10.7 C
Vancouver
Monday, February 9, 2026

ਵਿਰਾਸਤ ਦਾ ਅਪਮਾਨ ਹੈ ਨਾਮ ਬਦਲਣ ਦੀ ਸਿਆਸਤ


ਡਾ. ਰਾਮਜੀਲਾਲ
ਸਰਦਾਰ ਦਿਆਲ ਸਿੰਘ ਮਜੀਠੀਆ (1848-98) ਮਹਾਨ ਪਰਉਪਕਾਰੀ ਸ਼ਖ਼ਸ, ਬੌਧਿਕ ਆਜ਼ਾਦੀ ਦੇ ਸਮਰਥਕ ਅਤੇ ਸਮਾਜ ਸੇਵਕ ਸਨ। ਉਨ੍ਹਾਂ ਨੇ ਤਿੰਨ ਟਰੱਸਟ ਸਥਾਪਿਤ ਕੀਤੇ: ਦਿ ਟ੍ਰਿਬਿਊਨ ਟਰੱਸਟ, ਦਿ ਕਾਲਜ ਟਰੱਸਟ ਅਤੇ ਦਿ ਲਾਇਬ੍ਰੇਰੀ ਟਰੱਸਟ। ਉਹ ‘ਦਿ ਟ੍ਰਿਬਿਊਨ’ (ਫਰਵਰੀ 1881) ਅਤੇ ‘ਪੰਜਾਬ ਨੈਸ਼ਨਲ ਬੈਂਕ’ (ਮਈ 1894) ਦੇ ਸੰਸਥਾਪਕ ਵੀ ਸਨ।
ਸ. ਮਜੀਠੀਆ ਦੀ ਵਸੀਅਤ ਦੇ ਆਰਟੀਕਲ 8 ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ 1910 ਵਿੱਚ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਦੁਆਰਾ ਲਾਹੌਰ ਵਿੱਚ ਦਿਆਲ ਸਿੰਘ ਕਾਲਜ ਸਥਾਪਤ ਕੀਤਾ ਗਿਆ। ਵਰਤਮਾਨ ਵਿੱਚ ਇਸ ਨੂੰ ਸਰਕਾਰੀ ਦਿਆਲ ਸਿੰਘ ਕਾਲਜ, ਲਾਹੌਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਸਭ ਤੋਂ ਵਧੀਆ ਕਾਲਜਾਂ ਵਿੱਚੋਂ ਇੱਕ ਹੈ।
ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਦੀਆਂ ਜ਼ਿਆਦਾਤਰ ਜਾਇਦਾਦਾਂ ਲਾਹੌਰ ਵਿੱਚ ਹੀ ਰਹੀਆਂ। ਟਰੱਸਟ ਨੇ ਸ. ਮਜੀਠੀਆ ਦੀ ਵਿਰਾਸਤ, ਵਸੀਅਤ ਅਤੇ ਵਿਚਾਰਧਾਰਾ ਨੂੰ ਵਫ਼ਾਦਾਰੀ ਨਾਲ ਅੱਗੇ ਵਧਾਉਂਦਿਆਂ ਦਿਆਲ ਸਿੰਘ ਕਾਲਜ, ਕਰਨਾਲ (1949), ਦਿਆਲ ਸਿੰਘ ਪਬਲਿਕ ਲਾਇਬ੍ਰੇਰੀ, ਦਿੱਲੀ (1954-55) ਅਤੇ ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ (1958) ਦੀ ਸਥਾਪਨਾ ਕੀਤੀ। ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਬਾਨੀ ਵਾਈਸ-ਚਾਂਸਲਰ ਦੀਵਾਨ ਆਨੰਦ ਕੁਮਾਰ ਨੇ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੇ ਪਿਤਾ ਰਾਜਾ ਨਰਿੰਦਰ ਨਾਥ ਸ. ਮਜੀਠੀਆ ਦੇ ਸਹਿਯੋਗੀ ਸਨ।
ਵਿੱਤੀ ਸੰਕਟ ਦਾ ਸਾਹਮਣਾ ਕਰਦੇ ਹੋਏ ਟਰੱਸਟ ਨੂੰ ਕਰਨਾਲ ਕਾਲਜ ਦੀ ਜ਼ਮੀਨ ਵੇਚਣੀ ਅਤੇ ਦਿਆਲ ਸਿੰਘ ਕਾਲੋਨੀ ਬਣਾਉਣੀ ਪਈ। ਫਿਰ ਵੀ ਸੰਕਟ ਹੋਰ ਡੂੰਘੇਰਾ ਹੋ ਗਿਆ। ਇਸ ਦੇ ਨਤੀਜੇ ਵਜੋਂ 1978 ਵਿੱਚ ਦਿਆਲ ਸਿੰਘ ਕਾਲਜ (ਸਵੇਰ ਅਤੇ ਸ਼ਾਮ) ਨੂੰ ਇੱਕ ਸਮਝੌਤੇ ਰਾਹੀਂ ਦਿੱਲੀ ਯੂਨੀਵਰਸਿਟੀ (ਡੀ ਯੂ) ਨਾਲ ਜੋੜ ਦਿੱਤਾ ਗਿਆ ਅਤੇ ਇਸ ਬਦਲੇ ਟਰੱਸਟ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਸਮਝੌਤੇ ਦੀ ਕਲਾਜ਼ 12 ਮੁਤਾਬਿਕ, ‘‘ਇਹ ਸੰਸਥਾ ਦਿਆਲ ਸਿੰਘ ਕਾਲਜ ਵਜੋਂ ਜਾਣੀ ਜਾਂਦੀ ਰਹੇਗੀ।’’ ਇਹ ਸਪੱਸ਼ਟ ਹੈ ਕਿ ਕਿਸੇ ਵੀ ਵਿਅਕਤੀ ਜਾਂ ਸਰਕਾਰ ਨੂੰ ਸਮਝੌਤੇ ਦੀਆਂ ਸ਼ਰਤਾਂ ਨੂੰ ਜਬਰੀ ਬਦਲਣ ਦਾ ਹੱਕ ਨਹੀਂ ਹੈ। 2025-26 ਦੇ ਅਕਾਦਮਿਕ ਸੈਸ਼ਨ ਦੇ ਅੰਕੜਿਆਂ ਅਨੁਸਾਰ, ਮੌਰਨਿੰਗ ਕਾਲਜ ਵਿੱਚ 6,000 ਤੋਂ ਵੱਧ ਵਿਦਿਆਰਥੀ ਅਤੇ ਈਵਨਿੰਗ ਕਾਲਜ ਵਿੱਚ ਲਗਭਗ 3,000 ਵਿਦਿਆਰਥੀ ਹਨ। ਗੁਣਵੱਤਾ ਵਾਲੀ ਸਿੱਖਿਆ ਅਤੇ ਸ਼ਾਨਦਾਰ ਫੈਕਲਟੀ ਸਦਕਾ ਦਿਆਲ ਸਿੰਘ ਕਾਲਜ ਡੀ ਯੂ ਦੇ ਚੋਟੀ ਦੇ ਦਸ ਕਾਲਜਾਂ ਵਿੱਚ ਸ਼ੁਮਾਰ ਹੈ।
ਨਾਮ ਬਦਲਣ ਦੀਆਂ ਕੋੋਸ਼ਿਸ਼ਾਂ ਨੂੰ ਲੈ ਕੇ ਉੱਠਿਆ ਵਿਵਾਦ ਨਵਾਂ ਨਹੀਂ ਹੈ। ਨਵੰਬਰ 2017 ਵਿੱਚ ਉਸ ਸਮੇਂ ਦਿਆਲ ਸਿੰਘ ਕਾਲਜ ਗਵਰਨਿੰਗ ਬਾਡੀ ਦੇ ਚੇਅਰਮੈਨ ਅਤੇ ਭਾਜਪਾ ਆਗੂ ਅਮਿਤਾਭ ਸਿਨਹਾ ਨੇ ਐਲਾਨ ਕੀਤਾ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲ ਕੇ ਪੰਡਿਤ ਮਦਨ ਮੋਹਨ ਮਾਲਵੀਆ ਕਾਲਜ ਰੱਖਿਆ ਜਾਵੇਗਾ। ਹਾਲਾਂਕਿ, ਇਹ ਪ੍ਰਸਤਾਵ ਪਾਸ ਨਹੀਂ ਹੋਇਆ। 17 ਨਵੰਬਰ 2017 ਨੂੰ ਉਹ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਯ’ ਰੱਖਣ ਅਤੇ ਇਸ ਨੂੰ ਮੌਰਨਿੰਗ ਕਾਲਜ ਵਿੱਚ ਬਦਲਣ ਦਾ ਮਤਾ ਕਾਲਜ ਦੀ ਗਵਰਨਿੰਗ ਬਾਡੀ ਤੋਂ ਪਾਸ ਕਰਵਾਉਣ ਵਿੱਚ ਕਾਮਯਾਬ ਹੋ ਗਏ। ਇਸ ਬਾਰੇ ਅੰਤਿਮ ਪ੍ਰਵਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵੱਲੋਂ ਦਿੱਤੀ ਜਾਣੀ ਸੀ। ਇਸ ਕਦਮ ਕਾਰਨ ਵਿਵਾਦ ਛਿੜ ਗਿਆ। ਇਸ ਨੂੰ ਨਾ ਸਿਰਫ਼ ਸ. ਮਜੀਠੀਆ ਦੇ ਅਪਮਾਨ ਵਜੋਂ ਦੇਖਿਆ ਗਿਆ ਸਗੋਂ ਵਿਦਿਅਕ ਸੰਸਥਾਵਾਂ ਦੀ ਖ਼ੁਦਮੁਖ਼ਤਿਆਰੀ ’ਤੇ ਇੱਕ ਖ਼ਤਰਨਾਕ ਹਮਲਾ ਮੰਨਿਆ ਗਿਆ।
ਉਸ ਵੇਲੇ ਭਾਜਪਾ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਇਸ ਫ਼ੈਸਲੇ ਦੀ ਨਿੰਦਾ ਕੀਤੀ। ਉਸ ਸਮੇਂ ਭਾਜਪਾ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਸੰਸਦ ਮੈਂਬਰ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਇਹ ਪ੍ਰਸਤਾਵ ਵਾਪਸ ਲੈਣ ਦੀ ਮੰਗ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਇਸ ਕਦਮ ਦਾ ਵਿਰੋਧ ਕੀਤਾ ਅਤੇ ਅਸਲ ਨਾਮ ਦੀ ਬਹਾਲੀ ਦੀ ਵਕਾਲਤ ਕੀਤੀ। ਅਕਾਲੀ ਆਗੂ ਹਰਸਿਮਰਤ ਕੌਰ ਬਾਦਲ, ਜੋ ਉਸ ਸਮੇਂ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਵਿੱਚ ਮੰਤਰੀ ਸਨ, ਨੇ ਪ੍ਰਸਤਾਵਿਤ ਨਾਮ ਨੂੰ ‘ਅਸਵੀਕਾਰਨਯੋਗ’ ਕਿਹਾ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ‘ਬੇਲੋੜਾ ਅਤੇ ਸ਼ਰਾਰਤਪੂਰਨ’ ਆਖਦਿਆਂ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਸੀ।
ਇਸ ਫ਼ੈਸਲੇ ਦੀ ਸਿੱਖਿਆ ਸ਼ਾਸਤਰੀਆਂ ਅਤੇ ਪੱਤਰਕਾਰਾਂ ਨੇ ਵੀ ਆਲੋਚਨਾ ਕੀਤੀ। 27 ਨਵੰਬਰ 2017 ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇੱਕ ਮੀਟਿੰਗ ਸੱਦੀ ਗਈ ਸੀ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨੇ ਕੀਤੀ ਸੀ। ਅੱਠ ਦਸੰਬਰ 2017 ਨੂੰ ਅਸੀਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਕਦਮ ਨੂੰ ਇੱਕ ਮਹਾਨ ਸ਼ਖ਼ਸੀਅਤ ਦਾ ਅਪਮਾਨ ਕਿਹਾ। ਮੈਂ ਕਾਲਜ ਬਾਰੇ ਤਤਕਾਲੀ ਕੇਂਦਰੀ ਮੰਤਰੀ ਐੱਸ.ਐੱਸ. ਆਹਲੂਵਾਲੀਆ ਨਾਲ ਫੋਨ ’ਤੇ ਵਿਸਥਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਇਹ ਮੁੱਦਾ ਚੁੱਕਣ ਦਾ ਵਾਅਦਾ ਕੀਤਾ। ਰਾਜ ਸਭਾ ਵਿੱਚ 19 ਦਸੰਬਰ 2017 ਨੂੰ ਸਿਫ਼ਰ ਕਾਲ ਦੌਰਾਨ ਆਨੰਦ ਸ਼ਰਮਾ, ਅੰਬਿਕਾ ਸੋਨੀ, ਆਸਕਰ ਫਰਨਾਂਡੇਜ਼, ਸੁਖਦੇਵ ਸਿੰਘ ਢੀਂਡਸਾ ਅਤੇ ਬੀ.ਕੇ. ਹਰੀਪ੍ਰਸਾਦ ਸਮੇਤ ਕਈ ਸੰਸਦ ਮੈਂਬਰਾਂ ਨੇ ਨਰੇਸ਼ ਕੁਮਾਰ ਗੁਜਰਾਲ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਤਤਕਾਲੀ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੰਸਦ ਨੂੰ ਦੱਸਿਆ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲਣ ਦਾ ਫ਼ੈਸਲਾ ਕੇਂਦਰ ਸਰਕਾਰ ਨੇ ਨਹੀਂ ਸੀ ਲਿਆ। ਇਸ ਲਈ ਉਨ੍ਹਾਂ ਨੇ ਗਵਰਨਿੰਗ ਬਾਡੀ ਦੇ ਫ਼ੈਸਲੇ ’ਤੇ ਰੋਕ ਲਗਾ ਦਿੱਤੀ।
ਛੱਬੀ ਦਸੰਬਰ 2025 ਨੂੰ ਵੀਰ ਬਾਲ ਦਿਵਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ ਯੋਗੇਸ਼ ਸਿੰਘ ਨੇ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲਣ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ, ‘‘ਅਸੀਂ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ’ਤੇ ਰੱਖਣਾ ਚਾਹੁੰਦੇ ਹਾਂ।’’
ਉਨ੍ਹਾਂ ਨੇ ‘ਅਸੀਂ’ ਸ਼ਬਦ ਵਰਤਿਆ। ਇਸ ਤੋਂ ਭਾਵ ਹੈ ਕਿ ਉਹ ਨਾਮ ਬਦਲਣ ਦੀ ਇਸ ਖੇਡ ਵਿੱਚ ਇਕੱਲੇ ਨਹੀਂ ਹਨ। ਡੀ ਯੂ ਅਧਿਕਾਰੀਆਂ ਦਾ ਤਰਕ ਹੈ ਕਿ ਦਿਆਲ ਸਿੰਘ ਦੇ ਨਾਮ ’ਤੇ ਦੋ ਕਾਲਜ ਹੋਣ ਨਾਲ ਵਿਦਿਆਰਥੀਆਂ ਵਿੱਚ ਉਲਝਣ ਪੈਦਾ ਹੁੰਦੀ ਹੈ। ਹਾਲਾਂਕਿ, ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਜਿਹੀ ਕੋਈ ਉਲਝਣ ਨਹੀਂ ਸੀ। ਮੌਜੂਦਾ ਹਾਲਾਤ 2017 ਤੋਂ ਬਿਲਕੁਲ ਵੱਖਰੇ ਹਨ। ਉਸ ਸਮੇਂ ਕਾਲਜ ਦਾ ਨਾਂ ਬਦਲਣ ਦੀ ਤਜਵੀਜ਼ ਦਿਆਲ ਸਿੰਘ ਈਵਨਿੰਗ ਕਾਲਜ ਦੀ ਗਵਰਨਿੰਗ ਬਾਡੀ ਵੱਲੋਂ ਦਿੱਤੀ ਗਈ ਸੀ, ਪਰ ਸਾਲ 2025 ਦੀ ਤਜਵੀਜ਼ ਵਾਈਸ-ਚਾਂਸਲਰ ਵੱਲੋਂ ਦਿੱਤੀ ਗਈ ਹੈ ਅਤੇ ਇਸ ਦੀ ਪ੍ਰਵਾਨਗੀ ਦਿੱਲੀ ਯੂਨੀਵਰਸਿਟੀ ਦੀ ਐਗਜ਼ੀਕਿਊਟਿਵ ਕੌਂਸਲ ਤੋਂ ਲਈ ਜਾਵੇਗੀ। ਸਿੱਖਿਆ ਦੇ ਖੇਤਰ ਵਿੱਚ ਆਪਣੇ ਲੰਮੇ ਤਜਰਬੇ ਦੌਰਾਨ ਮੈਂ ਦੇਖਿਆ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਐਗਜ਼ੀਕਿਊਟਿਵ ਕੌਂਸਲਾਂ ਦੇ ਜ਼ਿਆਦਾਤਰ ਮੈਂਬਰ ਸੌੜੇ ਹਿੱਤਾਂ ਵਾਲੇ ਜੀ-ਹਜ਼ੂਰੀਏ ਹਨ।
ਦਿਆਲ ਸਿੰਘ ਈਵਨਿੰਗ ਕਾਲਜ ਸਟਾਫ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਵਾਈਸ-ਚਾਂਸਲਰ ਦੇ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ਇੱਕ ਮਤਾ ਪਾਸ ਕੀਤਾ। ਮਤੇ ਵਿੱਚ ਕਿਹਾ ਗਿਆ ਹੈ, ‘‘ਇਹ ਕਾਲਜ ਲੰਮੇ ਸਮੇਂ ਤੋਂ ਸਤਿਕਾਰਯੋਗ ਸਰਦਾਰ ਦਿਆਲ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਯਾਦ ਨਾਲ ਜੁੜਿਆ ਹੋਇਆ ਹੈ। ਸਾਰੇ ਅਧਿਆਪਕ, ਗ਼ੈਰ-ਅਧਿਆਪਨ ਸਟਾਫ ਅਤੇ ਵਿਦਿਆਰਥੀ ਇਸ ਨਾਮ ਨਾਲ ਡੂੰਘੇ ਤੌਰ ’ਤੇ ਮਨੋਂ ਜੁੜੇ ਹੋਏ ਹਨ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਜਿਹਾ ਮਹੱਤਵਪੂਰਨ ਫ਼ੈਸਲਾ ਸਾਰੀਆਂ ਸਬੰਧਿਤ ਧਿਰ ਨਾਲ ਪਹਿਲਾਂ ਸਲਾਹ-ਮਸ਼ਵਰਾ ਕੀਤੇ ਬਿਨਾਂ ਲਿਆ ਗਿਆ ਹੈ। ਇਸ ਮਾਮਲੇ ’ਤੇ ਨਾ ਤਾਂ ਸਟਾਫ ਕੌਂਸਲ ਵਿੱਚ ਚਰਚਾ ਕੀਤੀ ਗਈ ਅਤੇ ਨਾ ਹੀ ਸਟਾਫ ਐਸੋਸੀਏਸ਼ਨ ਨਾਲ ਸਾਂਝਾ ਕੀਤਾ ਗਿਆ।’’ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ‘ਦਿ ਟ੍ਰਿਬਿਊਨ ਟਰੱਸਟ’ ਦੇ ਚੇਅਰਮੈਨ ਸ੍ਰੀ ਐੱਨ.ਐੱਨ. ਵੋਹਰਾ ਮੁਤਾਬਿਕ, ਕਾਲਜ ਦਾ ਨਾਂ ਬਦਲਣ ਦਾ ਕੋਈ ਵੀ ਕਦਮ ‘ਬਹੁਤ ਹੀ ਅਣਉਚਿਤ ਅਤੇ ਗ਼ਲਤ ਸਲਾਹ’ ਹੋਵੇਗਾ। ਸਰਕਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ’ਤੇ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨੀ ਚਾਹੀਦੀ ਹੈ, ਪਰ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲਣਾ ਸ. ਮਜੀਠੀਆ ਦੀ ਵਿਰਾਸਤ ਦਾ ਅਪਮਾਨ ਹੋਵੇਗਾ। ਮੈਂ ਦਿਆਲ ਸਿੰਘ ਸੰਸਥਾਵਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਨਤਕ ਰਾਏ ਲਾਮਬੰਦ ਕਰਨ ਅਤੇ ਸਰਕਾਰ ’ਤੇ ਦਬਾਅ ਪਾਉਣ ਕਿ ਉਹ ਨਾਂ ਬਦਲਣ ਦੀ ਇਸ ਪ੍ਰਕਿਰਿਆ ਨੂੰ ਹਮੇਸ਼ਾ ਲਈ ਬੰਦ ਕਰੇ। ਇਹੋ ਸ. ਦਿਆਲ ਸਿੰਘ ਮਜੀਠੀਆ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਰੁਝਾਨ ਖਬਰਾਂ