5.3 C
Vancouver
Monday, February 9, 2026

ਸਰੀ ਲਾਇਬ੍ਰੇਰੀਜ਼ ਵੱਲੋਂ ਸਬੀਨਾ ਖਾਨ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨਵੇਂ ਲੇਖਕਾਂ ਦਾ ਕਰਨਗੇ ਮਾਰਗਦਰਸ਼ਨ


ਵੈਨਕੂਵਰ, (ਏਕਜੋਤ ਸਿੰਘ): ਸਰੀ ਲਾਇਬ੍ਰੇਰੀਜ਼ ਨੇ ਸਾਹਿਤ ਜਗਤ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਮਸ਼ਹੂਰ ਲੇਖਕ ਸਬੀਨਾ ਖਾਨ (Sabina Khan) ਨੂੰ ਸਾਲ 2026 ਲਈ ਆਪਣਾ ‘ਰਾਈਟਰ ਇਨ ਰੈਜ਼ੀਡੈਂਸ’ (Writer in Residence) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਸਰੀ ਦੇ ਉਭਰਦੇ ਲੇਖਕਾਂ ਨੂੰ ਸੇਧ ਦੇਣਾ ਅਤੇ ਉਨ੍ਹਾਂ ਦੀ ਲਿਖਣ ਕਲਾ ਨੂੰ ਨਿਖਾਰਨਾ ਹੈ। ਆਪਣੀ ਇਸ ਨਵੀਂ ਭੂਮਿਕਾ ਦੌਰਾਨ ਸਬੀਨਾ ਖਾਨ ਲੇਖਕਾਂ ਨੂੰ 45 ਮਿੰਟ ਦੇ ਮੁਫ਼ਤ ਸਲਾਹ-ਮਸ਼ਵਰੇ (consultations) ਦੇਣਗੇ। ਇਹ ਸੈਸ਼ਨ ਵਿਅਕਤੀਗਤ ਤੌਰ ‘ਤੇ (in-person) ਜਾਂ ਆਨਲਾਈਨ ਦੋਵਾਂ ਤਰੀਕਿਆਂ ਨਾਲ ਉਪਲਬਧ ਹੋਣਗੇ, ਜਿਸ ਨਾਲ ਲੇਖਕਾਂ ਨੂੰ ਆਪਣੀ ਸਹੂਲਤ ਅਨੁਸਾਰ ਸਿੱਖਣ ਦਾ ਮੌਕਾ ਮਿਲੇਗਾ। ਇਹ ਪ੍ਰੋਗਰਾਮ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੇਖਕਾਂ ਲਈ ਖੁੱਲ੍ਹਾ ਹੈ, ਜੋ ਕਿ ਨੌਜਵਾਨਾਂ ਲਈ ਮਾਹਿਰਾਂ ਤੋਂ ਸਿੱਧਾ ਮਾਰਗਦਰਸ਼ਨ ਲੈਣ ਦਾ ਇੱਕ ਸੁਨਹਿਰੀ ਮੌਕਾ ਹੈ।
ਸਰੀ ਲਾਇਬ੍ਰੇਰੀਜ਼ ਬੋਰਡ ਆਫ ਟਰੱਸਟੀਜ਼ ਦੀ ਚੇਅਰ ਲੀਸਾ ਵੈਰਿੰਗ ਨੇ ਸਬੀਨਾ ਖਾਨ ਦਾ ਸੁਆਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਬੀਨਾ ਦਾ ਸਾਹਿਤਕ ਕੰਮ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਨਵੀਆਂ ਆਵਾਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਮਰਪਣ ਸਰੀ ਦੇ ਲੇਖਕ ਭਾਈਚਾਰੇ ਲਈ ਵਰਦਾਨ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਸਬੀਨਾ ਖਾਨ ਸਾਹਿਤਕ ਹਲਕਿਆਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ। ਉਹ ‘ਦਿ ਬਲੱਡਸਟੋਨ ਥੀਫ’ (The Bloodstone Thief) ਵਰਗੀ ਮਿਡਲ ਗ੍ਰੇਡ ਫੈਂਤਾਸੀ ਅਤੇ ‘ਵੱਟ ਏ ਦੇਸੀ ਗਰਲ ਵਾਂਟਸ’ (What a Desi Girl Wants), ‘ਮੀਟ ਮੀ ਇਨ ਮੁੰਬਈ’, ‘ਜ਼ਾਰਾ ਹੁਸੈਨ ਇਜ਼ ਹਿਅਰ’ ਅਤੇ ‘ਦਿ ਲਵ ਐਂਡ ਲਾਈਜ਼ ਆਫ ਰੁਕਸਾਨਾ ਅਲੀ’ ਵਰਗੇ ਚਰਚਿਤ ਨਾਵਲਾਂ ਦੀ ਲੇਖਕ ਹਨ। ਉਨ੍ਹਾਂ ਦੀਆਂ ਕਿਤਾਬਾਂ ਨੂੰ ਪਾਠਕਾਂ ਅਤੇ ਆਲੋਚਕਾਂ ਵੱਲੋਂ ਭਰਪੂਰ ਸ਼ਲਾਘਾ ਮਿਲੀ ਹੈ ਅਤੇ ਕਈ ਸਾਹਿਤਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਮਾਨਤਾ ਦਿੱਤੀ ਗਈ ਹੈ।
ਇਸ ਪ੍ਰੋਗਰਾਮ ਦੇ ਪਿਛੋਕੜ ਬਾਰੇ ਗੱਲ ਕਰੀਏ ਤਾਂ ਸਰੀ ਲਾਇਬ੍ਰੇਰੀਜ਼ ਵਿਖੇ ‘ਰਾਈਟਰ ਇਨ ਰੈਜ਼ੀਡੈਂਸ’ ਦੀ ਸ਼ੁਰੂਆਤ 2025 ਵਿੱਚ ਹੋਈ ਸੀ, ਜਦੋਂ ਐਂਥਨੀ ਨੇਰਾਡਾ ਪਹਿਲੇ ਲੇਖਕ ਵਜੋਂ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਐਂਥਨੀ ਨੇ ਆਪਣੇ ਕਾਰਜਕਾਲ ਦੌਰਾਨ 161 ਸਲਾਹ ਸੈਸ਼ਨ ਕੀਤੇ ਸਨ, ਜਿਸ ਨਾਲ ਸਥਾਨਕ ਲਿਖਣ ਭਾਈਚਾਰੇ ‘ਤੇ ਕਾਫੀ ਹਾਂ-ਪੱਖੀ ਪ੍ਰਭਾਵ ਪਿਆ ਸੀ। ਹੁਣ ਸਬੀਨਾ ਖਾਨ ਦੇ ਆਉਣ ਨਾਲ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਦੀ ਉਮੀਦ ਹੈ। ਚਾਹਵਾਨ ਲੇਖਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰੀ ਲਾਇਬ੍ਰੇਰੀਜ਼ ਦੀ ਵੈੱਬਸਾਈਟ ‘ਤੇ ਜਾ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੇ ਸਲਾਹ ਸੈਸ਼ਨ ਬੁੱਕ ਕਰਵਾ ਸਕਦੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ