਂ ਪ੍ਰਭਾਵ ਵੇਖਣ ਨੂੰ ਮਿਲਦੇ ਹਨ। ਹੱਸਣ ਨਾਲ ਆਦਮੀ ਦੀ ਸੰਕਟਮਈ ਹਾਲਤਾਂ ਨਾਲ ਲੜਨ ਦੀ ਤਾਕਤ ਵਧ ਜਾਂਦੀ ਹੈ। ਹਾਸਾ ਦੂਜੇ ਲੋਕਾਂ ਨਾਲ ਤਾਲਮੇਲ ਬਣਾਉਣ ਵਿੱਚ ਵੀ ਸਹਾਈ ਹੁੰਦਾ ਹੈ। ਹਾਸਾ ਆਦਮੀ ਦੀ ਚਿੰਤਾ ਨੂੰ ਘਟਾਅ ਕੇ ਮਨੁੱਖ ਦੇ ਆਤਮ-ਸਨਮਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ। ਹਾਸਾ ਆਦਮੀ ਦੇ ਗੁੱਸੇ ਨੂੰ ਵੀ ਘੱਟ ਕਰਦਾ ਹੈ। ਮੰਨ ਲਓ, ਕਿਸੇ ਆਦਮੀ ਦੀ ਦੂਜੇ ਆਦਮੀ ਨਾਲ ਕਿਸੇ ਵਿਸ਼ੇ ’ਤੇ ਗਰਮਾ-ਗਰਮ ਬਹਿਸ ਹੁੰਦੀ ਹੋਵੇ ਤਾਂ ਉਸੇ ਵਿਸ਼ੇ ਨੂੰ ਮਜ਼ਾਕੀਆਂ ਬਣਾਉਣ ਨਾਲ ਦੋਵੇਂ ਪਾਸਿਓਂ ਗੁੱਸਾ ਆਪਣੇ-ਆਪ ਘਟ ਜਾਂਦਾ ਹੈ ਅਤੇ ਲੜਾਈ ਝਗੜੇ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਨਾਰਵੇ ਵਿੱਚ ਕੀਤੇ ਗਏ ਇੱਕ ਸਰਵੇ ਵਿੱਚ ਵੇਖਿਆ ਗਿਆ ਹੈ ਕਿ ਹਾਸਾ-ਠੱਠਾ ਕਰਨ ਵਾਲੇ ਲੋਕ ਗੰਭੀਰ ਅਤੇ ਚਿੰਤਾ ਵਿੱਚ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਲੰਮਾ ਸਮਾਂ ਜਿਉਂਦੇ ਹਨ ਅਤੇ ਸਿਹਤ ਪੱਖੋਂ ਵੀ ਵਧੇਰੇ ਤੰਦਰੁਸਤ ਹੁੰਦੇ ਹਨ। ਇਸ ਲਈ ਖੁੱਲ੍ਹ ਕੇ ਹੱਸਣਾ ਚਾਹੀਦਾ ਹੈ। ਇਸ ਦਾ ਕੋਈ ਨੁਕਸਾਨ ਨਹੀਂ ਬਲਕਿ ਬੇਅੰਤ ਫਾਇਦੇ ਹੀ ਫਾਇਦੇ ਹਨ।

ਰੁਝਾਨ ਖਬਰਾਂ