ਲਿਖਤ : ਕੇ.ਪੀ. ਸਿੰਘ
ਸੰਪਰਕ: 98765-82500
ਮਾਪਿਆਂ ਨੇ ਸਦਾ ਆਪਣੇ ਬੱਚਿਆਂ ਲਈ ਤਰੱਕੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਹੈ। ਅਜੋਕੇ ਦੌਰ ਵਿੱਚ ਜਦੋਂ ਬੱਚੇ ਆਪਣੇ ਸ਼ੌਕ ਅਤੇ ਆਪਣੀ ਸਮਝ ਅਨੁਸਾਰ ਆਪਣਾ ਰਾਹ ਆਪ ਚੁਣ ਰਹੇ ਹਨ ਤਾਂ ਮਾਤਾ-ਪਿਤਾ ਵੀ ਉਨ੍ਹਾਂ ਦੇ ਰਾਹ ਦਾ ਰੋੜਾ ਬਣਨ ਤੋਂ ਗੁਰੇਜ਼ ਹੀ ਕਰ ਰਹੇ ਹਨ। ਮੇਰੇ ਬੇਟੇ ਸਮੀਰ ਸਿੰਘ ਨੇ ਕੁਝ ਸਾਲ ਪਹਿਲਾਂ ਕੈਨੇਡਾ ਜਾਣ ਦੀ ਇੱਛਾ ਜ਼ਾਹਿਰ ਕੀਤੀ। ਉਸ ਵੇਲੇ ਉਸ ਦੀ ਉਮਰ 22 ਸਾਲ ਸੀ। ਲੱਗਿਆ ਜਿਵੇਂ ਪੰਛੀ ਪਿੰਜਰੇ ਤੋਂ ਆਸਮਾਨ ਵੱਲ ਉੱਡਣ ਦੀ ਤਿਆਰੀ ਕਰ ਰਿਹਾ ਹੋਵੇ। ਮੈਂ ਅਤੇ ਮੇਰੀ ਸ੍ਰੀਮਤੀ ਨੇ ਉਸ ਦੀਆਂ ਅੱਖਾਂ ਵਿੱਚ ਚਮਕਦਾ ਭਵਿੱਖ ਦੇਖਿਆ। ਦਾਦੇ ਨੇ ਵੀ ਸਹਿਮਤੀ ਦਿੰਦਿਆਂ ਕਿਹਾ “ਜਿੱਥੇ ਵੀ ਜਾਵੇਂ, ਚੜ੍ਹਦੀ ਕਲਾ ਵਿੱਚ ਰਹੇ।” ਸਟੱਡੀ ਵੀਜ਼ਾ ਆਇਆ ਤਾਂ ਸਮੀਰ ਖੁਸ਼ੀ ਵਿੱਚ ਝੂਮਦਾ ਹੋਇਆ ਸਾਨੂੰ ਸਭ ਨੂੰ ਜੱਫੀ ਪਾ ਕੇ ਖੁਸ਼ੀ ਮਨਾ ਰਿਹਾ ਸੀ। ਮੈਨੂੰ ਜੱਫੀ ਪਾਉਂਦਿਆਂ ਉਸ ਨੇ ਕਿਹਾ, “ਪਾਪਾ, ਮੈਂ ਇੰਨਾ ਖੁਸ਼ ਹਾਂ ਕਿ ਮੇਰੇ ਤਾਂ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ।” ਫਿਰ ਉਹ ਕੈਨੇਡਾ ਚਲਾ ਗਿਆ। ਪਰਦੇਸ, ਐਸਾ ਦੇਸ਼ ਜਿਥੋਂ ਦੇ ਦਿਨ ਤੇ ਰਾਤ ਦਾ ਫਰਕ ਕਰਨਾ ਹੀ ਪਹਿਲੋਂ ਪਹਿਲ ਸਾਡੇ ਲਈ ਵੱਡੀ ਔਕੜ ਵਾਲਾ ਕੰਮ ਬਣ ਗਿਆ ਸੀ।
ਮਿਹਨਤ ਹਰ ਸਫ਼ਰ ਦਾ ਜ਼ਰੂਰੀ ਹਿੱਸਾ ਹੈ। ਸਮੀਰ ਵੀ ਵਿਦੇਸ਼ ਜਾ ਕੇ ਪੜ੍ਹਾਈ ਦੇ ਨਾਲ ਨਾਲ ਮਿਹਨਤ ਕਰਨ ਵਿੱਚ ਜੁਟ ਗਿਆ। ਉਹ ਕਈ ਥਾਈਂ ਕੰਮ ਕਰਦਾ ਸੀ। ਜਦੋਂ ਅਸੀਂ ਕਦੇ ਉਸ ਨੂੰ ਕਾਲ ਕਰਦੇ ਤਾਂ ਅਕਸਰ ਉਹ ਜਾਂ ਤਾਂ ਕੰਮ ਤੋਂ ਪਰਤ ਰਿਹਾ ਹੁੰਦਾ ਜਾਂ ਕੰਮ ’ਤੇ ਜਾਣ ਦੀ ਤਿਆਰੀ ਵਿੱਚ ਹੁੰਦਾ। ਕੰਮ ਨਾਲ ਪਿਆਰ ਪਾਉਣਾ ਸਿੱਖ ਗਿਆ ਸੀ ਮੇਰਾ ਪੁੱਤਰ। ਉਹ ਆਪਣੇ ਖਰਚੇ ਖ਼ੁਦ ਚੁੱਕ ਰਿਹਾ ਸੀ। ਕਦੇ ਮਾਲ ਵਿੱਚ ਕੰਮ ਕਰਦਾ, ਕਦੇ ਗੋਦਾਮ ਵਿੱਚ ਤੇ ਕਦੇ ਘਰ-ਘਰ ਖਾਣਾ ਪਹੁੰਚਾਉਣ ਦਾ ਕੰਮ ਕਰਦਾ। ਸਮੀਰ ਕਹਿੰਦਾ ਸੀ, ‘‘ਪਾਪਾ, ਲੋਕਾਂ ਦੇ ਘਰ ਰੋਟੀ ਲੈ ਕੇ ਜਾਣ ਵਿੱਚ ਵੱਖਰਾ ਹੀ ਤਜਰਬਾ ਹੈ। ਹਰ ਦਰਵਾਜ਼ੇ ਦੇ ਪਿੱਛੇ ਨਵੀਂ ਕਹਾਣੀ।”
ਇੱਕ ਸ਼ਾਮ ਵੀਡੀਓ ਕਾਲ ’ਤੇ ਸਮੀਰ ਆਪਣੇ ਨਵੇਂ ਕੰਮ ਬਾਰੇ ਦੱਸ ਰਿਹਾ ਸੀ। ਅਚਾਨਕ ਸਾਡੇ ਘਰ ਦੀ ਘੰਟੀ ਵੱਜੀ। ਮੈਂ ਸਮੀਰ ਨੂੰ ਫ਼ੋਨ ਹੋਲਡ ਕਰਨ ਲਈ ਆਖ ਕੇ ਘਰ ਦਾ ਗੇਟ ਖੋਲ੍ਹਿਆ ਤਾਂ ਅੱਗੇ ਖਾਣਾ ਲੈ ਕੇ ਆਇਆ ਲੜਕਾ ਖੜ੍ਹਾ ਸੀ। ਉਸ ਰਾਤ ਅਸੀਂ ਰੋਟੀ ਤਿਆਰ ਨਹੀਂ ਸੀ ਕੀਤੀ, ਇਸ ਕਰਕੇ ਖਾਣਾ ਬਾਹਰ ਤੋਂ ਹੀ ਮੰਗਵਾ ਲਿਆ ਸੀ। ਮੈਂ ਡਿਲਿਵਰੀ ਵਾਲੇ ਮੁੰਡੇ ਨੂੰ ਖਾਣੇ ਦੇ ਬਿੱਲ ਬਾਰੇ ਪੁੱਛਿਆ। ਉਹ ਖਾਣੇ ਵਾਲਾ ਪੈਕੇਟ ਫੜਾਉਂਦਿਆਂ ਬੋਲਿਆ “ਸਰ, ਤਿੰਨ ਸੌ ਅੱਸੀ।” ਮੈਂ ਆਪਣੇ ਪਰਸ ਵਿੱਚੋਂ ਦੋ ਸੌ ਰੁਪਏ ਦੇ ਦੋ ਨੋਟ ਕੱਢੇ ਤੇ ਲੜਕੇ ਨੂੰ ਫੜਾਉਂਦਿਆਂ ਕਿਹਾ, ‘‘ਬਾਕੀ ਵੀਹ ਤੂੰ ਰੱਖ ਲੈ ਪੁੱਤਰ।”
ਲੜਕੇ ਨੇ ਨਿਮਰਤਾ ਨਾਲ ਮੈਨੂੰ “ਗੁੱਡ ਨਾਈਟ, ਸਰ” ਕਿਹਾ ਤੇ ਬਾਹਰ ਖੜ੍ਹੇ ਆਪਣੇ ਮੋਟਰਸਾਈਕਲ ਵੱਲ ਵਧ ਗਿਆ। ਮੋਬਾਈਲ ਫੋਨ ਰਾਹੀਂ ਸਮੀਰ ਨੇ ਸਭ ਕੁਝ ਸੁਣ ਲਿਆ ਸੀ। ਉਸ ਨੇ ਮੁਸਕਰਾਇਆ ਤੇ ਮੈਨੂੰ ਪੁੱਛਿਆ, ‘‘ਪਾਪਾ…ਟਿੱਪ ਕਿੰਨੀ ਦਿੱਤੀ ਜੇ?”
ਮੈਂ ਕਿਹਾ “ਬਿੱਲ 380 ਸੀ, 400 ਦੇ ਦਿੱਤੇ।”
ਉਹ ਬੋਲਿਆ “ਏਦਾਂ ਨਾ ਕਰੋ ਪਾਪਾ… ਇਹ ਸੌਖਾ ਕੰਮ ਨਹੀਂ। ਘੱਟੋ-ਘੱਟ 50 ਰੁਪਏ ਹੋਰ ਦੇ ਦਿਓ।”
ਪੁੱਤਰ ਦੀ ਗੱਲ ਸੁਣ ਮੈਂ ਉਸ ਨੂੰ ਇੱਕ ਮਿੰਟ ਹੋਲਡ ਕਰਨ ਲਈ ਆਖਿਆ ਤੇ ਮੋਟਰਸਾਈਕਲ ਮੋੜ ਰਹੇ ਲੜਕੇ ਨੂੰ ਆਵਾਜ਼ ਦਿੱਤੀ। ਮੇਰੀ ਆਵਾਜ਼ ਸੁਣ ਕੇ ਲੜਕਾ ਰੁਕ ਗਿਆ। ਮੈਂ ਤੁਰੰਤ ਉਸ ਕੋਲ ਗਿਆ ਤੇ ਜੇਬ ਵਿੱਚੋਂ ਪੰਜਾਹ ਦਾ ਨੋਟ ਕੱਢ ਕੇ ਉਸ ਦੇ ਹੱਥ ’ਤੇ ਰੱਖ ਦਿੱਤਾ। ਉਸ ਦੇ ਚਿਹਰੇ ’ਤੇ ਵੱਖਰੀ ਹੀ ਰੌਣਕ ਸੀ। ਮੈਨੂੰ ਇੰਜ ਲੱਗਿਆ ਜਿਵੇਂ ਮੈਂ ਆਪਣੇ ਸਮੀਰ ਦੇ ਚਿਹਰੇ ’ਤੇ ਰੌਣਕ ਦੇਖ ਰਿਹਾ ਹੋਵਾਂ। ਡਿਲਿਵਰੀ ਵਾਲਾ ਲੜਕਾ ਮੁੜ ਮੈਨੂੰ ‘‘ਗੁੱਡ ਨਾਈਟ” ਕਹਿ ਕੇ ਚਲਾ ਗਿਆ। ਮੇਰੀ ਗੱਲਬਾਤ ਮੁੜ ਸਮੀਰ ਨਾਲ ਸ਼ੁਰੂ ਹੋ ਗਈ।
ਟਿੱਪ

