7.1 C
Vancouver
Thursday, November 27, 2025

ਅਲਬਰਟਾ ਸਰਕਾਰ ਡਾਕਟਰਾਂ ਨੂੰ ਦੇਵਗੀ ਸਰਕਾਰੀ ਅਤੇ ਪ੍ਰਾਈਵੇਟ ਸਿਸਟਮ ਦੋਵੇਂ ਵਿੱਚ ਕੰਮ ਦੀ ਇਜਾਜ਼ਤ

ਕੈਲਗਰੀ, (ਏਕਜੋਤ ਸਿੰਘ): ਅਲਬਰਟਾ ਦੀ ਪ੍ਰਾਇਮਰੀ ਸਿਹਤ ਦੇਖਭਾਲ ਦੀ ਜ਼ਿੰਮੇਵਾਰ ਕੈਬਿਨੇਟ ਮੰਤਰੀ ਅਡਰੀਆਨਾ ਲਾ ਗ੍ਰੈਂਜ ਨੇ ਕਿਹਾ ਹੈ ਕਿ ਸੂਬਾ ਸਰਕਾਰ ਜਲਦੀ ਹੀ ਨਵਾਂ ਕਾਨੂੰਨ ਲਿਆਉਣ ਵਾਲੀ ਹੈ, ਪਰ ਇਸਦੀ ਵਿਸਥਾਰਕ ਜਾਣਕਾਰੀ ਹਾਲੇ ਨਹੀਂ ਦਿੱਤੀ ਜਾ ਸਕਦੀ। ਇਹ ਬਿਆਨ ਉਸ ਵੇਲੇ ਆਇਆ ਜਦੋਂ ਰਿਪੋਰਟਾਂ ਸਾਹਮਣੇ ਆਈਆਂ ਕਿ ਅਲਬਰਟਾ ਸਰਕਾਰ ਡਾਕਟਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਹੈਲਥ ਸਿਸਟਮਾਂ ਵਿਚ ਇਕੱਠੇ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਤਿਆਰੀ ਵਿੱਚ ਹੈ।
ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ, ਪ੍ਰਾਂਤ ਵਿਚ ਐਸਾ ਕਾਨੂੰਨੀ ਬਦਲਾਅ ਸੋਚਿਆ ਜਾ ਰਿਹਾ ਹੈ ਜਿਸ ਤਹਿਤ ਡਾਕਟਰ ਤਿੰਨ ਨਵੇਂ ਮਾਡਲਾਂ ਅਧੀਨ ਕੰਮ ਕਰ ਸਕਣਗੇ। ਪਹਿਲਾਔਮਾਮੂਲੀ ਤਰ੍ਹਾਂ ਸਰਕਾਰੀ ਸਿਸਟਮ ਨੂੰ ਬਿਲਿੰਗ ਕਰਦੇ ਹੋਏ ਜਾਰੀ ਰੱਖਣਾ। ਦੂਜਾ-ਪੂਰੀ ਤਰ੍ਹਾਂ ਸਰਕਾਰੀ ਸਿਸਟਮ ਤੋਂ ਬਾਹਰ ਨਿਕਲ ਕੇ ਪ੍ਰਾਈਵੇਟ ਕਲੀਨਿਕ ਚਲਾਉਣਾ ਅਤੇ ਮਰੀਜ਼ਾਂ ਤੋਂ ਮਨਚਾਹੀ ਫੀਸ ਲੈਣਾ। ਤੀਜਾ:ਡਾਕਟਰ ਆਪਣਾ ਸਮਾਂ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਮਾਡਲਾਂ ਵਿਚ ਵੰਡ ਸਕਣ, ਜੋ ਕਿ ਕੈਨੇਡਾ ਵਿਚ ਪਹਿਲੀ ਵਾਰ ਹੋਵੇਗਾ।
ਰਿਪੋਰਟ ਕਹਿੰਦੀ ਹੈ ਕਿ ਸਰਕਾਰ ਇਹ ਵੀ ਤੈਅ ਕਰ ਸਕਦੀ ਹੈ ਕਿ ਕਿਹੜੀਆਂ ਮੈਡੀਕਲ ਸੇਵਾਵਾਂ ਪ੍ਰਾਈਵੇਟ ਤੌਰ ‘ਤੇ ਦਿੱਤੀਆਂ ਜਾ ਸਕਣਗੀਆਂ ਅਤੇ ਕਿਹੜੀਆਂ ਨਹੀਂ।
ਅਲਬਰਟਾ ਵਿੱਚ ਡਾਕਟਰ ਚਾਹੁੰਦੇ ਤਾਂ ਪਹਿਲਾਂ ਵੀ ਸਰਕਾਰੀ ਸਿਸਟਮ ਛੱਡ ਸਕਦੇ ਸਨ, ਪਰ ਅਜਿਹਾ ਕਰਨ ਵਾਲਿਆਂ ਦੀ ਗਿਣਤੀ ਬਾਰੇ ਸਪਸ਼ਟ ਅੰਕੜੇ ਉਪਲਬਧ ਨਹੀਂ ਹਨ।
ਕੈਲਗਰੀ ਯੂਨੀਵਰਸਿਟੀ ਦੀ ਹੈਲਥ ਲਾਅ ਮਾਹਿਰ ਲੋਰੀਅਨ ਹਾਰਡਕੈਸਲ ਨੇ ਚੇਤਾਵਨੀ ਦਿੱਤੀ ਕਿ ਇਹ ਬਦਲਾਅ ਸਿਹਤ ਸਹੂਲਤਾਂ ਤੱਕ ਸਮਾਨ ਪਹੁੰਚ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਕਿਉਂਕਿ ਫਿਰ ਮਰੀਜ਼ਾਂ ਦੀ ਤਰਜੀਹ ਅਸਲ ਮੈਡੀਕਲ ਲੋੜਾਂ ਦੀ ਬਜਾਏ ਉਹਨਾਂ ਦੀ ਭੁਗਤਾਨ ਦੀ ਸਮਰੱਥਾ ‘ਤੇ ਨਿਰਭਰ ਹੋਵੇਗੀ। ਉਸਦੇ ਅਨੁਸਾਰ, ਭੁਗਤਾਨ ਕਰਨ ਵਾਲੇ ਮਰੀਜ਼ ਤੇਜ਼ੀ ਨਾਲ ਡਾਕਟਰ ਨੂੰ ਮਿਲ ਸਕਣਗੇ, ਜਦਕਿ ਗੰਭੀਰ ਅਤੇ ਜਟਿਲ ਬਿਮਾਰੀਆਂ ਵਾਲੇ ਲੋਕ ਹੋਰ ਵੱਧ ਦੇਰ ਉਡੀਕ ਕਰਦੇ ਰਹਿ ਜਾਣਗੇ।
ਕੈਨੇਡੀਅਨ ਮੈਡੀਕਲ ਅਸੋਸੀਏਸ਼ਨ (ਸੀ.ਏਮ.ਏ.), ਜੋ ਦੇਸ਼ ਭਰ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ, ਨੇ ਵੀ ਚਿੰਤਾ ਜਤਾਈ ਹੈ ਕਿ ਇਸ ਤਰ੍ਹਾਂ ਦੇ ਬਦਲਾਅ ਨਾਲ ਸਰਕਾਰੀ ਸਿਹਤ ਪ੍ਰਣਾਲੀ ਵਿੱਚ ਉਡੀਕ ਸਮੇਂ ਵੱਧ ਸਕਦੇ ਹਨ। ਵਿਰੋਧੀ ਅਲਬਰਟਾ ਐਨ.ਡੀ.ਪੀ. ਨੇਤਾ ਨਹੀਦ ਨੇਂਸ਼ੀ ਨੇ ਸਰਕਾਰ ‘ਤੇ ”ਅਮਰੀਕੀ-ਸਟਾਈਲ ਮੈਡੀਸਨ” ਲਿਆਉਣ ਦਾ ਦੋਸ਼ ਲਗਾਇਆ ਹੈ। ਨੇਂਸ਼ੀ ਨੇ ਕਿਹਾ ਕਿ ਇਹ ਪਲਾਨ ਗਰੀਬ ਅਲਬਰਟਨਜ਼ ਲਈ ਨੁਕਸਾਨਦਾਇਕ ਹੋਵੇਗਾ ਅਤੇ ਇਸ ਮਾਮਲੇ ‘ਤੇ ਚੋਣ ਕਰਵਾਉਣ ਦੀ ਮੰਗ ਕੀਤੀ।
ਪ੍ਰੀਮੀਅਰ ਡੈਨਿਯਲ ਸਮਿਥ ਨੇ ਜਵਾਬ ਦਿੱਤਾ ਕਿ ਉਹ ਡਾਕਟਰਾਂ ਅਤੇ ਮਾਹਰਾਂ ਲਈ ਬਿਹਤਰ ਕੰਮ-ਵਾਤਾਵਰਣ ਬਣਾਉਣ ਲਈ ਪ੍ਰਤੀਬੱਧ ਹੈ।
‘ਫ੍ਰੈਂਡਜ਼ ਆਫ਼ ਮੈਡੀਕੇਅਰ’ ਨਾਂ ਦੀ ਹੈਲਥ ਐਡਵੋਕੈਸੀ ਸੰਸਥਾ ਨੇ ਕਿਹਾ ਕਿ ਸਰਕਾਰ ਨੂੰ ਇਹ ਪਲਾਨ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਅਲਬਰਟਾ ਨੂੰ ”ਦੋ-ਪੱਧਰੀ” ਪ੍ਰਣਾਲੀ ਵੱਲ ਧੱਕੇਗਾ, ਜੋ ਅਮਰੀਕੀ ਮਾਡਲ ਵਰਗੀ ਹੈ।
ਫੈਡਰਲ ਹੈਲਥ ਮੰਤਰੀ ਮਾਰਜਰੀ ਮਾਇਕਲ ਦੇ ਦਫ਼ਤਰ ਨੇ ਕਿਹਾ ਕਿ ਹੈਲਥ ਕੈਨੇਡਾ ਅਜਿਹੇ ਬਦਲਾਅ ਦੇ ਸੰਭਾਵਿਤ ਨਤੀਜਿਆਂ ਬਾਰੇ ਅਲਬਰਟਾ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਹਰ ਕੈਨੇਡੀਅਨ ਨੂੰ ਉਸਦੀ ਲੋੜ ਮੁਤਾਬਕ ਸਿਹਤ ਸੇਵਾਵਾਂ ਮਿਲਣ।
ਮੋਂਟਰੀਅਲ ਇਕਨੌਮਿਕ ਇੰਸਟੀਚਿਊਟ ਨੇ ਇਸ ਪਲਾਨ ਦੀ ਪ੍ਰਸ਼ੰਸਾ ਕੀਤੀ ਅਤੇ ਡੈਨਮਾਰਕ ਦੇ ਮਾਡਲ ਨੂੰ ਦੁਹਰਾਉਣ ਦੀ ਸਿਫਾਰਸ਼ ਕੀਤੀ, ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੇ ਮੈਡੀਕਲ ਸਿਸਟਮ ਇਕੱਠੇ ਚੱਲਦੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ