4.7 C
Vancouver
Thursday, February 19, 2026

ਜਾਸੂਸੀ ਤੋਂ ਬਦਲੇ ਤੱਕ

ਜਸਬੀਰ ਸਿੰਘ ਔਲਖ
ਸੰਪਰਕ: 98728-44163
ਪਿਛਲੇ ਦਿਨੀਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਨੌਜਵਾਨਾਂ ਦੇ ਇੱਕ ਸਮਾਗਮ ਵਿੱਚ ਆਖੀਆਂ ਕਈ ਗੱਲਾਂ ਨੇ ਸਾਰੇ ਮੁਲਕ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਅਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਨੂੰ ਇਹ ਕਹਿ ਕੇ ਵਡਿਆਇਆ ਹੈ ਕਿ ਜਦੋਂ ਸ਼ੇਰ ਭੇਡਾਂ ਦੀ ਅਗਵਾਈ ਕਰੇ ਤਾਂ ਨਤੀਜੇ ਵਧੀਆ ਨਿਕਲਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਇਹ ਵੀ ਚੇਤੇ ਕਰਵਾਇਆ ਕਿ ਇਤਿਹਾਸ ਵਿੱਚ ਸਾਡੇ ’ਤੇ ਹਮਲੇ ਹੋਏ ਅਤੇ ਮੰਦਰਾਂ ਨੂੰ ਤੋੜਿਆ ਗਿਆ ਅਤੇ ਨੌਜਵਾਨਾਂ ਨੂੰ ਬਦਲਾ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅੱਗੇ ਚੱਲ ਕੇ ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਬਦਲੇ ਦੀ ਭਾਵਨਾ ਭਾਵੇਂ ਸਹੀ ਨਹੀਂ ਹੈ ਪਰ ਪ੍ਰਤੀਸ਼ੋਧ ਦੀ ਭਾਵਨਾ ਤਾਂ ਨੌਜਵਾਨਾਂ ਵਿੱਚ ਰਹਿਣੀ ਚਾਹੀਦੀ ਹੈ। ਅਜੀਤ ਡੋਵਾਲ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਬਾਅਦ ਦੇਸ਼ ਦੀ ਤੀਜੀ ਸਭ ਤੋਂ ਵੱਧ ਤਾਕਤਵਰ ਸ਼ਖ਼ਸੀਅਤ ਹਨ। ਜਿੱਥੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਿਆਸੀ ਸ਼ਖ਼ਸੀਅਤਾਂ ਹਨ, ਉੱਥੇ ਕੌਮੀ ਸੁਰੱਖਿਆ ਸਲਾਹਕਾਰ ਦਾ ਅਹੁਦਾ ਸਿਆਸਤ ਤੋਂ ਨਿਰਲੇਪ ਹੁੰਦਾ ਹੈ ਜਿਸ ਨੇ ਆਪਣੀ ਪੇਸ਼ੇਵਾਰਾਨਾ ਡਿਊਟੀ ਨਿਭਾਉਣੀ ਹੁੰਦੀ ਹੈ, ਨਾ ਕਿ ਸੱਤਾਧਾਰੀ ਸ਼ਖ਼ਸ ਦੀ ਵਿਚਾਰਧਾਰਾ ਅਤੇ ਉਸ ਦੇ ਨਿੱਜੀ ਅਕਸ ਨੂੰ ਚਮਕਾਉਣ ਦਾ ਕੰਮ ਕਰਨਾ ਹੁੰਦਾ ਹੈ। ਇੱਕ ਵਾਰ ਭਾਰਤੀ ਫ਼ੌਜ ਦੇ ਪਹਿਲੇ ਚੀਫ ਔਫ ਆਰਮੀ ਸਟਾਫ ਜਨਰਲ ਕਰਿਅੱਪਾ ਨੇ 2 ਮਈ 1949 ਨੂੰ ਦੇਹਰਾਦੂਨ ਵਿਖੇ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਸੀ, ‘‘ਭਾਰਤ ਨੇ ਪੰਡਿਤ ਨਹਿਰੂ ਦੀ ਅਗਵਾਈ ਵਿੱਚ ਐਨੇ ਥੋੜ੍ਹੇ ਸਮੇਂ ਵਿੱਚ ਜੋ ਤਰੱਕੀ ਕੀਤੀ ਹੈ, ਉਸ ਦੀ ਮਿਸਾਲ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ। ਲੰਡਨ ਵਿੱਚ ਹੋਈ ਕਾਮਨਵੈਲਥ ਕਾਨਫਰੰਸ ਨੇ ਪ੍ਰਧਾਨ ਮੰਤਰੀ ਦਾ ਕੱਦ ਬਹੁਤ ਉੱਚਾ ਕਰ ਦਿੱਤਾ ਹੈ।’’ ਜਵਾਹਰਲਾਲ ਨਹਿਰੂ ਨੇ ਇਸ ’ਤੇ ਨਾਖ਼ੁਸ਼ੀ ਪ੍ਰਗਟਾਉਂਦਿਆਂ 29 ਮਈ 1949 ਨੂੰ ਜਨਰਲ ਕਰਿਅੱਪਾ ਨੂੰ ਪੱਤਰ ਵਿੱਚ ਲਿਖਿਆ, ‘‘ਤਿੰਨ ਹਫ਼ਤੇ ਪਹਿਲਾਂ ਤੁਸੀਂ ਇੱਕ ਬਿਆਨ ਵਿੱਚ ਮੇਰੇ ਵੱਲੋਂ ਕਾਮਨਵੈਲਥ ਕਾਨਫਰੰਸ ਦੌਰਾਨ ਨਿਭਾਏ ਰੋਲ ਦੀ ਵਧਾਈ ਦਿੱਤੀ ਸੀ। ਇਸ ਤੋਂ ਅੱਗੇ ਜਾ ਕੇ ਤੁਸੀਂ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਵਿੱਚ ਮੁਲਕ ਵੱਲੋਂ ਕੀਤੀ ਤਰੱਕੀ ਵੱਲ ਵੀ ਧਿਆਨ ਖਿੱਚਿਆ ਸੀ। ਇਸ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਪਰ ਇਸ ਨਾਲ ਇੱਕ ਮਹੱਤਵਪੂਰਨ ਨੁਕਤਾ ਜੁੜਿਆ ਹੋਇਆ ਹੈ ਅਤੇ ਮੀਡੀਆ ਨੇ ਵੀ ਇਸ ਨੂੰ ਉਭਾਰਿਆ ਹੈ: ਕੀ ਸਿਵਿਲ ਅਤੇ ਫ਼ੌਜੀ ਅਧਿਕਾਰੀਆਂ ਨੂੰ ਜਨਤਕ ਤੌਰ ’ਤੇ ਸਿਆਸੀ ਮੁੱਦਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ? ਕੀ ਉਨ੍ਹਾਂ ਨੂੰ ਆਪਣੇ ਕੰਮ ਨਾਲ ਸਬੰਧਿਤ ਮੁੱਦਿਆਂ ਤੋਂ ਬਿਨਾਂ ਹੋਰ ਸਮਾਜਿਕ ਜਾਂ ਸੱਭਿਆਚਾਰਕ ਵਿਸ਼ਿਆਂ ਬਾਰੇ ਜਨਤਕ ਤੌਰ ’ਤੇ ਬੋਲਣਾ ਚਾਹੀਦਾ ਹੈ? ਜੋ ਤੁਸੀਂ ਕਿਹਾ ਹੈ ਉਹ ਭਾਵੇਂ ਵੇਖਣ ਨੂੰ ਨੁਕਸਾਨ ਰਹਿਤ ਲੱਗਦਾ ਹੈ, ਪਰ ਇਨ੍ਹਾਂ ਗੱਲਾਂ ਦੇ ਸਿਆਸੀ ਮਾਅਨੇ ਨਿਕਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਿਸੇ ਅਫਸਰ ਵੱਲੋਂ ਸਰਕਾਰ ਦੀ ਨੁਕਤਾਚੀਨੀ ਅਤੇ ਪ੍ਰਸ਼ੰਸਾ ਹਮੇਸ਼ਾ ਹੀ ਨਾ ਸਵੀਕਾਰਨਯੋਗ ਹਨ।’’ ਜਾਸੂਸੀ ਦੇ ਖੇਤਰ ਵਿੱਚ ਅਜੀਤ ਡੋਵਾਲ ਬਾਰੇ ਕਈ ਦੰਦ ਕਥਾਵਾਂ ਪ੍ਰਚੱਲਿਤ ਹਨ। ਪਿਛਲੇ ਗਿਆਰਾਂ ਸਾਲ ਤੋਂ ਉਹ ਕੌਮੀ ਸੁਰੱਖਿਆ ਸਲਾਹਕਾਰ ਦੇ ਅਹੁਦੇ ’ਤੇ ਤਾਇਨਾਤ ਹਨ ਜਿਹੜਾ ਪੂਰੀ ਤਰ੍ਹਾਂ ਗ਼ੈਰ-ਸਿਆਸੀ ਹੈ ਅਤੇ ਪੇਸ਼ੇਵਰ ਮੁਹਾਰਤ ਦੀ ਮੰਗ ਕਰਦਾ ਹੈ। ਇਸੇ ਦੌਰਾਨ ਹੋਏ ਪੁਲਵਾਮਾ, ਪਹਿਲਗਾਮ ਅਤੇ ਦਿੱਲੀ ਵਿੱਚ ਹੋਏ ਦਹਿਸ਼ਤੀ ਹਮਲਿਆਂ ਨੇ ਮੁਲਕ ਦੇ ਖ਼ੁਫ਼ੀਆ ਤੰਤਰ ’ਤੇ ਵੀ ਸਵਾਲ ਖੜ੍ਹੇ ਕੀਤੇ, ਜਿਸ ਖੇਤਰ ਦੀ ਮੁਹਾਰਤ ਦਾ ਦਾਅਵਾ ਅਜੀਤ ਡੋਵਾਲ ਦਾ ਸਮੁੱਚਾ ਪੇਸ਼ੇਵਰ ਜੀਵਨ ਕਰਦਾ ਹੈ। ਮਜ਼ਬੂਤ ਲੀਡਰਸ਼ਿਪ ਦੀ ਵਕਾਲਤ ਕਰਕੇ ਕੀ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਏਜੰਡੇ ਨੂੰ ਹੀ ਅੱਗੇ ਨਹੀਂ ਵਧਾਇਆ?
ਇਸ ਵਿਚਾਰਧਾਰਾ ਵਿੱਚ ਬਾਹਰੀ ਹਮਲਾਵਰਾਂ ਦੀ ਧਾਰਮਿਕ ਪਛਾਣ ਕਰਕੇ ਹੀ ਉਸ ਧਰਮ ਨੂੰ ਮੰਨਣ ਵਾਲਿਆਂ ਨੂੰ ਮੌਜੂਦਾ ਸਮੇਂ ਘੁਸਪੈਠੀਏ ਐਲਾਨਣਾ ਅਤੇ ਉਨ੍ਹਾਂ ਤੋਂ ਬਦਲਾ ਲੈਣ ਦਾ ਵਿਚਾਰ ਭਾਰੂ ਹੈ। ਕੀ ਬਦਲਾ ਲੈਣ ਦਾ ਬਿਰਤਾਂਤ ਸਿਰਜ ਕੇ ਅਜੀਤ ਡੋਵਾਲ ਆਪਣੇ ਅਹੁਦੇ ਦੀ ਮਾਣ ਮਰਿਆਦਾ ਦੀ ਲਛਮਣ ਰੇਖਾ ਨੂੰ ਨਹੀਂ ਉਲੰਘ ਰਹੇ ਹਨ?
ਉਂਜ ਵੀ ਮੌਜੂਦਾ ਦੌਰ ਵਿੱਚ ਕਿਸੇ ਵੀ ਸਮਾਜ ਜਾਂ ਮੁਲਕ ਨੂੰ ਚਲਾਉਣ ਦੇ ਦੋ ਤਰੀਕੇ ਪ੍ਰਚਲਿਤ ਰਹੇ ਹਨ। ਸਹਿਯੋਗ ਅਤੇ ਸਹਿਣਸ਼ੀਲਤਾ ਦਾ ਜਾਂ ਸਮਾਜਿਕ ਭਾਈਚਾਰਿਆਂ ਦਰਮਿਆਨ ਟਕਰਾਅ ਪੈਦਾ ਕਰਕੇ ਮੁਲਕ ਨੂੰ ਅੰਨ੍ਹੀ ਹਿੰਸਾ ਦੀ ਦਲਦਲ ਵਿੱਚ ਸੁੱਟ ਦੇਣ ਦਾ। ਸਹਿਯੋਗ ਅਤੇ ਸਹਿਣਸ਼ੀਲਤਾ ਦੀ ਸਭ ਤੋਂ ਉੱਘੀ ਮਿਸਾਲ ਦੱਖਣੀ ਅਫ਼ਰੀਕਾ ਹੈ ਜਿੱਥੇ ਨੈਲਸਨ ਮੰਡੇਲਾ ਦੀ ਅਗਵਾਈ ਵਿੱਚ ਰੰਗ-ਭੇਦੀ ਨਿਜ਼ਾਮ ਤੋਂ ਖਹਿੜਾ ਛੁਡਾਉਣ ਤੋਂ ਬਾਅਦ ਸੁਲਾਹ-ਸਫ਼ਾਈ ਕਮਿਸ਼ਨ ਰਾਹੀਂ ਉਸ ਮੁਲਕ ਨੂੰ ਅੱਗੇ ਵਧਾਇਆ ਗਿਆ। ਪੁਰਾਤਨ ਇਤਿਹਾਸ ਵਿੱਚ ਸਾਰੇ ਯੂਰੋਪੀਅਨ ਦੇਸ਼ਾਂ ਵਿੱਚ ਅਨੇਕਾਂ ਯੁੱਧ ਹੋਏ ਅਤੇ ਲੰਮੇ ਸਮੇਂ ਤੱਕ ਇਹ ਮੁਲਕ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਰਹੇ, ਪਰ ਫਿਰ ਸਮੇਂ ਦੇ ਬਦਲਣ ਨਾਲ ਉਨ੍ਹਾਂ ਆਪਣੀ ਕਰੰਸੀ ਵੀ ਇੱਕ ਕਰ ਲਈ ਅਤੇ ਸਾਰੇ ਯੂਰੋਪ ਲਈ ਵੀਜ਼ਾ ਵੀ।
ਦੂਜੇ ਪਾਸੇ ਬਦਲਾ ਲੈਣ ਦੀ ਪ੍ਰਵਿਰਤੀ ਨੇ ਅਨੇਕਾਂ ਮੁਲਕਾਂ ਨੂੰ ਤਬਾਹ ਹੀ ਕੀਤਾ ਹੈ। ਹਿਟਲਰ ਦੀ ਯਹੂਦੀਆਂ ਤੋਂ ਬਦਲਾ ਲੈਣ ਦੀ ਬਿਰਤੀ ਨੇ ਜਰਮਨੀ ਨਾ ਸਿਰਫ਼ ਤਬਾਹ ਕੀਤਾ ਸਗੋਂ ਇੱਕ ਵਾਰ ਤਾਂ ਟੁਕੜਿਆਂ ਵਿੱਚ ਵੰਡ ਦਿੱਤਾ ਸੀ। ਪਾਲ ਪ੍ਰੈੱਸਟਨ ਨੇ ਆਪਣੀ ਕਿਤਾਬ ‘ਪਾਲਿਟਿਕਸ ਔਫ ਰਿਵੈਂਜ: ਫਾਸਸਿਜ਼ਮ ਐਂਡ ਮਿਲਿਟਰੀ ਇਨ ਟਵੰਟੀਐਥ ਸੈਂਚੁਰੀ ਸਪੇਨ’ ਵਿੱਚ ਜਨਰਲ ਫਰਾਂਸਿਸਕੋ ਫਰਾਂਕੋ (1939-1975) ਦੇ ਸਮੇਂ ਦੇ ਸਪੇਨ ਦੇ ਬਦਲਾ ਲੈਣ ਦੇ ਇਤਿਹਾਸ ਦਾ ਬਾਖ਼ੂਬੀ ਵਰਣਨ ਕੀਤਾ ਹੈ। ਸਾਲ 1947 ਦੌਰਾਨ ਇੱਕ ਦੂਜੇ ਤੋਂ ਬਦਲਾ ਲੈਣ ਦੀ ਹੋੜ ਨੇ ਹੀ ਅੱਠ ਲੱਖ ਪੰਜਾਬੀ ਕਤਲ ਕਰਵਾ ਦਿੱਤੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਅਤੇ ਸਾਂਝੇ ਪੰਜਾਬੀ ਸੱਭਿਆਚਾਰ ਤੇ ਬੋਲੀ ਨੂੰ ਨੇਸਤੋਨਾਬੂਦ ਕਰਦੇ ਹੋਏ ਬਟਵਾਰਾ ਵੀ ਕਰਵਾ ਦਿੱਤਾ ਸੀ। ਸੱਤ ਅਪਰੈਲ 1994 ਤੋਂ ਉੱਨੀ ਜੁਲਾਈ 1994 ਤੱਕ ਦੇ ਸੌ ਦਿਨਾਂ ਵਿੱਚ ਹੀ ਰੇਡੀਓ ਰਵਾਂਡਾ ਦੇ ਬਦਲਾ ਲੈਣ ਦੇ ਜ਼ਹਿਰੀਲੇ ਪ੍ਰਚਾਰ ਤੋਂ ਬਾਅਦ ਸਰਕਾਰੀ ਸ਼ਹਿ ਪ੍ਰਾਪਤ ਬਹੁਗਿਣਤੀ ਹੁਤੂ ਟੋਲਿਆਂ ਨੇ ਘੱਟ-ਗਿਣਤੀ ਟੁਟਸੀ ਭਾਈਚਾਰੇ ਦੇ ਹੀ ਨਹੀਂ ਸਗੋਂ ਆਜ਼ਾਦ ਖ਼ਿਆਲਾਂ ਵਾਲੇ ਬਹੁਤ ਸਾਰੇ ਲਿਬਰਲ ਹੁਤੂ ਵਿਅਕਤੀਆਂ ਸਮੇਤ ਛੇ ਲੱਖ ਆਬਾਦੀ ਦਾ ਸਫ਼ਾਇਆ ਕਰ ਦਿੱਤਾ ਸੀ ਤੇ ਅੱਜ ਰਵਾਂਡਾ ਦਾ ਹਾਲ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਸੋਨੀਆ ਫਲੀਰੋ ਆਪਣੀ ਕਿਤਾਬ ‘ਦਿ ਰੋਬ ਐਂਡ ਸਵੋਰਡ: ਹਾਊ ਬੁਧਿੱਸਟ ਐਕਸਟਰੀਮਿਜ਼ਮ ਇਜ਼ ਸ਼ੇਪਿੰਗ ਮਾਡਰਨ ਏਸ਼ੀਆ’ ਵਿੱਚ ਦੱਸਦੀ ਹੈ ਕਿ ਸਰਕਾਰੀ ਸਰਪ੍ਰਸਤੀ ਹੇਠ ਬੋਧੀ ਕੱਟੜਵਾਦ ਬਦਲੇ ਦੀ ਭਾਵਨਾ ਤਹਿਤ ਕਿਵੇਂ ਮਿਆਂਮਾਰ ਵਿੱਚ ਘੱਟਗਿਣਤੀ ਮੁਸਲਿਮ ਰੋਹਿੰਗੀਆ ਅਤੇ ਸ੍ਰੀਲੰਕਾ ਵਿੱਚ ਘੱਟਗਿਣਤੀ ਹਿੰਦੂ ਤਾਮਿਲਾਂ ਦਾ ਸ਼ਿਕਾਰ ਕਰ ਰਿਹਾ ਹੈ। ਪੰਜਾਬੀ ਵਿੱਚ ਕਹਾਵਤ ਹੈ ਕਿ ਕਤਲ ਕਰਨ ਤੋਂ ਪਹਿਲਾਂ ਖ਼ੁਦ ਮਰਨਾ ਪੈਂਦਾ ਹੈ। ਬਦਲਾ ਲੈਣ ਦੀ ਪ੍ਰਵਿਰਤੀ ਨੇ ਪਤਾ ਨਹੀਂ ਕਿੰਨੇ ਪਰਿਵਾਰ, ਸਮਾਜ ਅਤੇ ਮੁਲਕ ਤਬਾਹ ਕੀਤੇ ਹਨ। ਬਦਲੇ ਦੀ ਪ੍ਰਕਿਰਿਆ ਸਿਰਫ਼ ਸਮੇਂ, ਭਾਵਨਾਵਾਂ ਅਤੇ ਸਰੀਰਕ ਊਰਜਾ ਦੀ ਹੀ ਬਰਬਾਦੀ ਨਹੀਂ ਹੁੰਦੀ ਸਗੋਂ ਇਸ ਵਿੱਚ ਬਦਲਾ ਲੈਣ ਵਾਲੇ ਦੀ ਆਪਣੀ ਜ਼ਿੰਦਗੀ ਵੀ ਦਾਅ ’ਤੇ ਲੱਗੀ ਹੁੰਦੀ ਹੈ। ‘ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ’ ਗੀਤ ਕਾਫ਼ੀ ਮਸ਼ਹੂਰ ਹੋਇਆ ਸੀ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਗੰਡਾਸੀ ਮਾਰਨ ਵਾਲੇ, ਗੰਡਾਸੀ ਖਾਣ ਵਾਲੇ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਉਸ ਮਗਰੋਂ ਕੀ ਹਾਲ ਹੋਇਆ ਹੋਵੇਗਾ। ‘ਸਾਇੰਸ’ ਰਸਾਲੇ ਦੇ 2004 ਦੇ ਇੱਕ ਅੰਕ ਵਿੱਚ ਵੀ ਲਿਖਿਆ ਸੀ ਕਿ ਬਦਲਾ ਲੈਣ ਤੋਂ ਪਹਿਲਾਂ ਦਾ ਸਮਾਂ ਤਾਂ ਸੁਆਦਲਾ ਲੱਗਦਾ ਹੈ ਪਰ ਉਸ ਤੋਂ ਬਾਅਦ ਦੇ ਦਿਨਾਂ ਅਤੇ ਹਫ਼ਤਿਆਂ ਵਿੱਚ ਸਿਵਾਏ ਪਛਤਾਵੇ ਤੋਂ ਕੁਝ ਵੀ ਨਹੀਂ ਬਚਦਾ।
ਪਿਛਲੇ ਕੁਝ ਸਾਲਾਂ ਵਿੱਚ ਮਨੋਵਿਗਿਆਨੀਆਂ ਨੇ ਖੋਜ ਕਰਕੇ ਦੱਸਿਆ ਹੈ ਕਿ ਬਦਲੇ ਦੀ ਅੱਗ ਆਪਣੇ ਲਈ ਸੁਖਦਾਈ ਨਤੀਜੇ ਦੇਣ ਵਿੱਚ ਅਸਫ਼ਲ ਰਹੀ ਹੈ। ਮਨੁੱਖੀ ਵਿਹਾਰ ਬਾਰੇ ਹੋਈਆਂ ਖੋਜਾਂ ਨੇ ਵੀ ਇਹ ਪਾਇਆ ਹੈ ਕਿ ਬਦਲੇ ਦੀ ਭਾਵਨਾ ਦੁਸ਼ਮਣੀਆਂ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਹੋਣ ਦੀ ਥਾਂ ਪਹਿਲਾਂ ਤੋਂ ਹੀ ਮੌਜੂਦ ਕੁੜੱਤਣ ਨੂੰ ਜਰਬਾਂ ਦਿੰਦੀ ਹੈ। ਉਨ੍ਹਾਂ ਅਨੁਸਾਰ ਬਦਲਾ ਇਨਸਾਫ਼ ਦੀ ਚਾਲ ਧੀਮੀ ਵੀ ਕਰਦਾ ਹੈ ਅਤੇ ਦੁਸ਼ਮਣੀਆਂ ਨੂੰ ਸਦੀਆਂ ਤੱਕ ਖਿੱਚ ਲੈ ਜਾਂਦਾ ਹੈ। ਕਈ ਵਾਰ ਜ਼ਖ਼ਮ ਹਰੇ ਰੱਖਣ ਦੀ ਪ੍ਰਵਿਰਤੀ ਵੀ ਬਦਲੇ ਦੇ ਬਿਰਤਾਂਤ ਨੂੰ ਜਾਰੀ ਰੱਖਣ ਲਈ ਵਰਤੀ ਜਾਂਦੀ ਹੈ। ਸਾਲ 2002 ਵਿੱਚ ਜਨਰਲ ਔਫ ਪਰਸਨੈਲਿਟੀ ਐਂਡ ਸੋਸ਼ਲ ਸਾਈਕੋਲੋਜੀ ਵਿੱਚ ਛਪੇ ਇੱਕ ਅਧਿਐਨ ਨੇ ਸਾਬਿਤ ਕੀਤਾ ਸੀ ਕਿ ਜਿਹੜੇ ਲੋਕਾਂ ਨੇ ਬਦਲੇ ਲਏ, ਉਨ੍ਹਾਂ ਨੂੰ ਬਾਅਦ ਵਿੱਚ ਪਛਤਾਵਾ ਮਹਿਸੂਸ ਹੋਇਆ ਜਦੋਂਕਿ ਜਿਨ੍ਹਾਂ ਨੇ ਬਦਲੇ ਤੋਂ ਕਿਨਾਰਾ ਕੀਤਾ, ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਸੀ। ਬਦਲਾਖੋਰੀ ਦੀ ਭਾਵਨਾ ਦਾ ਸ਼ਿਕਾਰ ਵਿਅਕਤੀ ਅਚੇਤ ਰੂਪ ਵਿੱਚ ਆਪਣੇ ਜ਼ਖ਼ਮਾਂ ਨੂੰ ਤਾਜ਼ਾ ਰੱਖਦੇ ਹਨ ਜਦੋਂਕਿ ਦੂਸਰੇ ਆਪਣੀ ਜ਼ਿੰਦਗੀ ਦੇ ਰਾਹ ’ਤੇ ਅੱਗੇ ਵਧ ਜਾਂਦੇ, ਕਿਸੇ ਹੋਰ ਮੁੱਦੇ ’ਤੇ ਆਪਣੀ ਊਰਜਾ ਖਰਚਦੇ ਅਤੇ ਖ਼ੁਸ਼ ਰਹਿੰਦੇ ਹਨ। ਜਰਮਨ ਮਨੋਵਿਗਿਆਨੀ ਮਾਰੀਓ ਗੋਲਵਿਜ਼ਰ ਨੇ ਵੀ ਕਿਹਾ ਸੀ, ‘‘ਮੇਰੀ ਸਮਝ ਅਨੁਸਾਰ ਬਦਲਾ ਲੈਣ ਨਾਲ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਬਦਲਾ ਲੈਣ ਵਾਲਾ ਬਾਅਦ ਵਿੱਚ ਸੰਤੁਸ਼ਟ ਰਹਿ ਸਕੇਗਾ।’’ ਯੂਰੋਪੀਅਨ ਜਨਰਲ ਔਫ ਸੋਸ਼ਲ ਸਾਈਕੋਲੋਜੀ ਦੇ ਅਪਰੈਲ 2011 ਅੰਕ ਵਿੱਚ ਲਿਖਿਆ ਸੀ, ‘‘ਜੇਕਰ ਦੋਸ਼ੀ ਨੂੰ ਆਪਣੇ ਗੁਨਾਹ ਦਾ ਪਛਤਾਵਾ ਹੋ ਸਕੇ ਤਾਂ ਉਹ ਸਭ ਤੋਂ ਵੱਡਾ ਬਦਲਾ ਹੁੰਦਾ ਹੈ।’’ ਮੈੱਕੂਲੋਹ ਆਪਣੀ ਕਿਤਾਬ ‘ਬਿਓਂਡ ਰਿਵੈਂਜ: ਦਿ ਐਵੋਲੂਸ਼ਨ ਆਫ ਦਿ ਫਾਰਗਿਵਨਿਸਨੈੱਸ ਇਨਸਟਿੰਕਟ’ ਵਿੱਚ ਲਿਖਦਾ ਹੈ ਕਿ ਇੱਕ ਹੋਰ ਪਹਿਲੂ ਵੀ ਹੈ ਉਹ ਹੈ ਮੁਆਫ਼ ਕਰਨ ਦੀ ਭਾਵਨਾ, ਬੀਤੇ ਤੋਂ ਬਦਲਾ ਲੈਣ ਦੀ ਭਾਵਨਾ ਨੂੰ ਖ਼ਤਮ ਕਰਨਾ ਅਤੇ ਅੱਗੇ ਵਧਣ ਦੀ ਚਾਹਤ ਪਾਲਣਾ।
‌ਰਸੂਲ ਹਮਜ਼ਾਤੋਵ ਦਾ ਕਥਨ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਭੂਤਕਾਲ ’ਤੇ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਭੂਤਕਾਲ ਦੇ ਗੁਨਾਹਗਾਰਾਂ ਦੀ ਸਜ਼ਾ ਅੱਜ ਦੇ ਗੁਆਂਢੀਆਂ ਨੂੰ ਦੇਣ ਦੀ ਬਿਮਾਰੀ ਤੋਂ ਕੋਈ ਵੀ ਮੁਲਕ ਜਿੰਨਾ ਜਲਦੀ ਮੁਕਤ ਹੁੰਦੇ ਹਨ, ਉਨ੍ਹਾਂ ਵਿੱਚ ਦੰਗਿਆਂ ਦੀ ਗਿਣਤੀ ਘਟਦੀ ਹੈ, ਮਨੁੱਖੀ ਵਿਕਾਸ ਸੂਚਕ ਅੰਕ ਵੀ ਵਧਦੇ ਹਨ ਅਤੇ ਓਲਿੰਪਕ ਖੇਡਾਂ ਵਿੱਚ ਜਿੱਤੇ ਹੋਏ ਤਗਮਿਆਂ ਦੀ ਗਿਣਤੀ ਵੀ।

ਰੁਝਾਨ ਖਬਰਾਂ