ਸਰੀ, (ਏਕਜੋਤ ਸਿੰਘ): ਅਮਰੀਕਾ ਦੇ ਕੈਨੇਡਾ ਵਿੱਚ ਰਾਜਦੂਤ ਪੀਟ ਹੁਕਸਟਰਾ (Pete Hoekstra) ਨੇ ਬੁੱਧਵਾਰ ਨੂੰ ਕੈਨੇਡੀਅਨ ਫੈਡਰਲ ਅਤੇ ਸੂਬਾਈ ਸਰਕਾਰਾਂ ਨੂੰ ਤਿੱਖੀ ਚੇਤਾਵਨੀ ਦਿੱਤੀ ਹੈ ਕਿ ਉਹ ਸੋਚਣ ਕਿ ਕੀ ਅਮਰੀਕਾ ਵਿੱਚ ਚਲਾਈ ਜਾ ਰਹੀ ਐਂਟੀ-ਟੈਰਿਫ ਇਸ਼ਤਿਹਾਰਬਾਜ਼ੀ ਕੈਨੇਡਾ ਦੇ ਉਦੇਸ਼ਾਂ ਨੂੰ ਹਾਸਲ ਕਰਨ ਵਿੱਚ ਮਦਦ ਕਰੇਗੀ ਜਾਂ ਨੁਕਸਾਨ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਇਹ ਐਡ ਅਮਰੀਕੀ ਰਾਜਨੀਤਕ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਦੇ ਬਰਾਬਰ ਹੈ।
ਓਟਾਵਾ ਵਿੱਚ ਕੈਨੇਡੀਅਨ ਮੈਨੂਫੈਕਚਰਰਜ਼ ਐਂਡ ਐਕਸਪੋਰਟਰਜ਼ ਦੇ ਕਾਨਫਰੈਂਸ ਦੌਰਾਨ ਬੋਲਦੇ ਹੋਏ ਹੁਕਸਟਰਾ ਨੇ ਉਸ ਓਨਟਾਰਿਓ ਸਰਕਾਰ-ਫੰਡਡ ਐਡ ਕੈਂਪੇਨ ‘ਤੇ ਸਿੱਧਾ ਨਿਸ਼ਾਨਾ ਸਾਧਿਆ, ਜੋ ਪਿਛਲੇ ਮਹੀਨੇ ਅਮਰੀਕੀ ਟੀਵੀ ‘ਤੇ ਚਲਿਆ ਸੀ। ਇਸ ਵਿਗਿਆਪਨ ਵਿੱਚ ਅਮਰੀਕੀ ਸਾਬਕਾ ਰਾਸ਼ਟਰਪਤੀ ਰੌਨਲਡ ਰੀਗਨ ਦੇ ਟੈਰਿਫ ਵਿਰੋਧੀ ਬੋਲ ਕੋਟ ਕੀਤੇ ਗਏ ਸਨ।
ਇਸ ਐਡ ਤੋਂ ਨਾਰਾਜ਼ ਹੋ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕੈਨੇਡਾ ਨਾਲ ਚੱਲ ਰਹੀਆਂ ਵਪਾਰ ਗੱਲਬਾਤਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਸੀ।
ਹੁਕਸਟਰਾ ਨੇ ਕਿਹਾ ਕਿ ”ਜਿਹਨਾ ਤੱਕ ਅਸੀਂ ਜਾਣਦੇ ਹਾਂ, ਇਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਟ੍ਰੰਪ ਅਤੇ ਉਨ੍ਹਾਂ ਦੀ ਐਡਮਿਨਿਸਟ੍ਰੇਸ਼ਨ ਦਾ ਨਾਰਾਜ਼ ਹੋਣਾ ਬਿਲਕੁਲ ਠੀਕ ਸੀ।”
ਉਨ੍ਹਾਂ ਨੇ ਦਲੀਲ ਦਿੱਤੀ ਕਿ ਕੈਨੇਡਾ ਨੇ ਇਹ ਐਡ ਅਮਰੀਕਾ ਦੀਆਂ ਨਵੰਬਰ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਚਲਾਇਆ, ਜਦੋਂ ਟੈਰਿਫ ਅਧਿਕਾਰਾਂ ਬਾਰੇ ਯੂ.ਐਸ. ਸੁਪਰੀਮ ਕੋਰਟ ਦੀ ਸੁਣਵਾਈ ਵੀ ਹੋਣੀ ਸੀ।
ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮਿੱਲ ਕੇ ”ਅਮਰੀਕੀ ਰਾਜਨੀਤਕ ਪ੍ਰਕਿਰਿਆ ਵਿੱਚ ਹਸਤਖੇਪ ਵਰਗਾ” ਦਿਖਦਾ ਹੈ। ਹੁਕਸਟਰਾ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ”ਤੁਸੀਂ ਅਮਰੀਕਾ ਆ ਕੇ ਰਾਜਨੀਤਕ ਐਡ ਨਹੀਂ ਚਲਾ ਸਕਦੇ ਅਤੇ ਉਮੀਦ ਕਰੋ ਕਿ ਕੋਈ ਨਤੀਜਾ ਨਹੀਂ ਨਿਕਲੇਗਾ। ਇਹ ਇੱਥੇ ਨਹੀਂ ਹੋ ਸਕਦਾ।”
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਮਹੀਨੇ ਸਿੱਧੇ ਟ੍ਰੰਪ ਤੋਂ ਇਸ ਇਸ਼ਤਿਹਾਰ ਲਈ ਮਾਫ਼ੀ ਮੰਗੀ ਸੀ ਅਤੇ ਓਨਟਾਰਿਓ ਸਰਕਾਰ ਦੀ ਕਾਰਵਾਈ ਦੀ ਆਲੋਚਨਾ ਵੀ ਕੀਤੀ ਸੀ। ਪਰ ਮਾਫ਼ੀ ਦੇ ਬਾਵਜੂਦ, ਵਪਾਰ ਗੱਲਬਾਤਾਂ ਹੁਣ ਤੱਕ ਮੁੜ ਸ਼ੁਰੂ ਨਹੀਂ ਹੋਈਆਂ।
ਅਮਰੀਕੀ ਰਾਜਦੂਤ ਨੇ ਕਿਹਾ ਕਿ ਗੱਲਬਾਤਾਂ ਮੁੜ ਸ਼ੁਰੂ ਹੋ ਸਕਦੀਆਂ ਹਨ, ”ਪਰ ਇਹ ਆਸਾਨ ਨਹੀਂ ਹੋਵੇਗਾ।”
ਇੱਕ ਹੋਰ ਸਵਾਲ ‘ਤੇ ਕਿ ਕੀ ਉਹ ਕੈਨੇਡੀਅਨਾਂ ਦੇ ਇਸ ਗੁੱਸੇ ਨੂੰ ਸਮਝਦੇ ਹਨ ਕਿ ਟ੍ਰੰਪ ਕਈ ਵਾਰ ਕੈਨੇਡਾ ਨੂੰ ”51ਵੀਂ ਸੂਬਾ” ਬਣਾਉਣ ਦੀ ਗੱਲ ਕਰ ਚੁੱਕੇ ਹਨ, ਹੁਕਸਟਰਾ ਨੇ ਕਿਹਾ ਕਿ ”ਨਹੀਂ, ਮੈਂ ਇਸਨੂੰ ਨਹੀਂ ਸਮਝਦਾ।”
ਉਨ੍ਹਾਂ ਦਾ ਇਹ ਬਿਆਨ ਕੈਨੇਡਾ-ਅਮਰੀਕਾ ਰਿਸ਼ਤਿਆਂ ਵਿੱਚ ਚੱਲ ਰਹੇ ਤਣਾਅ ਨੂੰ ਹੋਰ ਉਜਾਗਰ ਕਰਦਾ ਹੈਔਖ਼ਾਸ ਕਰਕੇ ਉਹ ਸਮਾਂ ਜਦੋਂ ਦੋਵਾਂ ਦੇਸ਼ ਟੈਰਿਫ, ਫੈਂਟਾਨਲ ਤਸਕਰੀ ਦੇ ਦੋਸ਼ਾਂ, ਅਤੇ ਵਪਾਰ ਸਮਝੌਤਿਆਂ ‘ਤੇ ਟਕਰਾਅ ਵਿੱਚ ਹਨ।
ਹੁਕਸਟਰਾ ਨੇ ਅੰਤ ਵਿੱਚ ਸਾਫ਼ ਕੀਤਾ ਕਿ ਕੈਨੇਡਾ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਤੋਂ ਪਹਿਲਾਂ ”ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ,” ਕਿਉਂਕਿ ਇਸ ਦੇ ਨਤੀਜੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਸਿੱਧਾ ਅਸਰ ਪੈਂਦੇ ਹਨ। This report was written by Ekjot Singh as part of the Local Journalism Initiative.
ਓਨਟਾਰਿਓ ਦੇ ਐਂਟੀ-ਟੈਰਿਫ ਐਡ ‘ਤੇ ਅਮਰੀਕਾ ਭੜਕਿਆ, ਫਿਰ ਵੀ ਟਰੇਡ ਗੱਲਬਾਤ ਫਿਰ ਰੁੱਕੀ”ਕੈਨੇਡਾ ਦੇ ਇਸ਼ਤਿਹਾਰਾਂ ਦੇ ਨਤੀਜੇ ਜ਼ਰੂਰ ਨਿਕਲਗੇ” : ਅਮਰੀਕੀ ਰਾਜਦੂਤ

