ਗੁਰਪ੍ਰੀਤ ਕੌਰ
ਭਾਦੋਂ ਦੀ ਦੁਪਹਿਰ ਦਾ ਬੇਹੱਦ ਗਰਮ ਦਿਨ ਸੀ। ਡਿਊਟੀ ਤੋਂ ਆ ਕੇ ਬੱਚਿਆਂ ਨੂੰ ਰੋਟੀ-ਪਾਣੀ ਦੇ ਕੇ ਮਮਤਾ ਨੇ ਅਜੇ ਪਲ ਭਰ ਲਈ ਅੱਖ ਲਾਈ ਹੀ ਸੀ ਕਿ ਉਸ ਦੇ ਸਰਕਾਰੀ ਹਸਪਤਾਲ ਵਿਚ ਡਿਊਟੀ ਕਰਦੇ ਪਤੀ ਨੇ ਫੋਨ ‘ਤੇ ਦੱਸਿਆ ਕਿ ‘ਮਮਤਾ ਦੇ ਪੇਕਿਓਾ ਭੋਲੂ ਨਾਂਅ ਦਾ ਵਿਅਕਤੀ ਆਇਆ ਹੈ। ਹਸਪਤਾਲ ‘ਚ ਕਿਸੇ ਦੀ ਖ਼ਬਰ ਲੈਣ। ਉਹ ਘਰ ਆਵੇਗਾ ਮੇਰੇ ਨਾਲ।’ ਫੋਨ ਰੱਖ ਕੇ ਮਮਤਾ ਮਨ ਹੀ ਮਨ ਇਨਸਾਨੀਅਤ ਨਾਲ ਓਤ-ਪੋਤ ਆਪਣੇ ਪਿਤਾ ਜੀ ਬਾਰੇ ਸੋਚਣ ਲੱਗੀ। ਕਿਵੇਂ ਉਹ ਉਸ ਦੇ ਪੇਕਿਆਂ ਦੇ ਪਿੰਡੋਂ, ਸ਼ਹਿਰ ਇਲਾਜ ਲਈ ਆਏ ਹਰ ਵਿਅਕਤੀ ਨੂੰ ਉਸ ਦੇ ਪਤੀ ਦਾ ਫੋਨ ਨੰਬਰ ਦੇ ਕੇ ਫਖ਼ਰ ਨਾਲ ਆਖਦੇ, ‘ਆਪਣਾ ਜਵਾਈ ਐ ਉੱਥੇ ਵੱਡੇ ਹਸਪਤਾਲ, ਜੇ ਕੋਈ ਲੋੜ ਹੋਈ ਬੇਝਿਜਕ ਫੋਨ ਕਰ ਲਿਓ।’
ਪਿਤਾ ਜੀ ਵਾਂਗ ਮਮਤਾ ਦਾ ਰਹਿਮ ਦਿਲ ਹੋਣਾ ਤਾਂ ਸੁਭਾਵਿਕ ਹੀ ਸੀ, ਉਸ ਦਾ ਪਤੀ ਵੀ ਦੀਨ-ਦੁਖੀ ਦੀ ਮਦਦ ਨੂੰ ਤਿਆਰ ਰਹਿੰਦਾ। ਅੱਧ ਮੀਚੀਆਂ ਜਿਹੀਆਂ ਅੱਖਾਂ ਨਾਲ ਬੈੱਡ ‘ਤੇ ਪਈ ਮਮਤਾ ਦੇ ਚੇਤਿਆਂ ‘ਚ ਪਿੰਡ ਦਾ ਨਕਸ਼ਾ ਘੁੰਮਣ ਲੱਗਿਆ। ਮੋਹ ‘ਚ ਗੜੁੱਚ ਸਾਦ ਮੁਰਾਦੇ ਚਿਹਰੇ ਇਕ-ਇਕ ਕਰ ਕੇ ਅੱਗੇ ਆਉਣ ਲੱਗੇ। ਉਹ ਸੋਚਣ ਲੱਗੀ ਕਿੰਨੇ ਮੋਹ ਪਿਆਰ ਨਾਲ ਰਹਿੰਦੇ ਸਨ ਉਸ ਦੇ ਪਿੰਡ ਦੇ ਲੋਕ, ਆਪਣੇ ਸਕਿਆਂ ਵਾਂਗ। ਪਰਜਾਪਤਾਂ ਦੇ ਭੋਲੂ ਕਾ ਪਰਿਵਾਰ ਤਾਂ ਹਮੇਸ਼ਾ ਦੁੱਖ-ਸੁੱਖ ‘ਚ ਢਾਲ ਬਣ ਕੇ ਨਾਲ ਖੜ੍ਹਦਾ ਸੀ ਉਹਦੇ ਮਾਪਿਆਂ ਦੇ। ‘ਜਾਗੋ ਮੀਚੀ ‘ਚ ਮਮਤਾ ਨੂੰ ਗੇਟ ਦੇ ਖੁੱਲ੍ਹਣ ਦੀ ਅਵਾਜ਼ ਆਈ। ਉਸ ਦਾ ਪਤੀ ਭੋਲੂ ਨੂੰ ਘਰ ਲੈ ਆਇਆ ਸੀ। ਮਮਤਾ ਦੇ ਪੈਰੀਂ ਹੱਥ ਲਾ ਹਾਲ-ਚਾਲ ਪੁੱਛਦਿਆਂ ਭੋਲੂ ਨੇ ਚਿੱਟੇ ਰੰਗ ਦੀ ਦਸੂਤੀ ਦਾ ਫੁੱਲਾਂ ਨਾਲ ਕੱਢਿਆ ਝੋਲਾ ਮਮਤਾ ਨੂੰ ਫੜਾਉਂਦਿਆਂ ਕਿਹਾ ‘ਜੁਆਕਾਂ ਲਈ ਦੁੱਧ ਤੇ ਸੇਵੀਆਂ ਨੇ ਇਹਦੇ ‘ਚ ਭੈਣੇ’। ਭੋਲੂ ਦੇ ਬੋਲਾਂ ‘ਚ ਅੰਤਾਂ ਦਾ ਮੋਹ ਸੀ। ‘ਇਹਦੀ ਕਿਉਂ ਖੇਚਲ ਕੀਤੀ ਵੀਰ’ ਮਮਤਾ ਨੇ ਅਪਣੱਤ ਨਾਲ ਕਿਹਾ।
‘ਲੈ ਆਪਦੇ ਜੀਆਂ ਦੀ ਕਾਹਦੀ ਖੇਚਲ ਭੈਣੇ, ਤੂੰ ਕੋਈ ਪਰਾਈ ਥੋੜ੍ਹੀ ਏਾ ਸਾਨੂੰ, ਤੇਰੀ ਭਾਬੀ ਆਂਹਦੀ ਸੀ ਖਾਲੀ ਹੱਥ ਨੀ ਜਾਈਦਾ ਭੈਣ ਦੇ ਘਰ। ਰੱਬ ਦਾ ਦਿੱਤਾ ਸਭ ਕੁਝ ਏ।’ ਮਮਤਾ ਨੇ ਝੋਲਾ ਫੜ ਕੇ ਆਪਣੇ ਮੱਥੇ ਨੂੰ ਲਾ ਲਿਆ। ਮੋਹ ਭਿੱਜੀ ਸੌਗਾਤ ਨੂੰ ਕਿਸੇ ਨਾਯਾਬ ਤੋਹਫ਼ੇ ਵਾਂਗ ਵੇਖਦਿਆਂ ਉਸ ਦੀਆਂ ਅੱਖਾਂ ਵਿਚ ਪਾਣੀ ਡੱਬ-ਡੱਬ ਭਰ ਆਇਆ ਸੀ। ਮਮਤਾ ਰਸੋਈ ‘ਚ ਰੋਟੀ-ਪਾਣੀ ਦਾ ਆਹਰ ਕਰਨ ਲੱਗੀ। ਭੋਲੂ ਮਮਤਾ ਦੇ ਪਤੀ ਨਾਲ ਇੱਟਾਂ ਦੇ ਭੱਠੇ ‘ਤੇ ਇੱਟਾਂ ਪੱਥਣ ਦਾ ਠੇਕਾ ਲੈਣ ਬਾਰੇ ਅਤੇ ਇਸ ਕੰਮ ‘ਚ ਆਉਂਦੀਆਂ ਕਠਿਨਾਈਆਂ ਬਾਰੇ ਗੱਲਾਂ ਕਰ ਰਿਹਾ ਸੀ। ਭੋਲੂ ਦੀ ਆਰਥਿਕ ਹਾਲਤ ਉਸ ਦੇ ਦਿਲ ਦੀ ਅਮੀਰੀ ਨਾਲ ਮੇਲ ਨਹੀਂ ਸੀ ਖਾਂਦੀ ਜਾਪਦੀ। ਰੋਟੀ ਪਰੋਸਦਿਆਂ ਮਮਤਾ ਨੇ ਪਿੰਡ ਦੀਆ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪਲ ਦੀ ਪਲ ਜਿਵੇਂ ਸਮਾਂ ਖਲੋ ਗਿਆ ਹੋਵੇ। ਮੋਹ ਦੇ ਰਿਸ਼ਤੇ ਅੱਗੇ ਸਭ ਕੁਝ ਬੌਣਾ ਹੋ ਗਿਆ ਹੋਵੇ। ਰੋਟੀ ਪਾਣੀ ਖਾ ਕੇ ਭੋਲੂ ਨੇ ਪੈਰ ਜੁੱਤੀ ਪਾਉਂਦਿਆਂ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ। ਮਮਤਾ ਦਾ ਪਤੀ ਉਸ ਨੂੰ ਛੱਡਣ ਜਾਣ ਲਈ ਉੱਠ ਖੜ੍ਹਾ ਹੋਇਆ। ਭੋਲੂ ਨੇ ਮਮਤਾ ਦੇ ਬੱਚਿਆਂ ਦੇ ਹੱਥਾਂ ‘ਚ ਪਿਆਰ ਨਾਲ ਸ਼ਗਨ ਦਿੱਤਾ। ਮਮਤਾ ਅਤੇ ਉਸ ਦੇ ਪਤੀ ਦੇ ਮਨ੍ਹਾਂ ਕਰਨ ‘ਤੇ ਭੋਲੂ ਨੇ ਬੜੇ ਮਾਣ ਨਾਲ ਕਿਹਾ, ‘ਰੱਖ ਲੈ ਪੁੱਤ ਰੱਖ ਲੈ ਮਾਮਾ ਹਾਂ ਮੈਂ ਥੋਡਾ, ਦੇ ਨੀ ਸਕਦਾ ਪਿਆਰ?’ ਬੱਚਿਆ ਦੇ ਸਿਰ ‘ਤੇ ਹੱਥ ਫੇਰ ਮਮਤਾ ਨੂੰ ਮੱਥਾ ਟੇਕ , ‘ਚੰਗਾ ਆਇਓ ਫੇਰ ਭੈਣ ਪਿੰਡ’ ਆਖ ਭੋਲੂ ਤੁਰ ਪਿਆ। ਮਮਤਾ ਆਪਣੇ ਬੱਚਿਆਂ ਸਮੇਤ ਗੇਟ ‘ਤੇ ਖੜ੍ਹੀ ਸਿਲ੍ਹੀਆਂ ਅੱਖਾਂ ਨਾਲ ਉਸ ਨੂੰ ਦੂਰ ਤੱਕ ਜਾਂਦੇ ਨੂੰ ਦੇਖਦੀ ਰਹੀ। ਉਸ ਦੀ ਚੁੱਪ ਤੋੜਦਿਆਂ ਬੱਚਿਆਂ ਨੇ ਪੁੱਛਿਆ, ‘ਮੰਮੀ ਇਹ ਸੱਚੀਂ ਸਾਡੇ ਮਾਮਾ ਜੀ ਸਨ?’ ਮਮਤਾ ਨੇ ਅੱਖਾਂ ਪੂੰਝ ਕੇ ਬੱਚਿਆਂ ਨੂੰ ਬੁੱਕਲ ‘ਚ ਲੈਂਦਿਆਂ ਕਿਹਾ, ‘ਹਾਂ ਪੁੱਤ ਇਹ ਮਾਮਾ ਜੀ ਸੀ ਤੁਹਾਡੇ, ਦੁਨੀਆ ਦੇ ਸਭ ਤੋਂ ਅਮੀਰ ਮਾਮਾ ਜੀ… ਰਿਸ਼ਤਿਆਂ ਦੀ ਅਮੀਰੀ ਹੈ ਮੇਰੇ ਇਸ ਪਿਆਰੇ ਭਰਾ ਕੋਲ।’ ਆਖ ਕੇ ਮਮਤਾ ਨੇ ਅੰਦਰ ਆ ਕੇ ਸੇਵੀਆਂ ਤੇ ਦੱਧ ਵਾਲਾ ਦਸੂਤੀ ਦਾ ਕੱਢੇ ਫੁੱਲਾਂ ਵਾਲਾ ਝੋਲਾ ਇਕ ਵਾਰ ਫਿਰ ਚੁੱਕ ਕੇ ਆਪਣੇ ਮੱਥੇ ਨੂੰ ਲਾ ਲਿਆ।
ਰਿਸ਼ਤਿਆਂ ਦੀ ਅਮੀਰੀ

