4.1 C
Vancouver
Thursday, February 12, 2026

ਸਿੱਖ ਇਤਿਹਾਸ ਦੀ ਬੇਮਿਸਾਲ ਕੁਰਬਾਨੀ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਨਮਨ

ਬੀ.ਸੀ. ਸਰਕਾਰ ਵਲੋਂ 24 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਮਰ ਸ਼ਹਾਦਤ ਦਾ 350ਵਾਂ ਵਰ੍ਹਾ ਸੂਬਾਈ ਪੱਧਰ ‘ਤੇ ਮਨਾਉਣ ਦਾ ਐਲਾਨ


ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 24 ਨਵੰਬਰ 2025 ਨੂੰ ਸਿੱਖ ਧਰਮ ਦੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਅਮਰ ਸ਼ਹਾਦਤ ਦੇ 350ਵੇਂ ਪ੍ਰਕਾਸ਼ ਵਰ੍ਹੇ ਵਜੋਂ ਮਨਾਉਣ ਦਾ ਅਧਿਕਾਰਿਕ ਐਲਾਨ-ਨਾਮਾ ਜਾਰੀ ਕੀਤਾ ਹੈ। ਇਹ ਪ੍ਰਕਾਸ਼ਨਾ ਉਸ ਅਦੁੱਤੀ ਕੁਰਬਾਨੀ ਨੂੰ ਸਲਾਮ ਹੈ ਜੋ ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਨਿਰਬਲਾਂ ਦੀ ਰੱਖਿਆ ਲਈ ਦਿੱਤੀ। ਇੱਕ ਅਜਿਹੀ ਸ਼ਹਾਦਤ ਜੋ ਵਿਸ਼ਵ ਇਤਿਹਾਸ ਵਿੱਚ ਬੇਮਿਸਾਲ ਮੰਨੀ ਜਾਂਦੀ ਹੈ। ਇਹ ਐਲਾਨ-ਨਾਮਾ ਮਹਾਰਾਜਾ ਕਿੰਗ ਚਾਰਲਜ਼ ਤੀਜੇ ਦੇ ਨਾਮ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਕਮਿਊਨਿਟੀ ਦੀਆਂ ਕਈ ਪੀੜ੍ਹੀਆਂ ਦੇ ਫੈਲੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਯੋਗਦਾਨ ਨੂੰ ਵੀ ਸਨਮਾਨਿਆ ਗਿਆ ਹੈ। 1900 ਦੇ ਸ਼ੁਰੂਆਤੀ ਦਹਾਕਿਆਂ ਤੋਂ ਇੱਥੇ ਆ ਵਸੇ ਸਿੱਖ ਪਰਵਾਸੀਆਂ ਨੇ ਸੂਬੇ ਦੀ ਤਰੱਕੀ, ਉਸ ਦੀਆਂ ਮੁੱਲਾਂ ਅਤੇ ਉਸ ਦੀ ਬਹੁ-ਸੱਭਿਆਚਾਰਕ ਪਹਿਚਾਣ ਵਿੱਚ ਮੁੱਲਵਾਨ ਭੂਮਿਕਾ ਨਿਭਾਈ ਹੈ। ਇਸ ਐਲਾਨ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ”ਧਾਰਮਿਕ ਆਜ਼ਾਦੀ ਦੇ ਰੱਖਿਅਕ, ਕੁਰਬਾਨੀ ਅਤੇ ਹਿੰਮਤ ਦੇ ਪ੍ਰਤੀਕ ਅਤੇ ਸਭਿਆਚਾਰਕ ਸਾਂਝ ਦੇ ਮਸੀਹਾ” ਵਜੋਂ ਉਭਾਰਿਆ ਗਿਆ।
ਇਸ ਸਬੰਧ ਵਿਚ ਸਰਕਾਰੀ ਸਮਾਗਮ ਅੱਜ ਸਰੀ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਹੋਇਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਪ੍ਰਕਾਸ਼ਨਾ ਨੂੰ ਸੰਗਤ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਅਤੇ ਇਸ ਦੀ ਫ੍ਰੇਮ ਕੀਤੀ ਕਾਪੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀ। ਸੰਗਤ ਵੱਲੋਂ ਉਨ੍ਹਾਂ ਦਾ ਖ਼ਾਸ ਸਵਾਗਤ ਕੀਤਾ ਗਿਆ।
ਇਸ ਮੌਕੇ ‘ਤੇ ਪੋਸਟ-ਸੈਕੰਡਰੀ ਐਜੂਕੇਸ਼ਨ ਐਂਡ ਫਿਊਚਰ ਸਕਿਲਜ਼ ਮੰਤਰੀ ਜੈਸੀ ਸੁੰਨੜ ਅਤੇ ਪਾਰਲੀਮੈਂਟਰੀ ਸੈਕਟਰੀ ਅਮਨਾ ਸ਼ਾਹ ਵੀ ਮੌਜੂਦ ਸਨ।
ਦੋਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਮਨੁੱਖੀ ਅਧਿਕਾਰਾਂ ਦੀ ਰੱਖਿਆ, ਧਾਰਮਿਕ ਆਜ਼ਾਦੀ ਦੀ ਕਦਰ ਅਤੇ ਸਮਾਜ ਵਿੱਚ ਨਿਆਂ ਤੇ ਭਾਈਚਾਰਕ ਮੁੱਲਾਂ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਤਰੀਆਂ ਨੂੰ ਮਾਨ-ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ, ਖਾਲਸਾ ਦੀਵਾਨ ਸੋਸਾਇਟੀ ਸੁਖ ਸਾਗਰ, ਖਾਲਸਾ ਦੀਵਾਨ ਵੈਨਕੂਵਰ, ਰਾਮਗੜੀਆ ਸਿੱਖ ਸੋਸਾਇਟੀ ਬਰੁੱਕਸਾਇਡ, ਸਕਾਮਿਸ਼ ਸਿੱਖ ਸੋਸਾਇਟੀ ਆਦਿ ਗੁਰਦੁਆਰਾ ਸਾਹਿਬ ਅਤੇ ਸੇਵਾ ਸੋਸਾਇਟੀਆਂ ਨੇ ਹਾਜਰੀਆਂ ਭਰੀਆਂ। ਇਹ ਸੂਬਾਈ ਐਲਾਨ-ਨਾਮਾ ਬ੍ਰਿਟਿਸ਼ ਕੋਲੰਬੀਆ ਦੀ ਬਹੁਭਾਂਤੀ, ਸ਼ਮੂਲੀਅਤ ਅਤੇ ਸਭ ਧਰਮਾਂ ਪ੍ਰਤੀ ਸਤਿਕਾਰ ਦੀ ਵਚਨਬੱਧਤਾ ਨੂੰ ਮੁੜ ਸਪੱਸ਼ਟ ਕਰਦੀ ਹੈ। ਇਹ ਦਿਨ ਸਿਰਫ਼ ਇਤਿਹਾਸ ਦੀ ਯਾਦ ਹੀ ਨਹੀਂ ਦੁਆਉਂਦਾ, ਸਗੋਂ ਅੱਜ ਦੀ ਦੁਨੀਆ ਲਈ ਇੱਕ ਨੈਤਿਕ ਸੰਦੇਸ਼ ਹੈ ਜੋ ਮਨੁੱਖੀ ਅਧਿਕਾਰਾਂ, ਨਿਆਂ ਅਤੇ ਇਕ-ਦੂਜੇ ਦੀ ਆਜ਼ਾਦੀ ਨੂੰ ਸਨਮਾਨ ਦੇਣ ਦੀ ਅਪੀਲ ਕਰਦਾ ਹੈ।

ਰੁਝਾਨ ਖਬਰਾਂ