10.7 C
Vancouver
Monday, February 9, 2026

ਸਰੀ ‘ਚ ਸੜਕ ਦੇ ਹੇਠੋਂ ਤਾਂਬੇ ਦੀਆਂ ਤਾਰਾਂ ਲੈ ਉੱਡੇ ਚੋਰ, ਟ੍ਰੈਫਿਕ ਲਾਈਟਾਂ ਹੋਈਆਂ ਬੰਦ


ਵੈਨਕੂਵਰ, (ਏਕਜੋਤ ਸਿੰਘ): ਸਰੀ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਜ਼ਮੀਨ ਦੇ ਹੇਠਾਂ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹਨ। ਤਾਜ਼ਾ ਮਾਮਲਾ ਸਰੀ ਦੇ ਕਲੋਵਰਡੇਲ (Cloverdale) ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਇੱਕ ਚੱਲਦੀ ਸੜਕ ਦੇ ਹੇਠੋਂ ਹਜ਼ਾਰਾਂ ਡਾਲਰਾਂ ਦੀ ਕੀਮਤ ਦੀ ਤਾਂਬੇ ਦੀ ਤਾਰ ਚੋਰੀ ਕਰ ਲਈ ਹੈ। ਜਾਣਕਾਰੀ ਅਨੁਸਾਰ ਇਸ ਵਾਰਦਾਤ ਕਾਰਨ ਇਲਾਕੇ ਦੀ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਪ੍ਰਸ਼ਾਸਨ ਨੂੰ ਮੁਰੰਮਤ ਲਈ ਭਾਰੀ ਖਰਚਾ ਕਰਨਾ ਪੈ ਰਿਹਾ ਹੈ।
ਇਹ ਘਟਨਾ 176 ਸਟਰੀਟ ਅਤੇ 64 ਐਵੇਨਿਊ ਦੇ ਨਜ਼ਦੀਕ ਵਾਪਰੀ ਦੱਸੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਚੋਰਾਂ ਨੇ ਜ਼ਮੀਨਦੋਜ਼ ਪਾਈਪਾਂ ਰਾਹੀਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਕੱਟਿਆ ਅਤੇ ਖਿੱਚ ਕੇ ਲੈ ਗਏ। ਇਸ ਚੋਰੀ ਦਾ ਸਿੱਧਾ ਅਸਰ ਟ੍ਰੈਫਿਕ ਲਾਈਟਾਂ ‘ਤੇ ਪਿਆ, ਜੋ ਅਚਾਨਕ ਬੰਦ ਹੋ ਗਈਆਂ। ਬੱਤੀਆਂ ਗੁੱਲ ਹੋਣ ਕਾਰਨ ਇਸ ਵਿਅਸਤ ਚੌਰਾਹੇ ‘ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹਾਦਸਿਆਂ ਦਾ ਖਤਰਾ ਵੀ ਵਧ ਗਿਆ। ਸਿਟੀ ਦੇ ਕਰਮਚਾਰੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ।
ਅਧਿਕਾਰੀਆਂ ਨੇ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਾਂਬੇ ਦੀ ਤਾਰ ਚੋਰੀ ਕਰਨ ਦੀਆਂ ਘਟਨਾਵਾਂ ਨਾ ਸਿਰਫ਼ ਜਨਤਕ ਸੰਪਤੀ ਦਾ ਨੁਕਸਾਨ ਕਰਦੀਆਂ ਹਨ ਸਗੋਂ ਇਹ ਆਮ ਲੋਕਾਂ ਦੀ ਜਾਨ ਲਈ ਵੀ ਖਤਰਾ ਬਣਦੀਆਂ ਹਨ। ਜਦੋਂ ਸਟਰੀਟ ਲਾਈਟਾਂ ਜਾਂ ਟ੍ਰੈਫਿਕ ਸਿਗਨਲ ਕੰਮ ਨਹੀਂ ਕਰਦੇ ਤਾਂ ਸੜਕੀ ਹਾਦਸੇ ਹੋਣ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਤਾਰਾਂ ਨੂੰ ਦੁਬਾਰਾ ਪਾਉਣ ਅਤੇ ਸਿਸਟਮ ਨੂੰ ਚਾਲੂ ਕਰਨ ਦਾ ਸਾਰਾ ਬੋਝ ਟੈਕਸਦਾਤਾਵਾਂ ਦੀ ਜੇਬ ‘ਤੇ ਪੈਂਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰੀ ਵਿੱਚ ਅਜਿਹੀ ਘਟਨਾ ਵਾਪਰੀ ਹੋਵੇ, ਪਿਛਲੇ ਕੁਝ ਸਮੇਂ ਤੋਂ ਤਾਂਬੇ ਦੀਆਂ ਵਧਦੀਆਂ ਕੀਮਤਾਂ ਕਾਰਨ ਅਜਿਹੀਆਂ ਚੋਰੀਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ