9.7 C
Vancouver
Friday, November 6, 2026

ਵਿਨੀਪੈੱਗ ’ਚ ਪੁਲਿਸ ਬਜਟ ਵਧਾਉਣ ਤੇ ਡਰੋਨ ਨਿਗਰਾਨੀ ਨਾਲ ਅਪਰਾਧ ਘਟਣ ਦੇ ਦਾਅਵਿਆਂ ‘ਤੇ ਮਾਹਿਰਾਂ ਨੇ ਚੁੱਕੇ ਸਵਾਲ

ਮੇਅਰ ਅਹੁਦੇ ਦੇ ਉਮੀਦਵਾਰਾਂ ਵੱਲੋਂ ਹੋਰ ਪੁਲਿਸ ਭਰਤੀ ਕਰਨ ਦੇ ਵਾਅਦੇ
ਵਿਨੀਪੈੱਗ: ਵਿਨੀਪੈੱਗ ਵਿੱਚ ਮੇਅਰ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਸ਼ਹਿਰ ਅੰਦਰ ਪੁਲਿਸ ਦੀ ਨਫ਼ਰੀ ਵਧਾਉਣ ਅਤੇ ਨਿਗਰਾਨੀ ਲਈ ਆਧੁਨਿਕ ਡਰੋਨ ਤਾਇਨਾਤ ਕਰਨ ਦੇ ਕੀਤੇ ਜਾ ਰਹੇ ਵਾਅਦਿਆਂ ‘ਤੇ ਅਪਰਾਧ ਵਿਗਿਆਨੀਆਂ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਪੁਲਿਸ ਫੋਰਸ ਵਧਾ ਦੇਣ ਜਾਂ ਹਵਾਈ ਨਿਗਰਾਨੀ ਕਰਨ ਨਾਲ ਸ਼ਹਿਰ ਦੀਆਂ ਡੂੰਘੀਆਂ ਸਮਾਜਿਕ ਸਮੱਸਿਆਵਾਂ, ਬੇਘਰਤਾ, ਮਾਨਸਿਕ ਸਿਹਤ ਸੰਕਟ ਅਤੇ ਨਸ਼ਿਆਂ ਦੇ ਮੁੱਦੇ ਹੱਲ ਨਹੀਂ ਕੀਤੇ ਜਾ ਸਕਦੇ। ਇਹ ਬਿਆਨ ਉਸ ਵੇਲੇ ਆਏ ਹਨ ਜਦੋਂ ਮੇਅਰ ਦੇ ਮੁੱਖ ਦਾਅਵੇਦਾਰ ਵੋਟਰਾਂ ਨੂੰ ਲੁਭਾਉਣ ਲਈ ਕਾਨੂੰਨ ਵਿਵਸਥਾ ਨੂੰ ਮੁੱਖ ਮੁੱਦਾ ਬਣਾ ਰਹੇ ਹਨ। ਸ਼ਹਿਰ ਦੇ ਸਾਲ 2026 ਦੇ ਬਜਟ ਮੁਤਾਬਕ ਵਿਨੀਪੈੱਗ ਪੁਲਿਸ ਸਰਵਿਸ ਨੂੰ ਸਿਟੀ ਦੇ ਕੁੱਲ 1.49 ਬਿਲੀਅਨ ਡਾਲਰ ਦੇ ਸੰਚਾਲਨ ਬਜਟ ਵਿੱਚੋਂ 27 ਫ਼ੀਸਦੀ ਹਿੱਸਾ ਮਿਲਦਾ ਹੈ, ਜੋ ਕਿ ਲਗਭਗ 370 ਮਿਲੀਅਨ ਡਾਲਰ ਬਣਦਾ ਹੈ। ਯੂਨੀਵਰਸਿਟੀ ਆਫ਼ ਵਿਨੀਪੈੱਗ ਦੇ ਉੱਘੇ ਅਪਰਾਧ ਵਿਗਿਆਨੀ ਕੇਵਿਨ ਵਾਲਬੀ ਨੇ ਦੱਸਿਆ ਕਿ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਵਿਨੀਪੈੱਗ ਵਿੱਚ ਪੁਲਿਸਿੰਗ ‘ਤੇ ਪ੍ਰਤੀ ਵਿਅਕਤੀ ਖ਼ਰਚਾ ਕਾਫ਼ੀ ਜ਼ਿਆਦਾ ਹੈ। ਆਮ ਤੌਰ ‘ਤੇ ਇਸ ਆਕਾਰ ਦੇ ਸ਼ਹਿਰਾਂ ਵਿੱਚ ਪ੍ਰਤੀ ਨਾਗਰਿਕ 260 ਤੋਂ 290 ਡਾਲਰ ਖ਼ਰਚ ਹੁੰਦੇ ਹਨ, ਪਰ ਵਿਨੀਪੈੱਗ ਵਿੱਚ ਇਹ ਰਕਮ 350 ਤੋਂ 360 ਡਾਲਰ ਪ੍ਰਤੀ ਨਾਗਰਿਕ ਤੋਂ ਵੀ ਟੱਪ ਚੁੱਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਾਲ ਦਰ ਸਾਲ ਬਜਟ ਦਾ ਵੱਡਾ ਹਿੱਸਾ ਪੁਲਿਸ ਨੂੰ ਦੇਣ ਦੇ ਬਾਵਜੂਦ ਜ਼ਮੀਨੀ ਪੱਧਰ ‘ਤੇ ਅਪਰਾਧਿਕ ਅਤੇ ਸਮਾਜਿਕ ਸਮੱਸਿਆਵਾਂ ਪਹਿਲਾਂ ਨਾਲੋਂ ਵੀ ਗੰਭੀਰ ਹੋਈਆਂ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦਰਸਾਉਂਦੇ ਹਨ ਕਿ ਸਾਲ 2024-25 ਦੌਰਾਨ ਪੂਰੇ ਕੈਨੇਡਾ ਵਿੱਚ ਪੁਲਿਸਿੰਗ ‘ਤੇ ਕੁੱਲ ਸੰਚਾਲਨ ਖ਼ਰਚਾ 22 ਬਿਲੀਅਨ ਡਾਲਰ ਤੱਕ ਪਹੁੰਚ ਗਿਆ, ਜੋ ਕਿ 2022-23 ਦੇ ਮੁਕਾਬਲੇ 12 ਫ਼ੀਸਦੀ ਵੱਧ ਹੈ। ਚੋਣ ਮੈਦਾਨ ਵਿੱਚ ਉਤਰੇ ਕੇਵਿਨ ਕਲੇਨ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਆਬਾਦੀ ਅਨੁਸਾਰ ਘੱਟੋ-ਘੱਟ 100 ਪੁਲਿਸ ਮੁਲਾਜ਼ਮਾਂ ਦੀ ਘਾਟ ਹੈ। ਦੂਜੇ ਪਾਸੇ ਸਕੌਟ ਗਿਲਿੰਗਹੈਮ ਨੇ ਵੀ ਹੋਰ ਪੁਲਿਸ ਭਰਤੀ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਮਾਈਕ ਵੋਗੀਆਤਜ਼ਾਕਿਸ ਨੇ ਬਹਿਸ ਦੌਰਾਨ ਕਿਹਾ ਕਿ ਉਹ ਮੇਅਰ ਬਣਦਿਆਂ ਹੀ ਸ਼ਹਿਰ ਉੱਤੇ ਨਜ਼ਰ ਰੱਖਣ ਲਈ ਡਰੋਨ ਪ੍ਰਣਾਲੀ ਸ਼ੁਰੂ ਕਰਨਗੇ ਅਤੇ ਪੁਲਿਸ ਬੋਰਡ ਨਾਲ ਬੈਠ ਕੇ ਨਵੀਂ ਰਣਨੀਤੀ ਉਲੀਕਣਗੇ।

ਰੁਝਾਨ ਖਬਰਾਂ