ਵੈਨਕੂਵਰ (ਏਕਜੋਤ ਸਿੰਘ): ਹੈਲੋਵੀਨ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿੱਚ ਸਰਦੀਆਂ ਨੇ ਜ਼ੋਰਦਾਰ ਦਸਤਕ ਦੇ ਦਿੱਤੀ ਹੈ। ਬੁੱਧਵਾਰ ਸਵੇਰੇ ਸ਼ਹਿਰ ਵਾਸੀਆਂ ਦੀ ਅੱਖ ਸੀਜ਼ਨ ਦੀ ਪਹਿਲੀ ਭਾਰੀ ਬਰਫ਼ਬਾਰੀ ਨਾਲ ਖੁੱਲ੍ਹੀ, ਜਿਸ ਨੇ ਘਰਾਂ ਦੇ ਬਾਹਰ ਸਜਾਏ ਗਏ ਭੂਤਾਂ ਅਤੇ ਹੈਲੋਵੀਨ ਦੇ ਪੁਤਲਿਆਂ ਨੂੰ ਬਰਫ਼ ਦੀ ਚਿੱਟੀ ਚਾਦਰ ਹੇਠ ਢੱਕ ਦਿੱਤਾ। ਮੌਸਮ ਵਿਭਾਗ ਅਨੁਸਾਰ ਇਹ ਇਸ ਮੌਸਮ ਦਾ ਪਹਿਲਾ ਵੱਡਾ ਬਰਫ਼ੀਲਾ ਤੂਫ਼ਾਨ ਹੈ। ਐਨਵਾਇਰਨਮੈਂਟ ਕੈਨੇਡਾ ਦੇ ਮੌਸਮ ਵਿਗਿਆਨੀਆਂ ਨੇ ਪੇਸ਼ੀਨਗੋਈ ਕੀਤੀ ਹੈ ਕਿ ਵੀਰਵਾਰ ਸਵੇਰ ਤੱਕ ਸੈਂਟਰਲ ਅਲਬਰਟਾ ਦੇ ਕਈ ਹਿੱਸਿਆਂ ਵਿੱਚ 15 ਸੈਂਟੀਮੀਟਰ ਤੱਕ ਤਾਜ਼ਾ ਬਰਫ਼ ਜੰਮ ਸਕਦੀ ਹੈ। ਮੌਸਮ ਦਫ਼ਤਰ ਨੇ ਐਡਮਿੰਟਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਲਈ ਵਿਸ਼ੇਸ਼ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਹਨ। ਅਚਾਨਕ ਤਾਪਮਾਨ ਡਿੱਗਣ ਅਤੇ ਸੜਕਾਂ ‘ਤੇ ਬਰਫ਼ ਜੰਮਣ ਕਾਰਨ ਸਵੇਰ ਅਤੇ ਸ਼ਾਮ ਦੇ ਰਸ਼-ਆਵਰ ਟ੍ਰੈਫਿਕ ਦੌਰਾਨ ਗੱਡੀਆਂ ਦੀ ਰਫ਼ਤਾਰ ਬੁਰੀ ਤਰ੍ਹਾਂ ਮੱਠੀ ਪੈ ਗਈ। ਸਥਾਨਕ ਪ੍ਰਸ਼ਾਸਨ ਨੇ ਡਰਾਈਵਰਾਂ ਨੂੰ ਵਿਸ਼ੇਸ਼ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਸਫ਼ਰ ਲਈ ਵਾਧੂ ਸਮਾਂ ਰੱਖ ਕੇ ਚੱਲਣ ਅਤੇ ਤੇਜ਼ੀ ਨਾਲ ਬਦਲ ਰਹੀਆਂ ਸੜਕੀ ਹਾਲਤਾਂ ਪ੍ਰਤੀ ਸੁਚੇਤ ਰਹਿਣ। ਸੜਕਾਂ ‘ਤੇ ਤਿਲਕਣ ਵਧਣ ਕਾਰਨ ਕਈ ਥਾਵਾਂ ‘ਤੇ ਹਲਕੀਆਂ ਟੱਕਰਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਨਗਰ ਨਿਗਮ ਦੀਆਂ ਟੀਮਾਂ ਮੁੱਖ ਮਾਰਗਾਂ, ਹਾਈਵੇਅਜ਼ ਅਤੇ ਪੁਲਾਂ ਤੋਂ ਬਰਫ਼ ਹਟਾਉਣ ਅਤੇ ਲੂਣ ਦਾ ਛਿੜਕਾਅ ਕਰਨ ਲਈ ਜੁੱਟ ਗਈਆਂ ਹਨ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। This report was written by Ekjot Singh as part of the Local Journalism Initiative.

