9.7 C
Vancouver
Friday, November 6, 2026

ਵ੍ਹਾਈਟ ਰੌਕ ’ਚ ਪੁਲਿਸ ਦੇ ਨਾਂ .ਤੇ ਫ਼ੋਨ ਕਰਕੇ ਧੋਖਾਧੜੀ ਕਰਨ ਵਾਲੇ ਸਰਗਰਮ, ਆਰ.ਸੀ.ਐੱਮ.ਪੀ. ਵੱਲੋਂ ਚੇਤਾਵਨੀ

‘ਅਸੀਂ ਫ਼ੋਨ ‘ਤੇ ਨਿੱਜੀ ਜਾਣਕਾਰੀ ਨਹੀਂ ਮੰਗਦੇ’ : ਪੁਲਿਸ ਅਧਿਕਾਰੀ
ਵ੍ਹਾਈਟ ਰੌਕ, (ਏਕਜੋਤ ਸਿੰਘ): ਵ੍ਹਾਈਟ ਰੌਕ ਆਰ.ਸੀ.ਐੱਮ.ਪੀ. ਨੇ ਸ਼ਹਿਰ ਦੇ ਨਾਗਰਿਕਾਂ ਨੂੰ ਇੱਕ ਚਲਾਕ ਠੱਗ ਗਿਰੋਹ ਤੋਂ ਸੁਚੇਤ ਰਹਿਣ ਦੀ ਅਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ ਇਹ ਠੱਗ ਤਕਨਾਲੋਜੀ ਦੀ ਦੁਰਵਰਤੋਂ ਕਰਦਿਆਂ ਪੁਲਿਸ ਥਾਣੇ ਦੇ ਅਧਿਕਾਰਤ ਫ਼ੋਨ ਨੰਬਰ ਨੂੰ ‘ਸਪੂਫ਼’ (ਜਾਅਲੀ ਤੌਰ ‘ਤੇ ਡਿਸਪਲੇਅ) ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਫ਼ੋਨ ਕਰਕੇ ਖ਼ੁਦ ਨੂੰ ਪੁਲਿਸ ਅਫ਼ਸਰ ਦੱਸ ਰਹੇ ਹਨ। ਕਾਲਰ ਆਈਡੀ ‘ਤੇ ਪੁਲਿਸ ਦਾ ਅਸਲ ਨੰਬਰ ਦੇਖ ਕੇ ਲੋਕ ਅਕਸਰ ਭਰਮ ਵਿੱਚ ਪੈ ਜਾਂਦੇ ਹਨ।
ਜਾਂਚ ਅਨੁਸਾਰ ਇਹ ਠੱਗ ਫ਼ੋਨ ਚੁੱਕਣ ਵਾਲੇ ਵਿਅਕਤੀ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਦੀ ਪਛਾਣ ਚੋਰੀ (ਆਈਡੈਂਟਿਟੀ ਥੈਫਟ) ਹੋਣ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਬਹਾਨੇ ਉਹ ਪੀੜਤਾਂ ਕੋਲੋਂ ਉਨ੍ਹਾਂ ਦਾ ਸੋਸ਼ਲ ਇੰਸ਼ੋਰੈਂਸ ਨੰਬਰ (SIN), ਜਨਮ ਤਾਰੀਖ਼, ਬੈਂਕ ਖ਼ਾਤਿਆਂ ਦੇ ਵੇਰਵੇ ਅਤੇ ਹੋਰ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਰਾਹਤ ਦੀ ਗੱਲ ਇਹ ਰਹੀ ਕਿ ਜਿਨ੍ਹਾਂ ਨਾਗਰਿਕਾਂ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ, ਉਨ੍ਹਾਂ ਨੇ ਸਮਝਦਾਰੀ ਦਿਖਾਉਂਦਿਆਂ ਕਾਲਰਾਂ ਨੂੰ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕੀਤੀ।
ਵ੍ਹਾਈਟ ਰੌਕ ਆਰ.ਸੀ.ਐੱਮ.ਪੀ. ਦੇ ਡਿਟੈਚਮੈਂਟ ਕਮਾਂਡਰ ਸਟਾਫ਼ ਸਾਰਜੈਂਟ ਰੌਬ ਡਿਕਸਨ ਨੇ ਮੰਗਲਵਾਰ ਨੂੰ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਕਾਲਰ ਕਿਸੇ ਵੀ ਜਾਇਜ਼ ਸਰਕਾਰੀ ਅਦਾਰੇ ਜਾਂ ਪੁਲਿਸ ਥਾਣੇ ਦਾ ਨੰਬਰ ਸਕਰੀਨ ‘ਤੇ ਦਿਖਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਜੇਕਰ ਕਿਸੇ ਨੂੰ ਪੁਲਿਸ ਵੱਲੋਂ ਅਜਿਹੀ ਕੋਈ ਸ਼ੱਕੀ ਕਾਲ ਆਉਂਦੀ ਹੈ, ਤਾਂ ਉਹ ਤੁਰੰਤ ਫ਼ੋਨ ਕੱਟ ਦੇਣ ਅਤੇ ਪੁਲਿਸ ਦੀ ਡਾਇਰੈਕਟਰੀ ਵਿੱਚੋਂ ਸਰਕਾਰੀ ਨੰਬਰ ਦੇਖ ਕੇ ਖ਼ੁਦ ਵਾਪਸ ਕਾਲ ਕਰਕੇ ਪੁਸ਼ਟੀ ਕਰਨ।
ਪੁਲਿਸ ਨੇ ਇੱਕ ਵਾਰ ਫਿਰ ਸਖ਼ਤ ਚੇਤਾਵਨੀ ਦੁਹਰਾਈ ਹੈ ਕਿ ਕਦੇ ਵੀ ਫ਼ੋਨ ‘ਤੇ ਕਿਸੇ ਅਣਜਾਣ ਵਿਅਕਤੀ ਨਾਲ ਆਪਣੀ ਬੈਂਕਿੰਗ ਜਾਣਕਾਰੀ, ਪਾਸਵਰਡ ਜਾਂ ਕ੍ਰੈਡਿਟ ਕਾਰਡ ਨੰਬਰ ਸਾਂਝੇ ਨਾ ਕੀਤੇ ਜਾਣ। ਪੁਲਿਸ ਕਦੇ ਵੀ ਫ਼ੋਨ ‘ਤੇ ਕਿਸੇ ਨਾਗਰਿਕ ਕੋਲੋਂ ਪੈਸਿਆਂ ਦੀ ਮੰਗ ਨਹੀਂ ਕਰਦੀ ਅਤੇ ਨਾ ਹੀ ਗੁਪਤ ਕੋਡ ਪੁੱਛਦੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਅਜਿਹੀ ਕੋਈ ਫ਼ਰਜ਼ੀ ਕਾਲ ਆਈ ਹੋਵੇ ਤਾਂ ਉਹ ਬਿਨਾਂ ਝਿਜਕ ਸਥਾਨਕ ਪੁਲਿਸ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਏ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ