ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਹਾਊਸਿੰਗ ਨਿਰਮਾਣ ਦੀ ਗਤੀ ਇੱਕ ਵਾਰ ਫਿਰ ਹੌਲੀ ਹੋ ਗਈ ਹੈ। ਕੈਨੇਡਾ ਮੋਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (ਸੀ.ਐਮ.ਐਚ.ਸੀ.) ਨੇ ਮੰਗਲਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਵਿੱਚ ਦੱਸਿਆ ਕਿ ਅਕਤੂਬਰ 2025 ਵਿੱਚ ਘਰਾਂ ਦੀ ਨਿਰਮਾਣ ਦੀ ਸਾਲਾਨਾ ਦਰ ਸਤੰਬਰ ਦੇ ਮੁਕਾਬਲੇ 17 ਪ੍ਰਤੀਸ਼ਤ ਘਟ ਗਈ।
ਇਸਦੇ ਉਲਟ, ਪਿਛਲੇ ਸਾਲ ਦੀਆਂ ਅੰਕੜਿਆਂ ਮੁਤਾਬਕ ਸਤੰਬਰ 2024 ਤੋਂ ਅਕਤੂਬਰ 2024 ਤੱਕ ਹਾਊਸਿੰਗ ਸਟਾਰਟਾਂ ਵਿੱਚ 8 ਪ੍ਰਤੀਸ਼ਤ ਵਾਧਾ ਹੋਇਆ ਸੀ। ਇਸ ਵਾਰ ਦੀ ਵੱਡੀ ਗਿਰਾਵਟ ਨੇ ਕੈਨੇਡਾ ਦੇ ਹਾਊਸਿੰਗ ਸੰਕਟ ਨੂੰ ਹੋਰ ਉਜਾਗਰ ਕਰ ਦਿੱਤਾ ਹੈ।
ਸੀਜ਼ਨਲੀ ਐਡਜਸਟਡ ਸਾਲਾਨਾ ਦਰ ਮੁਤਾਬਕ, ਅਕਤੂਬਰ ਵਿੱਚ 232,765 ਯੂਨਿਟਾਂ ‘ਤੇ ਨਿਰਮਾਣ ਸ਼ੁਰੂ ਹੋਇਆ, ਜਦਕਿ ਸਤੰਬਰ ਵਿੱਚ ਇਹ ਗਿਣਤੀ 279,174 ਸੀ। ਸੀ.ਐਮ.ਐਚ.ਸੀ. ਹਾਊਸਿੰਗ ਸਟਾਰਟ ਨੂੰ ਉਸ ਸਮੇਂ ਮੰਨਦਾ ਹੈ ਜਦੋਂ ਘਰ ਦੇ ਢਾਂਚੇ ਦਾ ਕੰਕਰੀਟ ਫੁਟਿੰਗ ਪੋਰੀ ਜਾਂਦੀ ਹੈ ਜਾਂ ਇਸਦੇ ਬਰਾਬਰ ਦਾ ਨਿਰਮਾਣ ਪੜਾਅ ਪਹੁੰਚ ਜਾਵੇ।
ਟਰਾਂਟੋ ਅਤੇ ਵੈਨਕੂਵਰ ਵਿੱਚ ਸਭ ਤੋਂ ਵੱਡੀ ਗਿਰਾਵਟ
ਹਾਊਸਿੰਗ ਸਟਾਰਟਾਂ ਵਿਚ ਸਭ ਤੋਂ ਵੱਡੀ ਗਿਰਾਵਟ ਉਹ ਸ਼ਹਿਰਾਂ ਵਿੱਚ ਦਰਜ ਕੀਤੀ ਗਈ ਜਿੱਥੇ ਅਬਾਦੀ 10,000 ਤੋਂ ਵੱਧ ਹੈ।
ਟਰਾਂਟੋ ਵਿੱਚ 42% ਦੀ ਗਿਰਾਵਟ ਅਤੇੁ ਵੈਨਕੂਵਰ ਵਿੱਚ 36% ਦੀ ਗਿਰਾਵਟ ਦਰਜ ਕੀਤੀ ਗਈ।
ਸੀ.ਐਮ.ਐਚ.ਸੀ. ਨੇ ਕਿਹਾ ਕਿ ਦੋਵੇਂ ਸ਼ਹਿਰ ਮਲਟੀ-ਯੂਨਿਟ ਡਿਵੈਲਪਮੈਂਟ (ਕੰਡੋਜ਼, ਅਪਾਰਟਮੈਂਟ) ਵਿੱਚ ਵੱਡੀ ਗਿਰਾਵਟ ਵੇਖ ਰਹੇ ਹਨ। ਟਰਾਂਟੋ ਵਿੱਚ ਸਿੰਗਲ-ਡਿਟੈਚਡ ਘਰਾਂ ਦੇ ਨਿਰਮਾਣ ਵੀ ”ਕਾਫ਼ੀ ਘੱਟ” ਰਹੇ।
ਇਹ ਗਿਰਾਵਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੇ ਬਜਟ ‘ਤੇ ਭਰੋਸੇਮੰਦ ਵੋਟ ਜਿੱਤ ਚੁੱਕੇ ਹਨ। ਉਨ੍ਹਾਂ ਦੀ ਸਰਕਾਰ ਦੇ ਬਜਟ ਵਿੱਚ ਕਿਹਾ ਗਿਆ ਹੈ ਕਿ 2026 ਤੋਂ 10 ਸਾਲਾਂ ਲਈ ਪ੍ਰਾਂਤਾਂ ਅਤੇ ਟੈਰੀਟਰੀਜ਼ ਨੂੰ 17.2 ਬਿਲੀਅਨ ਡਾਲਰ ਦਿੱਤੇ ਜਾਣਗੇ, ਜਿਸ ਵਿੱਚ ਹਾਊਸਿੰਗ ਪ੍ਰਾਜੈਕਟ ਵੀ ਸ਼ਾਮਲ ਹਨ। ਓਨਟਾਰਿਓ ਸਮੇਤ ਕਈ ਸੂਬਿਆਂ ਦੇ ਬਿਲਡਰ ਕਹਿੰਦੇ ਰਹੇ ਹਨ ਕਿ ਨਿਰਮਾਣ ਦੀ ਲਾਗਤ ਕਾਫ਼ੀ ਵਧ ਚੁੱਕੀ ਹੈ। ਉਹ ਕਹਿੰਦੇ ਹਨ ਕਿ ਜੇ ਸਰਕਾਰ ਡਿਵੈਲਪਮੈਂਟ ਫੀਸਾਂ ਨੂੰ ਘਟਾਏ ਜਾਂ ਖਤਮ ਕਰੇ, ਤਾਂ ਨਵੀਆਂ ਬਿਲਡਿੰਗਾਂ ਦੀ ਗਤੀ ਵੱਧ ਸਕਦੀ ਹੈ।
ਹਾਊਸਿੰਗ ਮੰਤਰੀ ਗ੍ਰੇਗਰ ਰਾਬਰਟਸਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਰਕਾਰ ”ਸ਼ੁਰੂਆਤੀ ਤੌਰ ‘ਤੇ” ਡਿਵੈਲਪਮੈਂਟ ਫੀਸ 50 ਪ੍ਰਤੀਸ਼ਤ ਘਟਾਉਣ ਬਾਰੇ ਸੋਚ ਰਹੀ ਸੀ, ਪਰ ਬਜਟ ਵਿੱਚ ਇਸਦਾ ਸਪਸ਼ਟ ਜ਼ਿਕਰ ਨਹੀਂ ਸੀ। ਕਾਰਨੀ ਦੀ ਬਿਲਡ ਕੈਨੇਡਾ ਹੋਮਜ਼ ਯੋਜਨਾ ਅਗਲੇ ਸਾਲ ਤੋਂ ਫੈਡਰਲ ਜ਼ਮੀਨਾਂ ‘ਤੇ 4,000 ਘਰ ਬਣਾਉਣ ਦਾ ਟੀਚਾ ਰੱਖਦੀ ਹੈ।
ਸੀ.ਐਮ.ਐਚ.ਸੀ. ਦੀ ਰਿਪੋਰਟ ਜਾਰੀ ਹੋਣ ਦੇ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਕਿਹਾ, ”ਮਾਰਕ ਕਾਰਨੀ ਨੇ ਵਾਅਦਾ ਕੀਤਾ ਸੀ ਕਿ ਹਰ ਸਾਲ 5 ਲੱਖ ਨਵੇਂ ਘਰ ਬਣਾਏ ਜਾਣਗੇ।ਜਿਹੋ ਜਿਹੇ ਨਿਰਮਾਣ ਗਤੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਨਹੀਂ ਵੇਖੇ ਗਏ। ਪਰ ਅੱਜ ਉਨ੍ਹਾਂ ਦੀ ਆਪਣੀ ਏਜੰਸੀ ਨੇ ਦੱਸਿਆ ਕਿ ਹਾਊਸਿੰਗ ਸਟਾਰਟ 17% ਡਿੱਗ ਕੇ ਉਸ ਟਾਰਗਿਟ ਦੇ ਅੱਧੇ ਤੋਂ ਵੀ ਘੱਟ ਰਹਿ ਗਏ ਹਨ।” ਪਾਰਟੀ ਨੇ ਕਿਹਾ ਕਿ ”ਹਰ ਕੈਨੇਡੀਅਨ ਨੂੰ ਇੱਕ ਸੁਰੱਖਿਅਤ ਅਤੇ ਸਥਿਰ ਘਰ ਦਾ ਹੱਕ ਹੈ।” This report was written by Divroop Kaur as part of the Local Journalism Initiative.
ਘਰਾਂ ਦੀ ਵਿਕਰੀ ਦੀ ਘਾਟ ਕਾਰਨ ਹੁਣ ਘਰਾਂ ਦੀ ਉਸਾਰੀ ਵੀ 17% ਘਟੀ

